Share on Facebook

Main News Page

ਇਸ ਦੇਸ਼ ਵਿੱਚ ਧਰਮ ਵਿਖਾਇਆ ਜਾਂਦਾ ਹੈ, ਪਰ ਕਮਾਇਆ ਨਹੀਂ ਜਾਂਦਾ
-
ਪ੍ਰੋ: ਹਰਜਿੰਦਰ ਸਿੰਘ ਸਭਰਾ

* ਇਸ ਦੇਸ਼ ਵਿੱਚ ਸਭ ਤੋਂ ਵੱਧ ਧਰਮ ਪੈਦਾ ਹੋਏ ਪਰ ਲੋਕਾਂ ਵਿੱਚ ਧਾਰਮਿਕਤਾ ਸਭ ਤੋਂ ਘਟ
* ਜੇ ਅਰੰਗਜ਼ੇਬ ਧਾਰਮਕ ਤੰਗਦਿਲੀ ਦਾ ਮਾਲਕ ਸੀ ਤੇ ਅੱਜ ਦੇ ਸ਼ਾਸ਼ਕ ਵੀ ਘੱਟ ਨਹੀਂ ਹਨ
* ਜੇ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੀ ਤੰਗਦਿਲੀ ਦੇ ਵਿਰੋਧ ਵਿੱਚ ਆਪਣੀ ਸ਼ਹਾਦਤ ਦਿੱਤੀ ਤਾਂ ਸਿੱਖ ਅੱਜ ਵੀ ਤੰਗਦਿਲੀ ਦਾ ਵਿਰੋਧ ਕਰਦੇ ਰਹਿਣਗੇ
* ਸਿੱਖ ਧਰਮ ਸਭ ਤੋਂ ਵੱਧ ਸੈਕੂਲਰ ਪਰ ਹੈਰਾਨੀ ਹੈ ਕਿ ਸਿੱਖਾਂ ਨੂੰ ਸੈਕੂਲਰਇਜ਼ਮ ਦਾ ਪਾਠ ਉਹ ਲੋਕ ਪੜ੍ਹਾ ਰਹੇ ਹਨ ਜੋ ਖ਼ੁਦ ਸੈਕੂਲਰ ਨਹੀਂ ਹਨ
* ਸਿੱਖ ਪੱਗ ਬੇਸ਼ੱਕ ਕਿਸੇ ਵੀ ਰੰਗ ਦੀ ਬੰਨ੍ਹਦਾ ਹੋਵੇ ਤੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਉਸ ਵਿੱਚ ਸਿੱਖੀ ਜ਼ਜ਼ਬਾ ਜਰੂਰ ਹੋਣਾ ਚਾਹੀਦਾ ਹੈ।
* ਜੇ ਜਹਾਂਗੀਰ ਤੋਂ ਇਜਾਜਤ ਲੈ ਕੇ ਸਿੱਖਾਂ ਨੇ ਗੁਰੂ ਅਰਜੁਨ ਸਾਹਿਬ ਜੀ ਦੀ ਯਾਦਗਾਰ ਸਥਾਪਤ ਕਰਨੀ ਹੁੰਦੀ, ਔਰੰਗਜ਼ੇਬ ਤੋਂ ਪੁੱਛ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਉਸਾਰਨੀ ਹੁੰਦੀ ਤਾਂ ਉਨ੍ਹਾਂ ਨੇ ਕਦੀ ਵੀ ਇਸ ਦੀ ਇਜ਼ਾਜਤ ਨਹੀਂ ਸੀ ਦੇਣੀ ਇਸੇ ਤਰ੍ਹਾਂ ਅੱਜ ਵੀ ਸਰਕਾਰ ਜਾਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਕੌਮ ਦੇ ਮੌਜੂਦਾ ਸ਼ਹੀਦਾਂ ਦੀ ਯਾਦਗਾਰ ਸਬੰਧੀ ਸ਼ੋਰ ਮਚਾਉਣ

ਬਠਿੰਡਾ, ੩ ਨਵੰਬਰ (ਕਿਰਪਾਲ ਸਿੰਘ): ਇਸ ਦੇਸ਼ ਵਿੱਚ ਧਰਮੀ ਹੋਣ ਦਾ ਵਿਖਾਵਾ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਧਰਮ ਕਮਾਇਆ ਨਹੀਂ ਜਾਂਦਾ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਣ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਲੋਕਾਂ ਦਾ ਧਰਮ ਵੱਲੋਂ ਸੱਖਣਾ ਹੋਣਾ ਹੀ ਮੁੱਖ ਕਾਰਣ ਹੈ ਕਿ ਇੱਥੋਂ ਦੇ ਲੋਕਾਂ ਨੂੰ ਧਰਮ ਸਿਖਾਉਣ ਲਈ ਇਸ ਦੇਸ਼ ਵਿੱਚ ਸਭ ਤੋਂ ਵੱਧ ਰਿਸ਼ੀਮੁਨੀ ਤੇ ਪੀਰ ਫ਼ਕੀਰ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਨਵੇਂ ਧਰਮ ਚਲਾਏ ਪਰ ਬਦਕਿਸਮਤੀ ਹੈ ਕਿ ਲੋਕਾਂ ਵਿੱਚ ਧਾਰਮਿਕਤਾ ਫਿਰ ਵੀ ਸਭ ਤੋਂ ਘੱਟ ਹੈ। ਸਿਰਫ ਖਾਸ ਕਿਸਮ ਦਾ ਲਿਬਾਸ ਪਹਿਨ ਕੇ ਅਤੇ ਧਰਮ ਦੇ ਨਾ 'ਤੇ ਮਿਥੇ ਗਏ ਕਰਮਕਾਂਡ ਕਰਕੇ ਜਾਂ ਮਿਥੇ ਗਏ ਮੰਤਰ ਪੜ੍ਹ ਕੇ ਹੀ ਬੰਦਾ ਧਰਮੀ ਨਹੀਂ ਬਣ ਜਾਂਦਾ, ਬਲਕਿ ਉਹ ਬੰਦਾ ਹੀ ਧਰਮੀ ਹੋ ਸਕਦਾ ਹੈ ਜੋ ਧਾਰਮਿਕ ਤੰਗਦਿਲੀ ਤੋਂ ਉਪਰ ਉੱਠ ਕੇ ਦੂਸਰੇ ਧਰਮ ਦੇ ਮੰਨਣ ਵਾਲੇ ਵਿਆਕਤੀਆਂ ਵਿੱਚ ਵੀ ਇੱਕ ਹੀ ਰੱਬ ਦੀ ਜੋਤ ਮਹਿਸੂਸ ਕਰਦਾ ਹੋਇਆ, ਸਭ ਧਰਮਾਂ ਵਾਲਿਆਂ ਦਾ ਸਤਿਕਾਰ ਕਰੇ, ਹਰ ਇਕ ਨੂੰ ਆਪਣੇ ਧਾਰਮਿਕ ਅਕੀਦੇ ਨਿਭਾਉਣ ਦੀ ਅਜਾਦੀ ਦਾ ਹਾਮੀ ਹੋਵੇ, ਹਰ ਮਜ਼ਲੂਮ ਦਾ ਸਮਰੱਥਨ ਤੇ ਜਰਵਾਣੇ ਦਾ ਵਿਰੋਧ ਕਰੇ, ਜਾਤਪਾਤ ਤੇ ਊਚਨੀਚ ਦੇ ਭਿੰਨਭੇਵ ਤੋਂ ਉਪਰ ਉਠ ਕੇ ਸਭ ਨੂੰ ਬਰਾਬਰ ਦੇ ਹੱਕ ਮਾਨਣ ਦੀ ਅਜਾਦੀ ਦਿੰਦਿਆਂ, ਨਾ ਕਿਸੇ ਦਾ ਹੱਕ ਮਾਰੇ ਤੇ ਨਾਂਹ ਹੀ ਆਪਣਾ ਹੱਕ ਕਿਸੇ ਨੂੰ ਖੋਹਣ ਦੀ ਇਜ਼ਾਜਤ ਦੇਵੇ, ਨਾਂਹ ਕਿਸੇ ਤੇ ਜ਼ੁਲਮ ਕਰੇ ਤੇ ਨਾਂਹ ਕਿਸੇ ਦਾ ਜ਼ੁਲਮ ਸਹਿਣ ਲਈ ਤਿਆਰ ਹੋਵੇ, ਨਾਂਹ ਕਿਸੇ ਨੂੰ ਡਰਾਵੇ ਤੇ ਨਾਂਹ ਡਰਾਉਣ ਦਾ ਯਤਨ ਕਰੇ, ਨਾਂਹ ਕਿਸੇ ਨੂੰ ਗੁਲਾਮ ਬਣਾਉਣ ਦਾ ਯਤਨ ਕਰੇ ਤੇ ਨਾਂਹ ਕਿਸੇ ਦੀ ਗੁਲਾਮੀ ਕਬੂਲ ਕਰਨ ਲਈ ਤਿਆਰ ਹੋਵੇ। ਨਾਂਹ ਕਿਸੇ ਦੇ ਧਾਰਮਕ ਅਕੀਦੇ ਤੇ ਜੀਵਨ ਢੰਗ ਵਿੱਚ ਦਖ਼ਲ ਅੰਦਾਜ਼ੀ ਕਰੇ ਤੇ ਨਾਂਹ ਹੀ ਦੂਸਰੇ ਦੀ ਦਖ਼ਲ ਅੰਦਾਜ਼ੀ ਪ੍ਰਵਾਨ ਕਰੇ।

ਪਰ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲਾ ਬੇਸ਼ੱਕ ਬਾਦਸ਼ਹ ਹੋਵੇ ਜਾਂ ਧਾਰਮਿਕ ਆਗੂ ਹੋਣ ਉਹ ਧਰਮੀ ਹੋਣ ਦਾ ਦਾਅਵਾ ਕਰਨ ਦੇ ਬਾਵਯੂਦ ਤੰਗਦਿਲੀ ਦੇ ਮਾਲਕ ਹੀ ਹਨ ਤੇ ਇਸੇ ਤੰਗਦਿਲੀ ਦੇ ਕਾਰਣ ਉਹ ਦੂਸਰੇ ਧਰਮ ਨੂੰ ਸਹਿਨ ਨਹੀਂ ਕਰਦੇ। ਇਹ ਔਰੰਗਜ਼ੇਬ ਦੀ ਤੰਗਦਿਲੀ ਹੀ ਸੀ ਕਿ ਉਸ ਨੂੰ ਹਿੰਦੂਆਂ ਦੇ ਮੱਥੇ 'ਤੇ ਲੱਗਿਆ ਟਿੱਕਾ ਤੇ ਗਲ਼ ਵਿੱਚ ਜਨੇਊ ਪਹਿਨਣਾ ਪ੍ਰਵਾਨ ਨਹੀਂ ਸੀ। ਜਿਹੜੇ ਹਿੰਦੂ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਜੀਵਣ ਜਿਊਣਾ ਚਾਹੁੰਦੇ ਸਨ ਉਨ੍ਹਾਂ ਲਈ ਤਿਲਕ ਜੰਝੂ ਉਤਾਰ ਕੇ ਮੁਸਲਮਾਨ ਬਣ ਜਾਣ ਜਾਂ ਮੌਤ ਵਿੱਚੋਂ ਇਕ ਪ੍ਰਵਾਨ ਕਰਨ ਦਾ ਸ਼ਾਹੀ ਹੁਕਮ ਚਾੜ੍ਹਿਆ ਜਾਂਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਬੇਸ਼ੱਕ ਤਿਲਕ ਜੰਝੂ ਵਿੱਚ ਕੋਈ ਵਿਸ਼ਵਾਸ਼ ਨਹੀਂ ਸੀ ਤੇ ਉਹ ਇਨ੍ਹਾਂ ਨੂੰ ਫੋਕਟ ਕਰਮ ਹੀ ਸਮਝਦੇ ਸਨ, ਪਰ ਫਿਰ ਵੀ ਦੂਸਰੇ ਦੀ ਧਾਰਮਿਕ ਅਜਾਦੀ ਬਹਾਲ ਕਰਵਾਉਣ ਲਈ ਉਨ੍ਹਾਂ ਚਾਂਦਨੀ ਚੌਕ ਵਿੱਚ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।


ਪ੍ਰੋ: ਸਭਰਾ ਨੇ ਕਿਹਾ ਜੇ ਅਰੰਗਜ਼ੇਬ ਧਾਰਮਕ ਤੰਗਦਿਲੀ ਦਾ ਮਾਲਕ ਸੀ ਤਾਂ ਅੱਜ ਦੇ ਸ਼ਾਸ਼ਕ ਵੀ ਘੱਟ ਨਹੀਂ ਹਨ। ਜਿਹੜੇ ਸਿੱਖਾਂ ਨੂੰ ਅਜਾਦੀ ਤੋਂ ਪਹਿਲਾਂ ਬਹਾਦਰ ਕੌਮ ਦੇ ਤੌਰ 'ਤੇ ਪ੍ਰਚਾਰਿਆ ਜਾ ਰਿਹਾ ਸੀ, ਅਜਾਦੀ ਤੋਂ ਤੁਰੰਤ ਬਾਅਦ ਨਵੇਂ ਬਣੇ ਸ਼ਾਸ਼ਕਾਂ ਨੂੰ ਉਹੀ ਸਿੱਖ ਜ਼ਰਾਇਮ ਪੇਸ਼ਾ ਨਜ਼ਰ ਆਉਣ ਲੱਗ ਪਏ। ੧੦ ਅਕਤੂਬਰ ੧੯੪੭ ਨੂੰ ਪੰਜਾਬ ਦੇ ਗਵਰਨਰ ਸ਼੍ਰੀ ਚੰਦੂ ਲਾਲ ਤ੍ਰਿਵੇਦੀ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇਹ ਸਰਕੂਲਰ ਜਾਰੀ ਕਰਨਾ : ''ਸਿੱਖ ਜ਼ਰਾਇਮ ਪੇਸ਼ਾ ਲੋਕ ਹਨ ਇਸ ਲਈ ਇਨ੍ਹਾਂ 'ਤੇ ਖਾਸ ਨਜ਼ਰ ਰੱਖੀ ਜਾਵੇ'' ਤੰਗਦਿਲੀ ਦਾ ਹੀ ਤਾਂ ਸਬੂਤ ਹੈ। ਸੈਕੂਲਰ ਕਹਾਉਣ ਵਾਲੀ ਪਾਰਲੀਮੈਂਟ ਵਿੱਚ ਇੱਕ ਵਾਰ ਵੀ ਧਾਰਮਿਕ ਅਜਾਦੀ ਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਸ਼ਹਾਦਤ ਦੇਣ ਵਾਲੇ ਗੁਰੂ ਤੇਗ ਬਹਾਦਰ ਸਹਿਬ ਜੀ ਦਾ ਨਾਮ ਤੱਕ ਨਾ ਲੈਣਾ ਤੰਗਦਿਲੀ ਦਾ ਹੀ ਤਾਂ ਸਬੂਤ ਹੈ। ਸਿਰਫ ਸਿੱਖ ਹੋਣ ਦੇ ਹੀ ਨਾਤੇ ੧੯੮੪ ਵਿੱਚ ਸਿੱਖਾਂ ਨੂੰ ਚੁਣ ਚੁਣ ਕੇ ਮਾਰਨਾ, ੨੦੦੨ 'ਚ ਗੁਜਰਾਤ ਵਿੱਚ ਮੁਸਲਮਾਨਾਂ ਅਤੇ ੨੦੦੮'ਚ ਕਰਨਾਟਕਾ, ਉੜੀਸਾ ਵਿੱਚ ਈਸਾਈ ਮਿਸ਼ਨਰੀਆਂ ਦੇ ਕਤਲ ਕਰਨਾ ਤੰਗਦਿਲੀ ਦਾ ਹੀ ਸਬੂਤ ਤਾਂ ਹੈ। ਵੱਡੀ ਗਿਣਤੀ ਵਿੱਚ ਸਮੂਹਿਕ ਕਤਲ, ਸਾੜਫੂਕ ਤੇ ਬਲਾਤਕਾਰ ਕਰਨ ਵਾਲਿਆਂ ਨੂੰ ੨੮ ਸਾਲ ਲੰਘ ਜਾਣ ਦੇ ਬਾਵਯੂਦ ਵੀ ਸਰਕਾਰ ਵੱਲੋਂ ਕਾਨੂੰਨ ਅਨੁਸਾਰ ਕੋਈ ਸਜਾ ਨਾ ਦੇਣਾ ਤੰਗਦਿਲੀ ਦਾ ਹੀ ਸਬੂਤ ਤਾਂ ਹੈ। ਪ੍ਰੋ: ਸਭਰਾ ਨੇ ਕਿਹਾ ਜੇ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੀ ਤੰਗਦਿਲੀ ਦੇ ਵਿਰੋਧ ਵਿੱਚ ਆਪਣੀ ਸ਼ਹਾਦਤ ਦਿੱਤੀ ਤਾਂ ਸਿੱਖ ਅੱਜ ਵੀ ਆਪਣੇ ਗੁਰੂ ਸਾਹਿਬਾਨ ਦੇ ਪੂਰਨਿਆਂ 'ਤੇ ਚਲਦੇ ਹੋਏ ਤੰਗਦਿਲੀ ਦਾ ਵਿਰੋਧ ਕਰਦੇ ਹੀ ਰਹਿਣਗੇ।

ਪ੍ਰੋ: ਸਭਰਾ ਨੇ ਕਿਹਾ ਸਿੱਖ ਧਰਮ ਸਭ ਤੋਂ ਵੱਧ ਸੈਕੂਲਰ ਹੈ। ਸਿੱਖਾਂ ਦੇ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫ਼ਰੀਦ ਮੁਸਲਮਾਨ, ਭਗਤ ਰਾਮਾ ਨੰਦ, ਤ੍ਰਿਲੋਚਨ ਆਦਿ ਉਚ ਜਾਤੀਏ ਬ੍ਰਾਹਮਣ, ਨੀਚ ਜਾਤ ਸਮਝੇ ਜਾਂਦੇ ਭਗਤ ਕਬੀਰ ਸਾਹਿਬ ਜੁਲਾਹਾ, ਭਗਤ ਰਵਿਦਾਸ ਜੀ ਚਮਾਰ, ਭਗਤ ਨਾਮਦੇਵ ਜੀ ਛੀਂਬਾ, ਭਗਤ ਸੈਣ ਜੀ ਨਾਈ, ਭਗਤ ਸਧਨਾ ਜੀ ਕਸਾਈ, ਭਗਤ ਧੰਨਾ ਜੀ ਜੱਟ ਆਦਿ ਸਾਰੇ ਹੀ ਇਕ ਹੀ ਥਾਂ ਬੈਠੇ ਸਾਰੀ ਮਨੁਖਤਾ ਨੂੰ ਇੱਕ ਸਮਾਨ ਉਪਦੇਸ਼ ਦੇ ਰਹੇ ਹਨ। ਧਰਮ, ਨਸਲ, ਜਾਤ, ਲਿੰਗ ਦੇ ਅਧਾਰ 'ਤੇ ਕਿਸੇ ਨੂੰ ਵੀ ਧਰਮ ਅਸਥਾਨ 'ਤੇ ਜਾਣ, ਸੰਗਤ-ਪੰਗਤ ਵਿੱਚ ਬੈਠਣ ਦੀ ਕੋਈ ਰੋਕ ਨਹੀਂ ਹੈ। ਦੂਸਰੇ ਦੇ ਧਰਮ ਦੀ ਅਜਾਦੀ, ਮਜ਼ਲੂਮ 'ਤੇ ਜ਼ੁਲਮ ਦੇ ਵਿਰੁਧ ਜਿੰਨੀਆਂ ਸ਼ਹਾਦਤਾਂ ਸਿੱਖਾਂ ਨੇ ਦਿੱਤੀ ਅੱਜ ਤੱਕ ਦੇ ਇਤਿਹਾਸ ਵਿੱਚ ਹੋਰ ਕਿਸੇ ਨੇ ਨਹੀਂ ਦਿੱਤੀਆਂ। ਕੋਈ ਵੀ ਸਮਾਂ ਹੋਵੇ, ਕਿਸੇ ਦਾ ਕੋਈ ਵੀ ਧਰਮ ਹੋਵੇ, ਕੋਈ ਵੀ ਦੇਸ਼ ਜਾਂ ਸਥਾਨ ਹੋਵੇ ਸਿੱਖਾਂ ਨੇ ਹਮੇਸ਼ਾਂ ਜ਼ਾਲਮ ਦਾ ਵਿਰੋਧ ਤੇ ਮਜ਼ਲੂਮ ਦਾ ਸਾਥ ਦਿੱਤਾ ਹੈ ਤਾਂ ਇਸ ਤੋਂ ਵੱਧ ਹੋਰ ਸੈਕੂਲਰਇਜ਼ਮ ਕੀ ਹੋ ਸਕਦਾ ਹੈ। ਪਰ ਹੈਰਾਨੀ ਹੈ ਕਿ ਤੰਗਦਿਲੀ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਕੱਟੜਵਾਦੀ, ਅਤਿਵਾਦੀ ਤੇ ਵੱਖਵਾਦੀ ਦੱਸ ਕੇ ਸੈਕੂਲਰਇਜ਼ਮ ਦਾ ਪਾਠ ਉਹ ਲੋਕ ਪੜ੍ਹਾ ਰਹੇ ਹਨ ਜੋ ਖ਼ੁਦ ਹੀ ਸੈਕੂਲਰ ਨਹੀਂ ਹਨ।

ਪ੍ਰੋ: ਸਭਰਾ ਨੇ ਕਿਹਾ ਕਿ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਉਹ ਸਮੂਹ ਸਿੱਖ, ਭਾਵੇਂ ਉਹ ਕਿਸੇ ਵੀ ਧਾਰਮਿਕ ਜਾਂ ਰਾਜਨੀਤਕ ਅਹੁੱਦੇ 'ਤੇ ਬੈਠੇ ਹੋਣ, ਨੂੰ ਅਪੀਲ ਕਰਦੇ ਹਨ ਕਿ ਉਹ ਪੱਗ ਬੇਸ਼ੱਕ ਕਾਲੀ, ਚਿੱਟੀ, ਨੀਲੀ, ਹਰੀ, ਲਾਲ ਆਦਿ ਕਿਸੇ ਵੀ ਰੰਗ ਦੀ ਬੰਨ੍ਹਦਾ ਹੋਵੇ ਤੇ ਉਹ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧਤ ਹੋਵੇ ਪਰ ਉਸ ਵਿੱਚ ਸਿੱਖੀ ਜ਼ਜ਼ਬਾ ਜਰੂਰ ਹੋਣਾ ਚਾਹੀਦਾ ਹੈ। ਜ਼ਾਬਰ ਦੀ ਤੰਗਦਿਲੀ ਤੇ ਜ਼ੁਲਮ ਦਾ ਵਿਰੋਧ ਕਰਨਾ ਅਤੇ ਆਪਣੇ ਸਮੇਤ ਹਰ ਇੱਕ ਸ਼ਹਿਰੀ ਲਈ ਜੀਵਨ ਢੰਗ ਤੇ ਧਰਮ ਦੀ ਅਜ਼ਾਦੀ ਅਤੇ ਇਨਸਾਫ਼ ਦੀ ਮੰਗ ਕਰਨ ਸਿੱਖੀ ਜ਼ਜ਼ਬਾ ਹੈ। ਸ਼ਾਸ਼ਕ ਦੀ ਤੰਗਦਿਲੀ ਵੇਖ ਕੇ ਇਨਸਾਫ਼ ਦੀ ਮੰਗ ਕਰਨ ਤੋਂ ਦੜ ਵੱਟਣਾਂ, ਆਪਣੇ ਸ਼ਹੀਦਾਂ ਨੂੰ ਸ਼ਹੀਦ ਕਹਿਣ ਤੋਂ ਗੁਰੇਜ਼ ਕਰਨਾ, ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਆਪਣੀ ਜ਼ੁਬਾਨ ਬੰਦ ਰੱਖਣਾ; ਗੁਲਾਮੀ ਕਬੂਲ ਕਰਨੀ ਹੈ ਜਿਹੜੀ ਕਿ ਸਿੱਖ ਧਰਮ ਵਿੱਚ ਕਦੀ ਵੀ ਪ੍ਰਵਾਨ ਨਹੀਂ ਹੈ।ਸਿੱਖ ਕੌਮ ਵੱਲੋਂ ਆਪਣੇ ਸ਼ਹੀਦਾਂ ਦੀ ਉਸਾਰੀ ਜਾ ਰਹੀ ਯਾਦਗਰ ਦੇ ਵਿਰੋਧ 'ਚ ਅਦਾਲਤਾਂ ਵਿੱਚ ਪਟੀਸ਼ਨਾਂ ਪਾਉਣ ਵਾਲਿਆਂ ਨੂੰ ਸੰਬੋਧਿਤ ਹੁੰਦੇ ਹੋਏ ਪ੍ਰੋ: ਸਭਰਾ ਨੇ ਕਿਹਾ ਕਿ ਜੇ ਜਹਾਂਗੀਰ ਤੋਂ ਇਜਾਜਤ ਲੈ ਕੇ ਸਿੱਖਾਂ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਮੰਨਣਾ ਹੁੰਦਾ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਨੀ ਹੁੰਦੀ, ਔਰੰਗਜ਼ੇਬ ਤੋਂ ਪੁੱਛ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਮੰਨਣਾਂ ਤੇ ਉਨ੍ਹਾਂ ਦੀ ਯਾਦਗਾਰ ਉਸਾਰਨੀ ਹੁੰਦੀ ਤਾਂ ਉਨ੍ਹਾਂ ਨੇ ਕਦੀ ਵੀ ਇਸ ਦੀ ਇਜ਼ਾਜਤ ਨਹੀਂ ਸੀ ਦੇਣੀ ਪਰ ਸਿੱਖ ਆਪਣੇ ਇਨ੍ਹਾਂ ਗੁਰੂ ਸਾਹਿਬਾਨ ਤੇ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਵਾਲੇ ਅਨੇਕਾਂ ਸਿੰਘਾਂ ਨੂੰ ਸ਼ਹੀਦ ਵੀ ਮੰਨਦੀ ਆ ਰਹੀ ਹੈ, ਇਨ੍ਹਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਉਂਦੀ ਹੈ ਤੇ ਯਾਦਗਾਰਾਂ ਵੀ ਉਸਾਰੀਆਂ ਹੋਈਆਂ ਹਨ। ਹਰ ਕੌਮ ਨੂੰ ਹੱਕ ਹੈ ਕਿ ਇਹ ਉਸ ਨੇ ਵੇਖਣਾ ਹੈ ਕਿ ਉਨ੍ਹਾਂ ਦੇ ਸ਼ਹੀਦ ਕੌਣ ਹਨ, ਉਨ੍ਹਾਂ ਦੀਆਂ ਸ਼ਹੀਦੀ ਯਾਦਗਾਰਾਂ ਕਿੱਥੇ ਤੇ ਕਿਵੇਂ ਉਸਾਰਨੀਆਂ ਹਨ ਤੇ ਕਿਸ ਤਰ੍ਹਾਂ ਸ਼ਹੀਦੀ ਦਿਹਾੜੇ ਮਨਾਉਣੇ ਹਨ। ਸਰਕਾਰ ਜਾਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਕੌਮ ਦੇ ਸ਼ਹੀਦਾਂ ਸਬੰਧੀ ਸ਼ੋਰ ਮਚਾਉਣ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top