Share on Facebook

Main News Page

ਨਵੰਬਰ '੮੪ ਦੀ ਸਿੱਖ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਮ ਦੇਣ ਵਾਲੇ, ਇਸ ਦੇ ਅਰਥਾਂ ਤੋਂ ਅਣਜਾਣ ਹਨ ਜਾਂ ਫ਼ਰੇਬੀ
-
ਪ੍ਰੋ: ਹਰਜਿੰਦਰ ਸਿੰਘ ਸਭਰਾ

* ਜ਼ਾਲਮ ਦੀ ਗੁਲਾਮੀ ਕਬੂਲ ਕਰਨ ਵਾਲੇ ਜ਼ੁਲਮ ਨੂੰ ਉਤਸ਼ਾਹਤ ਕਰਦੇ ਹਨ

ਬਠਿੰਡਾ, ੧ ਨਵੰਬਰ (ਕਿਰਪਾਲ ਸਿੰਘ): ਜਦੋਂ ਦੋ ਫਿਰਕਿਆਂ ਜਾਂ ਦੋ ਵਰਗਾਂ ਦਾ ਕਿਸੇ ਗੱਲੋਂ ਝਗੜਾ ਹੋਣ ਕਰਕੇ ਉਨ੍ਹਾਂ ਦਾ ਆਹਮੋ-ਸਾਹਮਣੀ ਆਪਸੀ ਟਕਰਾਓ ਹੋ ਜਾਵੇ ਉਸ ਨੂੰ ਦੰਗੇ ਜਾਂ ਫਸਾਦ ਕਹਿੰਦੇ ਹਨ। ਪਰ ਨਵੰਬਰ ੮੪ 'ਚ ਦੋ ਫਿਰਕਿਆਂ ਦਾ ਆਪਸੀ ਕੋਈ ਝਗੜਾ ਨਹੀਂ ਸੀ ਅਤੇ ਨਾਂ ਹੀ ਦੋ ਫਿਰਕੇ ਝਗੜਾ ਕਰਨ ਲਈ ਬਾਹਰ ਨਿਕਲੇ ਸਨ। ਇੰਦਰਾ ਗਾਂਧੀ ਦੇ ਕਤਲ ਉਪ੍ਰੰਤ ਨਿਰਦੋਸ਼ ਸਿੱਖਾਂ ਜਿਨ੍ਹਾਂ ਦਾ ਉਸ ਕਤਲ ਵਿੱਚ ਕੋਈ ਹੱਥ ਨਹੀਂ ਸੀ, ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਵਿੱਚੋਂ ਧੂਅ ਧੂਅ ਕੇ ਕਤਲ ਕਰ ਦੇਣਾ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਕਤਲ ਕਰ ਦੇਣਾ, ਆਟੋਰਿਕਸ਼ਾ ਚਾਲਕਾਂ ਜੋ ਹੋਰ ਮਜਦੂਰੀ ਕਰ ਰਹੇ ਸਿੱਖਾਂ ਨੂੰ ਫੜ ਕੇ ਕਤਲ ਕਰ ਦੇਣਾ ਦੰਗੇ ਨਹੀਂ ਸਨ ਬਲਕਿ ਇੱਕ ਪਾਸੜ ਸੋਚੀ ਸਮਝੀ ਸਾਜਿਸ਼ ਅਧੀਨ ਸਿੱਖਾਂ ਨੂੰ ਚੁਣ ਚੁਣ ਕੇ ਮਾਰਨਾ ਉਨ੍ਹਾਂ ਦਾ ਸਮੂਹਿਕ ਕਤਲੇਆਮ ਸੀ ਜਿਸ ਨੂੰ ਸਿੱਖਾਂ ਦੀ ਨਸਲਘਾਤ ਜਾਂ ਨਸਲਕੁਸ਼ੀ ਕਿਹਾ ਜਾ ਸਕਦਾ ਹੈ। ਉਸ ਸਿੱਖ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਮ ਦੇਣ ਵਾਲੇ ਇਸ ਦੇ ਅਰਥਾਂ ਤੋਂ ਅਣਜਾਣ ਹਨ ਜਾਂ ਫ਼ਰੇਬੀ ਹਨ।

ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਕਰਦੇ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਅਜਿਹੇ ਫ਼ਰੇਬੀ ਲੋਕਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫ਼ੁਰਮਾਨ ਸਹੀ ਢੁਕਦਾ ਹੈ:

'ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥' (ਸਾਰੰਗ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੨੪੬)

ਭਾਵ ਕਈ ਬੰਦਿਆਂ ਨੂੰ ਨਾਹ ਸੂਝ, ਨਾਹ ਬੁੱਧੀ, ਨਾਹ ਅਕਲ ਦੀ ਸਾਰ, ਤੇ ਇਕ ਅੱਖਰ ਨਹੀਂ ਜਾਣਦੇ। ਹੇ ਨਾਨਕ! ਜਿਨ੍ਹਾਂ ਵਿਚ ਕੋਈ ਭੀ ਗੁਣ ਨਾਹ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਅਸਲ ਵਿੱਚ ਨਿਰੇ ਖੋਤੇ ਹਨ ॥੨॥

ਪ੍ਰੋ: ਸਭਰਾ ਨੇ ਕਿਹਾ ਇਹ ਲੋਕ ਦੇਸ਼ ਵਿੱਚ ਆਪਣੀ ਬਹੁਗਿਣਤੀ ਦਾ ਅਹੰਕਾਰ ਹੀ ਤਾਂ ਕਰਦੇ ਹਨ ਕਿ ਇਸ ਅਖੌਤੀ ਲੋਕਤੰਤਰ ਵਿੱਚ ਉਨ੍ਹਾਂ ਦਾ ਹੀ ਹੁਕਮ ਚਲਦਾ ਹੈ ਤੇ ਹੋਰ ਕੋਈ ਉਨ੍ਹਾਂ ਦੀ ਮਰਜੀ ਤੋਂ ਬਿਨਾਂ ਜਿਉਣ ਦਾ ਹੱਕ ਵੀ ਨਹੀਂ ਰੱਖਦੇ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਇੱਥੇ ਬੇਸ਼ੱਕ ਰਾਜੇ ਹੋਏ ਹਨ, ਜਾਂ ਧਾਰਮਕ ਆਗੂ ਉਹ ਆਪਣੀ ਰਾਜਸਤਾ ਦਾ, ਉਚ ਜਾਤੀ ਹੋਣ ਦਾ, ਵਿਦਵਾਨ ਹੋਣ ਦਾ ਤੇ ਧਾਰਮਕ ਹੋਣ ਦਾ ਅਹੰਕਾਰ ਹੀ ਕਰਦੇ ਸਨ ਤੇ ਚਾਹੁੰਦੇ ਸਨ ਕਿ ਦੇਸ਼ ਵਿੱਚ ਕੋਈ ਵੀ ਉਨ੍ਹਾਂ ਦੀ ਹੁਕਮ ਅਦੂਲੀ ਨਾ ਕਰੇ, ਉਹ ਜਿਸ ਤਰ੍ਹਾਂ ਚਾਹੁੰਣ ਉਸੇ ਤਰ੍ਹਾਂ ਦੇ ਕੰਮ ਕਰਨ, ਉਸੇ ਤਰ੍ਹਾਂ ਲਿਖਣ, ਉਸੇ ਤਰ੍ਹਾਂ ਬੋਲਣ ਤੇ ਕੋਈ ਵੀ ਆਪਣੇ ਹੱਕਾਂ ਦੀ ਗੱਲ ਨਾ ਕਰੇ। ਇਸ ਤਰ੍ਹਾਂ ਦੇ ਅਹੰਕਾਰ ਕਰਨ ਵਾਲੇ ਤੇ ਦੂਸਰੇ ਦਾ ਹੱਕ ਮਾਰਨ ਵਾਲੇ ਜ਼ਾਲਮ ਬਣ ਜਾਂਦੇ ਹਨ ਤੇ ਜ਼ੁਲਮ ਸਹਿਣ ਵਾਲੇ ਗੁਲਾਮ। ਭਾਰਤ ਵਿੱਚ ਦੋ ਹੀ ਤਰ੍ਹਾਂ ਦੇ ਲੋਕ ਸਨ ਜ਼ਾਲਮ ਜਾਂ ਗੁਲਾਮ। ਗੁਰੂ ਨਾਨਕ ਸਾਹਿਬ ਜੀ ਨੇ ਦੋਵਾਂ ਦੀ ਹੀ ਮਾਨਸਿਕਤਾ ਦਾ ਵਿਰੋਧ ਕੀਤਾ ਤੇ ਕਿਹਾ ਕਿ ਜ਼ੁਲਮ ਕਰਨ ਵਾਲੇ ਤੇ ਜ਼ੁਲਮ ਸਹਿਣ ਵਾਲੇ ਦੋਵੇਂ ਹੀ ਧਾਰਮਕ ਨਹੀਂ ਹੋ ਸਕਦੇ। ਧਰਮੀ ਬੰਦਾ ਉਹ ਹੈ ਜੋ ਨਾ ਕਿਸੇ ਦਾ ਹੱਕ ਮਾਰੇ ਤੇ ਨਾਂਹ ਹੀ ਆਪਣਾ ਹੱਕ ਕਿਸੇ ਨੂੰ ਖੋਹਣ ਦੀ ਇਜ਼ਾਜਤ ਦੇਵੇ, ਨਾਂਹ ਕਿਸੇ ਤੇ ਜ਼ੁਲਮ ਕਰੇ ਤੇ ਨਾਂਹ ਕਿਸੇ ਦਾ ਜ਼ੁਲਮ ਸਹਿਣ ਲਈ ਤਿਆਰ ਹੋਵੇ, ਨਾਂਹ ਕਿਸੇ ਨੂੰ ਡਰਾਵੇ ਤੇ ਨਾਂਹ ਡਰਾਉਣ ਦਾ ਯਤਨ ਕਰੇ, ਨਾਂਹ ਕਿਸੇ ਨੂੰ ਗੁਲਾਮ ਬਣਾਉਣ ਦਾ ਯਤਨ ਕਰੇ ਤੇ ਨਾਂਹ ਕਿਸੇ ਦੀ ਗੁਲਾਮੀ ਕਬੂਲ ਕਰਨ ਲਈ ਤਿਆਰ ਹੋਵੇ। ਨਾਂਹ ਕਿਸੇ ਦੇ ਧਾਰਮਕ ਅਕੀਦੇ ਤੇ ਜੀਵਨ ਢੰਗ ਵਿੱਚ ਦਖ਼ਲ ਅੰਦਾਜ਼ੀ ਕਰੇ ਤੇ ਨਾਂਹ ਹੀ ਦੂਸਰੇ ਦੀ ਦਖ਼ਲ ਅੰਦਾਜ਼ੀ ਪ੍ਰਵਾਨ ਕਰੇ। ਇਸੇ ਕਾਰਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ

'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥' (ਸਲੋਕ ਵਾਰਾਂ ਤੇ ਵਧੀਕ ਮ: ੯, ਗੁਰੂ ਗ੍ਰੰਥ ਸਾਹਿਬ ਪੰਨਾ ੧੪੨੭)

'ਤੇ ਪਹਿਰਾ ਦਿੰਦੇ ਹੋਏ, ਜਿਨ੍ਹਾਂ ਦੇ ਧਰਮ ਵਿੱਚ ਗੁਰੂ ਸਾਹਿਬ ਜੀ ਦਾ ਆਪਣਾ ਕੋਈ ਵਿਸ਼ਵਾਸ਼ ਨਹੀਂ ਸੀ, ਉਨ੍ਹਾਂ ਦੇ ਧਾਰਮਕ ਅਕੀਦਿਆਂ ਦੀ ਅਜਾਦੀ ਲਈ ਵੀ ਚਾਂਦਨੀ ਚੌਕ ਵਿੱਚ ਆ ਕੇ ਸ਼ਹੀਦੀ ਦਿੱਤੀ। ਪਰ ਹੈਰਾਨੀ ਹੈ ਕਿ ਜਿਨ੍ਹਾਂ ਦੀ ਧਾਰਮਕ ਅਜਾਦੀ ਲਈ ਗੁਰੂ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਅੱਜ ਉਸੇ ਧਰਮ ਦੀ ਬਹੁਗਿਣਤੀ ਉਨ੍ਹਾਂ ਲਈ ਸ਼ਹੀਦੀ ਦੇਣ ਵਾਲੇ ਗੁਰੂ ਦੇ ਸਿੱਖਾਂ ਨੂੰ ਅਜਾਦੀ ਤੇ ਇਨਸਾਫ਼ ਦੇਣ ਲਈ ਤਿਆਰ ਨਹੀਂ ਹਨ। ੨੮ ਸਾਲਾਂ ਬਾਅਦ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਨਾਂ ਦੇ ਕੇ ਇਨਸਾਫ਼ ਕਰਨ ਤੋਂ ਇਨਕਾਰੀ ਹੋਣ ਤੋਂ ਇਹੀ ਭਾਵ ਹੈ ਕਿ ਉਹ ਚਾਹੁੰਦੇ ਹਨ ਕਿ ਸਿੱਖ ਗੁਲਾਮ ਬਣ ਕੇ ਰਹਿਣ। ਪਰ ਸਿੱਖ ਕਦੀ ਵੀ ਗੁਲਾਮੀ ਕਬੂਲ ਨਹੀਂ ਕਰ ਸਕਦੇ। ਸਿੱਖ ਧਰਮ ਅਨੁਸਾਰ ਗੁਲਾਮੀ ਕਬੂਲਣ ਵਾਲਾ ਧਰਮੀ ਨਹੀਂ ਹੋ ਸਕਦਾ ਕਿਉਂਕਿ ਜ਼ਾਲਮ ਦੀ ਗੁਲਾਮੀ ਕਬੂਲ ਕਰਨ ਵਾਲੇ ਜ਼ੁਲਮ ਨੂੰ ਉਤਸ਼ਾਹਤ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top