Share on Facebook

Main News Page

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
-
ਮਨਜੀਤ ਸਿੰਘ ਖਾਲਸਾ, ਮੋਹਾਲੀ ਮੋਬਾਈਲ: 09417440779

ਪਹਿਚਾਣ ਜੀਵਨ ਦੀ ਮੁੱਖ ਕਿਰਿਆ ਹੈ, ਹਰ ਮਨੁੱਖ ਸੰਪੂਰਨ ਜੀਵਣ ਵਿੱਚ ਕੁੱਝ ਪਹਿਚਾਨਣ ਲਈ ਉਤਾਵਲਾ ਰਹਿੰਦਾ ਹੈ, ਜਿੱਥੇ ਪਹਿਚਾਨ ਭੁੱਲ ਜਾਂਦੀ ਹੈ, ਉੱਥੇ ਭੁੱਲੇਖਾ ਹੋ ਜਾਂਦਾ ਹੈ, ਸਾਡੀਆਂ ਅੱਖਾਂ ਦੇਖਦੀਆਂ ਹਨ, ਪਛਾਨਣਦੀਆਂ ਬਿਲਕੁੱਲ ਵੀ ਨਹੀਂ। ਅੱਖਾਂ ਦੀ ਕਿਰਿਆ ਕੇਵਲ ਦੇਖਣ ਤੱਕ ਹੀ ਸੀਮਤ ਹੈ ਉਹ ਪਰਖ ਨਹੀਂ ਸਕਦੀਆਂ।ਗੁਰੂ ਗਿਆਨ ਹੈ।ਪ੍ਰਕਾਸ਼ ਹੈ। ਗੁਰੂ ਬਿਨਾ ਘੋਰ  ਅੰਧਕਾਰ ਹੈ।

ਦੁਨੀਆਂ ਦੇ ਲੋਕ ਗਿਆਨ ਨੂੰ, ਵਿਦਿਆ ਨੂੰ ਤੀਜਾ ਨੇਤਰ ਕਿਉ ਕਹਿੰਦੇ ਨੇ? ਕਿਉਂਕਿ ਨੇਤਰ ਕੇਵਲ ਦੇਖ ਹੀ ਸਕਦੇ ਨੇ, ਪਹਿਚਾਨ ਨਹੀਂ ਕਰਦੇ। ਬੱਚੇ ਸਕੂਲ ਕੋਈ ਪਹਿਚਾਨ ਸਿੱਖਣ ਜਾਂਦੇ ਹਨ, ਸਕੂਲ ਵਿੱਚ ਬੱਿਚਆਂ ਨੂੰ ਪਹਿਚਾਨ ਸਿਖਾਈ ਜਾਂਦੀ ਹੈ, ਚਾਹੇ ਕੋਈ ਵੀ ਸੱਬਜੈਕਟ ਹੋਵੇ। ਜੇਕਰ ਕੋਈ ਬੱਚਾ ਡਾਕਟਰ ਬਨਣਾ ਚਾਹੁੰਦਾ ਹੈ, ਤਾਂ ਉਸਨੂੰ ਸ਼ਰੀਰ ਬਾਰੇ ਜਾਨਣਾ ਪਏਗਾ। ਸ਼ਰੀਰ ਤਾਂ ਹਰ ਕੋਈ ਇੱਕ ਦੂਜੇ ਦਾ ਦੇਖ ਸਕਦਾ ਹੈ, ਸਾਡੀਆਂ ਅੱਖਾਂ ਕੇਵਲ ਸ਼ਰੀਰ ਹੀ ਦੇਖ ਸਕਦੀਆਂ ਨੇ, ਪਰ ਜਿਸ ਪੱਧਰ ਤਕ ਇਕ ਡਾਕਟਰ ਕਿਸੇ ਦਾ ਸ਼ਰੀਰ ਦੇਖ ਸਕਦਾ ਹੈ ਉਵੇਂ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ। ਸਾਡੇ ਅਤੇ ਡਾਕਟਰ ਦੇ ਦੇਖਣ ਵਿੱਚ ਅੰਤਰ ਹੈ। ਕਿਉਂਕਿ ਡਾਕਟਰ ਨੇ ਇਨ੍ਹਾਂ ਦੋ ਨੇਤਰਾਂ ਤੋਂ ਬਿਨ੍ਹਾਂ ਵਿਦਿਆ ਦਾ ਨੇਤਰ ਵੀ ਅਪਨਾਇਆ ਹੈ, ਜੋ ਉਸਨੇ ਸਬਜੈਕਟ ਵਜੋਂ ਪੜ੍ਹਿਆ ਹੈ ਕਿ ਸ਼ਰੀਰ ਕੇਵਲ ਸ਼ਰੀਰ ਹੀ ਨਹੀਂ ਇਸਦੇ ਵਿੱਚ ਵੀ ਕੁੱਝ ਹੈ, ਇਸ ਵਿੱਚ ਸੁੱਖ ਵੀ ਨੇ ਇਸ ਵਿੱਚ ਦੁੱਖ ਵੀ ਨੇ। ਡਾਕਟਰ ਸੁੱਖਾਂ ਨੂੰ ਅਰੋਗਤਾ ਦਾ ਨਾਂ ਦਿੰਦਾ ਹੈ ਅਤੇ ਤਕਲੀਫ ਨੂੰ, ਬਿਮਾਰੀ ਦਾ ਨਾਮ ਦਿੰਦਾ ਹੈ। ਉਹ ਦੇਖਦਿਆਂ ਹੀ ਪਹਿਚਾਨ ਜਾਂਦਾ ਹੈ ਕਿ ਇਸ ਸ਼ਰੀਰ ਵਿੱਚ ਕਿਨ੍ਹੇ ਦੁੱਖ ਨੇ ਅਤੇ ਕਿਨ੍ਹੇ ਸੁੱਖ। ਇਸ ਲਈ ਵਿਦਿਆ ਪਹਿਚਾਣ ਦਿੰਦੀ ਹੈ। ਵਿਦਿਆ ਸਚੁਮੱਚ ਹੀ ਤੀਜਾ ਨੇਤਰ ਹੈ। ਗੁਰੂ ਨੇ ਸਤਿਗੁਰੂ ਸਬੰਧੀ ਵੀ ਇਹ ਕਹਿ ਦਿੱਤਾ:-

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥

ਦੁਨੀਆਂ ਦੇ ਲੋਕੋ ਇਨ੍ਹਾਂ ਅੱਖਾਂ ਨਾਲ ਦੇਖਕੇ ਹੀ ਨਾ ਸੰਤੁਸ਼ਟ ਹੋ ਜਾਇਉ ਕਿ ਗੁਰੂ ਨੂੰ ਦੇਖ ਲਿਆ ਹੈ, ਕਿਉਂ ਕਿ ਇਹ ਕੇਵਲ ਦੇਖ ਹੀ ਸਕਦੀਆਂ ਨੇ, ਪਹਿਚਾਣ ਬਿਲਕੁੱਲ ਨਹੀਂ ਸਕਦੀਆਂ।ਅੱਜ ਤੱਕ ਅਸੀਂ ਇਨ੍ਹਾਂ ਅੱਖਾਂ ਨਾਲ ਗੁਰੂ ਨੂੰ ਕੇਵਲ ਦੇਖਿਆ ਹੀ ਹੈ, ਪਰ ਇਨ੍ਹਾਂ ਅੱਖਾਂ ਨਾਲ ਗੁਰੂ ਨੂੰ ਪਛਾਣ ਨਹੀਂ ਸਕੇ।

ਕਿਸੇ ਮਨੁੱਖ ਦੀ ਯਾਦਾਸ਼ਤ ਚਲੀ ਜਾਏ, ਅਤੇ ਉਹ ਬੇਸੁਰਤ ਹੋ ਜਾਏ, ਤਾਂ ਉਸਦੀਆਂ ਅੱਖਾਂ ਖੁੱਲੀਆ ਰਹਿੰਦੀਆਂ ਨੇ, ਸਤਿਗੁਰੂ ਨੇ ਵੀ ਬਾਣੀ ਵਿੱਚ ਆਖਿਆ ਹੈ:-

ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

ਜੇ ਕਰ ਇਨ੍ਹਾਂ ਅੱਖਾਂ ਨਾਲ-ਨਾਲ ਗਿਆਨ ਦਾ ਨੇਤਰ, ਵਿਦਿਆ ਦਾ ਨੇਤਰ, ਪਹਿਚਾਣ ਦਾ ਨੇਤਰ, ਨਾ ਖੁੱਲੇ ਤਾਂ ਗੁਰੂ ਨਹੀਂ ਦਿਸਦਾ, ਉਹ ਤਾਂ ਗਿਆਨ ਦੇ ਨੇਤਰ ਨਾਲ ਹੀ ਦਿਖਾਈ ਦੇ ਸਕਦਾ ਹੈ।

ਜੇਕਰ ਕੋਈ ਮਨੁੱਖ ਬੇਸੁਰਤ ਹੋ ਜਾਏ, ਬਾਵਰਾ ਹੋ ਜਾਏ ਤਾਂ ਉਸਦੀ ਪਹਿਚਾਣ ਕਿਵੇਂ ਕੀਤੀ ਜਾਏ? ਕੀ ਪਹਿਚਾਣ ਹੈ ਬਾਵਰੇ ਦੀ? ਬਾਵਰਾ ਬਾਜਾਰ ਵਿੱਚ ਤੁਰਿਆ ਜਾਂਦਾ ਹੈ ਪਰ ਉਸਨੂੰ ਸੁਰਤ ਕੋਈ ਨਹੀਂ ਹੁੰਦੀ, ਕਿ ਮੈਂ ਕਿਧੱਰ ਜਾ ਰਿਹਾ ਹਾਂ। ਉਸਨੂੰ ਆਪਣੀ ਮੰਜਿਲ ਦਾ ਕੋਈ ਪੱਤਾ ਨਹੀਂ ਹੁੰਦਾ, ਉਸਦੀਆਂ ਅੱਖਾਂ ਵੀ ਖੁੱਲੀਆ ਹੁੰਦੀਆਂ ਨੇ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ। ਕਿਸੇ ਬਾਵਰੇ ਨੂੰ ਕਦੇ ਪੁੱਛ ਕੇ ਦੇਖ ਲਉ ਸ਼ਾਇਦ ਉਸਦਾ ਜਵਾਬ ਸਾਨੂੰ ਸੰਤੁਸ਼ਟ ਕਰ ਸਕੇ, ਉਹ ਤੁਰਦਾ ਰਹਿੰਦਾ ਹੈ ਪਰ ਉਸਦੀ ਕੋਈ ਮੰਜਿਲ ਨਹੀਂ ਹੁੰਦੀ, ਉਹ ਹਮੇਸ਼ਾਂ ਕੁੱਝ ਕਰਦਾ ਰਹਿੰਦਾ ਹੈ ਪਰ ਉਸਨੂੰ ਇਹ ਪੱਤਾ ਨਹੀਂ ਹੁੰਦਾ ਕਿ ਮੈਂ ਕੀ ਕਰ ਰਿਹਾ ਹਾਂ, ਉਹ ਹਮੇਸ਼ਾਂ ਕੁੱਝ ਬੋਲਦਾ ਰਹਿੰਦਾ ਹੈ ਪਰ ਉਸਨੂੰ ਇਹ ਪਤਾ ਨਹੀਂ ਹੁੰਦਾ ਕਿ ਮੈਂ ਕੀ ਬੋਲ ਰਿਹਾ ਹਾਂ, ਖਾਂਦਾ ਰਹਿੰਦਾ ਹੈ ਪਰ ਉਸਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਖਾ ਰਿਹਾ ਹਾਂ, ਕਿਉਂਕਿ ਉਸਨੂੰ ਪਹਿਚਾਨ ਹੀ ਨਹੀਂ ਹੈ।

ਇਸੇ ਲਈ ਪਹਿਚਾਨ ਜਿੰਦਗੀ ਦੀ ਮੁੱਖ ਕਿਰਿਆ ਹੈ, ਬਿਨਾ ਪਹਿਚਾਨ ਭੁੱਲੇਖਾ ਉਤਪੰਨ ਹੋ ਜਾਂਦਾ ਹੈ ਅਤੇ ਕਈ ਵਾਰੀ ਅਪਰਾਧ ਵੀ।ਅਸੀਂ ਆਪੋ ਆਪਣੀ ਕਾਰ ਪਹਿਚਾਨ ਕੇ ਉਸ ਨੂੰ ਚਾਬੀ ਲਾਉਦੇ ਹਾਂ, ਜੇਕਰ ਕਿਸੇ ਦੂਜੇ ਦੀ ਕਾਰ ਨੂੰ ਚਾਬੀ ਲੱਗ ਜਾਏ? ਅਪਰਾਧ ਹੋ ਜਾਏਗਾ ਇਸ ਲਈ ਹਰ ਕਦਮ ਤੇ ਮਨੁੱਖ ਨੂੰ ਪਹਿਚਾਨ ਦੀ ਜਰੂਰਤ ਹੈ। ਬਹੁਤ ਜਰੂਰੀ ਚੀਜ ਹੈ ਪਹਿਚਾਣ ।

ਪਹਿਚਾਣ ਹੀ ਸਿਖ ਨੂੰ ਗੁਰੂ ਨਾਲ ਜੋੜਦੀ ਹੈ, ਜਿਹੜਾ ਪਹਿਚਾਣ ਭੁੱਲ ਜਾਂਦਾ ਹੈ ਉਹ ਗੁਰੂ ਨਾਲ ਜੁੱੜ੍ਹ ਨਹੀਂ ਸਕਦਾ, ਅੱਜ ਕੁੱਝ ਲੋਗ ਬਾਵਰਿਆਂ ਵਾਂਗ ਸਿੱਖ ਰਹਿਤ ਮਰਿਆਦਾ ਸੁਧਾਰ ਉਪਰਾਲੇ ਦੇ ਨਾਂ ਥੱਲੇ ਕੰਮ ਵਿੱਚ ਤਾਂ ਰੁੱਝੇ ਹਨ, ਪਰ ਉਨ੍ਹਾਂ ਲੋਕਾਂ ਨੂੰ ਪਹਿਚਾਣ ਕੋਈ ਨਹੀਂ ਕਿ ਕੀ ਕਰ ਰਹੇ ਹਾਂ? ਇਸ ਗੁੱਟਬੰਦੀ ਵਿੱਚ ਉਹ ਵੀ ਸ਼ਾਮਿਲ ਹਨ, ਜੋ ਗੁਰੂੁ ਪਾਤਸ਼ਾਹਾਂ ਦੇ ਨਾਂਵਾਂ ਨਾਲ ‘ਗੁਰੂ’ ਪਦ ਦੀ ਵਰਤੋਂ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਵੀ ਪ੍ਰਚਾਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਨਕਲੀ ਹੈ। ਇਸ ਵਿੱਚ ਮਿਲਾਵਟ ਹੈ ਅਸਲ ਬਾਣੀ ਦੀ ਪੋਥੀ ਤਾਂ ਗੁਆਚ ਗਈ ਹੈ, ਜਿਸਨੂੰ ਲੱਭਣ ਤੇ ਚਾਰ ਕਰੋੜ ਰੁਪਏ ਖਰਚ ਆਉਣਗੇ। ਗੁਰੂ ਗ੍ਰੰਥ ਸਾਹਿਬ ਵਾਲਾ ਵਰਤਮਾਨ ਸਰੂਪ ਸਿਰਫ ਲਿਫਾਫਾ ਹੀ ਹੈ ਅਤੇ ਇਸ ਵਿਚਲੀ ਬਾਣੀ ਅਸਲੀ ਨਹੀਂ, ਸਿੱਖ ਤਾਂ ਕੇਵਲ ਲਿਫਾਫੇ ਨੂੰ ਹੀ ਸੰਭਾਲ ਰਹੇ ਹਨ।ਜੋ ਗੁਰੂਆਂ ਦੇ ਨਹੀਂ ਉਹ ਪੰਥ ਦੇ ਕਿਵੇਂ ਹੋ ਗਏ?

ਅਜਿਹਾ ਪ੍ਰਚਾਰ ਕਰਨ ਵਾਲਿਆਂ ਦੇ ਸਹਿਯੋਗੀਆਂ ਨਾਲ ਗੁੱਟਬੰਦੀ ਇਸ ਗੱਲ ਦੀ ਸੂਚਕ ਹੈ ਕਿ ਇਸ ਅਖੌਤੀ ਸੁਧਾਰ ਉਪਰਾਲੇ ਦਾ ਦਾਵਾ ਕਰਨ ਵਾਲਿਆਂ ਨੂੰ ਗੁਰੂ, ਪੰਥ ਅਤੇ ਸਿਖ ਦੀ ਪਹਿਚਾਨ ਹੀ ਭੁੱਲ ਗਈ ਹੈ। ਇਸ ਗੁੱਟਬੰਦੀ ਵਿੱਚ ਸ਼ਾਮਲ ਹੋਣ ਵਾਲਿਆਂ ਕੋਲ ਗੁਰੂਆਂ, ਪੰਥ ਅਤੇ ਸਿੱਖੀ ਬਾਰੇ ਪਹਿਚਾਨ ਰੂਪੀ ਗਿਆਨ ਦੀ ਅੱਖ ਨਹੀਂ ਹੈ। ਜੇ ਕਰ ਹੈ ਤਾਂ ਵੇਖਣਾ ਇਹ ਹੈ ਕਿ ਉਹ ਪਹਿਚਾਨ ਗੁਰ ਬਿਨ ਘੌਰ ਅੰਧਕਾਰ ਵਿਚ ਭੱਟਕਣ ਵਾਲੇ ਕਿਸ-ਕਿਸ ਸੱਜਣ ਦੇ ਜ਼ਮੀਰ ਦੀ ਅੱਖ ਖੋਲਦੀ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top