Share on Facebook

Main News Page

ਨਵੰਬਰ ੧੯੮੪ - ਸਿੱਖ ਕਤਲੇਆਮ, ਆਖਿਰ ਮਾਰੇ ਗਏ ਸਿੱਖਾਂ ਦਾ ਜੁਰਮ ਕੀ ਸੀ?
-
ਸਰਬਜੀਤ ਸਿੰਘ ਘੁਮਾਣ  ੯੭੮੧੯ - ੯੧੬੨੨

ਨਵੰਬਰ ੧੯੮੪ ਦੇ ਪਹਿਲੇ ਹਫ਼ਤੇ ਹਿੰਦੁਸਤਾਨ ਦੀ ਰਾਜਧਾਨੀ ਤੇ ੮੦ ਹੋਰ ਸ਼ਹਿਰਾਂ, ਕਸਬਿਆਂ ਵਿੱਚ ਹਿੰਦੂਵਾਦੀ ਆਗੂਆਂ ਤੇ ਗੁੰਡਿਆਂ ਦੀ ਅਗਵਾਈ ਵਿੱਚ ਵਹਿਸ਼ੀ ਭੀੜਾਂ ਥਾਂ-ਥਾਂ ਸਿੱਖਾਂ ‘ਤੇ ਜ਼ੁਲਮ ਢਾਹ ਰਹੀਆਂ ਸਨ।

ਅੱਜ ੨੮ ਵਰ੍ਹਿਆਂ ਬਾਅਦ ਵੀ ਇਸ ਸਵਾਲ ਦਾ ਜਵਾਬ ਨਹੀਂ ਲੱਭ ਰਿਹਾ ਹੈ ਕਿ ਆਖ਼ਰ ਕਤਲ ਕੀਤੇ ਉਹਨਾਂ ਹਜ਼ਾਰਾਂ ਸਿੱਖਾਂ ਨੇ ਕੀ ਜ਼ੁਰਮ ਕੀਤਾ ਸੀ? ਠੀਕ ਹੈ ਕਿ ਦੋ ਸਿੱਖਾਂ ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲ਼ੀ ਮਾਰੀ ਸੀ, ਪਰ ਜਿਹੜੇ ਆਮ ਸਿੱਖ ਮਾਰੇ ਗਏ ਉਹਨਾਂ ਦਾ ਕੀ ਜ਼ੁਰਮ ਸੀ?

ਹਿੰਦੂ ਕੱਟੜਪੰਥੀਆਂ ਵੱਲੋਂ ਸਿੱਖਾਂ ਖ਼ਿਲਾਫ਼ ਲਗਾਤਾਰ ਭਰੀ ਜਾ ਰਹੀ ਜ਼ਹਿਰ ਦਾ ਲਾਵਾ ਫੁੱਟਿਆ ਤੇ ਮਸੂਮ, ਬੇਦੋਸ਼ੇ, ਸਧਾਰਨ ਸਿੱਖਾਂ ਨੂੰ ਨਿਸ਼ਾਨਾ ਬਣਾ ਲਿਆ। ਬੱਸਾਂ, ਗੱਡੀਆਂ, ਕਾਰਾਂ, ਰੇਲਾਂ, ਗਲ਼ੀਆਂ, ਬਜ਼ਾਰਾਂ ਵਿੱਚੋਂ ਸਿੱਖਾਂ ਨੂੰ ਧੂਹ-ਧੂਹ ਕੇ ਕੱਢਿਆ ਗਿਆ। ਪਹਿਲਾਂ ਵਹਿਸ਼ੀ ਭੀੜ ਸਿੱਖ ਦਾ ਮੂੰਹ-ਸਿਰ ਮੁੰਨਦੀ, ਪੱਗ ਨੂੰ ਠੁੱਡੇ ਮਾਰਦੀ, ਕਕਾਰਾਂ ਦੀ ਬੇਅਦਬੀ ਕਰਦੀ, ਫਿਰ ਕੋਈ ਲੋਹੇ ਦੀ ਰਾਡ ਨਾਲ਼ ਰੱਜ ਕੇ ਕੁਟਾਪਾ ਚਾੜ੍ਹਦਾ, ਫਿਰ ਸਿੱਖ ਦੇ ਪਿੰਡੇ ਉੱਪਰ ਕੋਈ ਜਲਣਸ਼ੀਲ਼ ਚਿੱਟਾ ਪਾਊਡਰ ਛਿੜਕਿਆ ਜਾਂਦਾ ਤੇ ਗਲ਼ ਵਿੱਚ ਬਲ਼ਦਾ ਟਾਇਰ ਪਾ ਕੇ ਤੜਪਦੇ, ਲੇਰਾਂ ਮਾਰਦੇ ਸਿੱਖ ਨੂੰ ਵੇਖ-ਵੇਖ, ਤਾੜੀਆਂ ਮਾਰ-ਮਾਰ ਹੱਸਦੇ ਹੈਵਾਨ ਕਹਿੰਦੇ, ‘ਦੇਖੋ ਸਿੱਖੜਾ ਡਾਂਸ ਕਰ ਰਹਾ ਹੈ।’

ਸੜ ਰਹੇ ਮਾਸ ਦੀ ਦੁਰਗੰਧ ਦੂਰ-ਦੂਰ ਤਕ ਫ਼ੈਲਦੀ ਤੇ ਉਹਨਾਂ ਘਰਾਂ ਤਕ ਵੀ ਜਾਂਦੀ, ਜਿਨ੍ਹਾਂ ਉੱਤੇ ਰਾਤੋ-ਰਾਤ ਨਿਸ਼ਾਨੀਆਂ ਲਾ ਕੇ ਨਿਸ਼ਾਨਦੇਹੀ ਕਰ ਦਿੱਤੀ ਗਈ ਸੀ ਕਿ ਇਹ ਸਿੱਖਾਂ ਦੇ ਘਰ ਹਨ। ਘਰਾਂ ਵਿੱਚ ਛੋਟੀ ਬੱਚੀ ਤੋਂ ਲੈ ਕੇ ਬਜ਼ੁਰਗ ਔਰਤ ਤਕ ਨੂੰ ਨਹੀਂ ਛੱਡਿਆ ਗਿਆ।

ਉਫ਼! ਐਡਾ ਕਹਿਰ!! ਲੁੱਟੀ ਹੋਈ ਅਸਮਤ ਦੀ ਕਹਾਣੀ ਲੈ ਕੇ ਜਿਊਣਾ, ਮਰਨ ਨਾਲ਼ੋਂ ਵੀ ਵੱਡੀ ਮੌਤ ਹੈ? ਕਿਹੜੇ ਦਰ ‘ਤੇ ਜਾਣ ਉਹ ਬੀਬੀਆਂ? ਆਖ਼ਰ ਉਹਨਾਂ ਨਾਲ਼ ਇੰਝ ਕਿਉਂ ਹੋਇਆ? ਕਿੱਥੇ ਹਨ ਦੋਸ਼ੀ? ਕਤਲ ਦਾ ਬਦਲਾ ਤਾਂ ਕਾਤਲ ਨੂੰ ਮਾਰ ਕੇ ਲੈ ਲਿਆ ਜਾਊ, ਪਰ ਇੱਜ਼ਤਾਂ ਦੇ ਲੁਟੇਰਿਆਂ ਦਾ ਕੀ ਕਰੀਏ?

ਦਿੱਲੀ ਤੇ ਹੋਰਨਾਂ ਥਾਂਵਾਂ ਉੱਤੇ, ਪੰਜਾਬ ਤੋਂ ਦੂਰ ਵੱਸਦੇ ਇਹਨਾਂ ਸਿੱਖਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨਾਂ ਦੇ ਦੋ ਸਿੱਖ, ਬੀਬੀ ਇੰਦਰਾ ਦੇ ਅੰਗ-ਰੱਖਿਅਕ ਹਨ। ਨਾ ਉਹਨਾਂ ਦਾ ਪੰਜਾਬ ਦੀ ਸਿਆਸਤ ਨਾਲ਼ ਹੀ ਕੋਈ ਵਾਹ-ਵਾਸਤਾ ਸੀ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਪੰਜਾਬ ਤੇ ਪੰਥ ਦੇ ਹੱਕਾਂ ਦੀ ਪ੍ਰਾਪਤੀ ਲਈ ਅਕਾਲੀ ਦਲ ਨੇ ‘ਧਰਮ ਯੁੱਧ ਮੋਰਚਾ’ ਲਾਇਆ ਹੋਇਆ ਹੈ। ਸੰਤ ਭਿੰਡਰਾਂਵਾਲ਼ਿਆਂ ਦਾ ਨਾਂ ਤਾਂ ਬਹੁਤਿਆਂ ਨੇ ਸੁਣਿਆ ਹੋਇਆ ਹੋਵੇਗਾ, ਪਰ ਵੇਖਿਆ ਕਦੇ ਨਹੀਂ ਸੀ। ਉਹ ਤਾਂ ਜਿੱਥੇ ਵਸਦੇ ਸੀ, ਜਿੱਥੇ ਕੰਮ ਕਰਦੇ ਸੀ, ਓਥੇ ਦੇ ਹੀ ਸਨ। ਉਹਨਾਂ ਦੀਆਂ ਲੋੜਾਂ ਤੇ ਮਸਲੇ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨਾਲ਼ ਸਾਂਝੇ ਸਨ। ਉਹਨਾਂ ਨੂੰ ਯਾਦ-ਚਿੱਤ ਵੀ ਨਹੀਂ ਸੀ ਕਿ ਉਹਨਾਂ ਦੇ ਮੁਹੱਲੇ ਦੇ ਲੋਕ ਹੀ ਉਹਨਾਂ ਦੇ ਕਤਲੇਆਮ ਲਈ ਉੱਠ ਪੈਣਗੇ, ਜਿਨ੍ਹਾਂ ਨੂੰ ਵੀਰ-ਭਰਾ ਸਮਝਦੇ ਸੀ, ਓਹੀ ਵੈਰੀ ਬਣ ਗਏ ਸੀ।

ਗੱਲ ਕੇਵਲ ਸਿੱਖਾਂ ਤਕ ਹੀ ਨਹੀਂ ਸੀ ਰੁਕੀ। ਗੁਰਦੁਆਰਿਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਜਿੱਥੇ ਨੌਂਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦਾ ਧਰਮ ਬਚਾਉਣ ਲਈ ਆਪਣਾ ਸੀਸ ਕਟਵਾਇਆ, ਓਥੇ ਬਣੇ ਗੁਰਦੁਆਰਾ ਸੀਸ ਗੰਜ ਉੱਤੇ ਵਹਿਸ਼ੀ ਭੀੜ ਦਾ ਟੁੱਟ ਕੇ ਪੈਣਾ ਇਹ ਸਮਝਾਉਣ ਲਈ ਕਾਫ਼ੀ ਹੈ ਕਿ ਅਹਿਸਾਨ-ਫ਼ਰਾਮੋਸ਼ ਕੀ ਹੁੰਦਾ ਹੈ? ਦਸਮੇਸ਼ ਪਿਤਾ ਦੇ ਪਟਨਾ ਸਾਹਿਬ ਵਿੱਚ ਗੁਜਾਰੇ ਸਮੇਂ ਨਾਲ਼ ਸੰਬੰਧਤ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਕੇ ਕੀ ਮਿਲ਼ਿਆ? ਪਲਵਲ ਦੇ ਗੁਰਦੁਆਰੇ ਵਿੱਚ ਤਾਂ ਗ੍ਰੰਥੀ ਸਿੰਘ ਨੂੰ ਵੀ ਮੰਜੇ ਨਾਲ਼ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਦਿੱਲੀ ਦੇ ਸਾਢੇ ਚਾਰ ਸੌ ਵਿੱਚੋਂ ਤਿੰਨ ਚੌਥਾਈ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਾਨਪੁਰ, ਧੰਨਬਾਦ ਤੇ ਹੋਰ ਸ਼ਹਿਰਾਂ ਵਿੱਚ ਇਹ ਆਮ ਵਰਤਾਰਾ ਸੀ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੇਵੇ ਪਾਤਸ਼ਾਹ ਵੱਲੋਂ ੫੨ ਹਿੰਦੂ ਰਾਜਿਆਂ ਨੂੰ ਛੁਡਾਉਣ ਕਰਕੇ ਉਨਾਂ ਨੂੰ ਬੰਦੀ-ਛੋੜ ਕਿਹਾ ਜਾਂਦਾ ਹੈ। ਪਰ ਗਵਾਲੀਅਰ ਵਿੱਚ ਬਣੇ ਗੁਰੂ ਜੀ ਦੀ ਯਾਦ ਵਿੱਚ ਗੁਦੁਆਰਿਆਂ ਨੂੰ ਅੱਗ ਲਾਕੇ ਗੁਰੂ ਸਾਹਿਬ ਦੇ ਪੈਰਾਂ ਦੀਆਂ ਖੜਾਵਾਂ ਜਲਾ ਦਿੱਤੀਆਂ ਗਈਆਂ।

ਇਹ ਤਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਹਮਲਾਵਰਾਂ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਾਨ ਸਰੂਪਾਂ ਨੂੰ ਨਫ਼ਰਤ ਨਾਲ਼ ਠੁੱਡੇ ਮਾਰੇ, ਹਵਾ ਵਿੱਚ ਉਛਾਲਿਆ ਤੇ ਪਾੜ ਕੇ ਪੈਰਾਂ ਹੇਠ ਮਧੋਲਿਆ ਤੇ ਉਹ ਕੁਝ ਕੀਤਾ ਜੋ ਲਿਖਦਿਆਂ ਇਸ ਕਲਮ ਨੂੰ ਗਸ਼ੀਆਂ ਪੈਂਦੀਆਂ ਹਨ। ਪਰ ਇਹ ਸਭ ਕੁਝ ਅਸਲ ਵਿੱਚ ਹੋਇਆ ਤੇ ਕਰਨ ਵਾਲ਼ੇ ਹੁਣ ਵੀ ਆਕੜ ਨਾਲ਼ ਤੁਰਦੇ ਹਨ।

ਜਿਹੜੇ ਨਾਮਵਰ ਸਿੱਖਾਂ ਨੂੰ ਮਾਣ ਸੀ ਕਿ ਅਸੀਂ ਭਾਰਤ ਦੀ ਬੜੀ ‘ਸੇਵਾ’ ਕੀਤੀ ਹੈ, ਅਸੀਂ ਕਾਂਗਰਸ ਦੇ ‘ਨੇੜੇ’ ਹਾਂ; ੧੯੮੪ ਦੇ ਉਹਨਾਂ ਕਹਿਰੀ ਦਿਨਾਂ ਵਿੱਚ ਪਤਾ ਲੱਗਾ ਕਿ ‘ਸਿੱਖ ਹੋਣ ਦਾ ਕੀ ਅਰਥ ਹੈ’ ਇੱਥੇ? ਖੁਸ਼ਵੰਤ ਸਿੰਘ ਵਰਗੇ ਬੰਦੇ, ਜਿਸ ਨੇ ਕਦੇ ਵੀ ਸੰਤ ਭਿੰਡਰਾਂਵਾਲ਼ਿਆਂ ਜਾਂ ਅਕਾਲੀ ਮੋਰਚੇ ਦੀ ਹਮਾਇਤ ਨਹੀਂ ਸੀ ਕੀਤੀ, ਉਸ ਨੇ ਵੀ ੩੧ ਅਕਤੂਬਰ ਨੂੰ ਘਰ ਉੱਤੇ ਲੱਗੀ ਨਾਂ ਵਾਲ਼ੀ ਤਖ਼ਤੀ ਲਾਹ ਲਈ ਸੀ। ਦਹਿਸ਼ਤ ਦਾ ਮਾਰਿਆ ਉਹ ਤਿੰਨ ਦਿਨ ਸਵੀਡਨ ਦੀ ਅੰਬੈਸੀ ਵਿੱਚ ਲੁਕਿਆ ਰਿਹਾ।

ਅੱਜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਸੇਕ ਲੱਗਿਆ ਸੀ। ਉਹ ਤਾਂ ਡਾ. ਮਨਮੋਹਨ ਸਿੰਘ ਦਾ ਹਿੰਦੂ ਜਵਾਈ ‘ਵਿਜੇ’ ਇਕਦਮ ਵਹਿਸ਼ੀ ਭੀੜ ਕੋਲ਼ ਜਾ ਕੇ ਕਹਿਣ ਲੱਗ ਪਿਆ ਕਿ ਇਹ ਤਾਂ ਮੇਰਾ ਘਰ ਹੈ, ਵਰਨਾ ਕਹਾਣੀ ਹੋਰ ਹੀ ਹੋਣੀ ਸੀ। ਪਰ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਸਕਾ ਭਰਾ, ਇਸ ਕਤਲੇਆਮ ਮੌਕੇ ਕਾਂਗਰਸੀਆਂ ਨੇ ਮਾਰ ਸੁੱਟਿਆ।

ਹਰਬੰਸ ਸਿੰਘ ਪਹਿਲਾ ਸਿੱਖ ਵਿਦਵਾਨ ਹੋਇਆ ਹੈ ਜੋ ਖ਼ਾਲਿਸਤਾਨ ਦਾ ਕੱਟੜ ਵਿਰੋਧੀ ਸੀ। ਕਾਂਗਰਸ ਤੇ ਬੀਬੀ ਇੰਦਰਾ ਉਸ ‘ਤੇ ਐਨੀ ਨਿਹਾਲ ਸੀ ਕਿ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਦਾ ਠੇਕਾ ਉਸ ਹਰਬੰਸ ਸਿੰਘ ਦੇ ਬੇਟੇ ਤੇਜਵੰਤ ਸਿੰਘ ਨੂੰ ਦਿੱਤਾ ਗਿਆ। ਦਰਬਾਰ ਸਾਹਿਬ ਉੱਪਰ ਹਮਲੇ ਦਾ ਧੜੱਲੇ ਨਾਲ਼ ਸਮਰਥਨ ਕਰਨ ਵਾਲ਼ੇ ਹਰਬੰਸ ਸਿੰਘ ਨੂੰ ਨਵੰਬਰ ੮੪ ਮੌਕੇ ਆਪਣੇ ਪੁੱਤ ਸਮੇਤ ਕਾਤਲ ਗਰੋਹਾਂ ਤੋਂ ਜਾਨ ਬਚਾਉਣੀ ਔਖੀ ਹੋ ਗਈ ਸੀ।

੧੯੭੧ ਦੀ ਭਾਰਤ-ਪਾਕਿ ਜੰਗ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਆਪਣੇ ਟੱਬਰ ਸਣੇ ਆਪਣੇ ਦੋਸਤ ਇੰਦਰ ਕੁਮਾਰ ਗੁਜਰਾਲ ਦੇ ਘਰ ਲੁਕਣਾ ਪਿਆ। ੧੯੬੫ ਦੀ ਜੰਗ ਦੇ ਨਾਇਕ ਜਨਰਲ ਹਰਬਖ਼ਸ਼ ਸਿੰਘ ਨੂੰ ਕਿਸੇ ਹਿੰਦੂ ਦੋਸਤ ਦੇ ਘਰ ਸ਼ਰਨ ਲੈਣੀ ਪਈ। ਹੋਰ ਵੀ ਕਹਿੰਦੇ-ਕਹਾਉਂਦੇ ਉਹਨਾਂ ਸਿੱਖਾਂ ਨੂੰ ਉਸ ਕਹਿਰ ਦਾ ਸਾਹਮਣਾ ਕਰਨਾ ਪਿਆ। ਚਰਨਜੀਤ ਸਿੰਘ ‘ਕੋਕਾ ਕੋਲਾ’ ਵਾਲ਼ੇ ਨੂੰ ਬੜਾ ਮਾਣ ਸੀ ਕਿ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹਾਂ। ਪਰ ਨਜਫ਼ਗੜ੍ਹ, ਓਖ਼ਲਾ ਤੇ ਬਦਰਪੁਰ ਵਿੱਚ ਉਸ ਦੀਆਂ ਫ਼ੈਕਟਰੀਆਂ ਸਵਾਹ ਕਰ ਦਿੱਤੀਆਂ ਗਈਆਂ। ਉਸ ਨੂੰ ਬੇਹੱਦ ਜ਼ਲੀਲ ਹੋਣਾ ਪਿਆ। ਇਹੀ ਹਾਲ ਦਿੱਲੀ ਦੇ ਕਾਂਗਰਸੀ ਮੇਅਰ ਮਹਿੰਦਰ ਸਿੰਘ ਸਾਥੀ ਦਾ ਹੋਇਆ, ਜਿਸ ਨੂੰ ਮਦਨ ਲਾਲ ਖੁਰਾਣਾ ਦੇ ਘਰ ਪਨਾਹ ਲੈਣੀ ਪਈ।

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਪਹਿਲੀ ਨਵੰਬਰ ਨੂੰ ਤੀਨ ਮੂਰਤੀ ਭਵਨ ਵਿੱਚ ਬੀਬੀ ਇੰਦਰਾ ਨੂੰ ਸ਼ਰਧਾਂਜਲੀ ਦੇਣ ਚਲਾ ਗਿਆ। ਓਥੇ ਹਿੰਦੂ ਭੀੜਾਂ ਉਸ ਵੱਲ ਧਾਹ ਪਈਆਂ। ਪੰਜ ਹਜ਼ਾਰ ਲੋਕਾਂ ਦੀ ਵਹਿਸ਼ੀ ਭੀੜ ਜ਼ੋਰਦਾਰ ਨਾਹਰੇ ਮਾਰਦੀ ਹੋਈ ਸੁਰਜੀਤ ਵੱਲ ਵਧੀ ਤਾਂ ਉਹ ਮੂਹਰੇ ਭੱਜ ਪਿਆ। ਕੁਦਰਤੀ ਇੱਕ ਜੀਪ ਮਿਲ਼ ਗਈ। ਅਗਲੇ ਤਿੰਨ ਦਿਨ ਉਹ ਪਾਰਟੀ ਦਫ਼ਤਰ ਲੁਕਿਆ ਰਿਹਾ। ਨਾਮਧਾਰੀ ਸਿੱਖਾਂ ਦਾ ਇੱਕ ਜਥਾ ਵੀ ਬੀਬੀ ਇੰਦਰਾ ਨੂੰ ਸ਼ਰਧਾਂਜਲੀ ਦੇਣ ਗਿਆ ਕਸੂਤਾ ਫਸ ਗਿਆ ਸੀ ਤੇ ਜਾਨ ਬਚਾ ਕੇ ਭੱਜਣਾ ਪਿਆ।

ਸਾਫ਼ ਤੱਥ ਹੈ ਕਿ ਓਦੋਂ ਇਹ ਨਹੀਂ ਵੇਖਿਆ ਗਿਆ ਕਿ ਪੱਗ ਵਾਲ਼ਾ ਹੈ, ਪਤਿਤ ਹੈ, ਕਾਂਗਰਸੀ ਹੈ, ਕਮਿਊਨਿਸਟ ਹੈ ਜਾਂ ਕੋਈ ਹੋਰ, ਕੋਈ ਸੰਤ ਭਿੰਡਰਾਂਵਾਲ਼ਿਆਂ ਦਾ ਜਾਂ ਅਕਾਲੀਆਂ ਦਾ ਮੁਖਾਲਿਫ਼ ਵੀ ਹੋਵੇ ਪਰ ਜੇ ਉਹ ‘ਸਿੱਖ’ ਹੈ ਤਾਂ ਮਾਰੇ ਜਾਣ ਦੇ ਲਾਇਕ ਹੈ। ਬੱਸ ਸਿੱਖ ਹੋਵੇ। ਕਾਤਲਾਂ ਲਈ ਹਰ ਸਿੱਖ, ਬੀਬੀ ਇੰਦਰਾ ਦਾ ਕਾਤਲ ਸੀ। ਹਰ ਸਿੱਖ ‘ਸੰਤ ਭਿੰਡਰਾਂਵਾਲ਼ਾ’ ਸੀ।

ਜਿਨ੍ਹਾਂ ਨੇ ਸਿੱਖਾਂ ਦਾ ਹੱਥੀਂ ਕਤਲੇਆਮ ਨਹੀਂ ਕੀਤਾ ਸੀ, ਉਹਨਾਂ ਨੂੰ ਬੜਾ ਰੰਜ਼ ਸੀ ਕਿ ਅਸੀਂ ਵੀ ਕਿਸੇ ਤਰ੍ਹਾਂ ਦਰਸਾਈਏ ਬਈ ਅਸੀਂ ਵੀ ਸਿੱਖਾਂ ਦੇ ਕਤਲੇਆਮ ਦੇ ਸਮਰਥਕ ਹਾਂ। ਉਹਨਾਂ ਨੂੰ ਮੌਕਾ ਮਿਲ਼ਿਆ ਦਸੰਬਰ ੧੯੮੫ ਨੂੰ ਲੋਕ ਸਭਾ ਚੋਣਾਂ ਮੌਕੇ, ਹਿੰਦੋਸਤਾਨ ਦੇ ਲੋਕਾਂ ਨੇ ਸਿੱਖਾਂ ਦੇ ਕਤਲੇਆਮ ਦਾ ਸਮਰਥਨ ਕਰਦਿਆਂ ਕਾਂਗਰਸ ਨੂੰ ਐਨੀਆਂ ਵੋਟਾਂ ਪਾਈਆਂ ਕਿ ਪਾਰਲੀਮੈਂਟ ਵਿੱਚ ੪੦੧ ਮੈਂਬਰ ਜਿੱਤ ਗਏ। ਇਹ ੧੯੪੭ ਤੋਂ ਬਾਅਦ ਹੁਣ ਤਕ ਪਹਿਲੀ ਵਾਰ ਹੋਇਆ ਸੀ। ਥਾਂ-ਥਾਂ ਪੋਸਟਰ ਲੱਗੇ ਹੋਏ ਸਨ, ਜਿਨ੍ਹਾਂ ਵਿੱਚ ਦੋ ਸਿੱਖਾਂ ਨੂੰ ਬੀਬੀ ਇੰਦਰਾਂ ਨੂੰ ਗੋਲ਼ੀ ਮਾਰਦਿਆਂ ਵਿਖਾਇਆ ਹੋਇਆ ਸੀ। ਓਧਰ ਚੋਣਾਂ ਵਿੱਚ ਬੀਬੀ ਮੇਨਕਾ ਗਾਂਧੀ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਸ ਦੇ ਖ਼ਿਲਾਫ਼ ਨਾਹਰੇ ਲੱਗੇ ਸੀ, ‘ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗ਼ੱਦਾਰ ਕੀ।’ ਮੇਨਕਾ ਓਸੇ ਬੀਬੀ ਇੰਦਰਾ ਦੀ ਨੂੰਹ ਹੈ, ਪਰ ਸਿੱਖ ਦੀ ਬੇਟੀ ਹੋਣ ਕਰਕੇ ‘ਦੇਸ਼ ਦੇ ਗ਼ੱਦਾਰ ਦੀ ਧੀ’ ਹੈ।

ਇੰਝ ਸਿੱਖ ਕਤਲੇਆਮ ਦੇ ਹੱਕ ਵਿੱਚ ਵੋਟਾਂ ਦੀ ਫ਼ਸਲ ਵੱਢ ਕੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ। ਜਿਸ ਦਾ ਮੰਨਣਾ ਸੀ ਕਿ ਬੀਬੀ ਇੰਦਰਾ ਇੱਕ ‘ਵੱਡਾ ਦਰਖ਼ਤ’ ਸੀ, ਜਿਸ ਦੇ ਡਿੱਗਣ ਨਾਲ਼ ‘ਧਰਤੀ ਕੰਬਣੀ’ (ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਣਾ) ਲਾਜ਼ਮੀ ਸੀ। ਇਸ ਬਿਆਨ ਨੇ ਇਹ ਸੁਨੇਹਾ ਦੇ ਦਿੱਤਾ ਕਿ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲ਼ੇਗੀ।

ਬੀਬੀ ਇੰਦਰਾ ਨੂੰ ਗੋਲ਼ੀ ੩੧ ਅਕਤੂਬਰ ੧੯੮੪ ਨੂੰ ਮਾਰੀ ਗਈ ਸੀ। ਸ. ਬੇਅੰਤ ਸਿੰਘ ਨੂੰ ਮੌਕੇ ਉੱਤੇ ਹੀ ਸੁਰੱਖਿਆ ਕਰਮਚਾਰੀਆਂ ਨੇ ਕਤਲ ਕਰ ਦਿੱਤਾ ਸੀ। ਸ. ਸਤਵੰਤ ਸਿੰਘ ਜ਼ਖ਼ਮੀ ਹਾਲਤ ਵਿੱਚ ਬਚ ਗਿਆ। ਜਿਸ ‘ਤੇ ਹੋਰਾਂ ਦੇ ਨਾਲ਼ ਕੇਸ ਚੱਲਿਆ। ੬ ਜਨਵਰੀ ੧੯੮੯ ਨੂੰ ਇਸ ਕੇਸ ਦਾ ਫ਼ੈਸਲਾ ਹੋ ਗਿਆ ਤੇ ਸ. ਕੇਹਰ ਸਿੰਘ ਸਮੇਤ ਸ. ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਗਈ। ਸਵਾ ਤਿੰਨ ਸਾਲ ਦੇ ਅੰਦਰ-ਅੰਦਰ ਅਦਾਲਤੀ ਪੜਤਾਲ ਵੀ ਹੋ ਗਈ, ਗਵਾਹੀਆਂ ਵੀ ਹੋ ਗਈਆਂ, ਸੈਸ਼ਨ ਕੋਰਟ ਦਾ ਫ਼ੈਸਲਾ ਵੀ ਹੋ ਗਿਆ, ਹਾਈਕੋਰਟ ਦਾ ਫ਼ੈਸਲਾ ਵੀ ਹੋ ਗਿਆ ਤੇ ਸੁਪਰੀਮ ਕੋਰਟ ਤਕ ਦੀ ਕਾਰਵਾਈ ਵੀ ਨਿੱਬੜ ਗਈ। ਇੰਝ ਬੀਬੀ ਇੰਦਰਾ ਦੇ ‘ਕਤਲ’ ਦੇ ਮੁਕਦਮੇ ਨੂੰ ਬੜੀ ਤੇਜ਼ੀ ਨਾਲ਼ ਸਵਾ ਤਿੰਨ ਸਾਲ ਵਿੱਚ ਨਿਬੇੜ ਕੇ ਸ. ਕੇਹਰ ਸਿੰਘ ਤੇ ਸ. ਸਤਵੰਤ ਸਿੰਘ ਨੂੰ ਫਾਂਸੀ ਲਾ ਦਿੱਤੀ ਗਈ।

ਦੂਜੇ ਪਾਸੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਬਾਰੇ ਪੁਲੀਸ, ਪ੍ਰਸ਼ਾਸ਼ਨ ਤੇ ਅਦਾਲਤਾਂ ਸੁੰਨ-ਮ-ਸੁੰਨ ਹਨ। ਤਿਰਲੋਕਪੁਰੀ ਵਾਲ਼ੇ ਸਭ ਤੋਂ ਘਿਨਾਉਣੇ ਕਤਲ ਕਾਂਡ ਦੀ ਰਿਪੋਰਟ ਪੁਲੀਸ ਨੇ ਅਦਾਲਤ ਵਿੱਚ ੧੩ ਮਹੀਨੇ ਪਿਛੜ ਕੇ ਦਸੰਬਰ ੧੯੮੫ ਵਿੱਚ ਪੇਸ਼ ਕੀਤੀ। ਦਸੰਬਰ ੧੯੮੫ ਤੋਂ ਜੁਲਾਈ ੧੯੯੫ ਤਕ ਲਗਾਤਾਰ ਦਸ ਸਾਲ-ਦੋਸ਼ੀ ਅਦਾਲਤ ਵਿੱਚ ਜਾਂਦੇ ਤੇ ਤਰੀਕ ਲੈ ਕੇ ਮੁੜ ਆਉਂਦੇ ਰਹੇ। ਕੇਸ ਸ਼ੁਰੂ ਹੀ ਨਾ ਹੋਇਆ। ਇਹੀ ਹਾਲ ਬਾਕੀ ਕੇਸਾਂ ਦਾ ਰਿਹਾ। ਖ਼ਿਆਲ਼ ਰਹੇ ਕਿ ੧੯੮੪ ਤੋਂ ੧੯੯੫ ਤਕ ਹੀ ਸਿੱਖ ਖਾੜਕੂਆਂ ਦਾ ਬੋਲਬਾਲਾ ਰਿਹਾ।

ਸਪਸ਼ਟ ਹੈ ਕਿ ਇੰਦਰਾ ਬੀਬੀ ਦੀ ਜਾਨ ਉਹਨਾਂ ਹਜ਼ਾਰਾਂ ਸਿੱਖਾਂ ਨਾਲ਼ੋਂ ਕਿਤੇ ਵੱਧ ‘ਅਹਿਮ’ ਮੰਨੀ ਗਈ, ਜਿਨ੍ਹਾਂ ਨੂੰ ਸਿਰਫ਼ ‘ਸਿੱਖ’ ਹੋਣ ਕਰਕੇ ਮਾਰਿਆ ਗਿਆ ਸੀ। ਅੱਜ ੨੭ ਵਰ੍ਹਿਆਂ ਬਾਅਦ ਵੀ ਸਿੱਖਾਂ ਦੇ ਕਾਤਲ ਦਨਦਨਾਉਂਦੇ ਫਿਰਦੇ ਹਨ। ਕੋਈ ਪਾਰਲੀਮੈਂਟ ਦਾ ਮੈਂਬਰ ਬਣਿਆ, ਕਿਸੇ ਨੂੰ ਕੋਈ ਹੋਰ ਅਹੁਦਾ ਮਿਲ਼ਿਆ। ਜਿਵੇਂ ਪੁਰਾਣੇ ਵੇਲ਼ਿਆਂ ਵਿੱਚ ਦੁਸ਼ਮਣਾਂ ਨੂੰ ਮਾਰਨ ਵਾਲ਼ਿਆਂ ਨੂੰ ਨਿਵਾਜਿਆ ਜਾਂਦਾ ਸੀ, ਓਵੇਂ ਹੁਣ ਨਿਵਾਜਿਆ ਗਿਆ। ਸਿੱਖ ਦੁਸ਼ਮਣ ਜੋ ਹੈ ਭਾਰਤ ਦਾ! ਹੁਣ ਜੇ ਸਿੱਖਾਂ ਦੇ ਮਨਾਂ ਵਿੱਚ ਇਹ ਖ਼ਿਆਲ਼ ਵਾਰ-ਵਾਰ ਆਉਂਦਾ ਹੈ ਕਿ ਸ਼ੁਕਰ ਹੈ ਸਿੱਖ ਖਾੜਕੂਆਂ ਨੇ ਕੁਝ ਕੁ ਕਾਤਲਾਂ ਨੂੰ ਸਜ਼ਾਵਾਂ ਦੇ ਦਿੱਤੀਆਂ, ਤਾਂ ਠੀਕ ਹੀ ਹੈ, ਕਿਉਂਕਿ ਹਿੰਦੁਸਤਾਨੀ ਨਿਜ਼ਾਮ ਤਾਂ ਕਾਤਲਾਂ ਦੀ ਹਿੱਕ ਠੋਕ ਕੇ ਪੁਸ਼ਤਪਨਾਹੀ ਕਰ ਰਿਹਾ ਹੈ। ਜਿੰਨੇ ਕੁ ਦੋਸ਼ੀਆਂ ਨੂੰ ਖਾੜਕੂਆਂ ਨੇ ਮਾਰਿਆ, ਓਨੇ ਕੁ ਨਾਲ਼ ਸਿੱਖ ਕਹਿਣ ਜੋਗੇ ਤਾਂ ਹੋ ਗਏ ਕਿ ਅਸੀਂ ਬਦਲਾ ਲੈ ਲਿਆ। ਜਦੋਂ ਕਨੂੰਨ ਆਪਣਾ ਕੰਮ ਨਾ ਕਰੇ ਤਾਂ ਫਿਰ ਲੋਕ ਆਪਣੇ ਹੱਥ ਵਿੱਚ ਕਨੂੰਨ ਲੈਣਗੇ ਹੀ।

ਨਵੰਬਰ ੧੯੮੪ ਦਾ ਕਤਲੇਆਮ ਹਿੰਦੋਸਤਾਨ ਦੇ ਮੱਥੇ ਉੱਤੇ ਤਾਂ ਕਲੰਕ ਹੈ ਹੀ, ਇਹ ਉਸ ਹਿੰਦੂ ਜ਼ਹਿਨੀਅਤ ਦਾ ਵੀ ਕੋਹਝ ਨੰਗਾ ਕਰਦਾ ਹੈ, ਜਿਸ ਨੇ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਕੀਤੇ ਅਹਿਸਾਨਾਂ ਨੂੰ ਭੁੱਲ ਕੇ ਅਕ੍ਰਿਤਘਣਤਾ ਦੀ ਸਿਖ਼ਰ ਛੋਹੀ ਹੈ। ਹਿੰਦੋਸਤਾਨੀ ਨਿਜ਼ਾਮ ਨੇ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਲਈ ਜੋ ਹੱਥਕੰਡੇ ਵਰਤਣੇ ਸੀ, ਵਰਤ ਲਏ ਪਰ ਇਸ ਨਾਲ਼ ਸਿੱਖ ਮਨਾਂ ਅੰਦਰ ਇਹ ਹਕੀਕਤ ਘਰ ਕਰ ਗਈ ਕਿ ਇਸ ਮੁਲਕ ਵਿੱਚ ਸਿੱਖ ਤੇ ਸਿੱਖੀ ਸੁਰੱਖਿਅਤ ਨਹੀਂ। ਸਿੱਖਾਂ ਨੇ ਦੋ ਸਪਸ਼ਟ ਨਿਸ਼ਾਨੇ ਮਿੱਥੇ ਹਨ, ਇੱਕ ਤਾਂ ਸਿੱਖਾਂ ਦੇ ਕਾਤਲਾਂ ਨੂੰ ਹੱਥੀਂ ਸਜ਼ਾਵਾਂ ਦੇਣੀਆਂ ਤੇ ਦੂਜਾ ਸਿੱਖੀ ਤੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਖ਼ਾਲਿਸਤਾਨ ਦੀ ਸਿਰਜਣਾ। ਇਸ ਦੇ ਨਾਲ਼ ਹੀ ਸਿੱਖੀ ਵਿੱਚ ਪ੍ਰਪੱਕਤਾ ਲਿਆਉਣੀ ਵੀ ਮੁਢਲਾ ਫ਼ਰਜ਼ ਹੈ। ਇਸ ਦਿਸ਼ਾ ਵੱਲ ਤੁਰ ਰਿਹਾ ਹਰ ਸਿੱਖ ਗੁਰੂ ਪੰਥ ਦੀਆਂ ਅੱਖਾਂ ਦਾ ਤਾਰਾ ਹੈ। ਇਸ ਸਫ਼ਰ ਦੌਰਾਨ ਸਿੱਖਾਂ ਨੇ ਖ਼ਾਲਸਈ ਰਵਾਇਤਾਂ ਤੇ ਡਟ ਕੇ ਪਹਿਰਾ ਦਿੱਤਾ ਹੈ।

ਭਾਵੇਂ ਨਵੰਬਰ ੧੯੮੪ ਮੌਕੇ ਹਿੰਦੋਸਤਾਨ ਭਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਪਰ ਇਹ ਨਹੀਂ ਕਿ ਸਿੱਖਾਂ ਨੇ ਉਸ ਦੇ ਬਦਲੇ ਪੰਜਾਬ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਲਿਆ ਹੋਵੇ।ਤੱਥ ਹੈ ਕਿ ੧੦ ਨਵੰਬਰ ੧੯੮੪ ਤੱਕ ਪੰਜਾਬ ਦੇ ਹਰ ਦਰ-ਘਰ ਤੱਕ,ਸਾਰੇ ਹਿੰਦੋਸਤਾਨ ਵਿਚ ਸਿੱਖਾਂ ਦੇ ਕਤਲੇਆਮ ਦੀਆਂ ਖਬਰਾਂ ਪਹੁੰਚ ਗਈਆਂ ਸਨ।ਜੇ ਸਿੱਖ ਵੀ ਹਿੰਦੂ ਕੱਟੜਪੰਥੀਆਂ ਵਾਂਗ ਫਿਰਕੂ ਹੁੰਦੇ ਤਾਂ ਘੱਟੋ ਘੱਟ ੧੦ ਦਸਬੰਰ ਤੱਕ ਪੰਜਾਬ ਦੇ ਹਿੰਦੂਆਂ ਨਾਲ ਉਹੀ ਕੁਝ ਹੁੰਦਾ ਜੋ,ਸਿਖਾਂ ਨਾਲ ਪੰਜਾਬ ਤੋਂ ਬਾਹਰ ਹੋਇਆਂ ਸੀ। ਪਰ ਪੰਜਾਬ ਦੀ ਧਰਤੀ ਤੇ ਅਜਿਹਾ ਕੁਝ ਨਹੀਂ ਹੋਇਆ। ਪਰ ਇੱਕ ਵੀ ਥਾਂ ਕਿਸੇ ਮੰਦਰ ਦੀ ਜਾਂ ਹਿੰਦੂਆਂ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਕੀਤੀ ਜਿਵੇਂ ਕਿ ਗੁਰਦਵਾਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਾਰੇ ਭਾਰਤ ਵਿੱਚ ਹੋਈ ਸੀ। ਹਿੰਦੂਆਂ ਨੇ ਸਿੱਖ ਬੀਬੀਆਂ ਦੀ ਅਸਮਤ ਲੁੱਟੀ ਪਰ ਸਿੱਖਾਂ ਨੂੰ ਤਾਂ ਕਲਗ਼ੀਆਂ ਵਾਲ਼ੇ ਦੇ ਵਚਨ ਯਾਦ ਹਨ ਕਿ ‘ਹਮ ਲੇ ਜਾਨੋ ਪੰਥ ਉਚੇਰੇ।’

ਸਿੱਖਾਂ ਨੂੰ ਪਤਾ ਸੀ ਕਿ ਅਸਲ ਦੋਸ਼ੀ ਤਾਂ ਬਾਹਰ ਬੈਠੇ ਹਨ ਤੇ ਇਹ ਪੰਜਾਬ ਦੇ ਹਿੰਦੂ, ਨਵੰਬਰ ਕਤਲੇਆਮ ਦੇ ਦੋਸ਼ੀ ਨਹੀਂ। ਇਸ ਕਰਕੇ ਬਾਦ ਵਿਚ ਜੁਝਾਰੂਆਂ ਨੇ ਆਪਣਾ ਰੁਖ਼ ਦਿੱਲੀ ਵੱਲ ਰੱਖਿਆ। ਪੰਜਾਬ ਵਿੱਚ ਤਾਂ ਸਿਰਫ ਉਸ ਹਿੰਦੂ ਨੂੰ ਹੀ ਨਿਸ਼ਾਨਾ ਬਣਾਇਆ, ਜਿਸ ਨੇ ਆਪ ਮੌਤ ਸਹੇੜੀ ।ਸੰਤਾਂ ਭਿੰਡਰਾਂਵਾਲ਼ੇ ਵੀ ਕਹਿੰਦੇ ਹੁੰਦੇ ਸੀ- ‘ਕਿੰਨੀ ਵੀ ਮਾੜੇ ਹਾਲਾਤ ਹੋ ਜਾਣ, ਕਿਸੇ ਦੀ ਧੀ-ਭੈਣ ਵੱਲ, ਹਿੰਦੂ ਦੀ ਤਾਂ ਖ਼ਾਸ ਕਰਕੇ…ਕਿਸੇ ਨੇ ਗ਼ਲਤ ਨਿਗਾਹ ਨਾਲ਼ ਨਹੀਂ ਵੇਖਣਾ…।’

ਨਵੰਬਰ ੧੯੮੪ ਦੇ ਕਾਤਲਾਂ ਨੂੰ ਹਿੰਦੋਸਤਾਨੀ ਹਕੂਮਤ ਨੇ ਨਾ ਤਾਂ ਹੁਣ ਤੱਕ ਸਜ਼ਾ ਦਿਤੀ ਹੈ ਤੇ ਨਾ ਕੋਈ ਸੰਭਾਵਨਾ ਹੈ। ਬਹੁਤੇ ਲੋਕ ਤਾਂ ਇਨਸਾਫ ਉਡੀਕਦੇ ਉਡੀਕਦੇ ਹੀ ਇਸ ਧਰਤੀ ਤੋਂ ਚਲੇ ਗਏ।ਬਣਾਏ ਗਏ ਕਮਿਸ਼ਨਾਂ ਤੇ ਕਮੇਟੀਆਂ ਨੇ ਜਾਂਚ ਕਰਕੇ ਇਹ ਵੀ ਨਹੀਂ ਦੱਸਿਆ ਕਿ ਆਖਰ ਮਾਰੇ ਗਏ ਹਜਾਰਾਂ ਸਿੱਖਾਂ ਦਾ ਦੋਸ਼ ਕੀ ਸੀ? ਕੀ ਸਿੱਖ ਹੋਣਾ ਜ਼ੁਰਮ ਹੈ? ਜਾਂ ਕੀ ਭਾਰਤ ਵਿਚ ਸਿੱਖ ਨੂੰ ਮਾਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ? ਇਹੋ ਜਿਹੇ ਹਜ਼ਾਰਾ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰੀ ਹਿੰਦੋਸਤਾਨੀ ਨਿਜ਼ਾਮ ਸਵਾਲ ਪੁੱਛਣ ਵਾਲਿਆਂ ਨੂੰ ਹਰ ਹੀਲੇ ਖਾਮੋਸ਼ ਕਰਵਾਉਣ ਲਈ ਬਜਿੱਦ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top