ਗੁਰੂ
ਨਾਨਕ ਦੇਵ ਜੀ ਦਾ ਅਵਤਾਰ ਪੁਰਬ ਨੇੜੇ ਆ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ
ਮੀਟਿੰਗ ਰੱਖੀ ਗਈ ਸੀ ਤਾਂ ਕਿ ਗੁਰਪੁਰਬ ਦੇ ਸਬੰਧ ਵਿਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰਾਂ
ਕੀਤੀਆਂ ਜਾ ਸਕਣ।
ਨਵੀਂ ਕਮੇਟੀ ਬਣੀ ਨੂੰ ਅਜੇ ਕੁਝ ਮਹੀਨੇ ਹੀ ਹੋਏ ਸਨ। ਮੁਹਿੰਦਰ ਸਿੰਘ ਉਂਜ
ਤਾਂ ਕਈ ਸਾਲਾਂ ਤੋਂ ਗੁਰਦੁਆਰੇ ਵਿਚ ਸੇਵਾ ਕਰਦਾ ਆ ਰਿਹਾ ਸੀ ਪਰ ਪ੍ਰਬੰਧਕ ਕਮੇਟੀ ਦਾ ਕਦੇ
ਮਂੈਬਰ ਨਹੀਂ ਸੀ ਬਣਿਆ, ਪਰ ਇਸ ਵਾਰੀ ਕੁਝ ਸੱਜਣਾਂ ਮਿੱਤਰਾਂ ਦੇ ਜ਼ੋਰ ਪਾਉਣ ‘ਤੇ ਉਸ ਨੇ ਵੀ
ਫਾਰਮ ਭਰ ਦਿਤਾ ਸੀ ਤੇ ਉਹ ਵੀ ਕਮੇਟੀ ਮੈਂਬਰ ਚੁਣਿਆ ਗਿਆ ਸੀ।
ਉਹ ਕਈ ਸਾਲਾਂ ਤੋਂ, ਵਿਸ਼ੇਸ਼ ਕਰ ਕੇ '84
ਦੇ ਘੱਲੂਘਾਰੇ ਤੋਂ ਬਾਅਦ, ਨੋਟ ਕਰਦਾ ਆ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ
‘ਤੇ ਨੌਜੁਆਨ ਬੱਚੇ ਬੱਚੀਆਂ ਬਹੁਤ ਹੁੰਮ-ਹੁੰਮਾ ਕੇ ਗੁਰਦੁਆਰੇ ਆਉਂਦੇ ਸਨ। ਸਟੇਜ ਤੋਂ ਕਥਾ
ਕੀਰਤਨ ਦਾ ਪ੍ਰੋਗਰਾਮ ਦਿੱਤਾ ਜਾਂਦਾ ਪਰ ਬੱਚੇ ਉੱਥੇ ਨਾ ਬਹਿੰਦੇ ਕਿਉਂਕਿ ਜੋ ਭਾਸ਼ਾ ਸਟੇਜ ਤੋਂ
ਬੋਲੀ ਜਾ ਰਹੀ ਹੁੰਦੀ, ਉਹ ਉਹਨਾਂ ਦੇ ਸਮਝ ਵਿਚ ਨਾ ਪੈਂਦੀ। ਉਹ ਮੱਥਾ ਟੇਕ ਕੇ ਬਾਹਰ ਕਾਰ ਪਾਰਕ
ਵਿਚ ਚਲੇ ਜਾਂਦੇ ਤੇ ਦੋਸਤਾਂ ਮਿੱਤਰਾਂ ਨਾਲ ਗੱਪ-ਸ਼ੱਪ ਮਾਰਦੇ ਤੇ ਆਤਿਸ਼ਬਾਜ਼ੀ ਚੱਲਣ ਦੀ ਉਡੀਕ ਕਰਨ
ਲਗਦੇ।
ਮੁਹਿੰਦਰ ਸਿੰਘ ਇਸ ਵਾਰੀ ਗੁਰਪੁਰਬ ‘ਤੇ ਇਹਨਾਂ ਬੱਚਿਆਂ ਲਈ ਕੁਝ ਉਚੇਚਾ
ਕਰਨਾ ਚਾਹੁੰਦਾ ਸੀ।ਉਹ ਚਾਹੁੰਦਾ ਸੀ ਕਿ ਕਿਸੇ ਚੰਗੇ ਪੜ੍ਹੇ ਲਿਖ਼ੇ ਗੁਰਸਿੱਖ ਬੁਲਾਰੇ ਨੂੰ ਸੱਦਿਆ
ਜਾਵੇ ਜੋ ਅੰਗਰੇਜ਼ੀ ਵਿਚ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਿਲਾਸਫ਼ੀ ਬਾਰੇ ਦੱਸੇ
ਤਾਂ ਕਿ ਬੱਚਿਆਂ ਦਾ ਵੀ ਗੁਰਦੁਆਰੇ ਆਉਣਾ ਸਫ਼ਲ ਹੋਵੇ। ਉਸਨੇ ਕਮੇਟੀ ਦੇ ਦੋ ਕੁ ਮੈਂਬਰਾਂ ਨਾਲ ਵੀ
ਗੱਲ ਕਰ ਲਈ ਸੀ ਜਿਨ੍ਹਾਂ ਨੇ ਮੀਟਿੰਗ ਵਿਚ ਉਸ ਦੀ ਗੱਲ ਦੀ ਪ੍ਰੋੜ੍ਹਤਾ ਕਰਨ ਦਾ ਵਾਅਦਾ ਕੀਤਾ।
ਪ੍ਰੋਗਰਾਮਾਂ ‘ਤੇ ਵਿਚਾਰ ਕਰਦਿਆਂ ਜਦ ਏਜੰਡੇ ਵਿਚ ਰਾਗੀ ਜਥੇ ਅਤੇ
ਪ੍ਰਚਾਰਕਾਂ ਦੀ ਗੱਲ ਆਈ ਤਾਂ ਮੁਹਿੰਦਰ ਸਿੰਘ ਨੇ ਪ੍ਰਧਾਨ ਤੋਂ ਸਮਾਂ ਲੈ ਕੇ ਚੰਗੀ ਤਰ੍ਹਾਂ
ਭੂਮਿਕਾ ਬੰਨ੍ਹ ਕੇ ਆਪਣੀ ਗੱਲ ਬਿਆਨ ਕੀਤੀ ਤੇ ਉਸ ਨੇ ਇਹ ਵੀ ਸੁਝਾਉ ਦਿਤਾ ਕਿ ਜੇ ਗੁਰਦੁਆਰਾ
ਸਾਹਿਬ ਵਲੋਂ ਅਜਿਹੇ ਬੁਲਾਰੇ ਨੂੰ ਕੁਝ ਮਾਇਆ ਵੀ ਦੇਣੀ ਪਵੇ ਤਾਂ ਦਿੱਤੀ ਜਾਣੀ ਚਾਹੀਦੀ ਹੈ।
ਮੁਹਿੰਦਰ ਸਿੰਘ ਨੇ ਅਜਿਹੇ ਕਿਸੇ ਬੁਲਾਰੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ।
ਗੱਲ ਅਜੇ ਉਹਦੇ ਮੂੰਹ ਵਿਚ ਹੀ ਸੀ ਕਿ ਉਸ ਦੇ ਸਾਹਮਣੇ ਬੈਠਾ ਇਕ ਕਮੇਟੀ
ਮੈਂਬਰ, ਜਿਸ ਦੇ ਸਾਰੇ ਕੋੜਮੇ ਨੇ ਹੀ ਕਈ ਸਾਲਾਂ ਤੋਂ ਗੁਰਦੁਆਰੇ ਉੱਪਰ ਕਬਜ਼ਾ ਕੀਤਾ ਹੋਇਆ ਸੀ,
ਇਉਂ ਟੱਪਿਆ ਜਿਵੇਂ ਉਹਦਾ ਹੱਥ ਬਿਜਲੀ ਦੀ ਨੰਗੀ ਤਾਰ ਨੂੰ ਲੱਗ ਗਿਆ ਹੋਵੇ ਤੇ ਉਹ ਮਹਿੰਦਰ ਸਿੰਘ
ਨੂੰ ਘੂਰਦਾ ਹੋਇਆ ਬੋਲਿਆ, "ਮਿੰਧਰ
ਸਿਆਂ, ਕਦੇ ਵੀ ਅਕਲ ਦੀ ਗੱਲ ਵੀ ਕਰ ਲਿਆ ਕਰ। ਚਾਰ ਜਮਾਤਾਂ ਪੜ੍ਹ ਕੇ ਤੈਂ ਖੂਹ ‘ਚ ਪਾ ‘ਤੀਆਂ।
ਬਥੇਰੀਆਂ ਗਰੇਜੀਆਂ ਸਾਡੇ ਨਿਆਣੇ ਸਿੱਖਦੇ ਆ ਸਕੂਲਾਂ ‘ਚ। ਨਿਆਣਿਆਂ ਨੇ ਪਟਾਕੇ ਚਲਦੇ ਦੇਖਣ ਆਉਣਾ,
ਤੇਰੀਆਂ ਗਰੇਜੀਆਂ ਸੁਣਨ ਨਈਂ ਆਉਣਾ। ਮੈਂ ਨਈਂ ਏਸ ਗੱਲ ਦੇ ਹੱਕ
‘ਚ। ਮੈਂ ਤਾਂ ਕਹੂੰਗਾ ਪਈ ਜਿਹੜੇ ਪੈਸੇ ਕਿਸੇ ਗਰੇਜੀ ਬੋਲਣ ਵਾਲੇ ਨੂੰ ਦੇਣੇ ਆਂ, ਉਹਨਾਂ ਪੈਸਿਆਂ
ਦੇ ਪਟਾਕੇ ਹੋਰ ਲਿਆਉ। ਪ੍ਰਧਾਨ ਸਾਬ੍ਹ, ਪਿਛਲੇ ਸਾਲ ਆਪਾਂ ਪੰਜ
ਸੌ ਦੇ ਲਿਆਂਦੇ ਸੀ ਐਤਕੀਂ ਛੇ ਸੌ ਦੇ ਲਿਆਉ। ਨਿਆਣਿਆਂ ਨੂੰ ਖ਼ੁਸ਼ ਕਰ ਦਿਉ ਇਕ ਵਾਰੀ।"
ਮੁਹਿੰਦਰ ਸਿੰਘ ਨੇ ਆਲੇ ਦੁਆਲੇ ਨਿਗਾਹ ਮਾਰੀ ਕੋਈ ਵੀ ਉਹਦੇ ਹੱਕ ਵਿਚ ਨਹੀਂ
ਸੀ ਬੋਲ ਰਿਹਾ। ਜਿਹੜੇ ਦੋ ਮੈਂਬਰ ਬਾਹਰ ਉਹਦੇ ਨਾਲ ਸਹਿਮਤੀ ਪ੍ਰਗਟ ਕਰ ਕੇ ਆਏ ਸਨ, ਉਹ ਵੀ ਹੁਣ
ਨੀਵੀਆਂ ਪਾਈ ਬੈਠੇ ਸਨ।
ਪਟਾਕਿਆਂ ਦਾ ਬਜਟ ਪੰਜ ਸੌ ਦੀ ਬਜਾਇ ਛੇ ਸੌ ਦਾ ਪਾਸ ਹੋ ਗਿਆ ਸੀ।