Share on Facebook

Main News Page

 ਮੂੰਹ ਰੱਖੋ ਬੰਦ ਜੀ
-
ਨਿਰਮਲ ਸਿੰਘ ਕੰਧਾਲਵੀ

ਸਾਡੇ ‘ਤੇ ਵੀ ਮੇਹਰ ਹੋਈ, ਓਸ ਸੱਚੇ ਪਾਤਸ਼ਾਹ ਦੀ,
ਜਿੱਤ ਲਈ ਅਖ਼ੀਰ ਅਸੀਂ, ਚੋਣਾਂ ਵਾਲੀ ਜੰਗ ਜੀ।
ਚਿਰਾਂ ਦੀ ਉਡੀਕ ਸਾਡੀ, ਪੂਰੀ ਹੋਈ ਹੁਣ ਆਕੇ,
ਪਿੱਟਿਆ ਹੈ ਕਈ ਸਾਲ, ਬੜਾ ਅਸੀਂ ਧੰਦ ਜੀ।
ਸਾਨੂੰ ਕਈਆਂ ਵੋਟਰਾਂ ਨੇ, ਬੜਾ ਹੈ ਖ਼ਰਾਬ ਕੀਤਾ,
ਥੱਕ ਗਿਆ ਮੂੰਹ ਸਾਡਾ, ਵੋਟਾਂ ਮੰਗ ਮੰਗ ਜੀ।
ਕਰਾਂਗੇ ਤਰੀਕੇ ਨਾਲ, ਸਿੱਧੇ ਕਦੇ ਏਨ੍ਹਾਂ ਨੂੰ ਵੀ,
ਚੰਗੀ ਤਰ੍ਹਾਂ ਪੈਰ ਪਹਿਲਾਂ, ਲਈਏ ਜ਼ਰਾ ਬੰਨ੍ਹ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਪੱਤੀ ਵਾਲਾ ਦੁੱਧ, ਲੌਂਗ ਲੈਚੀ ਵਾਲੀ ਚਾਹ ਛਕੋ,
ਲੱਡੂ ਤੇ ਜਲੇਬੀ, ਨਾਲ ਖਾਉ ਕਲਾਕੰਦ ਜੀ।
ਮੱਠੀਆਂ, ਸਮੋਸੇ ਤੇ ਪਕੌੜੇ ਨਾਲ ਚਟਣੀ ਦੇ,
ਖਾਣ ਪੀਣ ਵਿਚ ਕੋਈ, ਰੱਖਿਉ ਨਾ ਸੰਗ ਜੀ।
ਐਪਲ, ਔਰੰਜ ਚਾਹੇ, ਛਕੋ ਜੀ ਬਨਾਨੇ ਤੁਸੀਂ,
ਖਾਉ ਖ਼ਰਬੂਜ਼ੇ, ਛਕੋ ਮਿੱਠੇ ਮਿੱਠੇ ਅੰਬ ਜੀ।
ਖਾਣ ਪੀਣ ਵਿਚ ਕੋਈ, ਕਮੀ ਜੇ ਨਜ਼ਰ ਆਵੇ,
ਸੰਗਣਾ ਨਈਂ ਮੂਲ਼ੇ, ਸਾਨੂੰ ਦੱਸਿਉ ਨਿਸ਼ੰਗ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਸੇਵੀਆਂ ਤੇ ਖੀਰ, ਖਾਉ ਜ਼ਰਦਾ ਪਲਾਉ ਤੁਸੀਂ,
ਕੀ ਕਿਹੈ ਮਿੱਠਾ ਥੋੜ੍ਹੈ? ਬਈ ਪਾ ਲਉ ਹੋਰ ਖੰਡ ਜੀ।
ਪੰਜ ਪ੍ਰਕਾਰ ਦੇ ਪਰੌਂਠੇ, ਪੱਕਦੇ ਨੇ ਪਹੁ-ਫ਼ੁਟਾਲੇ,
ਰੱਜ ਰੱਜ ਖਾਉ ਏਥੇ, ਨਾਲ਼ ਲੈ ਕੇ ਜਾਉ ਲੰਚ ਜੀ,
ਅੱਧੀ ਰਾਤੀਂ ਕੰਮ ਛੱਡ, ਰੋਟੀ ਖਾਵੋ ਏਥੇ ਆਕੇ,
ਟੱਬਰ ਨੂੰ ਘਰ ਜਾ ਕੇ, ਕਰਨਾ ਨਈਂ ਤੰਗ ਜੀ।
ਰੱਖਣਾ ਇਹ ਯਾਦ, ਚਾਹਟਾ ਵੀ ਛਕਾਂਵਦੇ ਆਂ,
ਕਮੇਟੀ ਦੇ ਖਿਲਾਫ਼ ਕਦੇ, ਪਾੜਿਆ ਜੇ ਸੰਘ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਟੀਂਡੇ ਤੇ ਕਰੇਲੇ ਨਾਲ, ਦਾਲ ਮਾਂਹਾਂ ਮੋਠਾਂ ਦੀ,
ਤੜਕਾ ਲਗਾਈਏ ਅਸੀਂ, ਬੜਾ ਸਰਬੰਗ ਜੀ।
ਸਾਗ ਨਾਲ ਢੋਡੇ, ਉੱਤੇ ਮੱਖਣ ਤੇ ਮਿਰਚ ਹਰੀ,
ਘਿਉ ਬਿਨਾਂ ਸਾਗ, ਕਿਤੇ ਬੰਨ੍ਹਦਾ ਏ ਰੰਗ ਜੀ?
ਬਰੈੱਡ ਖਾਉ ਗਾਰਲਿਕ, ਬੀਨਜ਼ਾਂ ਨਾ’ ਪੀਜ਼ਾ ਛਕੋ,
ਪੇਟ ਦੀ ਨਾ ਕਰੋ ਚਿੰਤਾ, ਖ਼ੂਬ ਲਾਹੋ ਡੰਝ ਜੀ,
ਖਾਣ ਪੀਣ ਨਾਲੋਂ ਭਾਈ, ਕੰਮ ਕਿਹੜਾ ਹੋਰ ਚੰਗਾ?
ਜਿਹੜੀ ਸ਼ੈਅ ਨੂੰ ਚਿੱਤ ਕਰੇ, ਆਪੇ ਲਇਉ ਮੰਗ ਜੀ।
ਲਾਵਾਂਗੇ ਬਈ ਐਸਾ ਸੋਧਾ, ਯਾਦ ਕਰੂ ਇਕ ਵਾਰੀ,
ਜਿਹੜਾ ਕੋਈ ਪਾਊ, ਸਾਡੇ ਰੰਗ ਵਿਚ ਭੰਗ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬੱਸ ਮੂੰਹ ਰੱਖੋ ਬੰਦ ਜੀ।

ਕਮਰਾ ਤੁਹਾਡੇ ਲਈ, ਬਾਬਿਉ ਹੈ ਖੋਲ੍ਹ ਦਿੱਤਾ,
ਖੋਲ੍ਹੋ ਇਕ ਦੂਜੇ ਨਾਲ, ਦਿਲਾਂ ਵਾਲੀ ਗੰਢ ਜੀ।
ਟੈਲੀ ਦੇਖੋ ਤਾਸ਼ ਖੇਡੋ, ਵੀਡੀਉ ‘ਤੇ ਮੂਵੀ ਲਾਉ,
ਸੁਣੋ ਤੇ ਸੁਣਾਉ, ਬਾਲ੍ਹੋ ਮਾਹੀਏ ਵਾਲੇ ਛੰਦ ਜੀ।
ਪੜ੍ਹੋ ਪੇਪਰ ਪੰਜਾਬੀ, ਚਾਹੇ ਹੋਣ ਅੰਗਰੇਜ਼ੀ,
ਭਾਵੇਂ ਮੰਗਵਾਉ ਤੁਸੀਂ, ਉਰਦੂ ਦਾ ਜੰਗ ਜੀ।
ਕਮੇਟੀ ਦੇ ਖਿਲਾਫ਼ ਕਦੇ, ਕੀਤੀ ਕੋਈ ਚੂੰ ਪੀਂ,
ਕਰ ਦਿਆਂਗੇ ਸਭ ਕੁਝ, ਰਾਤੋ ਰਾਤ ਬੰਦ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

‘ਖੰਡ ਪਾਠ ਰਖਵਾਉ, ਭਾਵੇਂ ਸੰਪਟ ਲੁਆਉ ਤੁਸੀਂ,
ਲੰਗਰ ਲੁਆਉ ਤੁਸੀਂ, ਭਾਵੇਂ ਤਿੰਨੇ ਡੰਗ ਜੀ।
ਸਾਡੀ ਮਰਯਾਦਾ ਹੋਊ, ਮਰਜ਼ੀ ਵੀ ਸਾਡੀ ਚੱਲੂ,
ਤੁਸੀਂ ਨਹੀਂ ਅੜਾਉਣੀ, ਕਿਸੇ ਗੱਲ ਵਿਚ ਟੰਗ ਜੀ।
ਕੁੱਤੇ ਵਾਲਾ ਪੱਬ, ਮੈਂ ਚਲਾਇਆ ਪੂਰੇ ਬਾਈ ਸਾਲ,
ਸਿੱਖਿਆ ਮੈਂ ਉਥੋਂ, ਹੈ ਚਲਾਉਣਾ ਪਰਬੰਧ ਜੀ।
ਚੁੱਪ ਵੀ ਕਰਾਉਣਾ ਅਸੀਂ, ਚੰਗੀ ਤਰ੍ਹਾਂ ਜਾਣਨੇ ਆਂ,
ਪਾਉਂਗੇ ਜੇ ਬਹੁਤੀ ਤੁਸੀਂ, ਆ ਕੇ ਏਥੇ ਡੰਡ ਜੀ,
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਰਹਿੰਦਾ ਏ ਧਿਆਨ ਸਾਡਾ, ਗੋਲਕ ‘ਚ ਹਰ ਵੇਲੇ,
ਪਿੰਜਰੇ ‘ਚ ਹੁੰਦਾ ਜਿਵੇਂ, ਤੋਤਾ ਕੋਈ ਬੰਦ ਜੀ।
ਦੀਵੇ ਨਾਲ ਭਾਲ ਕੇ, ਖਜਾਨਚੀ ਬਣਾਇਆ ਅਸੀਂ,
ਗੁਰੂ ਦੀਆਂ ਗੋਲਕਾਂ ਦੇ, ਉਹਨੇ ਚਾੜ੍ਹੇ ਬੜੇ ਚੰਦ ਜੀ।
ਗਿਣੀਆਂ ਨੇ ਬੋਤਲਾਂ, ਤੇ ਡੱਬੀਆਂ ਉਮਰ ਸਾਰੀ,
ਕੀਤੀ ਇਹਨੇ ਬੁੱਧੀ ਉਥੋਂ, ਬੜੀ ਪ੍ਰਚੰਡ ਜੀ।
ਹਿਸਾਬ ਤੇ ਕਿਤਾਬ , ਖ਼ੂਬ ਜਾਣਦੇ ਆਂ ਰੱਖਣਾ,
ਪੁੱਛਣਾ ਨਈਂ ਸਾਨੂੰ ਕੁਛ, ਕਰਨਾ ਨਈਂ ਤੰਗ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਗੱਭਰੂ ਛਬੀਲਾ ਬਾਬਾ, ਮੁੱਛਾਂ ਜੋ ਮਰੋੜਦਾ ਏ,
ਸੱਦਣਾ ਏ ਉਹਨੂੰ ਅਸੀਂ, ਕਰਾਉਣੇ ਸਤਿਸੰਗ ਜੀ।
ਪਾਪਾਂ ਨਾਲ ਡੁੱਬ ਚਲੀ, ਸਾਰੀ ਇੰਗਲੈਂਡ ਭਾਈ,
ਸਿਰਾਂ ਉਤੋਂ ਲਾਹੂ ਬਾਬਾ, ਪਾਪਾਂ ਵਾਲੀ ਪੰਡ ਜੀ।
ਕਰ ਲਈਏ ਬੁੱਕ ਛੇਤੀ, ਵੇਲਾ ਨਾ ਵਿਹਾ ਜਾਵੇ,
ਬਾਬਾ ਕਿਤੇ ਸਿੱਧਾ ਨਾ, ਕਨੇਡਾ ਜਾਵੇ ਲੰਘ ਜੀ।
ਅਗਲੀ ਹੀ ਵੀਕੇ ਅਸੀਂ, ਭੇਜਣੀ ਹੈ ਰਾਹਦਾਰੀ,
ਛੇਤੀ ਛੇਤੀ ਕਰੋ ਭਾਈ, ਤੁਸੀਂ ਕੱਢੋ ਦਸਵੰਧ ਜੀ।
ਮੰਦਾ ਚੰਗਾ ਬਾਬਿਆਂ ਨੂੰ, ਜਿਹੜਾ ਕੋਈ ਬੋਲਿਆ,
ਭੰਨ ਕੇ ਬੁਥਾੜ ਉਹਦਾ, ਅਸੀਂ ਤੋੜ ਦੇਣੇ ਦੰਦ ਜੀ।
ਬਾਬਾ ਜੀ ਦੇ ਨਾਲ ਵੀ ਨੇ, ਛੇ ਛੇ ਫੁੱਟੇ ਲੱਠ ਮਾਰ,
ਲਵੇ ਨਾ ਕੋਈ ਪੰਗਾ, ਨਾ ਅੜਾਵੇ ਕੋਈ ਟੰਗ ਜੀ,
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਫ਼ੈਸਲਾ ਹੈ ਕੀਤਾ ਅਸੀਂ, ਕੈਂਠਾ ਪਾਉਣਾ ਬਾਬਿਆਂ ਨੂੰ,
ਬਾਬੇ ਕਿਤੇ ਕਹਿਣ ਨਾ, ਵਲੈਤੀਏ ਨੇ ਨੰਗ ਜੀ।
ਬੇਨਤੀ ਉਚੇਚੀ ਮੇਰੀ, ਚਰਨਾਂ ‘ਚ ਬੀਬੀਆਂ ਦੇ,
ਮੋਹ ਛੱਡੋ ਗਹਿਣਿਆਂ ਦਾ, ਕਰੋ ਬਾਬੇ ਪਰਸੰਨ ਜੀ।
ਮੁੰਦੀਆਂ ਤੇ ਛਾਪਾਂ-ਛੱਲੇ, ਗਜਰੇ ਤੇ ਚੂੜੀਆਂ,
ਵਾਲੀਆਂ ਤੇ ਹਾਰ, ਕਾਂਟੇ, ਲਿਆਉ ਪਰੀਬੰਦ ਜੀ।
ਐਹੋ ਜਿਹੇ ਮੌਕੇ ਕਿਤੇ, ਕਰਮਾਂ ਦੇ ਨਾਲ ਆਉਂਦੇ,
ਟੁੱਟਦੀ ਐ ਕਦੇ ਕਦੇ, ਜਮਾਂ ਵਾਲੀ ਫੰਧ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

ਬਸ ਏਨੀ ਸੀ ਸਪੀਚ ਮੇਰੀ, ਏਨੀਆਂ ਕੁ ਗੱਲਾਂ ਸਨ,
ਸੁਣ ਲਿਐ ਤੁਸੀਂ ਸਾਰਾ, ਸਾਡਾ ਰੰਗ ਢੰਗ ਜੀ।
ਧੱਕੋ-ਮੁੱਕੀ ਵਾਲੇ ਪਾਏ, ਦੋ ਮੈਂਬਰ ਕਮੇਟੀ ਵਿਚ,
ਉਹ ਨਿੱਕੀ ਜਿਹੀ ਗੱਲ ਉੱਤੇ, ਦਿੰਦੇ ਬੰਦਾ ਫੰਡ ਜੀ।
ਦਖ਼ਲ-ਅੰਦਾਜ਼ੀ ਤੁਸੀਂ, ਕਰਿਉ ਨਾ ਮੂਲ ਭਾਈ,
ਕਾਹਨੂੰ ਐਵੇਂ ਚੁੱਕਣੀ, ਮੁਸੀਬਤਾਂ ਦੀ ਪੰਡ ਜੀ!
ਸੂਝਵਾਨ ਬੰਦੇ ਤਾਈਂ, ਹੁੰਦਾ ਏ ਇਸ਼ਾਰਾ ਬਹੁਤ,
ਮੂਰਖ ਲੁਹਾਉਂਦੇ ਰੋਜ਼, ਜਣੇ ਖਣੇ ਕੋਲੋਂ ਝੰਡ ਜੀ।
ਸਾਡੀ ਏ ਕਮੇਟੀ ਹੁਣ, ਮੈਂ ਆਂ ਪ੍ਰਧਾਨ ਏਥੇ,
ਖੰਘਣ ਨਈਂ ਦੇਣਾ ਅਸੀਂ, ਕੋਈ ਭਾਈਬੰਦ ਜੀ।
ਉਂਜ ਖਾਉ ਪੀਉ ਮੌਜ ਕਰੋ, ਰੱਜ ਰੱਜ ਗੱਫੇ ਲਾਉ,
ਸ਼ਰਤ ਐ ਏਨੀ ਸਾਡੀ, ਬਸ ਮੂੰਹ ਰੱਖੋ ਬੰਦ ਜੀ।

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top