Share on Facebook

Main News Page

ਵਿਵਾਦ - ਦਰਬਾਰ ਵਿੱਚ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਸਮੇਂ ਇੱਕ ਗੈਰਸਿੱਖ ਵਲੋਂ ਸਵਯੇ ਪੜ੍ਹਨ ਦਾ
ਉਹ ਦਿਨ ਦੂਰ ਨਹੀਂ, ਜਦੋਂ ਗੱਦਾਰ ਲੀਡਰਸ਼ਿਪ ਵਲੋਂ ਪੂਰਾ ਗੁਰਦੁਆਰਾ ਪ੍ਰਬੰਧ ਸਿਧੇ ਤੌਰ 'ਤੇ ਹਿੰਦੂ ਨੂੰ ਠੇਕੇ ਤੇ ਦੇ ਦਿਤਾ ਜਾਵੇਗਾ
- ਪ੍ਰੋ. ਦਰਸ਼ਨ ਸਿੰਘ ਖਾਲਸਾ

* ਪੂਰੀ ਪੜਤਾਲ ਕਰਨ ਉਪ੍ਰੰਤ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ: ਗਿਆਨੀ ਗੁਰਬਚਨ ਸਿੰਘ

ਬਠਿੰਡਾ, ੮ ਨਵੰਬਰ (ਕਿਰਪਾਲ ਸਿੰਘ): ਸਿੰਘੋ ਜਾਗੋ! ਭਵਿਖ ਦਾ ਅੰਦਾਜ਼ਾ ਲਗਾਓ! ਅਜੇ ਤਾਂ ਕੇਸਾਧਾਰੀ ਅਖੌਤੀ ਅੰਮ੍ਰਿਤਧਾਰੀ ਬਾਹਮਣ ਹੀ ਪ੍ਰਬੰਧਕ ਹਨ, ਪ੍ਰਧਾਨ ਹਨ, ਜੱਥੇਦਾਰ ਅਤੇ ਹੈੱਡ ਗ੍ਰੰਥੀ ਹਨ।

ਭਲਿਓ, ਜੇ ਤੁਸੀਂ ਇਸੇ ਤਰ੍ਹਾਂ ਸੁੱਤੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੱਜ ਦੀ ਗ਼ਦਾਰ ਲੀਡਰਸ਼ਿਪ ਵਲੋਂ ਪੂਰਾ ਗੁਰਦੁਆਰਾ ਪ੍ਰਬੰਧ ਸਿੱਧੇ ਤੌਰ 'ਤੇ ਹਿੰਦੂ ਨੂੰ ਠੇਕੇ 'ਤੇ ਦੇ ਦਿੱਤਾ ਜਾਵੇਗਾ ਅਤੇ ਆਰ.ਐੱਸ.ਐੱਸ ਵਾਲੇ ਜਿਹੜੇ ਅਪਣੀਆਂ ਵੈੱਬ ਸਾਈਟਾਂ 'ਤੇ ਲਿਖਦੇ ਹਨ ਕਿ ਸਿੱਖਾਂ ਨੂੰ ਅਪਣੀ ਮੁੱਖ ਧਾਰਾ ਵਿਚ ਲਿਆਉਣਾ ਸਾਡੀ ਮੰਜ਼ਲ ਹੈ ਉਹ ਸਫਲ ਹੋ ਜਾਣਗੇ। ਯਾਦ ਰੱਖੋ ਫਿਰ ਇਸ ਕੌਮ ਵਿਚ ਐਸਾ ਕੌਣ ਜੰਮੇਗਾ ਜਿਹੜਾ ਜੁਰ੍ਹਤ ਨਾਲ ਲਿਖੇਗਾ: 'ਹਮ ਹਿੰਦੂ ਨਹੀਂ'।

ਇਹ ਸ਼ਬਦ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਚ ੬ ਨਵੰਬਰ ਨੂੰ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇ ਸਿੱਖ ਰਹਿਤ ਮਰਯਾਦਾ ਨੂੰ ਛਿੱਕੇ ਟੰਗ ਕੇ ਇੱਕ ਹਿੰਦੂ ਜੈਂਟਲਮੈਨ ਵੱਲੋਂ ਸਵਯੇ ਪੜ੍ਹੇ ਜਾਣ ਵਾਲੀ ਖ਼ਬਰ 'ਤੇ ਪ੍ਰਤੀਕਰਮ ਕਰਦੇ ਹੋਏ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਦਾਰ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਨੇ ਈਮੇਲ ਰਾਹੀਂ ਭੇਜੇ ਇਕ ਪ੍ਰੈੱਸ ਨੋਟ ਵਿੱਚ ਕਹੇ। ਇਹ ਵਰਨਣਯੋਗ ਹੈ ਕਿ ਜਿਸ ਦਰਬਾਰ ਸਾਹਿਬ ਵਿਚ ਗ਼ੈਰ ਅੰਮ੍ਰਿਤਧਾਰੀ ਸਿੱਖ ਬਲਕਿ ਅੰਮ੍ਰਿਤਧਾਰੀ ਬੀਬੀਆਂ ਨੂੰ ਭੀ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਓਸੇ ਦਰਬਾਰ ਸਾਹਿਬ ਵਿਚ ਮਰਯਾਦਾ ਛਿਕੇ ਟੰਗ ਕੇ ਇਕ ਹਿੰਦੂ ਜੈਂਟਲਮੈਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਉਠ ਕੇ ਸਵਯੇ ਪੜ੍ਹਨੇ ਸ਼ੁਰੂ ਕਰ ਦਿਤੇ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਤੈਨੂੰ ਇਹ ਮਰਯਾਦਾ ਤੋੜਨ ਦੀ ਇਜਾਜ਼ਤ ਕਿਸਨੇ ਦਿਤੀ ਹੈ, ਤਾਂ ਉਸਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਵੱਲੋਂ ਦਿਤਾ ਗਿਆ ਪਰਮਿਸ਼ਨ ਲੈਟਰ ਅਪਣੀ ਜੇਬ ਵਿਚੋਂ ਕੱਢ ਕੇ ਦਿਖਾ ਦਿਤਾ ਜਿਸ 'ਤੇ ਸੰਗਤਾਂ ਵਿਚ ਹੈਰਾਨੀ ਛਾ ਗਈ।

'ਕਬੀਰ ਸੂਤਾ ਕਿਆ ਕਰਹਿ, ਜਾਗੁ ਰੋਇ ਭੈ ਦੁਖ ॥ ਜਾ ਕਾ ਬਾਸਾ ਗੋਰ ਮਹਿ, ਸੋ ਕਿਉ ਸੋਵੈ ਸੁਖ ॥੧੨੭॥' (ਸਲੋਕ ਕਬੀਰ ਜੀ, ਗੁਰੂ ਗ੍ਰੰਥ ਸਾਹਿਬ -ਪੰਨਾ ੧੩੭੧) ਅਤੇ 'ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥' (ਆਸਾ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੪੧੭) ਗੁਰ ਫ਼ੁਰਮਾਨਾਂ ਰਾਹੀਂ ਸਿੱਖਾਂ ਨੂੰ ਹਲੂਣਾ ਦਿੰਦੇ ਹੋਏ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਜੇ ਸਿੱਖ ਏਸੇ ਤਰ੍ਹਾਂ ਸੁੱਤਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਦਰਬਾਰ ਸਾਹਿਬ ਦਾ ਗਰੰਥੀ ਭੀ ਹਿੰਦੂ ਹੋ ਸਕਦਾ ਹੈ। ਉਨ੍ਹਾਂ ਕਿਹਾ ਅੱਜ ਜਦੋਂ ਮੇਰੇ ਵਰਗਾ ਕੋਈ ਕੌਮ ਦੇ ਭਵਿੱਖ ਨੂੰ ਬਚਾਣ ਲਈ ਅਵਾਜ਼ ਦਿੰਦਾ ਹੈ ਤਾਂ ਉਸਦੀ ਅਵਾਜ਼ ਸਖਤੀ ਨਾਲ ਬੰਦ ਕਰ ਦੇਣ ਦੇ ਛੜਯੰਤਰ ਵਰਤੇ ਜਾਂਦੇ ਹਨ, ਅਤੇ ਵੱਡੇ ਦੁੱਖ ਦੀ ਗੱਲ ਹੈ ਕਿ ਐਸੇ ਸਮੇਂ ਸਾਜਸ਼ੀ ਲੋਕ ਤਾਂ ਖੁਸ਼ ਹੁੰਦੇ ਹੀ ਹਨ ਪਰ ਕੁਛ ਭੋਲੇ ਭਾਲੇ ਲੋਕ ਅਤੇ ਧਰਮ ਪ੍ਰਚਾਰ ਦੀਆਂ ਠੇਕੇਦਾਰ ਅਖਵਾਉਂਦੀਆਂ ਜੱਥੇਬੰਦੀਆਂ ਭੀ ਸਾਥ ਛੱਡ ਕੇ ਖਾਮੋਸ਼ ਹੋ ਜਾਂਦੀਆਂ ਹਨ। ਦੂਸਰੇ ਪਾਸੇ ਆਏ ਦਿਨ ਕਿਸੇ ਨਾ ਕਿਸੇ ਥਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸਿੱਖ ਸਰੂਪ ਦੇ ਓਹਲੇ ਵਿਚ ਕਲਮਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਕਦੀ ਜੱਥੇਦਾਰਾਂ ਵਲੋਂ ਸ੍ਰੀਚੰਦ ਦੇ ਨਾਮ ਹੇਠ ਸਿੱਖੀ ਨੂੰ ਉਦਾਸੀਆਂ ਦੇ ਲੜ ਲਾਇਆ ਜਾ ਰਿਹਾ ਹੈ। ਹੁਣੇ ਪਿਛੇ ਜਿਹੇ ਜਥੇਦਾਰ ਨੇ ਗੰਗਾ ਉਪਾਸ਼ਕ ਹਿੰਦੂ ਸਮਾਗਮ ਵਿਚ ਬੋਲਦਿਆਂ ਇਹ ਆਖਿਆ ਹੈ ਕਿ ਗੁਰੂਆਂ ਦਾ ਸਬੰਧ ਭੀ ਗੰਗਾ ਨਾਲ ਹੈ। ਪਰ ਇਹ ਕੁਝ ਵੇਖਦੇ ਸੁਣਦੇ ਵੀ ਜਾਗਰੂਕ ਅਖਵਾਉਣ ਵਾਲੇ ਸਿੱਖਾਂ ਵੱਲੋਂ ਚੁੱਪ ਰਹਿਣ ਵਿੱਚ ਪਤਾ ਨਹੀਂ ਉਨ੍ਹਾਂ ਦੀ ਕੀ ਮਜਬੂਰੀ ਹੈ! ਪਤਾ ਨਹੀਂ ਇਹ ਲੋਕ ਸਿੱਖੀ ਦਾ ਕੀ ਹਸ਼ਰ ਦੇਖਣਾ ਚਾਹੁੰਦੇ ਹਨ! ਗੁਰੂ ਹੀ ਸੁਮੱਤ ਦੇਵੇ, ਸਿੱਖੀ ਜਾਗੇ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਸਿੱਖ ਤਾਂ ਪਹਿਲੇ ਹੀ ਤੀਰਥ ਯਾਤਰਾਵਾਂ ਦੀ ਮਨਮਤਿ ਵਿਚ ਭਟਕ ਰਿਹਾ ਹੈ ਅਤੇ ਹੁਣ ਜਥੇਦਾਰ ਅਨੁਸਾਰ ਸਿੱਖ ਗੰਗਾ ਇਸ਼ਨਾਨੀ ਭੀ ਹੋ ਸਕੇਗਾ ਹਾਲਾਂਕਿ ਸਾਡਾ ਇਤਿਹਾਸ ਕਹਿੰਦਾ ਹੈ ਕੇ ਬਾਬਾ ਅਮਰਦਾਸ ਜੀ ਨੂੰ ਭੀ ਗੰਗਾ ਇਸ਼ਨਾਨ ਨਾਲ ਕੁਝ ਪ੍ਰਾਪਤੀ ਨਹੀਂ ਹੋਈ ਆਖਰ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿਚ ਆਕੇ ਘਾਲੀ ਘਾਲਣਾ ਨਾਲ ਗੁਰੂ ਜੋਤ ਦੀ ਪ੍ਰਾਪਤੀ ਹੋਈ ਤੇ ਗੁਰੂ ਅਮਰਦਾਸ ਜੀ ਦੇ ਰੂਪ ਵਿਚ ਪਰਗਟ ਹੋਏ।

ਚੇਤੇ ਰਹੇ ਕਿ ਬੀਤੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋ ਕਥਾ ਕਰਦੇ ਹੋਏ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਵੀ ਦਰਬਾਰ ਸਾਹਿਬ ਵਿਖੇ ਸਿੱਖ ਰਹਿਤ ਮਰਿਆਦਾ ਦੀ ਹੋਈ ਇਸ ਉਲੰਘਣਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ ਤੇ ਸਿੱਖ ਜਗਤ ਨੂੰ ਸਿੱਖ ਰਹਿਤ ਮਰਯਾਦਾ 'ਤੇ ਪਹਿਰਾ ਦੇਣ ਦੀ ਅਪੀਲ ਕੀਤੀ ਸੀ।

ਵਾਪਰੀ ਘਟਨਾ ਦੀ ਪੂਰੀ ਜਾਣਕਾਰੀ ਅਤੇ ਇਸ ਦੇ ਕਾਰਣ ਜਾਨਣ ਲਈ ਇੱਕ ਗੈਰ ਅੰਮ੍ਰਿਤਧਾਰੀ ਨੂੰ ਸਵਯੇ ਪੜ੍ਹਨ ਦੀ ਇਜਾਜ਼ਤ ਦੇਣ ਵਾਲੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਵਿਦੇਸ਼ ਚਲੇ ਗਏ ਹਨ। ਅਕਾਲ ਤਖ਼ਤ ਸਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਿਸ ਦਿਨ ਦੀ ਇਹ ਘਟਨਾ ਹੈ ਉਹ ਉਸ ਦਿਨ ਵਿਦੇਸ਼ ਵਿੱਚ ਸਨ ਇਸ ਲਈ ਉਨ੍ਹਾਂ ਕੋਲ ਹਾਲੀ ਤੱਕ ਪੂਰੀ ਖ਼ਬਰ ਨਹੀਂ ਪਹੁੰਚੀ। ਉਨ੍ਹਾਂ ਮੰਨਿਆ ਕਿ ਜੇ ਉਹ ਉਹ ਵਿਅਕਤੀ ਗੈਰ ਅੰਮ੍ਰਿਤਧਾਰੀ ਹੋਇਆ, ਤਾਂ ਉਸ ਵੱਲੋਂ ਦਰਬਾਰ ਸਾਹਿਬ ਵਿੱਚ ਸਵਯੇ ਪੜ੍ਹੇ ਜਾਣਾ ਇਤਰਾਜਯੋਗ ਹੈ। ਉਨ੍ਹਾਂ ਕਿਹਾ ਜਿਸ ਸਮੇਂ ਗਿਆਨੀ ਜਸਵਿੰਦਰ ਸਿੰਘ ਵਿਦੇਸ਼ 'ਚੋਂ ਵਾਪਸ ਆਏ ਉਸ ਸਮੇਂ ਉਨ੍ਹਾਂ ਤੋਂ ਪੁੱਛਿਆ ਜਾਵੇਗਾ ਤੇ ਪੂਰੀ ਪੜਤਾਲ ਕਰਨ ਉਪ੍ਰੰਤ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top