Share on Facebook

Main News Page

ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ” ਸੱਚ ਛੁਪਾਇਆ ਨਹੀਂ, ਪ੍ਰਵਾਨ ਕੀਤਾ ਜਾਂਦਾ ਹੈ
-
ਮਨਜੀਤ ਸਿੰਘ ਖਾਲਸਾ, ਮੋਹਾਲੀ

ਤੱਤ ਪਰਿਵਾਰ ਕੋਲ ਇਤਨੇ ਲੰਬੇ ਚੌੜੇ ਅਤੇ ਬੇਲੋੜੇ ਲੇਖ ਲਿਖਣ ਲਈ ਤਾਂ ਖੁੱਲਾ ਸਮਾਂ ਹੈ, ਪਰ ਅੱਜ ਤੱਕ ਆਪਣੇ ਸੰਪਾਦਕੀ ਮੰਡਲ ਦੇ ਮੈਂਬਰਾਂ ਦਾ ਸਾਫ ਅਤੇ ਸਪਸ਼ਟ ਨਾਂ ਦਸਣ ਲਈ ਦੋ ਲਾਈਨਾਂ ਲਿਖਣ ਦਾ ਸਮਾਂ ਨਹੀਂ ਹੈ, ਇਸ ਵਿੱਚ ਪਰਿਵਾਰ ਦੀ ਕਿਹੜੀ ਪਾਰਦਰਸ਼ਤਾ ਹੈ? ਆਪਣੇ ਆਪ ਨੂੰ ਪਰਦੇ ਪਿੱਛੇ ਰੱਖਕੇ ਪਰਿਵਾਰ ਦੂਜਿਆਂ ਲਈ ਅਖੌਤੀ ਪਰਦਾਫਾਸ਼ ਲੇਖ ਲੜੀਆਂ ਲਿਖ ਰਿਹਾ ਹੈ। ਕੀ ਇਸ ਪਰਦਾਦਾਰੀ ਨੂੰ “ਨਿਰੋਲ ਨਾਨਕ ਫਲਸਫੇ ਦੀ ਰਾਹ ਤੇ” ਤੁਰਨਾ ਕਹਿੰਦੇ ਹਨ?

ਨਿਰੋਲ ਨਾਨਕ ਫਲਸਫੇ ਦੀ ਰਾਹ ‘ਤੇ ਸੱਚ ਛੁਪਾਇਆ ਨਹੀਂ, ਪ੍ਰਵਾਨ ਕੀਤਾ ਜਾਂਦਾ ਹੈ। ਕੀ ਸੰਵਾਦ ਵਿੱਚ ਪੰਥ ਦਰਦੀਆਂ ਲਈ ਮੱਕਾਰ, ਝੂਠੇ ਅਤੇ ਬੇਈਮਾਨ ਲਫਜ਼ ਵਰਤਣੇ ਹੀ ਪਰਿਵਾਰ ਲਈ ਨਿਮਰਤਾ ਹੈ? ਪਰਿਵਾਰ ਦੇ ਸਜਣੋਂ ਸਿਖ ਰਹਿਤ ਮਰਿਆਦਾ ਵਿੱਚ ਸੁਧਾਰ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰਣ ਦੀ ਕਿਰਪਾਲਤਾ ਕਰੋ।

  1. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੱਝ ਸਮੇਂ ਲਈ ਮੈਂ ਆਪ ਜੀ ਦਾ ਹਮਸਫਰ ਰਿਹਾ ਹਾਂ, ਉਸ ਸਫਰ ਦੌਰਾਨ ਆਪ ਜੀ ਨਾਲ ਹੁੰਦੇ ਵਿਚਾਰ ਵਟਾਦਰੇ ਤੋਂ ਆਪ ਜੀ ਦੇ ਮਨਸੂਬੇ ਸਮਝ ਆ ਜਾਣ ਤੋਂ ਬਾਅਦ ਪਰਿਵਾਰ ਨਾਲ ਸਾਥ ਨਹੀਂ ਨਿਭਾਅ ਸਕਿਆ। ਜੇਕਰ ਆਪ ਜੀ ਨੂੰ ਸਿੱਖ ਰਹਿਤ ਮਰਿਆਦਾ ਸਬੰਧੀ ਕੁੱਝ ਗੱਲਾਂ ਦੀ ਸਮਝ 25-30 ਸਾਲਾਂ ਬਾਦ ਆ ਸਕਦੀ ਹੈ, ਤਾਂ ਕੀ ਮੈਨੂੰ ਆਪ ਜੀ ਦੇ ਲੁੱਕਵੇਂ ਏਜੰਡੇ ਨੂੰ ਸਮਝਣ ਵਿੱਚ ਕੁੱਝ ਮਹੀਨਿਆਂ ਦਾ ਸਮਾਂ ਨਹੀਂ ਲੱਗ ਸਕਦਾ?

  2. ਪਰਿਵਾਰ ਉਨ੍ਹਾਂ ਸਜਣਾਂ ਤੇ ਕਿਉਂ ਪਰਦਾ ਪਾ ਰਿਹਾ ਹੈ? ਜਿਨ੍ਹਾਂ ਨੇ ਪਰਿਵਾਰ ਵਲੋਂ ਸੱਦੀਆਂ ਇੱਕਤਰਤਾਵਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬਾਨ ਅਤੇ ਹੋਰ ਸਿੱਖੀ ਅਸੂਲਾਂ ਵਿਰੁੱਧ ਰੱਜ ਕੇ ਜਹਿਰ ਉਗਲਿਆ, ਜਿਸ ਦੀ ਤਸਦੀਕ ਪਰਿਵਾਰ ਵਲੋਂ ਨਿਰਧਾਰਤ ਕੀਤੀ ਇੱਕਤਰਤਾ ਪ੍ਰਬੰਧਕ ਕਮੇਟੀ ਦੇ ਮੁੱਖ ਮੈਂਬਰਾਂ (ਅਮਰਜੀਤ ਸਿੰਘ ਜੀ ਚੰਦੀ, ਗੁਰਦੇਵ ਸਿੰਘ ਜੀ ਬਟਾਲਵੀ, ਇਕਵਾਕ ਸਿੰਘ ਜੀ ਪੱਟੀ ਅਤੇ ਪ੍ਰੋ. ਕਵੰਲਦੀਪ ਸਿੰਘ ਜੀ) ਨੇ ਕੀਤੀ ਹੈ। ਇਨ੍ਹਾਂ ਸਜਣਾਂ ਵਲੋਂ ਕੀਤੇ ਪਰਦਾਫਾਸ਼ ਨੂੰ ਪਰਿਵਾਰ ਲੇਖ ਲੜੀਆਂ ਲਿਖ-ਲਿਖ ਕੇ ਪਰਦੇ ਕਿਉਂ ਪਾ ਰਿਹਾ ਹੈ? ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਸੱਚ ਛੁਪਾਇਆ ਨਹੀਂ, ਪ੍ਰਵਾਨ ਕੀਤਾ ਜਾਂਦਾ ਹੈ।

  3. ਪਰਿਵਾਰ ਇਸ ਗੱਲ ਦਾ ਸਿੱਧਾ ਜਵਾਬ ਕਿਉਂ ਨਹੀਂ ਦਿੰਦਾ ਕਿ ਅਮਰਜੀਤ ਸਿੰਘ ਜੀ ਚੰਦੀ, ਗੁਰਦੇਵ ਸਿੰਘ ਜੀ ਬਟਾਲਵੀ, ਇਕਵਾਕ ਸਿੰਘ ਜੀ ਪੱਟੀ ਅਤੇ ਪ੍ਰੋ ਕਵੰਲਦੀਪ ਸਿੰਘ ਜੀ ਵਲੋਂ ਜਨਤੱਕ ਕੀਤੀਆਂ ਗੱਲਾਂ ਤੁਹਾਡੀ ਇੱਕਤਰਤਾ ਵਿੱਚ ਹੋਈਆਂ ਸੀ ਕਿ ਨਹੀਂ? ਜੇ ਕਰ ਨਹੀਂ ਹੋਈਆਂ ਤਾਂ ਪਰਿਵਾਰ ਆਪਣੀ ਨਿਰਪਖਤਾ ਦੀ ਦੁਹਾਈ ਦੇਣ ਨਾਲੋਂ ਇੱਕਤਰਤਾਵਾਂ ਦੀ ਸਾਰੀ ਦੀ ਸਾਰੀ ਵੀਡੀਉ ਜਨਤੱਕ ਕਿਉਂ ਨਹੀ ਕਰ ਦਿੰਦਾ? ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਸੱਚ ਛੁਪਾਇਆ ਨਹੀਂ, ਪ੍ਰਵਾਨ ਕੀਤਾ ਜਾਂਦਾ ਹੈ।

  4.  ਪਰਿਵਾਰ ਪੰਥ ਦਰਦੀਆਂ ਨੂੰ ਭਗੋੜਾ ਲਿਖਕੇ ਪੰਥ ਵਿੱਚ ਵਿਚਰ ਰਹੇ ਗੁਰੂ ਦੋਖੀਆਂ ਨੂੰ ਵਿਦਵਾਨਾਂ ਅਤੇ ਬੁਧੀਜੀਵੀਆਂ ਦੀ ਪਦਵੀ ਨਾਲ ਨਿਵਾਜ ਰਿਹਾ ਹੈ। ਪਰਿਵਾਰ ਦੀ ਇਸ ਹਰਕਤ ਤੋਂ ਪਰਿਵਾਰ ਵਲੋਂ ਅਲਾਪੇ ਜਾਂਦੇ ਨਿਸ਼ਕਾਮਤਾ ਅਤੇ ਸੁਹਿਰਦਤਾ ਦੇ ਰਾਗ ਦਾ ਪੁਰੀ ਤਰ੍ਹਾਂ ਪਰਦਾ ਫਾਸ਼ ਹੋ ਚੁੱਕਾ ਹੈ। ਜਿਸ ਤੋਂ ਪਰਿਵਾਰ ਬੁਖਲਾਹਟ ਵਿੱਚ ਆ ਚੁੱਕਾ ਹੈ ਅਤੇ ਉਨ੍ਹਾਂ ਸਵਾਲਾਂ ਦਾ ਜ਼ਵਾਬ ਨਾ ਦੇਕੇ ਬੇਲੋੜੇ ਲੇਖ ਲਿਖ ਕੇ ਆਪਣੀ ਨਿਮਰਤਾ ਅਤੇ ਨਿਸ਼ਕਾਮਤਾ ਦੀ ਦੁਹਾਈ ਦੇਈ ਜਾ ਰਿਹਾ ਹੈ। ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਸੱਚ ਛੁਪਦਾ ਨਹੀਂ, ਪ੍ਰਗਟ ਹੋ ਜਾਂਦਾ ਹੈ। ਸਵਾਲਾਂ ਨੂੰ ਇਕ ਵਾਰ ਦੁਬਾਰਾ ਦੁਹਰਾ ਰਿਹਾ ਹਾਂ ਜੀ:-

ੳ)  ਪਰਿਵਾਰ ਗੁਰੂ ਪਾਤਸ਼ਾਹਾਂ ਦੇ ਨਾਂਵਾਂ ਨਾਲ ‘ਗੁਰੂ’ ਪਦ ਦੀ ਵਰਤੋਂ ਕਰਨ ਦਾ ਵਿਰੋਧ ਕਰਦਾ ਹੈ।

ਅ) ਪਰਿਵਾਰ ਗੁਰੂਆਂ ਨੂੰ ਗੁਰੂ ਦੀ ਪਦਵੀ ਤੋਂ ਹਟਾਉਂਣ ਲਈ ਜਤਨਸ਼ੀਲ ਹੈ, ਇਸੇ ਮਨਸ਼ਾ ਅਧੀਨ ਪਰਿਵਾਰ ਨੇ ਆਪਣੀ ਰਹਿਤ ਮਰਿਆਦਾ ਵਿੱਚੋਂ ਗੁਰੂ ਸਾਹਿਬਾਨ ਦੇ ਨਾਂ ਕੱਢ ਦਿੱਤੇ ਹਨ।

ੲ) ਪਰਿਵਾਰ ਵਲੋਂ ਮੁੱਢਲੇ ਤੌਰ ਤੇ ਵਿਚਾਰ-ਚਰਚਾ ਲਈ ਚੁੱਣੇ ਗਏ ਸਜਣਾਂ ਵਿੱਚ ਕੁਝ ਉਹ ਲੋਕ ਵੀ ਸ਼ਾਮਿਲ ਕੀਤੇ ਜਾਂਦੇ ਹਨ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਾਰੇ ਸ਼ੰਕੇ ਖੜੇ ਕਰ ਰਹੇ ਹਨ।

ਸ) ਵੀਰ ਅਮਰਜੀਤ ਸਿੰਘ ਜੀ ਚੰਦੀ, ਗੁਰਦੇਵ ਸਿੰਘ ਜੀ ਬਟਾਲਵੀ, ਇਕਵਾਕ ਸਿੰਘ ਜੀ ਪੱਟੀ ਵਲੋਂ ਜਨੱਤਕ ਕੀਤੀਆਂ ਗਈਆਂ ਗੁਰੂ ਵਿਰੋਧੀ, ਲਗੱਭਗ ਸਾਰੀਆਂ ਗੱਲਾਂ ਪਿਛਲੀ ਇੱਕਤਰਤਾ ਵਿੱਚ ਵੀ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਪ੍ਰੋ. ਕਵਲਦੀਪ ਸਿੰਘ ਜੀ ਨੇ ਵੀ ਬੜੇ ਹੀ ਸਪਸ਼ਟ ਰੂਪ ਵਿੱਚ ਜਨਤੱਕ ਕੀਤਾ ਸੀ। ਫਿਰ ਕੀ ਕਾਰਣ ਹੈ ਕਿ ਐਸੀਆਂ ਗੁਰਮਤਿ ਵਿਰੋਧੀ ਗੱਲਾਂ ਕਰਣ ਵਾਲਿਆਂ ਨੂੰ ਦੁਬਾਰਾ, ਇੱਕਤਰਤਾ ਕਮੇਟੀ ਅਤੇ ਤੱਤ ਪਰਿਵਾਰ ਵਲੋਂ ਉਚੇਚਾ ਸੱਦਾ ਦਿੱਤਾ ਗਿਆ?

ਹ) ਗੁਰੂ ਵਿਰੋਧੀ ਲੋਕਾਂ ਨੂੰ ਸਿੱਖ ਕੌਮ ਦੇ ਵਡੇ ਵਿਦਵਾਨ ਦਸਦੇ ਹੋਏ ਉਨ੍ਹਾਂ ਦੇ ਫੋਟੋ ਤੱਕ ਵੈਬਸਾਈਟਾਂ ਤੇ ਛਾਪੇ ਗਏ। ਦੂਜੇ ਪਾਸੇ ਐਸੇ ਗੁਰਮਤਿ ਵਿਰੋਧੀ ਲੋਗਾਂ ਨਾਲ ਵਿਚਾਰਕ ਸ਼ਾਂਝ ਨਾ ਕਰਨ ਵਾਲੇ ਪੰਥ ਦਰਦੀਆਂ ਨੂੰ ਭਗੋੜਾ ਘੋਸ਼ਿਤ ਕਰਨ ਦਾ ਕਥਿੱਤ ਮੱਤਾ ਪਰਿਵਾਰ ਵਲੋਂ ਥਾਪੀ ਇਕੱਤਰਤਾ ਕਮੇਟੀ ਵਲੋਂ ਕਿਸ ਦਬਾਅ/ ਏਜੰਡੇ ਤਹਿਤ ਪਾਸ ਕੀਤਾ ਗਿਆ?

ਕ) ਪਰਿਵਾਰ ਦੀਆਂ ਅਜੇਹੀਆਂ ਹਰਕਤਾਂ ਤੋਂ ਇਹ ਸਿੱਧ ਹੁੰਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਵਿਰੁੱਧ ਸ਼ਾਜਿਸ਼ ਕਰਨ ਵਾਲੇ ਇਕੱਤਰਤਾ ਕਮੇਟੀ ਦੀ ਨਿਗਾਹ ਵਿੱਚ ਵੱਡੇ ਵਿਦਵਾਨ ਹਨ। ਆਪ ਜੀ ਦੀ ਇੱਕਤਰਤਾ ਕਮੇਟੀ ਅਤੇ ਤੱਤ ਪਰਿਵਾਰ ਦਾ ਐਸੇ ਅਖੌਤੀ ਲੋਗਾਂ ਨਾਲ ਵਿਸ਼ੇਸ਼ ਪਿਆਰ/ਲਗਾਵ ਹੈ? ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਸੱਚ ਛੁਪਦਾ ਨਹੀਂ, ਪ੍ਰਗਟ ਹੋ ਜਾਂਦਾ ਹੈ।

ਖ) ਕੀ ਪਰਿਵਾਰ ਵਲੋਂ ਥਾਪੀ ਇਕੱਤਰਤਾ ਕਮੇਟੀ ਕੇਵਲ ਉਨ੍ਹਾਂ ਲੋਗਾਂ ਵਿਰੁੱਧ ਹੀ ਮੱਤਾ ਪਾਸ ਕਰਨ ਲਈ ਉਤਾਵਲੀ ਸੀ ਜੋ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਕਿਸੇ ਵੀ ਤਰ੍ਹਾਂ ਠੇਸ ਨਹੀਂ ਸਨ ਪਹੁੱਚਣ ਦੇਣਾ ਚਾਹੁੰਦੇ। ਪਰ ਕਿਨ੍ਹਾਂ ਕਾਰਣਾਂ ਕਰਕੇ ਪਰਿਵਾਰ ਵਲੋਂ ਥਾਪੀ ਕਮੇਟੀ ਨੇ ਉਨ੍ਹਾਂ ਵਿਰੁੱਧ ਮੱਤਾ ਪਾਸ ਕਰਣ ਦੀ ਕਾਹਲ ਕੀਤੀ? ਅਤੇ ਐਸੇ ਲੋਗਾਂ ਦੀ ਪਹਿਚਾਨ ਨੂੰ ਛੁਪਾਉਣ ਲਈ ਅਸਲ ਮੁੱਦਿਆਂ ਤੋਂ ਪਾਠਕਾਂ ਦਾ ਧਿਆਨ ਕਿਉਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪਰਿਵਾਰ ਸਿੱਧੇ ਅਤੇ ਸਪਸ਼ਟ ਲਫਜ਼ਾਂ ਵਿੱਚ ਇਸ ਗੱਲ ਦਾ ਜਵਾਬ ਦੇਵੇ ਕਿ ਇੱਕਰਤਾਵਾਂ ਵਿੱਚ ਕੁੱਝ ਸਜਣਾਂ ਵਲੋਂ ਉਹ ਸਾਰੇ ਵਿਚਾਰ ਪੇਸ਼ ਕੀਤੇ ਗਏ ਜਾਂ ਨਹੀਂ ਜਿਨ੍ਹਾਂ ਦਾ ਪਰਦਾਫਾਸ਼ ਅਮਰਜੀਤ ਸਿੰਘ ਜੀ ਚੰਦੀ, ਗੁਰਦੇਵ ਸਿੰਘ ਜੀ ਬਟਾਲਵੀ, ਇਕਵਾਕ ਸਿੰਘ ਜੀ ਪੱਟੀ ਵਲੋਂ ਲਿਖਤੀ ਰੂਪ ਵਿੱਚ ਕੀਤਾ ਗਿਆ ਹੈ।ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਸੱਚ ਛੁਪਦਾ ਨਹੀਂ, ਪ੍ਰਗਟ ਹੋ ਜਾਂਦਾ ਹੈ।

ਗ) ਪਰਿਵਾਰ ਦੀ ਇੱਕਤਰਤਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭੱਟ ਬਾਣੀ ਬਾਹਰ ਕੱਢਣ ਦੀ ਗੱਲ ਕੀਤੀ ਗਈ ਜਾਂ ਕਿ ਨਹੀਂ?

) ਕੀ ਇੱਕਤਰਤਾਵਾਂ ਵਿੱਚ ਆਨੰਦ ਕਾਰਜ ਵਾਲੀ ਮੱਦ ਬਾਹਰ ਕੱਢ ਦੇਣ ਵਾਲੇ ਸੁਝਾਅ ਨਹੀਂ ਪੇਸ਼ ਕੀਤੇ ਗਏ? ਅਜੇਹੇ ਸੁਝਾਅ ਪੇਸ਼ ਕਰਨ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਤੇ ਪਰਿਵਾਰ ਵਲੋਂ ਕਿਉਂ ਪਰਦਾ ਪਇਆ ਜਾ ਰਿਹਾ ਹੈ? ਇਸ ਵਿਸ਼ੇ ਤੇ ਇਕਤੱਰਤਾ ਦੇ ਸਿਨੀਅਰ ਮੈਂਬਰਾਂ ਵਲੋਂ ਸੱਚ ਲਿਖ ਦੇਣ ਦੇ ਬਾਵਜੂਦ ਪਰਿਵਾਰ ਸੱਚ ਲਿਖਣ ਅਤੇ ਸਵੀਕਾਰ ਕਰਨ ਦੀ ਹਿਮੰਤ ਕਿਉਂ ਨਹੀਂ ਵਿਖਾ ਰਿਹਾ। ਕੀ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਂ ਨੂੰ ਸੱਚ ਛੁਪਾਉਣ ਦੀ ਸਿਖਿਆ ਦਿੱਤੀ ਸੀ? ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਸੱਚ ਛੁਪਾਇਆ ਨਹੀਂ, ਪ੍ਰਵਾਨ ਕੀਤਾ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top