Share on Facebook

Main News Page

ਫਿਲਮ "Oh My God" ਰਾਹੀਂ ਇਕ ਵਧੀਆ ਸੰਦੇਸ਼ ਦਿੱਤਾ, ਪਰ ਸਿੱਖਾਂ ਨੂੰ ਉਸ ਵਿਚ ਕਿਉਂ ਨਹੀਂ ਲਿਆ, ਜਦ ਕਿ ਅੱਜ ਸਿੱਖ ਵੀ ਇੰਨ੍ਹਾਂ ਸਭ ਪਾਖੰਡਾਂ ਦੇ ਸ਼ਿਕਾਰ ਹਨ
-
ਸ. ਉਪਕਾਰ ਸਿੰਘ ਫਰੀਦਾਬਾਦ

* ਫਿਲਮ ‘ਔ ਮਾਈ ਗੌਡ’ ਬਾਬੇ ਨਾਨਕ ਦੇ ਸੰਦੇਸ਼ ਦੇ ਨੇੜੇ

(8 ਅਕਤੂਬਰ 2012; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਫਿਲਮ ‘ਔ ਮਾਈ ਗੌਡ’ ਬਾਬੇ ਨਾਨਕ ਦੇ ਸੰਦੇਸ਼ਾਂ ਦੇ ਕਾਫੀ ਨੇੜੇ ਹੈ। ਇਸ ਫਿਲਮ ਨੂੰ ਹੁਣ ਤਕ ਦੀ ਸਭ ਤੋਂ ਬਿਹਤਰ ਫਿਲਮ ਦਸਦਿਆਂ ਨਾਇਕ ਪਰੇਸ਼ ਰਾਵਲ ਅਤੇ ਅਕਸ਼ੈ ਕੁਮਾਰ ਦੇ ਵਧੀਆ ਪ੍ਰਦਰਸ਼ਨ ਅਤੇ ਫਿਲਮ ਦੀ ਪ੍ਰਬੰਧਕੀ ਟੀਮ ਵੱਲੋਂ ਸੱਚ ਵਿਖਾਉਣ ਦੀ ਹਿੰਮਤ ਲਈ ਜਿੱਥੇ ਵਧਾਈ ਦਿੱਤੀ ਉਥੇ ਸਵਾਲ ਪੁਛਦਿਆਂ ਕਿਹਾ ਕਿ ਇਸ ਫਿਲਮ ਵਿਚ ਜਿੱਥੇ ਹਿੰਦੂ, ਮੁਸਲਮਾਨ ਤੇ ਈਸਾਈਆਂ ਵਿਚ ਧਰਮ ਦੇ ਨਾਂ ’ਤੇ ਆ ਰਹੀ ਗਿਰਾਵਟ ਨੂੰ ਉਜਾਗਰ ਕੀਤਾ ਉਥੇ ਸਿੱਖਾਂ ਨੂੰ ਕਿਉਂ ਛੱਡਿਆ ? ਜਦ ਕਿ ਅੱਜ ਦੇ ਸਿੱਖ ਤਾਂ ਵਹਿਮ ਭਰਮ, ਪੁਜਾਰੀਵਾਦ ਅਤੇ ਕਰਮ ਕਾਂਡਾਂ ਦੇ ਵੱਧ ਸ਼ਿਕਾਰ ਹਨ। ਬਾਬੇ ਨਾਨਕ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਅਪਣਾ ਸਮੁਚਾ ਜੀਵਨ ਕਰਮਕਾਂਡਾਂ ਅਤੇ ਪੁਜਾਰੀਵਾਦ ਦਾ ਚਿਹਰਾ ਨਕਾਬ ਕਰਨ ’ਤੇ ਲਾ ਦਿੱਤਾ ਜੋ ਕੰਮ ਫਿਲਮ ਔ ਮਾਈ ਗੌਡ ਵਿਚ ਨਾਇਕ ਪਰੇਸ਼ ਰਾਵਲ ਕਾਂਜੀ ਭਾਈ ਬਣ ਕੇ ਕਰਦੇ ਹਨ।

ਉਨ੍ਹਾਂ ਕਿਹਾ ਕਿ ਬਾਬੇ ਨਾਨਕ ਵੱਲੋਂ ਦਿੱਤੇ ਸੰਦੇਸ਼ਾਂ ਨੂੰ ਸਿੱਖ ਕੌਮ ਨੇ ਵਿਸਾਰ ਦਿੱਤਾ ਹੈ ਤਾਹੀਉਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾਂ ਵਿਚ ਲਪੇਟ ਕੇ ਮੂਰਤੀ ਵਾਂਗ ਪੂਜ ਰਹੇ ਹਨ ਅਤੇ ਜੋਤਾਂ ਜਗਾਉਣੀਆਂ, ਆਰਤੀ, ਟੱਲ ਖੜਕਾਉਣੇ, ਪਸ਼ੂਆਂ ਦੀ ਬਲੀ, ਨਰੈਲ, ਕੁੰਭ, ਧਾਗੇ ਤਵੀਤਾਂ, ਕੀਮਤੀ ਰੁਮਾਲੇ, ਏ.ਸੀ. ਅਤੇ ਹਜ਼ਾਰਾਂ ਤਰ੍ਹਾਂ ਦੇ ਹੋਰ ਪਾਖੰਡਾਂ ਰਾਹੀਂ ਧਰਮ ਦੇ ਨਾਂ ’ਤੇ ਦੁਕਾਨਾਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਖੌਤੀ ਜੱਥੇਦਾਰ, ਸਾਧ, ਸੰਤ, ਬ੍ਰਹਮਗਿਆਨੀ ਬਾਬੇ ਉਸ ਮਨੁੱਖ ਨੂੰ ਤਨਖਾਹੀਆ ਤੇ ਨਾਸਤਕ ਸਾਬਤ ਕਰਣ ’ਤੇ ਪੂਰਾ ਜ਼ੋਰ ਲਾ ਦਿੰਦੇ ਹਨ ਜੋ ਬਾਬੇ ਨਾਨਕ ਦੇ ਸੱਚ ਨੂੰ ਦੁਨੀਆਂ ਸਾਹਮਣੇ ਉਜਾਗਰ ਕਰਦਾ ਹੈ। ਧਰਮ ਦੇ ਨਾਂ ’ਤੇ ਹੋ ਰਹੇ ਪਾਖੰਡਾਂ ਵਿਚ ਘਿਰ ਕੇ ਮਨੁੱਖ ਨੇ ਆਪਣਾ ਜੀਵਨ ਤਬਾਹ ਕਰ ਲਿਆ ਹੈ ਇਸ ਲਈ ਹਰ ਮਨੁੱਖ ਨੂੰ ਸੱਚ ਦਾ ਪ੍ਰਚਾਰ ਕਰਣ ਵਾਲੀ ਇਸ ਫਿਲਮ ਨੂੰ ਵੇਖ ਕੇ ਸੇਧ ਲੈਣੀ ਚਾਹੀਦੀ ਹੈ।

ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅੱਜ ਦੇ ਸਿੱਖ ਸਚ ਸੁਣਨਾ ਪਸੰਦ ਨਹੀਂ ਕਰਦੇ ਤਾਹੀਓਂ ਸੱਚ ਦਾ ਆਇਨਾ ਵਿਖਾਉਣ ਵਾਲੀ ਇਸ ਫਿਲਮ ਵਿਚ ਸਿੱਖਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਜ਼ਿਕਰ ਸ਼ਾਇਦ ਕਰਮਕਾਂਡਾਂ ਨੂੰ ਬੜਾਵਾ ਦੇ ਰਹੇ ਅਖੌਤੀ ਸਿੱਖਾਂ ਦੇ ਵਿਰੋਧ ਦੇ ਡਰੋਂ ਫਿਲਮ ਦੇ ਪ੍ਰਬੰਧਕਾਂ ਨੇ ਨਹੀਂ ਕੀਤਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਉਹ ਲੋਕ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਫਿਲਮ ਵਿਚਲੇ ਸਚ ਨੂੰ ਕਬੂਲਦਿਆਂ ਇਸ ਦਾ ਵਿਰੋਧ ਨਾ ਕੀਤਾ ਅਤੇ ਇਸ ਗੱਲ ਦੀ ਖੁਸ਼ੀ ਵੀ ਜ਼ਾਹਰ ਕੀਤੀ ਕਿ ਜਿਥੇ ਹੋਰ ਸਾਧਨਾਂ ਰਾਹੀਂ ਲੋਕਾਂ ਵਿਚ ਜਾਗ੍ਰਿਤੀ ਆ ਰਹੀ ਹੈ ਉਥੇ ਮਲਟੀਮੀਡੀਆ ਤਕਨੀਕ ਵੀ ਇਸ ਜਾਗ੍ਰਿਤੀ ਲਹਿਰ ਵਿਚ ਅਪਣਾ ਵੱਡਮੁਲਾ ਯੋਗਦਾਨ ਪਾ ਰਹੀ ਹੈ। ਹੁਣ ਇਹੋ ਜਿਹੇ ਹਿੰਮਤ ਵਾਲੇ ਪ੍ਰੋਡੀਊਸਰ ਦੀ ਲੋੜ ਹੈ ਜੋ ਗੁਰਬਾਣੀ ਗਿਆਨ ਨੂੰ ਸਮਝਦਿਆਂ ਹੋਇਆ ਸਿੱਖਾਂ ਅੰਦਰਲੇ ਪੁਜਾਰੀਵਾਦ, ਕਰਮਕਾਂਡ ਅਤੇ ਮਨਮਤ ਨੂੰ ਸਿੱਧੇ ਤੌਰ ’ਤੇ ਫਿਲਮ ਰਾਹੀਂ ਪੇਸ਼ ਕਰ ਕੇ ਸਿੱਖ ਸਮਾਜ ਨੂੰ ਆਇਨਾ ਵਿਖਾਵੇ ਜੋ ਕਿ ਇਕ ਕ੍ਰਾਂਤੀਕਾਰੀ ਕਦਮ ਹੋਵੇਗਾ ਇਸ ਦੇ ਲਈ ਉਨ੍ਹਾਂ ਨੂੰ ਸਾਡੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top