Share on Facebook

Main News Page

ਸਿੱਖ ਗ੍ਰਿਹਸਤੀ ਬਾਬੇ ਦੇ ਪੈਰੋਕਾਰ ਹਨ ਜਾਂ ਵਿਹਲੜ ਸਾਧਾਂ ਦੇ ਚੇਲੇ?
- ਅਵਤਾਰ ਸਿੰਘ ਮਿਸ਼ਨਰੀ (5104325827) singhstudent@gmail.com

(ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਵਿਸ਼ੇਸ਼)

ਇਹ ਅਟੱਲ ਸਚਾਈ ਹੈ ਕਿ ਬਾਬਾ ਨਾਨਕ ਕਿਰਤੀ ਅਤੇ ਗ੍ਰਿਹਸਤੀ ਰਹਿਬਰ ਸਨ, ਜਿਨ੍ਹਾਂ ਨੇ ਬਚਪਨ ਵਿੱਚ ਮੱਝਾਂ ਚਾਰੀਆਂ, ਖੇਤੀ, ਵਾਪਾਰ ਅਤੇ ਮੋਦੀਖਾਨੇ ਭਾਵ ਫੂਡ ਸਪਲਾਈ ਮਹਿਕਮੇ ਵਿੱਚ ਨੌਕਰੀ ਵੀ ਕੀਤੀ। ਸੰਸਾਰ ਨੂੰ ਚਲਾਉਣ ਲਈ ਕਰਤੇ ਦੀ ਮਰਯਾਦਾ ਵਿੱਚ ਰਹਿੰਦੇ ਹੋਏ ਗ੍ਰਿਹਸਤ ਮਾਰਗ ਅਪਣਾਇਆ। ਨਿਰੰਕਾਰੀ ਰਹਿਬਰ ਹੋਣ ਦੇ ਨਾਤੇ, ਬੜੀ ਜੁਮੇਵਾਰੀ ਨਾਲ ਰੱਬੀ ਉਪਦੇਸ਼ ਦੇ ਕੇ ਭਰਮਾਂ ਅਤੇ ਮਾਇਆ ਜਾਲ ਵਿੱਚ ਫਸੀ ਹੋਈ ਲੋਕਾਈ ਨੂੰ ਗਿਆਨ ਵੰਡਦੇ ਹੋਏ, ਪ੍ਰਚਾਰਕ ਦੌਰੇ ਵੀ ਕੀਤੇ। ਧਰਮ ਪ੍ਰਚਾਰ ਲਈ ਕਿਰਤੀ ਗ੍ਰਿਹਸਤੀਆਂ ਦੀਆਂ ਧਰਮਸਾਲ ਸੰਗਤਾਂ ਵੀ ਕਾਇਮ ਕੀਤੀਆਂ। ਊਚ-ਨੀਚ ਦਾ ਭੇਦ ਮੇਟਦੇ ਹੋਏ ਬ੍ਰਾਹਮਣਵਾਦੀ ਵਰਣ ਵੰਡ ਅਨੁਸਾਰ ਆਖੇ ਜਾਂਦੇ ਨੀਵੀਂ ਜਾਤ ਦੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ।

ਉਸ ਵੇਲੇ ਰਾਜੇ ਅਤੇ ਧਰਮ ਆਗੂ ਆਪਸ ਵਿੱਚ ਮਿਲ ਕੇ, ਕਿਰਤੀ ਜਨਤਾ ਨੂੰ, ਦੋਹੀਂ ਹੱਥੀਂ ਲੁੱਟਦੇ ਸਨ। ਉਨ੍ਹਾਂ ਦੀ ਲੁੱਟ ਦੇ ਵਿਰੁੱਧ ਜਨਤਾ ਨੂੰ ਜਾਗਰੂਕ ਕਰਦੇ ਹੋਏ ਦਰਸਾਇਆ ਕਿ ਸੰਸਾਰੀ ਅਤੇ ਨਿਰੰਕਾਰੀ ਗਿਆਨ (ਵਿਦਿਆ) ਰਾਹੀਂ ਇਨ੍ਹਾਂ ਲੋਟੂਆਂ ਵਿਰੁੱਧ ਲਾਮਬੰਦ ਹੋ ਕੇ ਗੈਰਤ ਭਰਿਆ ਸਫਲ ਜੀਵਨ ਜੀਵਿਆ ਜਾ ਸਕਦਾ ਹੈ। ਸ਼ੇਰ ਮਰਦ ਬਾਬੇ ਨੇ ਹੰਕਾਰੀ ਅਤੇ ਜ਼ਾਲਮ ਰਾਜਿਆਂ ਨੂੰ ਪਰਜਾ ਦੇ ਸਾਹਮਣੇ - ਰਾਜੇ ਸ਼ੀਹ ਮੁਕਦਮ ਕੁੱਤੇ॥ਜਾਇ ਜਗਾਇਨਿ ਬੈਠੇ ਸੁੱਤੇ॥(1288) ਕਹਿ ਕੇ ਉਨ੍ਹਾਂ ਨੂੰ ਪਰਜਾ ਤੇ ਜ਼ੁਲਮ ਕਰਨੋ ਵਰਜਿਆ। ਧਰਮ ਦਾ ਬੁਰਕਾ ਪਾ, ਨਿਤ-ਨਵੇਂ ਫਤਵੇ ਜਾਰੀ ਕਰ, ਥੋਥੀਆਂ ਰਹੁ-ਰੀਤਾਂ ਚਲਾ, ਕਿਰਤੀਆਂ ਨੂੰ ਲੁੱਟਣ ਵਾਲੇ ਧਰਮ ਆਗੂਆਂ ਦੀ ਪੋਲ ਸੰਗਤਾਂ ਸਾਹਮਣੇ ਖੋਲਦੇ ਹੋਏ ਕਿਹਾ - ਕਾਦੀ ਕੂੜੁ ਬੋਲਿ ਮਲ ਖਾਏ॥ਬਾਮਣੁ ਨਾਵੈ ਜੀਆਂ ਘਾਇ॥ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (662 )

ਉਸ ਵੇਲੇ ਔਰਤ ਨੂੰ ਧਰਮ, ਸਮਾਜ ਅਤੇ ਰਾਜ ਵਿੱਚ ਹੱਕ ਬਰਾਰਬ ਨਹੀਂ ਸਨ। ਹੰਕਾਰੀ ਰਾਜੇ ਧੱਕੇ ਨਾਲ ਸੋਹਣੀਆਂ-ਸੋਹਣੀਆਂ ਔਰਤਾਂ ਨੂੰ ਹਰਮਾਂ ਵਿੱਚ ਗੁਲਾਮ ਬਣਾਈ ਰੱਖਦੇ ਸਨ। ਔਰਤ ਨੂੰ ਕਾਮ ਪੂਰਤੀ ਅਤੇ ਮੁੱਲ ਦੀ ਵਸਤੂ ਸਮਝ ਕੇ ਵੇਚਿਆ ਜਾਂਦਾ ਸੀ। ਦੂਜੇ ਪਾਸੇ ਧਰਮ ਦੇ ਠੇਕੇਦਾਰ ਵੀ ਧਰਮ-ਕਰਮ ਵਿੱਚ ਔਰਤ ਨੂੰ ਸ਼ੂਦਰ ਗਰਦਾਨ ਕੇ ਸ਼ਾਮਲ ਨਹੀਂ ਕਰਦੇ ਸਨ। ਔਰਤ ਨੂੰ ਜਨੇਊ ਪਾਉਣ ਅਤੇ ਸੁਨਤ ਕਰਵਾਉਣ ਦਾ ਅਧਿਕਾਰ ਨਹੀਂ ਸੀ। ਉਹ ਕਿਸੇ ਧਰਮ ਅਸਥਾਨ ਦੀ ਆਗੂ ਵੀ ਨਹੀਂ ਬਣ ਸਕਦੀ ਸੀ। ਔਰਤ ਸਕੂਲ ਜਾਂ ਵਿਦਿਆਲੇ ਜਾ ਕੇ, ਵਿਦਿਆ ਨਹੀਂ ਪੜ੍ਹ ਸਕਦੀ ਸੀ ਅਤੇ ਉਸ ਨੂੰ ਘਰ ਦੀ ਚਾਰਦੁਆਰੀ ਵਿੱਚ ਹੀ ਕੈਦ ਰਹਿਣਾ ਪੈਂਦਾ ਸੀ। ਪਾਠਕ ਜਨੋਂ ਦੁਨੀਆਂ ਤੇ ਹੋਰ ਵੀ ਬਥੇਰੇ ਰਹਿਬਰ ਆਏ ਪਰ ਕਿਸੇ ਨੇ ਵੀ ਔਰਤ ਦੇ ਮਰਦ ਬਰਾਬਰ ਅਧਿਕਾਰਾਂ ਦਾ ਪੱਖ ਨਾਂ ਪੂਰਿਆ। ਇਹ ਤਾਂ ਕਿਰਤੀ ਅਤੇ ਗ੍ਰਿਹਸਤੀ ਬਾਬੇ ਨਾਨਕ ਨੇ ਹੀ ਬੁਲੰਦ ਬਾਂਗ ਕਿਹਾ ਕਿ ਜੋ ਜਗਤ ਜਨਨੀ ਮਾਂ, ਭੈਣ, ਪਤਨੀ, ਨੂੰਹ ਅਤੇ ਧੀ ਦੇ ਰੂਪ ਵਿੱਚ ਸੰਸਾਰ ਨੂੰ ਚਲਾਉਣ ਵਾਲੀ ਹੈ ਉਹ ਨੀਵੀਂ ਅਤੇ ਮਰਦ ਉੱਚਾ ਕਿਵੇਂ ਹੋ ਸਕਦਾ ਹੈ? ਮਾਂ ਨੂੰ ਮੰਦਾ ਬੋਲਣ ਵਰਗਾ ਹੋਰ ਕੋਈ ਪਾਪ ਨਹੀਂ, ਜਰਾ ਸੋਚੋ ਜੇ ਮਾਂ ਨੀਚ ਹੈ ਤਾਂ ਪੁੱਤਰ ਕਿਵੇਂ ਊਚ ਹੋ ਸਕਦਾ ਹੈ - ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥ (473) ਪਰ ਅੱਜ ਬਾਬੇ ਨਾਨਕ ਦੇ ਸਿੱਖਾਂ ਵਿੱਚ ਵੀ ਔਰਤ ਧਾਰਮਿਕ ਅਤੇ ਸਮਾਜਿਕ ਤੌਰ ਤੇ ਪੂਰਨ ਅਜ਼ਾਦ ਨਹੀਂ।

ਬਾਬੇ ਨੇ ਸਮੁੱਚੇ ਸੰਸਾਰ ਨੂੰ ਸਫਲ ਜੀਵਨ ਦਾ ਇਹ ਸਿਧਾਂਤ ਦਿੱਤਾ (ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ) ਇਸ ਸਿਧਾਂਤ ਵਿੱਚ ਸੰਸਾਰ ਅਤੇ ਨਿਰੰਕਾਰ ਦੋਨੋ ਆ ਜਾਂਦੇ ਹਨ। ਤੁਹਾਨੂੰ ਸਿਧਾਂ ਯੋਗੀਆਂ, ਭਗਵੇ ਸਾਧਾਂ ਸੰਤਾਂ ਵਾਂਗ, ਘਰ-ਗ੍ਰਿਹਸਤ ਛੱਡ ਕੇ, ਸੰਸਾਰ ਤੋਂ ਉਪ੍ਰਾਮ ਹੋ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਇਹ ਵਿਹਲੜ ਤਾਂ ਜਨਤਾ ਦੇ ਸਿਰ ਭਾਰ ਬਣਕੇ, ਕਰਾਮਾਤੀ ਡਰਾਵਿਆਂ ਅਤੇ ਥੋਥੇ ਕਰਮਕਾਂਡਾਂ ਰਾਹੀਂ ਤੁਹਾਨੂੰ ਵੱਖ-ਵੱਖ ਢੰਗਾਂ ਨਾਲ ਲੁਟਦੇ ਰਹਿੰਦੇ ਹਨ - ਗਲੀਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥਿ ਨਿਬੱਗ॥ ਓਏ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠੱਗ॥(476) ਭਾਈ ਗੁਰਦਾਸ ਜੀ ਨੇ ਵੀ ਵਾਰਾਂ ਵਿੱਚ ਬਿਆਨ ਕੀਤਾ ਕਿ-ਹੋਇ ਅਤੀਤ ਗ੍ਰਿਹਸਤ ਤਜਿ ਫਿਰਿ ਉਨਹੂੰ ਕੇ ਘਰਿ ਮੰਗਣ ਜਾਹੀਂ॥

ਬਾਬੇ ਨੇ ਹਿੰਦੂ, ਮੁਸਲਮ ਅਤੇ ਜੋਗੀਆਂ ਸਿੱਧਾਂ ਆਦਿਕ ਦੇ ਧਰਮ ਅਸਥਾਨਾਂ ਤੇ ਜਾ ਕੇ, ਉਨ੍ਹਾਂ ਦੇ ਆਗੂਆਂ ਨਾਲ ਸਿੱਧ ਗੋਸ਼ਟਾਂ ਵੀ ਕੀਤੀਆਂ। ਹਰਿਦੁਆਰ ਪਿਤਰ ਪੂਜਾ ਦੇ ਨਾਂ ਤੇ ਦਾਨ ਪੁੰਨ ਦੀ ਲੁੱਟ ਦਾ ਪੜਦਾ ਫਾਸ਼ ਕੀਤਾ ਜਿੱਥੇ ਪਾਂਡੇ ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਗੜਵੀਆਂ ਰੋੜ ਰਹੇ ਸਨ। ਬਾਬਾ ਵੀ ਕਰਤਾਪੁਰ ਵੱਲ ਮੂੰਹ ਕਰ ਪਾਣੀ ਸੁੱਟਣ ਲੱਗ ਪਿਆ ਤਾਂ ਪਾਂਡਿਆਂ ਨੇ ਇਹ ਕਹਿ ਕੇ ਰੌਲਾ ਪਾ ਦਿੱਤਾ ਕਿ ਇਹ ਨਵਾਂ ਸਾਧ ਸ਼ਾਸ਼ਤਰੀ ਮਰਯਾਦਾ ਤੋੜ ਰਿਹਾ ਹੈ। ਜਦ ਪਾਂਡੇ ਅਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤਾਂ ਬਾਬੇ ਨੇ ਕਿਹਾ ਕਿ ਭਾਈ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਸੀ? ਪਾਂਡੇ ਬੋਲੇ  ਪਰਲੋਕੀ ਪਿਤਰਾਂ ਨੂੰ। ਭਾਈ! ਪਿਤਰਲੋਕ ਇਸ ਮਾਤਲੋਕ ਤੋਂ ਕਿੰਨ੍ਹਾਂ ਦੂਰ ਹੈ? ਪਾਂਡੇ ਬੋਲੇ 88 ਹਜ਼ਾਰ ਯੋਜਨ। ਬਾਬੇ ਨੇ ਕਿਹਾ ਕਿ ਜੇ ਤੁਹਾਡਾ ਸੁੱਟਿਆ ਪਾਣੀ ਇੰਨੀ ਦੂਰ ਜਾ ਸਕਦਾ ਹੈ ਤਾਂ ਮੇਰਾ 300 ਮੀਲ ਕਰਤਾਰਪੁਰ ਦੇ ਖੇਤਾਂ ਚ ਕਿਉਂ ਨਹੀਂ ਜਾ ਸਕਦਾ? ਤਾਂ ਪਾਂਡੇ ਸਚਾਈ ਭਰੇ ਤਰਕ ਵਿਗਿਆਨਕ ਅੱਗੇ ਨਿਰੁਤਰ ਹੋ, ਬਾਬੇ ਦੇ ਚਰਨੀ ਲੱਗੇ ਅਤੇ ਕਿਹਾ, ਬਾਬਾ ਇਹ ਤਾਂ ਅਸੀਂ ਸਭ ਪੇਟ ਪੂਜਾ ਵਾਸਤੇ ਕਰ ਰਹੇ ਸਾਂ, ਕਿਸੇ ਵੀ ਧਰਮ ਆਗੂ ਜਾਂ ਰਾਜੇ ਨੇ ਸਾਨੂੰ ਰੋਕਿਆ ਨਹੀਂ ਸੀ। ਬਾਬਾ ਬੋਲਿਆ ਤੁਸੀਂ ਪੜ੍ਹੇ ਲਿਖੇ ਸਿਆਣੇ ਲੋਕ ਹੋ, ਹੱਥੀਂ ਕਿਰਤ ਕਰਕੇ ਆਪਣੇ ਘਰ ਪਰਵਾਰ ਦੀ ਪਾਲਣਾ ਅਤੇ ਲੋੜਵੰਦਾਂ ਵੀ ਮਦਦ ਕਰੋ ਇਸ ਨਾਲ ਆਤਮਾਂ ਬਲਵਾਨ ਹੁੰਦੀ ਹੈ।

ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਬੈਠੇ ਸਿੱਧਾਂ ਜੋਗੀਆਂ ਨੂੰ ਕਿਰਤ ਦੀ ਮਹਾਂਨਤਾ ਸਮਝਾਈ। ਭੁੱਖੇ ਸਾਧਾਂ ਨੂੰ ਲੰਗਰ ਛਕਾਉਂਦੇ ਵੀ ਇਹ ਹੀ ਉਪਦੇਸ਼ ਦਿੱਤਾ ਕਿ ਤੁਸੀਂ ਕਿਰਤੀ ਲੋਕਾਂ ਤੇ ਬੋਝ ਨਾਂ ਬਣੋ ਸਗੋਂ ਕਮਾ ਕੇ ਖਾਣ ਦੀ ਆਦਿਤ ਪਾਓ। ਬਾਬਾ ਜੀ ਤੀਰਥਾਂ ਤੇ ਵੀ ਗਏ ਜਿੱਥੇ ਪਾਂਡੇ ਪੁੰਨ-ਦਾਨ ਦੇ ਬਹਾਨੇ ਸ਼ਰਧਾਲੂਆਂ ਨੂੰ ਲੁੱਟਦੇ ਅਤੇ ਕਹੀਆਂ ਜਾਂਦੀਆਂ ਪਛੜੀਆਂ ਨੀਵੀਆਂ ਜਾਤੀਆਂ ਨਾਲ ਛੂਆ-ਛਾਤੀ ਵਿਤਕਰਾ ਕਰਦੇ ਸਨ। ਉਸ ਵੇਲੇ ਮੀਡੀਏ ਦੇ ਅੱਜ ਵਰਗੇ ਸਾਧਨ ਨਹੀਂ ਸਨ, ਇਸ ਲਈ ਗੁਰੂ ਬਾਬਾ ਜੀ ਭਰੇ ਇਕੱਠਾਂ ਵਿੱਚ ਜਾ ਕੇ, ਥੋੜੇ ਸਮੇਂ ਵਿੱਚ ਲੋਕਾਂ ਨੂੰ ਸੱਚ-ਧਰਮ ਦਾ ਉਪਦੇਸ਼ ਦੇ ਦਿੰਦੇ ਸਨ। ਬਾਬੇ ਦਾ ਉਪਦੇਸ਼ ਸੀ ਕਿ ਸਰਬ ਨਿਵਾਸੀ ਕਰਤਾ ਕਰਤਾਰ ਸਾਡੇ ਸਭ ਜੀਵਾਂ ਅੰਦਰ ਵਸਦਾ ਅਤੇ ਉਸ ਦੀ ਪਾਵਰ ਸਤਾ ਜੋਤਿ ਸਭ ਥਾਵਾਂ ਅਤੇ ਜੀਵਾਂ ਅੰਦਰ ਜਗਦੀ ਹੈ - ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥(13)

ਜਗਤ ਰਹਿਬਰ ਬਾਬਾ ਉਸ ਵੇਲੇ ਦੇ ਵੱਡੇ ਰਾਜ ਧਰਮ ਇਸਲਾਮ ਦੇ ਕੇਂਦਰੀ ਅਸਥਾਨ ਮੱਕੇ ਗਿਆ-ਫਿਰਿ ਬਾਬਾ ਮੱਕੇ ਗਇਆ ਨੀਲ ਵਸਤਰ ਧਾਰੇ ਬਨਵਾਰੀ॥ (ਭਾ.ਗੁ) ਓਥੇ ਕੌਤਕ ਰਚ, ਬਹੁਤ ਵੱਡਾ ਭਰਮ ਤੋੜਦਿਆਂ ਕਾਹਬੇ ਵੱਲ ਪੈਰ ਪਸਾਰ ਕੇ ਪੈ ਗਿਆ। ਜਦ ਮੁਤੱਸਬੀ ਕਾਜ਼ੀ ਨੇ ਦੇਖਿਆ ਤਾਂ ਟੰਗੋਂ ਪਕੜ ਘੜੀਸਦੇ ਕਿਹਾ, ਕਾਫਰਾ! ਤੂੰ ਰੱਬ ਦੇ ਘਰ ਵੱਲ ਪੈਰ ਕਰਕੇ ਕਿਉਂ ਪਿਆ ਹੈਂ? ਤਾਂ ਬਾਬਾ ਬੋਲਿਆ ਮੈਂ ਬਹੁਤ ਦੂਰ ਤੋਂ ਪੈਦਲ ਚੱਲ ਕੇ ਆਇਆ, ਥੱਕਿਆ ਪਿਆ ਸੌਂ ਗਿਆ ਸਾਂ, ਜਿੱਧਰ ਖੁਦਾ ਦਾ ਘਰ ਨਹੀਂ ਤੁਸੀਂ ਮੇਰੇ ਪੈਰ ਉਧੱਰ ਕਰ ਦਿਉ। ਐਸੇ ਬਚਨ ਪਹਿਲੀਵਾਰ ਕਿਸੇ ਅਜਨਬੀ ਤੋਂ ਸੁਣਕੇ, ਕਾਜ਼ੀ ਦੇ ਮਨ ਦਾ ਮੱਕਾ ਫਿਰਨ ਲੱਗਾ, ਉਹ ਸੋਚੀਂ ਪੈ ਗਿਆ ਕਿ ਕਿੱਧਰ ਖੁਦਾ ਦਾ ਘਰ ਨਹੀਂ?ਆਖਰ ਸੁਝਿਆ ਕਿ ਇਹ ਕੋਈ ਆਂਮ ਆਦਮੀ ਨਹੀਂ ਸਗੋਂ ਕੋਈ ਔਲੀਆ ਲਗਦਾ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਲਾਂ-ਮੁਲਾਣੇ ਤੇ ਕਾਜ਼ੀ ਆਦਿਕ ਇਸਲਾਮਕ ਆਗੂ ਇਕੱਠੇ ਹੋ ਗਏ। ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਮੱਕੇ ਸ਼ਹਿਰ ਚ’ ਫੈਲ ਗਈ। ਮਾਨੋਂ ਸਾਰਾ ਮੱਕਾ ਸ਼ਹਿਰ ਹੀ ਇਸ ਅਨੋਖੀ ਘਟਨਾਂ ਨੂੰ ਦੇਖਣ ਲਈ ਫਿਰ ਗਿਆ, ਭਾਵ ਲੋਕ ਓਥੇ ਆਣ ਇਕੱਠੇ ਹੋਏ। ਬਾਬੇ ਕੋਲ ਇੱਕ ਕਿਤਾਬ ਦੇਖ ਪੁੱਛਣ ਲੱਗੇ-ਕਿ ਤੂੰ ਕੌਣ ਹੈਂ? ਵੱਡੇ ਹਿੰਦੂ ਜਾਂ ਮੁਸਲਮਾਨ ਹਨ - ਪੁਛਣ ਖੋਲਿ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲ ਮਾਨੋਈ। ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋ ਰੋਈ॥ (ਭਾ.ਗੁ) ਬਾਬੇ ਨੇ ਕਿਹਾ ਮੈਂ ਨਾਂ ਹਿੰਦੂ ਨਾਂ ਮੁਸਲਮਾਂਨ ਸਗੋਂ ਇੱਕ ਇਨਸਾਨ ਹਾਂ, ਚੰਗੇ ਮਾੜੇ ਅਮਲਾਂ ਕਰਕੇ ਹੀ ਕੋਈ ਵੱਡਾ ਛੋਟਾ ਹੋ ਸਕਦਾ ਹੈ। ਇਉਂ ਬਾਬੇ ਤੋਂ ਸੱਚੋ-ਸੱਚ ਸੁਣ ਕੇ ਇਸਲਾਮਕ ਆਗੂਆਂ ਦੇ ਮਨ ਦਾ ਮੱਕਾ ਫਿਰ ਗਿਆ ਭਾਵ ਪਤਾ ਲੱਗ ਗਿਆ ਕਿ ਖੁਦਾ ਕਿਸੇ ਇੱਕ ਧਰਮ ਅਸਥਾਨ ਵਿੱਚ ਹੀ ਨਹੀਂ ਰਹਿੰਦਾ ਸਗੋਂ ਸਾਰੇ ਉਸ ਦੇ ਹੀ ਮੁਕਾਮ ਹਨ - ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਾਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠੌਰ ਮੁਕਾਮਾ॥ (1349)

ਬਾਬੇ ਨੇ ਸੰਸਾਰੀ ਅਤੇ ਨਿਰੰਕਾਰੀ ਹਰੇਕ ਪੱਖ ਤੇ ਲੋਕਾਈ ਨੂੰ ਸਚਾਈ ਭਰਪੂਰ ਗਿਆਨ ਉਪਦੇਸ਼ ਵੰਡਿਆ। ਅਖੌਤੀ ਨਰਕ (ਦੋਜ਼ਕ) ਦੇ ਡਰਾਵੇ ਅਤੇ ਸਵਰਗਾਂ (ਬਹਿਸ਼ਤਾਂ) ਦੀ ਲਾਲਸਾ, ਭੂਤ-ਪ੍ਰੇਤ, ਆਵਾਗਵਣ, ਪੁੰਨ-ਪਾਪ, ਜਾਤ-ਪਾਤ, ਛੂਆ-ਛਾਤ, ਪਹਿਰਾਵਾ, ਕੌਮ, ਬੋਲੀ, ਖਾਣ-ਪੀਣ, ਉਠਣ-ਬੈਠਣ, ਦਿਸ਼ਾ-ਭਰਮ, ਚੰਗੇ-ਮਾੜੇ ਦਿਨਾਂ ਦੀ ਵਿਚਾਰ, ਪੁੰਨਿਆਂ. ਮਸਿਆ, ਸੰਗ੍ਰਾਂਦਾਂ, ਵਰਤਾਂ, ਰੋਜਿਆਂ ਅਤੇ ਆਪੂੰ ਬਣੇ ਅਖੌਤੀ ਸਾਧਾਂ ਸੰਤਾਂ ਦੀ ਅਸਲੀਅਤਾ ਤੋਂ ਜਨਤਾ ਨੂੰ ਜਾਗ੍ਰਿਤ ਕਰ, ਧਾਰਮਿਕ ਅਤੇ ਰਾਜਨੀਤਕ ਖਹਿਬਾਜੀਆਂ ਤੋਂ ਬਚਣ ਲਈ, ਰਲ ਮਿਲ ਕੇ ਖੁਸ਼ੀਆਂ ਭਰਿਆ ਜੀਵਨ ਜੀਅਨ ਦਾ ਉਪਦੇਸ਼ ਦਿੱਤਾ। ਬਾਬੇ ਨੇ ਸ਼ਬਦ ਬਾਣਾਂ ਰਾਹੀਂ ਕਟੜਵਾਦੀ ਬਣ ਚੁੱਕੇ ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਜਿਤਿਆ - ਸ਼ਬਦ ਜਿਤੀ ਸਿੱਧ ਮੰਡਲੀ ਕੀਤਸੁ ਆਪਣਾ ਪੰਥ ਨਿਰਾਲਾ॥(ਭਾ.ਗੁ) ਉਸ ਵੇਲੇ ਘਰ ਘਰ ਬਾਬੇ ਨਾਨਕ ਦੀ ਅਟੱਲ ਦ੍ਰਿੜਤਾ ਅਤੇ ਸਚਾਈ ਭਰਪੂਰ ਗਿਆਨ ਦੀਆਂ ਗੱਲਾਂ ਹੋਣ ਲੱਗ ਪਈਆਂ-ਘਰਿ ਘਰਿ ਬਾਬਾ ਗਾਵੀਏ...(ਭਾ.ਗੁ)

ਸੋ ਆਪ ਜੀ ਨੇ ਉਪ੍ਰੋਕਤ ਕੁਝਕੁ ਉਦਾਹਰਣਾਂ ਤੋਂ ਦੇਖ ਲਿਆ ਹੋਵੇਗਾ ਕਿ ਬਾਬਾ ਨਾਨਕ ਸਰਬ ਸਾਂਝਾ ਰਹਿਬਰ ਸੀ ਜਿਸ ਨੇ ਸਭ ਨੂੰ ਸ਼ਬਦ (ਗੁਰੂ ਗਿਆਨ) ਨੂੰ ਧਾਰਨ ਦਾ ਹੀ ਉਪੁਦੇਸ਼ ਦਿੱਤਾ। ਇਧਰ ਅੱਜੋਕੇ ਡੇਰੇਦਾਰ ਅਤੇ ਅਖੌਤੀ ਸੰਪ੍ਰਦਾਈ, ਵੱਖ-ਵੱਖ ਤਰ੍ਹਾਂ ਦੇ ਭਰਮ ਭੁਲੇਖੇ ਪਾ ਕੇ, ਧਰਮ ਦੇ ਨਾਂ ਤੇ ਵੱਡੇ ਵਡੇਰੇ ਸਾਧਾਂ ਦੀਆਂ ਕਥਾ ਕਹਾਣੀਆਂ ਸੁਣਾ-ਸੁਣਾ ਕੇ, ਗੁਰਬਾਣੀ ਨੂੰ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਥਾਂ, ਗਿਣਤੀ-ਮਿਣਤੀ ਦੇ ਮੰਤਰ ਜਾਪਾਂ, ਸੰਪਟ ਅਤੇ ਅਖੰਡ ਪਾਠਾਂ ਦੀਆਂ ਇਕੋਤਰੀਆਂ ਵਾਲੇ ਕਰਮਕਾਂਡਾਂ ਵਿੱਚ ਉਲਝਾ, ਚੋਲਾਧਾਰੀ ਡੇਰੇਦਾਰ ਸਾਧਾਂ ਦੇ ਮੁਰੀਦ ਬਣਾਈ ਜਾ ਰਹੇ ਹਨ। ਇਸੇ ਕਰਕੇ ਕੌਮ ਫੁੱਟ ਦਾ ਸ਼ਿਕਾਰ ਹੋਈ ਪਈ ਹੈ। ਗੁਰਦੁਆਰਿਆਂ ਦੇ ਬਹੁਤੇ ਪ੍ਰਬੰਧਕ ਵੀ ਇਨ੍ਹਾਂ ਦੇ ਡੇਰਿਆਂ ਨਾਲ ਸਬੰਧਤ ਹਨ ਜੋ ਅਕਾਲ ਤਖਤ ਦੀ ਦੀ ਥਾਂ ਡੇਰਿਆਂ ਦੀ ਮਰਯਾਦਾ ਗੁਰਦੁਆਰਿਆਂ ਵਿੱਚ ਵੀ ਚਲਾ ਰਹੇ ਹਨ। ਸ਼ਰਧਾਲੂ ਗੁਰਿਸੱਖੋ! ਛੱਡੋ ਅਗਿਆਨਤਾ ਅਤੇ ਅਖੌਤੀ ਸਾਧਾਂ ਸੰਤਾਂ ਪ੍ਰਤੀ ਅੰਨ੍ਹੀ ਸ਼ਰਧਾ ਸਗੋਂ ਗੁਰੂ ਗਿਆਨ ਵਾਲੀ ਸ਼ਰਧਾ ਧਾਰਨ ਕਰੋ ਕਿਉਂਕਿ ਅਸੀਂ ਕਿਰਤੀ ਅਤੇ ਗ੍ਰਿਹਸਤੀ ਜਾਹਰ ਪੀਰ ਜਗਤ ਗੁਰ ਬਾਬਾ ਨਾਨਕ ਦੇ ਪੈਰੋਕਾਰ ਸਿੱਖ ਹਾਂ ਨਾਂ ਕਿ ਵਿਹਲੜ ਡੇਰਦਾਰ ਸਾਧਾਂ ਦੇ ਚੇਲੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top