Share on Facebook

Main News Page

ਪਤਿਤਪੁਣ ! ਨਸ਼ੇ !
- ਰਾਜਾ ਸਿੰਘ ਮਿਸ਼ਨਰੀ
rajasingh922@khalsa.com (99151-67088)

ਇਕ ਵਾਰੀ ਇਕ ਸ਼ੇਰਨੀ ਦਾ ਛੋਟਾ ਜਿਹਾ ਬੱਚਾ ਭਟਕ ਕੇ ਭੇਡਾਂ ਵਿੱਚ ਜਾ ਰਲਿਆ। ਕਈ ਦਿਨ ਲੰਘ ਗਏ, ਉਸਨੇ ਭੇਡਾਂ ਵਾਂਗੂ ਹੀ ਮੈਂ ਮੈਂ ਕਰਨਾ ਸ਼ੁਰੂ ਕਰ ਦਿਤਾ। ਅਚਾਨਕ ਜਦ ਸ਼ੇਰਨੀ ਦੀ ਨਜ਼ਰ ਉਸ ਤੇ ਪਈ ਤਾਂ ਉਸਨੂੰ ਚੁੱਕ ਕੇ ਲੈ ਆਈ। ਸ਼ੇਰਨੀ ਨੂੰ ਆਪਣੇ ਬੱਚੇ ਦੇ ਮਿਆਂਕਣ ਤੇ ਦੁੱਖ ਵੀ ਹੋਇਆ ਤੇ ਹੈਰਾਨੀ ਵੀ। ਇਕ ਦਿਨ ਆਪਣੇ ਬੱਚੇ ਨੂੰ ਲੈ ਕੇ ਦਰਿਆ ਕਿਨਾਰੇ ਤੇ ਜਾ ਪਾਣੀ ਵਿੱਚ ਝਾਕਿਆ। ਬੱਚਿਆਂ ਵਿੱਚ ਨਕਲ ਕਰਨ ਦੀ ਫ਼ਿਤਰਤ ਹੁੰਦੀ ਹੈ, ਸੋ ਬੱਚੇ ਨੇ ਵੀ ਆਪਣੀ ਮਾਂ ਵਾਂਗ ਪਾਣੀ ਵਿੱਚ ਝਾਕਿਆ, ਸ਼ੇਰਨੀ ਦਹਾੜੀ ਤੇ ਉਸ ਦੀ ਰੀਸੇ ਬੱਚੇ ਨੇ ਵੀ ਮੂੰਹ ਖੋਲ੍ਹਿਆ ਪਰ ਦਹਾੜ ਨਾ ਸਕਿਆ। ਸ਼ੇਰਨੀ ਦੇ ਬਾਰ ਬਾਰ ਦਹਾੜਨ ਅਤੇ ਨਕਲ ਕਰਦਿਆਂ ਕਰਦਿਆਂ ਬੱਚੇ ਨੇ ਵੀ ਉਹੋ ਜਿਹੀ ਦਹਾੜ ਮਾਰੀ ਤਾਂ ਸ਼ੇਰਨੀ ਨੇ ਖੁਸ਼ ਹੋ ਕੇ ਬੱਚੇ ਨੂੰ ਛਾਤੀ ਨਾਲ ਲਾਇਆ।

ਇਸ ਕਹਾਣੀ ਤੋਂ ਦੋ ਨਤੀਜੇ ਸਾਹਮਣੇ ਆਉਂਦੇ ਹਨ, ਪਹਿਲਾ ਕਿ ਸਾਡਾ ਆਲਾ ਦੁਆਲਾ ਸਾਨੂੰ ਪ੍ਰਭਾਵਤ ਕਰਦਾ ਹੈ ਤੇ ਦੂਸਰਾ ਸਾਡਾ ਫ਼ਰਜ਼, ਜਿਹਾ ਕਿ ਸ਼ੇਰਨੀ ਨੇ ਆਪਣੇ ਭਟਕੇ ਹੋਏ ਬੱਚੇ ਨੂੰ ਉਸ ਨੂੰ ਆਪਣੇ ਅਸਲੇ ਨਾਲ ਮੁੜ ਜੋੜ ਕੇ ਪੂਰਾ ਕੀਤਾ।

ਪੰਜਾਬ ਵਿੱਚ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪਤਿਤਪੁਣਾ ਤੇ ਨਸ਼ਿਆਂ ਦੀ ਜੋ ਹਨੇਰੀ ਵਗ ਰਹੀ ਹੈ ਉਸ ਦੇ ਕਈ ਕਾਰਨ ਹਨ। ਜਿਹਾ ਕਿ ਪੈਸੇ ਦੀ ਹੌੜ, ਫ਼ੈਸ਼ਨ ਦੀ ਦੌੜ, ਸ਼ਹਿਰੀਕਰਨ ਤੋਂ ਇਲਾਵਾ ਕੁਝ ਰਾਜਸੀ ਕਾਰਨ ਤੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਦੀਆਂ ਗੁਝੀਆਂ ਚਾਲਾਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਇਹਨਾਂ ਸਭ ਤੋਂ ਜ਼ਿਆਦਾ ਜਿਸ ਨੇ ਜੁਆਨੀ ਨੂੰ ਪੁਠੇ ਗੇੜ ਵਿੱਚ ਪਾਇਆ ਹੈ, ਉਹ ਹੈ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ। ਪਿਛਲੇ ਤਕਰੀਬਨ ਤਿੰਨ ਦਹਾਕਿਆਂ ਵਿੱਚ ਇਲੈਕਟ੍ਰੋਨਿਕ ਮੀਡੀਏ ਨੇ ਬੜੀਆਂ ਉਚੀਆਂ ਬੁਲੰਦੀਆਂ ਛੂਹੀਆਂ ਹਨ। ਇਸਨੇ ਸੰਸਾਰ ਨੂੰ ਨਿਕਾ ਜਿਹਾ ਬਣਾ ਕੇ ਰਖ ਦਿਤਾ ਹੈ।ਫੁੱਲ ਨਾਲ ਕੰਡੇ ਵਾਲੀ ਕਹਾਵਤ ਦੀ ਤਰ੍ਹਾਂ ਇਹ ਮੀਡੀਆ ਵੀ ਪੈਸੇ ਦੀ ਹੌੜ ਵਿੱਚ ਹਰੇਕ ਪ੍ਰੋਗਰਾਮ ਨੂੰ ਆਕਰਸ਼ਕ ਬਣਾਉਂਦਾ ਹੈ ਤਾਂ ਜੋ ਵੇਖਣ ਵਾਲਿਆਂ ਦੀ ਗਿਣਤੀ ਵਧੇ ਤੇ ਵੱਧ ਤੋਂ ਵੱਧ ਇਸ਼ਿਤਿਹਾਰ ਮਿਲਣ ਅਤੇ ਇਹਨਾਂ ਦੀਆਂ ਤਿਜੋਰੀਆਂ ਭਰ ਸਕਣ। ਇਸ ਆਕਰਸ਼ਣ ਨੂੰ ਕੇਂਦਰਿਤ ਕੀਤਾ ਜਾਂਦਾ ਹੈ, ਮਨੁੱਖੀ ਕਮਜ਼ੋਰੀ- ਕਾਮ-ਚੇਸ਼ਟਾ ਅਤੇ ਰੂਪ ਚੇਸ਼ਟਾ ਤੇ। ਇਹ ਭੜਕਾਊ ਦ੍ਰਿਸ਼ ਜਦੋਂ ਘਰ ਦੇ ਸਾਰੇ ਜੀਅ ਟੈਲੀਵੀਜ਼ਨ ਤੇ ਦੇਖਦੇ ਹਨ ਤਾਂ ਇਸ ਦੇ ਦੁਸ਼ਟ ਪ੍ਰਭਾਵ ਬਾਰੇ ਦਸਣ ਜਾਂ ਲਿਖਣ ਦੀ ਲੋੜ ਨਹੀਂ। ਜਦ ਵਡੇ ਛੋਟੇ ਇਕੱਠੇ ਕੜ੍ਹੀ ਘੁਲਦੀ ਦੇਖਣ ਤਾਂ ਸਮਝੋ ਬੱਚਿਆਂ ਅਤੇ ਨੌਜੁਆਨਾਂ ਉਪਰ ਵਡਿਆਂ ਦਾ ਕੁੰਡਾ ਆਪੇ ਖਤਮ ਹੋ ਗਿਆ। ਨਾ ਮਨ ਦੀ ਸ਼ਰਮ ਰਹੀ ਤੇ ਨਾ ਅੱਖ ਦੀ। ਮਨੋ-ਵਿਗਿਆਨੀ ਦਸਦੇ ਹਨ ਕਿ ਪੜ੍ਹੀ ਹੋਈ ਗਲ ਬੜੀ ਜਲਦੀ ਭੁਲਦੀ ਹੈ ਪਰ ਸੁਣੀ ਹੋਈ ਜਲਦੀ ਕਿਤੇ ਭੁਲਦੀ ਨਹੀਂ; ਪਰ ਦੇਖਿਆ ਦ੍ਰਿਸ਼ ਤਾਂ ਮਨ ਤੇ ਪੱਕਾ ਹੀ ਉਕਰ ਜਾਂਦਾ ਹੈ। ਇਹ ਚੰਦਰੇ ਦ੍ਰਿਸ਼ਾਂ ਨੇ ਪੁਟ ਲਿਆ ਬੱਚੇ, ਜਵਾਨਾਂ ਤੇ ਵਡੇਰਿਆਂ ਨੂੰ। ਆਏ ਦਿਨ ਨਬਾਲਗ, ਜਵਾਨਾਂ ਤੇ ਕਈ ਵਾਰੀ ਵਡੇਰਿਆਂ ਵਲੋਂ ਵੀ ਬਲਾਤਕਾਰੀਆਂ ਦੀਆਂ ਕਾਲੀਆਂ ਕਰਤੂਤਾਂ ਇਸ ਸਭ ਕੁਝ ਦਾ ਨਤੀਜਾ ਹੈ।

ਟੈਲੀਵੀਜ਼ਨ ਨੇ ਤਾਂ ਨੰਨ੍ਹੇ ਬੱਚਿਆਂ ਦਾ ਮਾਨਸਿਕਤਾ ਤੇ ਆਪਣਾ ਗਲਬਾ ਪਾ ਲਿਆ ਹੈ। ਪਿਛਲੇ ਦਿਨੀ ਪੇਸ਼ੇ ਵਜੋਂ ਇਕ ਵਕੀਲ ਨੇ ਕਮੀਜ਼ ਉਤਾਰ ਕੇ ਪ੍ਰਧਾਨ ਮੰਤਰੀ ਜੀ ਦਾ ਵਿਰੋਧ ਪ੍ਰਦਰਸ਼ਨ ਕੀਤਾ। ਜਦ ਟੀ.ਵੀ. ਉਪਰ ਇਹ ਦ੍ਰਿਸ਼ ਆ ਰਿਹਾ ਸੀ ਤਾਂ ਇਕ ਪੰਜ ਛੇ ਸਾਲ ਦੇ ਬੱਚੇ ਨੇ ਆਪਣੀ ਮਾਂ ਨੂੰ ਪੁਛਿਆ:

“ਮੰਮੀ ਓਹ ਅੰਕਲ ਨੇ ਕਮੀਜ਼ ਕਿਉਂ ਲਾਹੀ ਏ, ਤੇ ਕੀ ਕਹਿ ਰਹੇ ਨੇ?”

ਮਾਂ: “ਪੁੱਤਰ ਇਹਦੀ ਕੋਈ ਗਲ ਨਹੀਂ ਮੰਨੀ ਗਈ ਹੋਣੀ.....”

ਪੁੱਤਰ, “ਅੱਛਾ.............!”

ਅਗਲੇ ਦਿਨ ਮਾਂ ਨੇ ਬੱਚੇ ਨੂੰ ਸਕੂਲ ਜਾਣ ਲਈ ਤਿਆਰ ਕੀਤਾ ਤਾਂ ਬੱਚੇ ਨੇ ਦਸ ਰੁਪੈ ਦੀ ਮੰਗ ਕੀਤੀ ਪਰ ਮਾਂ ਨੇ ਟਾਲ ਦਿਤਾ। ਬਸ ਫ਼ਿਰ ਕੀ ਸੀ...ਬੱਚੇ ਨੇ ਆਪਣੀ ਨਿੱਕਰ ਉਤਾਰ ਦਿਤੀ। ਹੈਰਾਨ ਹੋਈ ਮਾਂ ਨੇ ਪੁਛਿਆ, “ਆਹ ਕੀ ਕੀਤਾ....?”

ਬੱਚਾ, “ਤੁਸੀਂ ਮੈਨੂੰ ਦਸ ਰੁਪੈ ਕਿਉਂ ਨਹੀਂ ਦਿਤੇ...?”

ਟੀ.ਵੀ. ਤੇ ਮੂੰਹ ਸਿਰ ਮੁਨਾਈ, ਨੱਤੀਆਂ ਪਾਈ ਜਦ ਗਾਉਂਦੇ, ਟਪੂਸੀਆਂ ਮਾਰਦਿਆਂ ਨਚਾਰਾਂ ਨੂੰ ਨੌਜੁਆਨ ਦੇਖਦੇ ਹਨ, ਤਾਂ ਇਹਨਾਂ ਜ਼ੀਰੋਆਂ ਨੂੰ ਉਹ ਆਪਣਾ ਹੀਰੋ ਬਣਾ ਲੈਂਦੇ ਹਨ। ਇਹ ਇਕ ਹੋਰ ਵਡਾ ਕਾਰਨ ਹੈ ਪਤਿਤਪੁਣੇ ਦਾ।ਇਸ ਤੋਂ ਵੀ ਮਾੜੀ ਗਲ ਹੈ ਕਿ ਬਹੁਤੇ ਸਿੰਗਰ ਧਾਰਮਿਕ ਗੀਤ ਗਾਉਂਦੇ ਹਨ, ਗੁਰੂ ਦੇ ਲੜ ਲਗਣ ਦੀ ਗਲ ਕਰਦੇ ਹਨ, ਪਰ ਆਪਣੇ ਮੂੰਹ ਸਿਰ ਸ਼ਫ਼ਾ-ਚੱਟ ਹੁੰਦੇ ਹਨ....ਕੋਈ ਰੋਕਣ ਵਾਲਾ ਨਹੀਂ, ਸੁੱਤੇ ਪਏ ਨੇ ਸਾਡੇ ਜਥੇਦਾਰ ਤੇ ਧਾਰਮਿਕ ਆਗੂ।

ਸਾਡੀ ਕੌਮ ਵਿੱਚ ਪੜ੍ਹਨ ਦੀ ਰੁਚੀ ਬੜੀ ਘੱਟ ਹੈ, ਪਰ ਧਾਰਮਿਕ ਲਿਟ੍ਰੇਚਰ ਨੂੰ ਤਾਂ ਵਾਧੂ ਬੋਝ ਸਮਝਿਆ ਜਾਂਦਾ ਹੈ ਪਰ ਆਮ ਅਖਬਾਰਾਂ ਤੇ ਮੈਗਜ਼ੀਨ, ਜਿਹਨਾਂ ਵਿੱਚ ਫਿਲਮੀ ਜਾਂ ਕਾਮੁਕ ਬਿਰਤੀ ਵਾਲੀਆਂ ਕਹਾਣੀਆਂ ਹੋਣ, ਉਹਨਾਂ ਨੂੰ ਭਾਰੀ ਕੀਮਤ ਦੇ ਕੇ ਵੀ ਖਰੀਦਿਆ ਜਾਂਦਾ ਹੈ। ਲੋਕਾਂ ਵਿਚੋਂ ਇਹਨਾਂ ਕਰਕੇ ਧਾਰਮਿਕ ਰੁਚੀਆਂ ਖਤਮ ਹੋ ਰਹੀਆਂ ਹਨ।

ਬੱਚੇ ਜਾਂ ਨੌਜੁਆਨ ਜੇ ਕਈ ਵੇਰੀ ਭਟਕ ਵੀ ਜਾਣ ਤਾਂ ਉਹਨਾਂ ਨੂੰ ਅਹਿਸਾਸ ਕਰਾਉਣਾ ਵੀ ਤਾਂ ਕਿਸੇ ਦਾ ਫ਼ਰਜ਼ ਹੈ.....। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਸਿਰ ਗੁੰਮ ਨਾਲ ਨਾਤਾ ਨਹੀਂ ਰਖਣਾ, ਇਸ ਤੇ ਪਹਿਰਾ ਦੇਣ ਨਾਲ ਪਤਿਤ ਨੂੰ ਅਲੱਗ ਥਲੱਗ ਹੋਣ ਦਾ ਡਰ ਹੋਵੇਗਾ, ਪਰ ਅੱਜ ਤਾਂ ਉਲਟਾ ਗੁਰਦੁਆਰਿਆਂ ਦੀਆ ਸਟੇਜਾਂ ਤੇ ਪ੍ਰਬੰਧਕ ਇਹਨਾਂ ਨੂੰ ਨਿਕੀਆਂ ਨਿਕੀਆਂ ਗਲਾਂ ਪਿਛੇ ਸਿਰੋਪੇ ਦਿੰਦੇ ਹਨ ਜਿਸ ਦਾ ਪ੍ਰਭਾਵ ਬੜਾ ਮਾੜਾ ਪੈਂਦਾ ਹੈ ਤੇ ਪਤਿਤਪੁਣੇ ਨੂੰ ਸ਼ਹਿ ਮਿਲਦੀ ਹੈ। ਪਿਛੇ ਜਿਹੇ ਇਕ ਗੁਰਦੁਆਰਾ ਸਾਹਿਬ ਵਿਖੇ ਇਕ ਪਤਿਤ ਨੂੰ ਸਿਰੋਪਾ ਦਿਤੇ ਜਾਣ ਤੇ ਸੰਗਤ ਵਿੱਚੋਂ ਨੇ ਕਿਸੇ ਨੇ ਇਤਰਾਜ਼ ਕੀਤਾ ਤਾਂ ਸਕੱਤਰ ਸਾਹਿਬ ਉਸ ਦੇ ਕੰਨ ਵਿੱਚ ਆਖਣ ਲਗੇ, “ਕੀ ਕਰੀਏ ਜੀ, ਪਤਾ ਤਾਂ ਸਾਨੂੰ ਵੀ ਐ, ਪਰ ਇਸ ਸਜਣ ਨੇ ਇਮਾਰਤ ਲਈ ਮਾਇਆ ਦਿਤੀ ਏ, ਤੁਹਾਨੂੰ ਪਤਾ ਈ ਏ ਗੁਰੂ ਘਰਾਂ ਦੇ ਖਰਚੇ ਵੀ ਤਾਂ ਚਲਾਣੇ ਨੇ”......ਸਪੱਸ਼ਟ ਹੈ ਬਹੁਤੇ ਪਰਬੰਧਕਾਂ ਦੀ ਬਿਰਤੀ ਮਾਇਆ ਤੇ ਟਿਕੀ ਹੈ ਜਿਸ ਖਾਤਰ ਉਹ ਸਿੱਖੀ ਦੀ ਨਿਰਾਲੀ ਸ਼ਾਨ ਨਾਲ ਖਿਲਵਾੜ ਕਰ ਰਹੇ ਨੇ। ਇਹ ਲੋਕ ਵੀ ਜ਼ਿਮੇਵਾਰ ਨੇ ਪਤਿਤ-ਪੁਣੇ ਲਈ।

ਆਲੇ ਦੁਆਲੇ ਤੇ ਮੀਡੀਆ ਦੇ ਪ੍ਰਭਾਵ, ਨੂੰ ਠੱਲ ਪਾਉਣ ਲਈ ਸ਼ੇਰਨੀ ਵਰਗੀ ਸੋਚ ਦੀ ਲੋੜ ਹੈ। ਬੱਚਿਆਂ ਪ੍ਰਤੀ ਚੁਕੰਨੇ ਰਹਿਣ ਦੀ ਸਭ ਤੋਂ ਪਹਿਲੀ ਜ਼ਿਮੇਵਾਰੀ ਮਾਤਾ-ਪਿਤਾ ਦੀ ਹੈ, ਜਿਹਨਾਂ ਦੀ ਗੋਦ ਵਿੱਚ ਬੱਚੇ ਦੀ ਪਰਵਰਿਸ਼ ਹੁੰਦੀ ਹੈ । ਨੰਨ੍ਹਾ ਬੱਚਾ ਭਾਵੇਂ ਬੋਲ ਨਹੀਂ ਸਕਦਾ ਪਰ ਮਾਪਿਆਂ ਦਾ ਹਰੇਕ ਐਕਸ਼ਨ ਉਸ ਦੇ ਮੰਨ ਵਿੱਚ ਉਕਰ ਜਾਂਦਾ ਹੈ ਅਤੇ ਇਹ ਸੰਸਕਾਰ ਹੀ ਉਸਦੇ ਵਿਅੱਕਤੀਤਵ ਦੀ ਉਸਾਰੀ ਕਰਦੇ ਹਨ।ਜਿਹੜੇ ਬਾਪ ਖੁਦ ਨਸ਼ੇ ਕਰਦੇ ਹੋਣ, ਗੁਰੁ-ਮਰਿਆਦਾ ਦੀ ਪ੍ਰਵਾਹ ਨਾ ਕਰਨ ਵਾਲੀਆਂ ਮਾਵਾਂ ਫੈਸ਼ਨ ਪ੍ਰਸਤੀ ਵਿੱਚ ਲੁਪਤ ਆਪਣੇ ਬੱਚਿਆਂ ਤੋਂ ਕੀ ਆਸ ਰਖਦੀਆਂ ਹਨ? ਸੋਚੋ, ਜੇ ਅਜਿਹੇ ਘਰਾਂ ਦੇ ਬੱਚੇ ਪਤਿਤ ਜਾਂ ਨਸ਼ੱਈ ਹੋਣਗੇ ਤਾਂ ਕੌਣ ਜ਼ਿਮੇਵਾਰ ਹੈ? ਮਾਤਾ ਪਿਤਾ ਤੋਂ ਬਾਅਦ ਜ਼ਿਮੇਵਾਰੀ ਸਕੂਲ ਅਧਿਆਪਕ ਅਤੇ ਗੁਰਦੁਆਰਾ ਪ੍ਰਬੰਧਕ ਤੇ ਪ੍ਰਚਾਰਕਾਂ ਦੀ ਹੁੰਦੀ ਹੈ। ਇਥੇ ਵੀ ਮਾਇਆ ਪ੍ਰਧਾਨ ਹੈ। ਬਹੁ-ਗਿਣਤੀ ਸਕੂਲਾਂ ਦਾ ਵਪਾਰੀ-ਕਰਨ ਹੋ ਗਿਆ ਹੈ। ਉਹ ਸਮੇਂ ਲਦ ਗਏ ਜਦ ਪੜ੍ਹਾਉਣਾ ਇਕ ਪਵਿਤਰ ਕਿੱਤਾ ਸੀ, ਅਧਿਆਪਕਾਂ ਨੂੰ ਗੁਰੂ ਕਰਕੇ ਸਤਕਾਰਿਆ ਜਾਂਦਾ ਸੀ।ਪਰ ਹੁਣ ਤਾਂ ਗੁਰੂ-ਸ਼ਿਸ਼ ਵਾਲਾ ਰਿਸ਼ਤਾ ਨਾ ਰਹਿਣ ਕਰਕੇ ਸਕੂਲਾਂ ਦੇ ਵਿਦਿਆਰਥੀ ਬਾਲ ਅਵੱਸਥਾ ਵਿੱਚ ਹੀ ਸਮੈਕੀਏ ਤੇ ਨਸ਼ੇੜੀ ਹੋ ਰਹੇ ਹਨ।ਤੀਸਰਾ ਸੋਮਾਂ ਪ੍ਰਚਾਰਕ ਤੇ ਗੁਰਦੁਆਰਾ ਪਬੰਧਕ ਸ਼੍ਰੇਣੀ ਦਾ ਹੈ। ਹੁਣ ਤਾਂ ਧਰਮ ਧੰਦਾ ਬਣ ਗਿਆ ਜਾਪਦੈ। ਪਰਚਾਰਕ ਦਾ ਪ੍ਰਚਾਰ ਆਪਣੀ ਡਿਊਟੀ ਤਕ ਸੀਮਤ ਹੈ। ਨਹੀਂ ਕੋਈ ਗ੍ਰੰਥੀ ਸਾਹਿਬਾਨ, ਗੁਰੂ ਕੇ ਕੀਰਤਨੀਏ ਜਾਂ ਕਥਾਕਾਰ ਕਿਸੇ ਨੂੰ ਪੁਛਦੇ ਕਿ “ਨਿਤਨੇਮ ਕਰਦੇ ਹੋ? ਅੰਮ੍ਰਿਤ ਵੇਲੇ ਦੀ ਸੰਭਾਲ ਹੈ? .......ਰੋਮਾਂ ਦੀ ਬੇਅਦਬੀ ਵਾਲੇ ਨੂੰ ਕਦੀ ਅਹਿਸਾਸ ਕਰਵਾਉਣ ਦਾ ਯਤਨ ਨਹੀਂ ਕਰਦੇ। ਇਹ ਸਾਨੂੰ ਕੀ.....? ਦੀ ਨੀਤੀ ਕਰਕੇ ਵੀ ਪਤਿਤ-ਪੁਣੇ ਨੂੰ ਬ੍ਰੇਕ ਨਹੀਂ ਲਗ ਰਹੀ।

ਲੋੜ ਹੈ ਅੱਜ ਹਰ ਪੰਥ ਦਰਦੀ ਨੂੰ ਸੋਚਣ ਦੀ, ਕਿ ਇਸ ਹਨੇਰੀ ਨੂੰ ਕਿਵੇਂ ਰੋਕਿਆ ਜਾਵੇ। ਕੁਝ ਇਕ ਕੰਮ ਸਾਨੂੰ ਫੌਰੀ ਕਰਨੇ ਚਾਹੀਦੇ ਹਨ।

  1. ਆਪਣੇ ਆਲੇ ਦੁਆਲੇ ਦੇ ਪਤਿਤ ਬੱਚਿਆਂ ਨਾਲ ਮੇਲ ਜੋਲ ਵਧਾਇਆ ਜਾਵੇ ਤੇ ਜਦ ਉਹ ਭਰੋਸੇ ਵਿੱਚ ਆ ਜਾਣ ਤਾਂ ਕੇਸਾਂ ਦੀ ਮਹੱਤਤਾ ਦਸਕੇ ਉਸ ਨੂੰ ਮੁੜ ਮੁੱਖ ਧਾਰਾ ਵਿੱਚ ਆਉਣ ਲਈ ਪ੍ਰੇਰਿਰਆ ਜਾ ਸਕਦਾ ਹੈ।
  2. ਭਾਈ ਜਸਬੀਰ ਸਿੰਘ ਜੀ ਖਾਲਸਾ ਨੇ “ਘਰ ਵਾਪਸੀ” ਲਹਿਰ ਚਲਾਈ ਸੀ। ਜਿਹੜੇ ਨੌਜੁਆਨ ਪ੍ਰੇਰਤ ਹੋ ਜਾਣ ਉਹਨਾਂ ਨੂੰ ਸੰਗਤ ਵਿੱਚ ਪ੍ਰਣ ਕਰਵਾਇਆ ਜਾਵੇ ਜਿਸ ਨਾਲ ਸਮਾਜਿਕ ਪ੍ਰਭਾਵ ਬਣੇਗਾ।
  3. ਕੇਸਾਂ ਦੀ ਮਹੱਤਤਾ ਬਾਰੇ ਪ੍ਰੋਗਰਾਮ ਕਰਵਾਏ ਜਾਣ, ਵੀਡੀਓ ਕਲਪਿਸ ਤੇ ਫਿਲਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
  4. ਸਿੱਖ ਵਿਦਿਆਰਥੀਆਂ ਨੂੰ ਛੇਵੀਂ ਜਮਾਤ ਤੋਂ ਹੀ ਦਸਤਾਰ ਸਜਾਉਣ ਲਈ ਆਖਿਆ ਜਾਵੇ। ਮਾਤਾ ਪਿਤਾ ਖੁਦ ਧਿਆਨ ਦੇਣ ਅਤੇ ਸਕੂਲਾਂ ਦੇ ਪ੍ਰਬੰਧਕ ਇਸ ਨੂੰ ਜ਼ਰੂਰੀ ਬਨਾਉਣ।
  5. ਬੱਚਿਆਂ ਦੇ ਮਨਾਂ ਵਿੱਚ ਦਸਤਾਰ ਪ੍ਰਤੀ ਮਾਣ ਦੀ ਭਾਵਨਾ ਲਿਆਂਦੀ ਜਾਵੇ।
  6. ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਵਲੋਂ ਕਰਵਾਏ ਜਾਣ ਵਾਲਿਆਂ ਮੁਕਾਬਲਿਆਂ ਵਿੱਚ ਦਸਤਾਰ ਸਜਾ ਕੇ ਹੀ ਭਾਗ ਲੈਣ ਦੀ ਆਗਿਆ ਦਿਤੀ ਜਾਵੇ।
  7. ਇਨਾਮਾਂ ਵਿੱਚ ਦਸਤਾਰ ਸ਼ਾਮਲ ਕੀਤੀ ਜਾਵੇ।
  8. ਨਸ਼ਿਆਂ ਦੀ ਰੋਕ ਥਾਮ ਲਈ ਬਣੇ ਕਾਨੂੰਨਾਂ ਨੂੰ ਹੋਰ ਸਖਤ ਤੇ ਅਮਲੀ ਬਣਾਇਆ ਜਾਵੇ।
  9. ਨਸ਼ਾ ਰੋਕ ਥਾਮ ਦਾ ਵਿਸ਼ਾ ਸੀਨੀਅਰ ਜਮਾਤਾਂ ਦੇ ਪਾਠ-ਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ।

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top