ਫਿਲੌਰ:
ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਅੱਜ ਇੱਥੇ ਸ੍ਰੀ ਜਤਿੰਦਰਪਾਲ ਸਿੰਘ ਜੇ.ਐਮ.ਆਈ.ਸੀ ਦੀ
ਅਦਾਤਲ ਵਿਚ ਪੇਸ਼ ਕੀਤਾ ਗਿਆ।
ਅਦਾਲਤ ਨੇ ਭਾਈ ਬੜਾ ਪਿੰਡ ਨੂੰ 5 ਨਵੰਬਰ ਤਕ ਨਾਭਾ ਜੇਲ੍ਹ ਵਿਚ ਭੇਜ
ਦਿਤਾ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਵਿਰੁੱਧ ਗੁਰਾਇਆ ਪੁਲਿਸ
ਨੇ ਦੇਸ਼ ਧਰੋਹ ਅਤੇ ਅਸਲਾ ਐਕਟ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਅੱਜ ਫਿਲੌਰ ਅਦਾਲਤ ਵਿਚ
ਪੇਸ਼ੀ ਹੋਣ ਕਾਰਨ ਭਾਈ ਬੜਾ ਪਿੰਡ ਦੇ ਸਮਰਥਕ ਸਵੇਰ ਤੋਂ ਹੀ ਕੋਰਟ ਕੰਪਲੈਕਸ ਦੇ ਬਾਹਰ ਇਕੱਠੇ
ਹੋਣੇ ਸ਼ੁਰੂ ਹੋ ਗਏ ਸਨ ਤੇ ਪੁਲਿਸ ਵਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਇਸ ਮੌਕੇ ਭਾਈ
ਕੁਲਬੀਰ ਸਿੰਘ ਬੜਾ ਪਿੰਡ ਦੀ ਪਤਨੀ ਖੁਸ਼ਮੀਰ ਕੌਰ ਨੇ ਦੋਸ਼ ਲਾਇਆ, ਕਿ ਪੰਥਕ ਅਖਵਾਉਣ ਵਾਲੀ
ਸਰਕਾਰ ਇਸ ਤਰਾਂ ਦਾੜ੍ਹੀ ਕੇਸਾਂ ਵਾਲਿਆ ਨੂੰ ਬੁਰੀ ਤਰ੍ਹਾਂ ਜ਼ਲੀਲ ਕਰ ਰਹੀ ਹੈ।
ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਹਰਪਾਲ ਸਿੰਘ ਚੀਮਾ
ਨੇ ਦਸਿਆ ਕਿ ਪੁਲਿਸ ਹਿਰਾਸਤ ਦੌਰਾਨ ਭਾਈ ਬੜਾ ਪਿੰਡ ਨੂੰ ਸਰੀਰਕ ਤੌਰ ਤੇ ਪ੍ਰੇਸ਼ਾਨ ਕੀਤਾ
ਗਿਆ, ਜਿਸ ਸੰਬੰਧੀ ਉਨ੍ਹਾਂ
ਨੇ ਕੋਰਟ ਵਿਚ ਭਾਈ ਸਾਹਿਬ ਦਾ ਗਠਤ ਡਾਕਟਰਾਂ ਦੀ ਟੀਮ ਵਲੋਂ
ਮੈਡੀਕਲ ਕਰਵਾਉਣ ਦੀ ਮੰਗ ਕੀਤੀ ਸੀ। ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਉਨ੍ਹਾਂ ਦਾ ਮੈਡੀਕਲ
ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੈਡੀਕਲ ਨਾ ਕਰਵਾਉਣ
ਵਾਲੇ ਅਧਿਕਾਰੀਆਂ ਨੇ ਕੋਰਟ ਦੇ ਹੁਕਮਾਂ ਦੀ ਉਲੰਘਣਾਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਵਿਰੁੱਧ
ਸਖਤ ਕਾਰਵਾਈ ਹੋਣੀ ਚਾਹੀਦੀ ਹੈ।