ਗਿਆਨੀ
ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਹਿਬ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਜਥੇਦਾਰ ਸਾਹਿਬ ਜੀ ਇਹ ਖ਼ਾਲਸਾ ਨਿਊਜ ਵਾਲੇ ਤਾਂ ਪ੍ਰੋ:
ਦਰਸ਼ਨ ਸਿੰਘ ਦੇ ਬੰਦੇ ਲਗਦੇ ਨੇ, ਇਸ ਲਈ ਇਨ੍ਹਾਂ ਨੇ ਤਾਂ ਰੌਲਾ
ਪਾਉਂਦੇ ਹੀ ਰਹਿਣਾ ਹੈ। ਪਰ ਮੈਨੂੰ ਤਾਂ ਪੂਰਾ ਯਕੀਨ ਹੈ ਕਿ ਤੁਸੀਂ ਦਮਦਮੀ ਟਕਸਾਲ ਨੂੰ ਦੋਸ਼ੀ
ਬਿਲਕੁਲ ਨਹੀਂ ਠਹਿਰਾ ਸਕਦੇ, ਇਸ ਲਈ ਮੈਂ ਤੁਹਾਡੇ ਕੋਲ ਅਜੇਹੀ
ਕੋਈ ਸ਼ਕਾਇਤ ਲੈ ਕੇ ਬਿਲਕੁਲ ਨਹੀਂ ਆਵਾਂਗਾ। ਪਰ ਆਪ ਜੀ ਨੂੰ ਇਕ ਬੇਨਤੀ ਜਰੂਰ ਕਰਨੀ ਚਾਹਾਂਗਾ,
ਕਿ ਜੇ ਤੁਸੀਂ ਮੇਰੇ ਵੱਲੋਂ ਚਿਤਵਿਆ ਹੇਠ ਲਿਖਿਆ ਫੈਸਲਾ ਹੀ ਕਰਨਾ ਹੈ,
ਤਾਂ ਜਲਦੀ ਇਹ ਫੈਸਲਾ ਸੁਣਾ ਕੇ ਵਿਵਾਦ ਠੱਪ ਕਰ ਦਿੱਤਾ ਜਾਵੇ,
ਨਹੀਂ ਤਾਂ ਤੁਹਾਡੇ ਅਨੁਸਾਰ ਇਨ੍ਹਾਂ ਸ਼ਰਾਰਤੀ ਲੋਕਾਂ ਨੇ ਰੌਲਾ ਪਾ ਕੇ ਇਸ ਮਾਮੂਲੀ ਜਿਹੀ ਛੇੜ
ਛਾੜ ਨੂੰ ਵਿਵਾਦਾਂ ਵਿੱਚ ਅਜਿਹਾ ਉਲਝਾ ਦੇਣਾ ਹੈ, ਕਿ ਪਹਿਲਾਂ
ਤੋਂ ਹੀ ਚਿਰਾਂ ਤੋਂ ਅਣਸੁਲਝੇ ਲਟਕ ਰਹੇ ਵਿਵਾਦਾਂ ਵਿੱਚ ਇੱਕ ਹੋਰ ਵਾਧਾ ਕਰ ਦੇਣਾ ਹੈ ਜੀ।
ਜਥੇਦਾਰ ਸਾਹਿਬ ਜੀ ਜੇ ਤੁਸੀਂ ਪਹਿਲਾਂ ਤੋਂ ਲਟਕ ਰਹੇ
ਵਿਵਾਦਾਂ ਨੂੰ ਨਹੀਂ ਸੁਲਝਾ ਸਕਦੇ, ਤਾਂ ਇੱਕ ਹੋਰ ਵਿਵਾਦ ਪੈਦਾ
ਹੋਣ ਤੋਂ ਤਾਂ ਰੋਕ ਹੀ ਸਕਦੇ ਹੋ! ਪਰ ਇਹ ਖ਼ਿਆਲ ਰੱਖਣਾ ਕਿ ਜੇ ਤੁਸੀਂ ਗਲਤੀ ਨਾਲ ਮੇਰੇ ਇਸ
ਗਲਤ ਸੁਝਾਉ ਨਾਲ ਸਹਿਮਤ ਹੋ ਗਏ ਤਾਂ ਬਹੁਤੇਰੇ ਵਿਦਵਾਨ ਬੈਠੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ
ਜੀ ਦੇ ਮੌਜੂਦਾ ਸਰੂਪ ਨੂੰ ਜਾਲ੍ਹੀ, ਨਕਲੀ ਸਿੱਧ ਕਰਨ 'ਤੇ ਲੱਗੇ ਹੋਏ ਹਨ,
ਤੁਸੀਂ ਉਨ੍ਹਾਂ ਦਾ ਰਾਹ ਸੁਖਾਲਾ ਜਰੂਰ ਕਰ ਦੇਵੋਗੇ ਜੀ। ਜੋ ਵੀ ਫੈਸਲਾ ਸਰਬ ਉਚ ਸ਼੍ਰੀ ਅਕਾਲ
ਤਖ਼ਤ ਸਾਹਿਬ 'ਤੇ ਬੈਠ ਕੇ ਆਪ ਜੀ ਕਰੋਗੇ ਮੈਂ ਸਿਰ ਨਿਵਾ ਕੇ ਮੰਨਣ ਦਾ ਪਾਬੰਦ ਹਾਂ ਜੀ।
ਆਪ ਜੀ ਦੀ ਸਹੂਲਤ ਲਈ ਮੇਰੇ ਵੱਲੋਂ ਸੁਝਾਇਆ ਗਿਆ ਆਦੇਸ਼ਨਾਮਾ
ਹੇਠ ਲਿਖੇ ਅਨੁਸਾਰ ਹੈ ਜੀ।
"ਪੰਜ ਸਿੰਘ ਸਾਹਿਬਾਨ ਨੇ
ਦੀਰਘ ਵੀਚਾਰ ਕੀਤੀ ਤੇ ਇਸ ਫੈਸਲੇ 'ਤੇ ਪਹੁੰਚੇ ਕਿ ਦਮਦਮੀ ਟਕਸਾਲ ਵੱਲੋਂ ਛਾਪਿਆ ਜਾ ਰਿਹਾ
ਸਰੂਪ ਗੁਰੂ ਭਾਵਨਾ ਅਨੁਸਾਰ ਬਿਲਕੁਲ ਠੀਕ ਹੈ। ਗੁਰੂ ਅਰਜੁਨ ਸਾਹਿਬ ਜੀ ਵੱਲੋਂ ਭਾਈ ਗੁਰਦਾਸ
ਜੀ ਦੇ ਹੱਥੋਂ ਲਿਖਈ ਬੀੜ ਜਿਸ ਨੂੰ ਕਰਤਾਰੀ ਬੀੜ ਕਿਹਾ ਜਾਂਦਾ ਹੈ ਅਤੇ ਦਸਮ ਪਾਤਸ਼ਾਹ ਗੁਰੂ
ਗੋਬਿੰਦ ਸਿੰਘ ਜੀ ਵੱਲੋਂ ਭਾਈ ਮਨੀ ਸਿੰਘ ਜੀ ਦੇ ਹੱਥੋਂ ਲਿਖਾਈ ਬੀੜ ਜਿਸ ਨੂੰ ਦਮਦਮੀ ਬੀੜ
ਕਿਹਾ ਜਾਂਦਾ ਹੈ, ਉਹ ਦੋਵੇਂ ਹੀ ਜੰਗਾਂ ਯੁੱਧਾਂ ਦੌਰਾਨ
ਨਸ਼ਟ ਹੋ ਗਈਆਂ ਸਨ। ਇਨ੍ਹਾਂ ਪਾਵਨ ਬੀੜਾਂ ਦਾ ਹੱਥ ਲਿਖਤ ਉਤਾਰਾ ਕਰਦੇ ਸਮੇਂ ਕਿਸੇ ਲਿਖਾਰੀ
ਤੋਂ ਜਪੁ ਦੇ ਅਗਲੇ ਪਾਸੇ ਦੋ ਡੰਡੀਆਂ ਗਲਤੀ ਨਾਲ ਫਾਲਤੂ ਲੱਗ ਗਈਆਂ ਸਨ। ਅੱਗੇ ਅੱਗੇ ਉਤਾਰੇ
ਹੋਣ ਸਮੇਂ ਇਹ ਗਲਤੀ ਅਗੇ ਚਲਦੀ ਰਹੀ ਜਿਸ ਤੋਂ ਵੇਖ ਹੀ ਸ਼੍ਰੋ ਗੁ ਪ੍ਰ ਕਮੇਟੀ ਨੇ ਗੁਰੂ
ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਛਾਪ ਦਿੱਤੇ। ਪੰਜ ਸਿੰਘ ਸਾਹਿਬਾਨ ਸ਼੍ਰੋਮਣੀ ਕਮੇਟੀ
ਨੂੰ ਇਹ ਹਦਾਇਤ ਕਰਦੇ ਹਨ ਕਿ ਅੱਗੇ ਤੋਂ ਸਰੂਪ ਛਾਪਣ ਸਮੇਂ ਇਸ ਗਲਤੀ ਦਾ ਸੁਧਾਰ ਕਰਦੇ ਹੋਏ
ਜਪੁ ਦੇ ਅੱਗੋਂ ਦੋ ਡੰਡੀਆਂ ਕੱਟ ਕੇ ਇਸ ਨੂੰ ਥੋਹੜਾ ਉਪਰ ਕਰਕੇ ਗੁਰ ਪ੍ਰਸਾਦਿ ਦੇ ਨਾਲ ਹੀ
ਛਾਪ ਦਿੱਤਾ ਜਾਵੇ ਤਾਂ ਕਿ ਕਿਸੇ ਨੂੰ ਅੱਗੇ ਤੋਂ ਮੂਲੰਤਰ ਦੇ ਸਰੂਪ ਸਬੰਧੀ ਕੋਈ ਭੁਲੇਖਾ ਨਾ
ਰਵ੍ਹੇ। "
ਸ਼੍ਰੋਮਣੀ ਕਮੇਟੀ ਲਈ ਪੰਜ ਸਿੰਘ ਸਾਹਿਬਾਨ ਦਾ ਆਦੇਸ਼ ਇਲਾਹੀ
ਹੁਕਮ ਹੋਵੇਗਾ ਤੇ ਉਸ ਨੇ ਤਤਕਾਲ ਹੀ ਇਸ 'ਤੇ ਕਾਰਵਾਈ ਕਰ ਦੇਣੀ ਹੈ। ਬੱਸ ਫਿਰ ਕੀ ਹੈ 'ਜਬ
ਮੀਆਂ ਬੀਵੀ ਰਾਜੀ ਤੋ ਕਿਆ ਕਰੇਗਾ ਕਾਜੀ।'
ਪੰਥ ਦਾ ਇਕ ਨਿਮਾਣਾ ਜਿਹਾ ਸਿੱਖ
ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭
ਉਪ੍ਰੋਕਤ ਦਾ ਉਤਾਰਾ ਹੇਠ ਲਿਖਿਆਂ ਨੂੰ ਈ-ਮੇਲ ਰਾਹੀਂ ਸੂਚਨਾ ਹਿਤ ਭੇਜ ਕੇ
ਬੇਨਤੀ ਕੀਤੀ ਜਾਂਦੀ ਹੈ, ਕਿ ਛਪਾਈ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਕਿਸੇ ਛੇੜ ਛਾੜ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਵੇ ਤੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ
ਕੇ ਇਸ ਦਾ ਹੱਲ ਲੱਭਣ ਲਈ ਸਹਾਈ ਹੋਇਆ ਜਾਵੇ ਜੀ।
੧- ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ
੨- ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ
੩- ਚੋਣਵੇਂ ਸਿੱਖ ਵਿਦਵਾਨ / ਪ੍ਰਚਾਰਕ ਅਤੇ ਜਥੇਬੰਦੀਆਂ