Share on Facebook

Main News Page

ੴਸਤਿਗੁਰਪ੍ਰਸਾਦਿ ॥
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ ?
-
ਰਾਜਿੰਦਰ ਸਿੰਘ (ਮੁੱਖ-ਸੇਵਾਦਾਰ), ਸ਼ੋਮਣੀ ਖ਼ਾਲਸਾ ਪੰਚਾਇਤ
ਮੁਬਾਈਲ: +91 98761 04726

ਦੀਵਾਲੀ ਦੇ ਦਸੇ ਜਾਂਦੇ ਇਤਹਾਸ ਵਿੱਚ ਝਾਤੀ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਹਿੰਦੂ ਕੌਮ ਦੇ ਇਕ ਅਵਤਾਰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਤ ਇਕ ਘਟਨਾ ਨਾਲ ਸਬੰਧਤ ਹੈ। ਇਸ ਤਰ੍ਹਾਂ ਇਹ ਇਕ ਨਿਰੋਲ ਹਿੰਦੂ ਤਿਉਹਾਰ ਹੈ ਜਿਸ ਦਾ ਸਿੱਖ ਕੌਮ ਨਾਲ ਕੋਈ ਨੇੜੇ-ਤੇੜੇ ਦਾ ਸਬੰਧ ਨਹੀਂ। ਬੇਸ਼ਕ ਇਕੋ ਸਮਾਜ ਵਿੱਚ ਵਿਚਰਦਿਆਂ, ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ, ਇਸ ਬਾਰੇ ਕੋਈ ਗਲਤ ਟਿਪੱਣੀਆਂ ਨਹੀਂ ਕਰਨੀਆਂ ਚਾਹੀਦੀਆਂ, ਬਲਕਿ ਮੈਂ ਇਹ ਕਹਾਂਗਾ ਕਿ ਕਿਸੇ ਕੌਮ ਦੇ ਕਿਸੇ ਤਿਉਹਾਰ ਬਾਰੇ ਵੀ ਕੋਈ ਐਸੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਪਰ ਇਸ ਦਾ ਇਹ ਮਤਲਬ ਵੀ ਬਿਲਕੁਲ ਨਹੀਂ ਕਿ ਅਸੀਂ ਦੂਸਰਿਆਂ ਦੇ ਤਿਉਹਾਰ ਆਪ ਮਨਾਉਣ ਲੱਗ ਪਈਏ। ਦੂਸਰਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਅਤੇ ਉਸ ਨੂੰ ਆਪ ਮਨਾਉਣ ਵਿੱਚ ਵੱਡਾ ਫਰਕ ਹੁੰਦਾ ਹੈ, ਇਸ ਦੇ ਬਾਵਜੂਦ ਦੀਵਾਲੀ ਦਾ ਤਿਉਹਾਰ ਹੋਰ ਤਾਂ ਹੋਰ ਇਹ ਸਿੱਖ ਕੌਮ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ ਵਿੱਚ ਲੰਬੇ ਸਮੇਂ ਤੋਂ ਮਨਾਇਆ ਜਾਂਦਾ ਹੈ।

ਇਹ ਗਲਤ ਪ੍ਰਥਾ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਇਸ ਦਾ ਨਿਰਣਾ ਕਰਨਾ ਤਾਂ ਬਹੁਤ ਔਖਾ ਹੈ ਪਰ ਆਮ ਤੌਰ ਤੇ ਬਹੁਤੇ ਸਿੱਖ ਇਤਿਹਾਸਕਾਰ ਇਹ ਮੰਨਦੇ ਹਨ ਕਿ ਪੁਰਾਤਨ ਸਮੇਂ ਵਿੱਚ ਜਦੋਂ ਕੈਲੰਡਰ ਆਦਿ ਨਹੀਂ ਸੀ ਹੁੰਦੇ ਅਤੇ ਆਪਸੀ ਸਬੰਧ ਸਥਾਪਤ ਕਰਨ ਅਤੇ ਸੁਨੇਹੇ ਪਹੁੰਚਾਣ ਦੇ ਸਾਧਨ ਬਹੁਤ ਸੀਮਤ ਸਨ, ਖਾਲਸੇ ਨੇ ਸਾਲ ਵਿੱਚ ਆਪਣੇ ਦੋ ਇਕੱਠ ਕਰਨ ਵਾਸਤੇ ਵਿਸਾਖੀ ਅਤੇ ਦੀਵਾਲੀ ਨੂੰ ਚੁਣਿਆਂ, ਕਿਉਂਕਿ ਸਮਾਜਕ ਪੱਧਰ ਤੇ ਇਹ ਦੋ ਤਿਉਹਾਰ ਵਧੇਰੇ ਮਾਨਤਾ ਪ੍ਰਾਪਤ ਸਨ ਅਤੇ ਯਾਦ ਰਖਣੇ ਤੇ ਸਮੇਂ ਦੀ ਪਹਿਚਾਣ ਕਰਨ ਲਈ ਸੌਖੇ ਸਨ, ਅਤੇ ਉਂਝ ਵੀ ਤਕਰੀਬਨ ਸਾਲ ਦੇ ਅੱਧ, ਇਕ ਦੂਜੇ ਤੋਂ ਛੇ ਮਹੀਨੇ ਬਾਅਦ ਆਉਂਦੇ ਸਨ। ਵਿਸਾਖੀ ਦੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕਰਨ ਨਾਲ ਸਿੱਖਾਂ ਵਾਸਤੇ ਤਾਂ ਇਹ ਦਿਨ ਬਹੁਤ ਮਹੱਤਵ-ਪੂਰਨ ਹੋ ਗਿਆ ਸੀ, ਹੋ ਸਕਦਾ ਹੈ ਕਿ ਇਸੇ ਨਾਲ ਦੀਵਾਲੀ ਨੂੰ ਵੀ ਮਾਨਤਾ ਮਿਲ ਗਈ ਹੋਵੇ।

ਮੈਂ ਵਿਦਵਾਨਾਂ ਦੀ ਇਸ ਧਾਰਨਾ ਨੂੰ ਰੱਦ ਤਾਂ ਨਹੀਂ ਕਰਦਾ ਪਰ ਮੇਰਾ ਇਹ ਸੋਚਣਾ ਹੈ ਕਿ ਜਿਵੇਂ ਮਹੰਤਾਂ ਨੇ ਕੌਮ ਦੇ ਪ੍ਰਮੁੱਖ ਇਤਿਹਾਸਕ ਗੁਰਦੁਆਰਿਆਂ ਤੇ ਕਾਬਜ਼ ਹੋ ਕੇ, ਉਨ੍ਹਾਂ ਵਿੱਚ ਬ੍ਰਾਹਮਣੀ ਮਰਿਯਾਦਾ ਅਤੇ ਰਵਾਇਤਾਂ ਸਥਾਪਤ ਕੀਤੀਆਂ, ਉਸੇ ਬ੍ਰਾਹਮਣੀ ਪ੍ਰਭਾਵ ਅਧੀਨ ਹੀ ਉਨ੍ਹਾਂ ਸਾਡੇ ਗੁਰਧਾਮਾਂ ਵਿੱਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਹੋਵੇਗੀ।

ਜਿਵੇਂ ਨਵੀਂ ਸਿੱਖ ਰਹਿਤ ਮਰਯਾਦਾ ਬਨਾਉਣ ਦੇ ਬਾਵਜੂਦ ਵੀ ਅਸੀਂ ਬਹੁਤੇ ਬ੍ਰਾਹਮਣੀ ਕਰਮਾਂ ਤੋਂ ਮੁਕਤੀ ਪ੍ਰਾਪਤ ਨਹੀਂ ਕਰ ਸਕੇ, ਇਸ ਦੀਵਾਲੀ ਤੋਂ ਵੀ ਖਹਿੜਾ ਨਹੀਂ ਛੁੜਾ ਸਕੇ।

ਜਿਵੇਂ ਕੌਮ ਵਿੱਚ ਅਕਸਰ ਬਿਪਰਵਾਦੀ ਕਰਮਾਂ ਨੂੰ ਤਿਆਗਣ ਬਾਰੇ ਵਿਚਾਰ ਚਲਦੀ ਰਹਿੰਦੀ ਹੈ, ਦੀਵਾਲੀ ਨਾ ਮਨਾਉਣ ਬਾਰੇ ਵੀ ਸਿੱਖ ਕੌਮ ਵਿੱਚ ਲੰਬੇ ਸਮੇਂ ਤੋਂ ਵਾਵਰੋਲਾ ਉਠਦਾ ਰਿਹਾ, ਪਰ ਜਿਵੇਂ ਅਸੀਂ ਕਿਸੇ ਬਿਪਰ ਕਰਮ ਨੂੰ ਤਿਆਗਣ ਦੀ ਜਗ੍ਹਾ ਤੇ ਉਸ ਦਾ ਕੇਵਲ ਰੂਪ ਬਦਲ ਲੈਂਦੇ ਹਾਂ, ਭਾਵ ਉਸ ਬ੍ਰਾਹਮਣੀ ਕਰਮ ਦਾ ਸਿੱਖੀ ਕਰਨ ਕਰ ਦੇਂਦੇ ਹਾਂ, ਉਸੇ ਤਰ੍ਹਾਂ ਅਸੀਂ ਇਸ ਤਿਉਹਾਰ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਜੇਲ੍ਹ ਤੋਂ ਰਿਹਾਈ ਦੇ ਇਤਿਹਾਸ ਨਾਲ ਜੋੜ ਕੇ ਇਸ ਦਾ ਨਾਂ ਬਦਲ ਕੇ ਬੰਦੀਛੋੜ ਦਿਵਸ ਰੱਖ ਲਿਆ। ਬਹੁਤੇ ਇਤਹਾਸਕਾਰਾਂ ਦਾ ਇਹ ਨਿਰਣਾ ਹੈ ਕਿ ਕਿਸੇ ਤਰ੍ਹਾਂ ਵੀ ਸਤਿਗੁਰੂ ਹਰਿਗੋਬਿੰਦ ਸਾਹਿਬ ਦਾ ਗਵਾਲੀਅਰ ਜੇਲ੍ਹ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜਣਾ ਉਸ ਦਿਨ ਨਹੀਂ ਬਣਦਾ, ਪਰ ਸਾਡੀ ਸਮੱਸਿਆ ਤਾਂ ਇਹ ਹੈ ਕਿ ਅਸੀਂ ਦੀਵਾਲੀ ਦਾ ਖਹਿੜਾ ਨਹੀਂ ਛਡਣਾ ਚਾਹੁੰਦੇ।

ਮੈਂ ਬਹੁਤਾ ਇਸ ਵਿਵਾਦ ਵਿੱਚ ਵੀ ਨਹੀਂ ਪੈਣਾ ਚਾਹੁੰਦਾ ਸਗੋਂ ਦੋ ਕੁ ਸਿੱਧੀਆਂ ਗਲਾਂ ਪੁਛਣਾ ਚਾਹੁੰਦਾ ਹਾਂ।

ਇਕ ਤਾਂ ਇਹ ਕਿ ਅਕਸਰ ਇਸ ਦਿਨ ਦਰਬਾਰ ਸਾਹਿਬ ਅੰਦਰ ਰਾਗੀਆਂ ਵਲੋਂ ਭਾਈ ਗੁਰਦਾਸ ਜੀ ਦੀ ਉਨੀਵੀਂ ਵਾਰ ਦੀ ਛੇਵੀਂ ਪਉੜੀ, ਜਿਸ ਦੀ ਸ਼ੁਰੂਆਤ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥’ ਪੰਕਤੀ ਨਾਲ ਹੁੰਦੀ ਹੈ ਦਾ ਬੜੇ ਜ਼ੋਰ-ਸ਼ੋਰ ਨਾਲ ਕੀਰਤਨ ਕੀਤਾ ਜਾਂਦਾ ਹੈ, ਬਲਕਿ ਇਹ ਪੰਕਤੀ ਬਾਰ-ਬਾਰ ਦੁਹਰਾਈ ਜਾਂਦੀ ਹੈ।

ਪਹਿਲੀ ਗੱਲ ਤਾਂ ਇਹ ਕਿ ਸ਼੍ਰੋਮਣੀ ਕਮੇਟੀ ਵਲੋਂ ਆਪ ਛਾਪੀ ਜਾਂਦੀ ਅਤੇ ਪੰਥ ਪਰਵਾਨਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਸਪੱਸ਼ਟ ਲਿਖਿਆ ਹੈ ਕਿ ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਸਿੰਘ ਜੀ ਦੀਆਂ ਰਚਨਾਵਾਂ ਕੇਵਲ ਪਰਮਾਣ ਰੂਪ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ, ਭਾਵ ਗੁਰਬਾਣੀ ਦੇ ਕਿਸੇ ਪੱਖ ਦੀ ਵਿਆਖਿਆ ਕਰਨ ਵਾਸਤੇ। ਫਿਰ ਮੂਲ ਰੂਪ ਵਿੱਚ ਇਸ ਦਾ ਕੀਰਤਨ ਕਿਉਂ ਕੀਤਾ ਜਾਂਦਾ ਹੈ?

ਦੂਸਰਾ ਜੇ ਇਸ ਗੱਲ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਵੇ ਤਾਂ ਅਸੀਂ ਤਾਂ ਦੀਵਾਲੀ ਨਹੀਂ ਮਨਾ ਰਹੇ, ਬੰਦੀਛੋੜ ਦਿਵਸ ਮਨਾ ਰਹੇ ਹਾਂ ਫਿਰ ਇਹ ਪੰਕਤੀ ਬਾਰ-ਬਾਰ ਕਿਉਂ ਰਟੀ ਜਾਂਦੀ ਹੈ

ਆਓ ਜ਼ਰਾ ਹੁਣ ਇਸ ਪੂਰੀ ਪਉੜੀ ਨੂੰ ਵੀ ਵਿਚਾਰ ਲਈਏ:

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥ ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥  ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥  ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ
॥6॥

ਅਰਥ: ਇਸ ਪਉੜੀ ਦੀ ਪਹਿਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਸੰਸਾਰ ਵਿੱਚ ਚਲ ਰਹੀ ਰੀਤੀ ਦਾ ਵਰਨਣ ਕਰਦੇ ਹਨ ਕਿ ਹਿੰਦੂ ਸਮਾਜ ਦੇ ਲੋਕ ਦੀਵਾਲੀ ਵਾਲੀ ਰਾਤ ਨੂੰ ਘਰਾਂ ਵਿੱਚ ਦੀਵੇ ਬਾਲਦੇ ਹਨ, ਫਿਰ ਦੂਜੀ ਪੰਕਤੀ ਵਿੱਚ ਸਮਝਾਉਂਦੇ ਹਨ ਕਿ ਜਿਵੇਂ ਰਾਤ ਨੂੰ ਤਾਂ ਅਕਾਸ਼ ਵਿੱਚ ਵੱਡੇ ਛੋਟੇ ਤਾਰੇ ਚਮਕਦੇ ਨਜ਼ਰ ਆਉਂਦੇ ਹਨ ਪਰ ਦਿਨੇ ਖ਼ਤਮ ਹੋ ਜਾਂਦੇ ਹਨ ਬਿਲਕੁਲ ਉਂਝੇ ਹੀ ਇਹ ਦੀਵੇ ਵੀ ਕੁਝ ਦੇਰ ਬਾਅਦ ਬੁੱਝ ਜਾਂਦੇ ਹਨ।

ਦੂਜੇ ਪ੍ਰਮਾਣ ਵਿੱਚ ਭਾਈ ਸਾਹਿਬ ਫੁਲਾਂ ਦੇ ਬਾਗ ਦਾ ਪ੍ਰਮਾਣ ਦੇਂਦੇ ਸਮਝਾਉਂਦੇ ਹਨ ਕਿ ਬਾਗਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁਲ ਖਿੜਦੇ ਹਨ, ਪਰ ਉਨ੍ਹਾਂ ਦੇ ਖੇੜੇ ਵਿੱਚ ਹੀ ਆਉਣ ਤੋਂ ਕੁਝ ਦੇਰ ਬਾਅਦ ਹੀ ਮਾਲੀ ਉਨ੍ਹਾਂ ਨੂੰ ਤੋੜ ਲੈਂਦਾ ਹੈ।

ਤੀਸਰੇ ਪ੍ਰਮਾਣ ਵਿੱਚ ਦਸਦੇ ਹਨ ਕਿ ਅਸੀਂ ਅਕਸਰ ਵੇਖਦੇ ਹਾ ਕਿ ਯਾਤਰੀਆਂ ਦੇ ਟੋਲੇ ਤੀਰਥਾਂ ਤੇ ਜਾਂਦੇ ਹਨ ਤੇ ਫਿਰ ਤੀਰਥਾਂ ਤੋਂ ਵਾਪਸ ਮੁੜ ਆਉਂਦੇ ਹਨ।

ਚੌਥਾ ਪ੍ਰਮਾਣ ਭਾਈ ਸਾਹਿਬ ਨੇ ਹਰਚੰਦਉਰੀ ਦਾ ਦਿੱਤਾ ਹੈ ਜੋ ਕੁਝ ਦੇਰ ਨਜ਼ਰ ਆਉਣ ਤੋਂ ਬਾਅਦ ਛੇਤੀ ਹੀ ਅਲੋਪ ਹੋ ਜਾਂਦੀ ਹੈ, ਇਹ ਉਂਝ ਹੀ ਹੈ ਜਿਵੇਂ ਕੋਈ ਨਗਰ ਵਸ ਕੇ ਥੋੜ੍ਹੀ ਦੇਰ ਵਿੱਚ ਹੀ ਉਜੜ ਗਿਆ ਹੋਵੇ।

ਭਾਈ ਸਾਹਿਬ ਇਨ੍ਹਾਂ ਸਾਰੇ ਕਰਮਾਂ ਨੂੰ ਬੇਲੋੜਾ ਅਤੇ ਗੁਰਮਤਿ ਵਿਹੂਣਾ ਦਸ ਕੇ, ਇਨ੍ਹਾਂ ਸਾਰੇ ਭਰਮਾਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦੇਂਦੇ ਹੋਏ ਸਮਝਾਉਂਦੇ ਹਨ ਕਿ ਜੋ ਗੁਰਮੁਖ ਹਨ ਭਾਵ ਗੁਰੂ ਦੇ ਹੁਕਮ ਵਿੱਚ ਚਲਦੇ ਹਨ, ਉਹ ਐਸੇ ਫੋਕਟ ਕਰਮਾਂ ਦਾ ਤਿਆਗ ਕਰ ਕੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਅਤੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਸਦੈਵੀ ਗਿਆਨ ਚਾਨਣ ਨਾਲ ਰੁਸ਼ਨਾ ਲੈਂਦੇ ਹਨ।

ਅਸਲ ਵਿੱਚ ਇਸ ਉਨ੍ਹੀਵੀਂ ਪਉੜੀ ਦੀ ਇਸ ਛੇਵੀਂ ਪਉੜੀ ਨੂੰ ਸਮਝਣ ਲਈ ਨਾਲ ਸਤਵੀਂ ਪਉੜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਗੁਰਮੁਖ ਮਨ ਪਰਗਾਸ ਗੁਰੂ ਉਪਦੇਸਿਆ॥ ਪੇਈਅੜੈ ਘਰ ਵਾਸੁ ਮਿਟੇ ਅੰਦੇਸਿਆ॥
ਆਵਾ ਵਿਚ ਨਿਰਾਸ ਗਿਆਨ ਅਵੇਸਿਆ॥  ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥
ਗੁਰਮੁਖ ਦਾਸਨਿ ਦਾਸ ਮਤਿ ਪਰਵੇਸਿਆ॥  ਸਿਮਰਣ ਸਾਸ ਗਿਰਾਸ ਦੇਸ ਵਿਦੇਸਿਆ
॥7॥

ਗੁਰੂ ਉਪਦੇਸ਼ ਉਤੇ ਚਲਣ ਨਾਲ ਗੁਰਮੁਖਾਂ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਗਿਆਨ ਸਦਕਾ ਉਨ੍ਹਾਂ ਦੇ ਡਰ ਅਤੇ ਭਰਮ ਖ਼ਤਮ ਹੋ ਜਾਂਦੇ ਹਨ ਅਤੇ ਉਹ ਸਮਝ ਜਾਂਦੇ ਹਨ ਕਿ ਇਹ ਸੰਸਾਰ ਬਿਲਕੁਲ ਇੰਜ ਹੀ ਹੈ ਜਿਵੇਂ ਕੋਈ ਔਰਤ ਕੁਝ ਸਮੇਂ ਲਈ ਆਪਣੇ ਪੇਕੇ ਘਰ ਰਹਿਣ ਲਈ ਆਉਂਦੀ ਹੈ(ਪਰ ਉਸ ਨੂੰ ਪਤਾ ਹੈ ਕਿ ਕੁਝ ਸਮੇਂ ਬਾਅਦ ਉਸ ਨੇ ਸਹੁਰੇ ਭਾਵ ਆਪਣੇ ਘਰ ਵਾਪਸ ਜਾਣਾ ਹੈ)।

ਜਦੋਂ ਗਿਆਨ ਉਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਉਹ ਆਸਾ ਵਿੱਚ ਨਿਰਾਸ ਰਹਿੰਦੇ ਹਨ ਭਾਵ ਤ੍ਰਿਸ਼ਨਾ ਦੀ ਅਗਨ ਵਿੱਚ ਨਹੀਂ ਜਲਦੇ।

ਸਾਧ ਸੰਗਤ ਵਿੱਚ ਜਾਣ ਦਾ ਲਾਹਾ ਤਾਂ ਹੀ ਹੈ ਜੇ ਅਸੀਂ ਉਥੋਂ ਗੁਰੂ ਸਬਦ ਦਾ ਗਿਆਨ ਪ੍ਰਾਪਤ ਕਰ ਕੇ ਆਉਂਦੇ ਹਾਂ। ਮਤਿ ਵਿੱਚ ਗਿਆਨ ਦਾ ਪ੍ਰਵੇਸ਼ ਹੋਣ ਨਾਲ ਮਨ ਵਿੱਚ ਨਿਮਰਤਾ ਆਉਂਦੀ ਹੈ ਅਤੇ ਗੁਰਮੁਖਾਂ ਦੇ ਦਾਸਾਂ ਦੇ ਦਾਸ ਬਨਣਾ ਲੋਚਦੇ ਹਾਂ।

ਐਸੇ ਗੁਰਮੁਖ ਦੇਸ਼ ਜਾਂ ਵਿਦੇਸ਼ ਵਿੱਚ ਜਿਥੇ ਮਰਜ਼ੀ ਰਹਿਣ, ਅਕਾਲ ਪੁਰਖ ਹਰ ਵੇਲੇ ਉਨ੍ਹਾਂ ਦੇ ਮਨ ਵਿੱਚ ਵਸਿਆ ਰਹਿੰਦਾ ਹੈ। ਉਹ ਸਦਾ ਉਸ ਦੀ ਯਾਦ ਵਿੱਚ ਲੀਨ ਰਹਿੰਦੇ ਹਨ।

ਇਥੇ ਤਾਂ ਭਾਈ ਸਾਹਿਬ ਸਾਨੂੰ ਗੁਰਬਾਣੀ ਦਾ ਇਹ ਲਾਸਾਨੀ ਸਿਧਾਂਤ ਦ੍ਰਿੜ ਕਰਾ ਰਹੇ ਹਨ ਕਿ ਐਸੇ ਵਿਖਾਵੇ ਦੇ ਕਰਮ ਛੱਡ ਕੇ ਜੀਵਨ ਨੂੰ ਗੁਰਬਾਣੀ ਦੁਆਰਾ ਦਰਸਾਏ, ਗੁਰੂ ਉਪਦੇਸ਼ ਦੁਆਰਾ ਪ੍ਰਾਪਤ ਗਿਆਨ ਨਾਲ ਰੌਸ਼ਨਾਉਣਾ ਚਾਹੀਦਾ ਹੈ। ਫਿਰ ਅਸੀਂ ਹਰ ਸਾਲ ਇਹ ਦੀਵੇ ਲਾਈਟਾਂ ਆਦਿ ਬਾਲਣ ਦਾ ਵਿਖਾਵਾ ਕਿਉਂ ਕਰ ਰਹੇ ਹਾਂ?

ਇਤਨਾ ਹੀ ਨਹੀਂ ਹਰ ਸਾਲ ਆਤਸ਼ਬਾਜੀ ਉਤੇ ਲੱਖਾਂ ਰੁਪਏ ਬਰਬਾਦ ਕਰਨ ਤੋਂ ਇਲਾਵਾ ਕਰਤੇ ਦੀ ਕੁਦਰਤ ਵਿੱਚ ਇਤਨਾ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ। ਸਿੱਖ ਧਰਮ ਕੁਦਰਤ ਦਾ ਧਰਮ ਹੈ, ਕਿਉਂਕਿ ਕੁਦਰਤ ਵਿੱਚ ਅਕਾਲ-ਪੁਰਖ ਵਸਦਾ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:

ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥1॥ (ਸਲੋਕੁ ਮਃ 1, ਪੰਨਾ 469)

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ।

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥”(ਮਃ 1, ਪੰਨਾ 464)

(ਹੇ ਪ੍ਰਭੂ !) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ । ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।

ਸਿੱਖ ਨੂੰ ਤਾਂ ਅਕਾਲ-ਪੁਰਖ ਦੀ ਸਾਜੀ ਇਸ ਕੁਦਰਤ ਵਿੱਚ ਪ੍ਰਦੂਸ਼ਨ ਫੈਲਾਉਣ ਦਾ ਸੋਚਣਾ ਵੀ ਨਹੀਂ ਚਾਹੀਦਾ।

ਬੇਸ਼ਕ ਇਹ ਗੱਲ ਕੁਝ ਸ਼ਲਾਘਾਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇਹ ਆਤਿਸ਼ਬਾਜੀ ਦਾ ਸਮਾਂ ਘਟਾ ਕੇ ਅੱਧੇ ਘੰਟੇ ਤੋਂ ਦਸ ਮਿੰਟ ਕਰ ਦਿੱਤਾ ਗਿਆ ਹੈ ਪਰ ਗੈਰ ਸਿਧਾਂਤਕ ਕਰਮਾਂ ਤੋਂ ਪੂਰੀ ਤਰ੍ਹਾਂ ਹੀ ਛੁਟਕਾਰਾ ਪਾਉਣਾ ਜ਼ਰੂਰੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top