Share on Facebook

Main News Page

ਗੁਰੂਆਂ ਦਾ ਅਧਿਕਾਰ ਖੇਤਰ
- ਹਰਦੇਵ ਸਿੰਘ, ਜੰਮੂ

ਦਸ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਵਿਚ ਸਾਰੀ ਮਨੁੱਖਤਾ ਨਾਲ ਪਿਆਰ ਅਤੇ ਸਿੱਖਾਂ ਤੇ ਭਰੋਸਾ ਕੀਤਾ! 1708 ਤੋਂ ਬਾਦ ਅੱਜ ਤਕ, ‘ਸਿੱਖ ਜੀਵਨ’ ਸਾਡੇ ਤਕ “ਛੂ ਮੰਤਰ” ਹੋ ਕੇ ਨਹੀਂ ਪੁੱਜਿਆ, ਬਲਕਿ ਕਈਂ ਪੀੜੀਆਂ ਤੋਂ ਹੁੰਦਾ ਹੋਇਆ ਪੁੱਜਿਆ ਹੈ। ਨਿਰਸੰਦੇਹ: ਉਨ੍ਹਾਂ ਪੀੜੀਆਂ ਵਿਚ ਕਈਂ ਐਸੇ ਹੋਏ ਹਨ ਜਿਨ੍ਹਾਂ ਨੇ ਗੁਰੂਆਂ ਦੇ ਭਰੋਸੇ ਨੂੰ ਕਾਯਮ ਰੱਖਿਆ, ਜਿਸ ਕਾਰਨ ਸਿੱਖੀ, ਕਈਂ ਔਕੜਾਂ ਦੇ ਬਾਵਜੂਦ ਕਾਯਮ ਰਹੀ ਅਤੇ ਸਾਡੇ ਤਕ ਪਹੁੰਚੀ। ਇਸ ਸਾਰੇ ਵਰਤਾਰੇ ਵਿਚ ਨਿਰਵਿਵਾਤਦ ਪ੍ਰਮੁੱਖਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ, ਅਤੇ ਦਸ ਗੁਰੂ ਸਾਹਿਬਾਨ ਵਿਚ ਸਿੱਖਾਂ ਦੇ ਨਿਸ਼ਚੇ ਦੀ ਰਹੀ ਹੈ। ਖ਼ੈਰ, ਇਸ ਛੋਟੀ ਜਿਹੀ ਚਰਚਾ ਵਿਚ ਅਸੀਂ ਦਸ ਗੁਰੂ ਸਾਹਿਬਾਨ ਦੇ ‘ਵਿਸ਼ੇਸ਼ ਅਧਿਕਾਰ ਖੇਤਰ’ ਦੀ ਗਲ ਕਰਾਂਗੇ!

ਗੁਰੂ ਕੀ ਹੁੰਦਾ ਹੈ? ਇਸ ਸਵਾਲ ਦੇ ਜਵਾਬ ਨੂੰ ਸਮਝਣ ਲਈ, ਸਭ ਤੋਂ ਅਹਿਮ ਨੁਕਤਾ ਇਸ ਗਲ ਨੂੰ ਸਮਝਣਾ ਹੈ ਕਿ ਗੁਰੂ ਦਾ ਅਧਿਕਾਰ ਖੇਤਰ ਕੀ ਹੁੰਦਾ ਹੈ? ਗੁਰੂ ਦੇ ਨਿਰਨੇ ਪਿਛਲੇ ਕਾਰਨ ਨੂੰ ਸਮਝਣ ਲਈ ਸਵਾਲ ਕਰਨਾ, ਮਾੜੀ ਗਲ ਨਹੀਂ ਹੁੰਦੀ। ਪਰ ਜੇ ਕਰ ਮੰਸ਼ਾਂ ਗੁਰੂ ਨਿਰਨੇ ਨੂੰ ਰੱਦ ਕਰਨ ਦੀ ਹੋਵੇ, ਤਾਂ ਸਵਾਲ ਅਤੇ ਵਿਚਾਰ ਬੇਅਦਬੀ ਦਾ ਰੂਪ ਧਾਰਨ ਕਰ ਜਾਂਦੇ ਹਨ।

ਗੁਰਤਾ ਦੇ ਅਧਿਕਾਰ ਖੇਤਰ ਦੀ ਸਭ ਤੋਂ ਪਹਿਲੀ ਮਿਸਾਲ! ਗੁਰੂ ਨਾਨਕ ਜੀ ਦਾ ਭਾਈ ਲਹਿਣੇ ਨੂੰ ਗੁਰਤਾ ਦੀ ਗੱਦੀ ਤੇ ਵਿਰਾਜਮਾਨ ਕਰਵਾਉਂਣਾ ਹੈ। ਇਹ ਕੰਮ ਸਿਵਾ ਗੁਰੂ ਨਾਨਕ ਦੇ ਹੋਰ ਕੋਈ ਨਹੀਂ ਸੀ ਕਰ ਸਕਦਾ। ਗੁਰੂਤਾ ਦੀ ਗੱਦੀ ਕੇਵਲ ਗੁਰੂ ਹੀ ਅੱਗੇ ਤੋਰ ਸਕਦਾ ਸੀ ਕੋਈ ਹੋਰ ਨਹੀਂ।

ਦੂਜੀ ਮਿਸਾਲ! ਇਹ ਕੇਵਲ ਗੁਰੂ ਦਾ ਅਧਿਕਾਰ ਖੇਤਰ ਸੀ ਕਿ ਉਹ, ਜਿਸ ਸ਼ਬਦ ਨੂੰ ਉਚਰੇ/ਪਰਵਾਣ ਕਰੇ, ਕੇਵਲ ਉਹੀ ਸ਼ਬਦ, ਸਿੱਖਾਂ ਵਿਚ ਗੁਰੂ ਦੀ ਬਾਣੀ ਕਰਕੇ ਸਵੀਕਾਰ ਕੀਤਾ ਜਾਂਦਾ ਸੀ। ਬਿਨਾਂ ਗੁਰੂਆਂ ਦੇ, ਕੋਈ ਵੀ ਸ਼ਬਦ, ਕਦੇ ਵੀ ਗੁਰਬਾਣੀ ਕਰਕੇ ਸਵੀਕਾਰ ਨਹੀਂ ਕੀਤਾ ਗਿਆ। ਮੀਣੇਆਂ ਨੇ ਯਤਨ ਕੀਤੇ, ਪਰ ਗੁਰਬਾਣੀ ਕੇਵਲ ਉਹੀ ਸਵੀਕਾਰ ਹੋਈ, ਜਿਸ ਨੂੰ ਗੁਰੂਆਂ ਨੇ ਉਚਾਰਿਆ/ਪਰਵਾਣ ਕੀਤਾ।

ਤੀਜੀ ਮਿਸਾਲ! ਗੁਰੂ ਅਰਜਨ ਦੇਵ ਜੀ ਵਲੋਂ ਗੁਰਬਾਣੀ ਲੇਖਨ ਕਾਰਜ ਨੂੰ, ਭਾਈ ਗੁਰਦਾਸ ਜੀ ਤੋਂ ਕਰਵਾ ਕੇ, ਉਸਦਾ ਵਿਧੀਵਤ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕਰਵਾਉਂਣਾ। ਇਹ ਗੁਰੂ ਦੇ ਅਧਿਕਾਰ ਖੇਤਰ ਦਾ ਵਿਸ਼ਾਲ ਦਾਇਰਾ ਹੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਉਹ ਕੰਮ ਕੀਤਾ ਜੋ ਪਹਿਲਾਂ ਕਿਸੇ ਗੁਰੂ ਨੇ ਨਹੀਂ ਸੀ ਕੀਤਾ।

ਚੌਥੀ ਮਿਸਾਲ! ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਏ ਗ੍ਰੰਥ ਵਿਚਲੀ ਬਾਣੀ ਵਿਚ ਛੇਵੇਂ, ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬ ਜੀ ਨੇ ਕੋਈ ਵੀ ਵਾਧਾ ਨਹੀਂ ਕੀਤਾ। ਇੱਥੋਂ ਤਕ ਕਿ ਨੌਵੇਂ ਮਹਲੇ ਨੇ, ਲੱਗਭੱਗ 20 ਸਾਲ ਤੋਂ ਵੱਧ ਸਮੇਂ ਤਕ, ਗੁਰਤਾ ਦੀ ਪਦਵੀ ਤੇ ਵਿਰਾਜਮਾਨ ਰਹਿਣ ਅਤੇ ਬਾਣੀ ਲਿਖਣ ਦੇ ਬਾਵਜੂਦ, ਆਪਣੀ ਬਾਣੀ, ਗੁਰ ਅਰਜਨ ਜੀ ਵਲੋਂ ਲਿਖਵਾਈ ਬਾਣੀ ਵਿਚ ਦਰਜ ਨਹੀਂ ਕੀਤੀ। ਕਿਉਂ? ਇਸਦਾ ਸਪਸ਼ਟ ਜਵਾਬ ਕੇਵਲ ਇਹੀ ਹੈ ਕਿ ਇਹ ਗੁਰੂ ਦਾ ਅਧਿਕਾਰ ਖੇਤਰ ਸੀ ਕਿ ਉਹ ਕਿਸ ਵੇਲੇ, ਕਹਿੜਾ ਕੰਮ ਕਿਉਂ ਕਰਦਾ ਹੈ ਅਤੇ ਕਿਉਂ ਨਹੀਂ! ਆਤਮਕ ਜੋਤ ਤਾਂ ਇਕ ਹੀ ਸੀ!

ਪੰਜਵੀ ਮਿਸਾਲ! ਇਹ ਕੇਵਲ ਗੁਰੂ ਦਾ ਅਧਿਕਾਰ ਖੇਤਰ ਸੀ, ਜਿਸਦੀ ਵਰਤੋਂ ਕਰਦੇ ਗੁਰੂ ਗੋਬਿੰਦ ਸਿੰਘ ਜੀ, ਨੌਵੇਂ ਮਹਲੇ ਦੀ ਬਾਣੀ, ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਈ ਬਾਣੀ ਦੇ ਨਾਲ ਦਰਜ ਕਰਵਾਉਂਦੇ ਹਨ। ਮੁੰਦਾਵਣੀ ਦਾ ਅਰਥ ਜੇ ਕਰ ਮੋਹਰ ਹੈ, ਤਾਂ ਉਸ ਮੋਹਰ ਨੂੰ ਖੋਲ ਕੇ, ਨਵੇਂ ਮਹਲੇ ਦੇ ਸਲੋਕ ਦਰਜ ਕਰਕੇ, ਮੁੜ ਮੁੰਦਾਵਣੀ ਲਗਾਉਂਣੀ ਕੇਵਲ ਗੁਰੂ ਦੇ ਅਧਿਕਾਰ ਖੇਤਰ ਦੀ ਗਲ ਹੈ, ਜਿਸ ਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ! ਨਾਲ ਹੀ ਉਹ ਕੀ ਦਰਜ ਕਰਵਾਉਂਦੇ ਹਨ ਅਤੇ ਕੀ ਨਹੀਂ, ਇਸ ਤੇ ਕਿਸੇ ਦਾ ਇਤਰਾਜ਼ ਨਹੀਂ ਹੋ ਸਕਦਾ।

ਛਵੀਂ ਮਿਸਾਲ! ਖੰਡੇ ਬਾਟੇ ਦੇ ਅੰਮ੍ਰਿਤ ਦੀ ਜੁਗਤ ਅਰੰਭਣੀ, ਕੇਵਲ ਗੁਰੂ ਦਾ ਅਧਿਕਾਰ ਖੇਤਰ ਸੀ। ਕੋਈ ਇਹ ਇਤਰਾਜ਼ ਨਹੀਂ ਕਰ ਸਕਦਾ ਕਿ ਜੋ ਜੁਗਤ ਪਹਿਲੇ ਗੁਰੂਆਂ ਨੇ ਨਹੀਂ ਵਰਤੀ ਉਹ ਦਸਵੇਂ ਗੁਰੂ ਜੀ ਨੇ ਕਿਉਂ ਵਰਤੀ?

ਸਤਵੀਂ ਮਿਸਾਲ! ਸਿੱਖਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਵਲੋਂ, ਆਪਣੇ ਨਾਮ ਨਾਲ ਸਿੰਘ/ਕੌਰ ਲਕਬ ਵਰਨਣ ਦਾ ਨਿਰਦੇਸ਼ ਵੀ ਗੁਰੂ ਦੇ ਅਧਿਕਾਰ ਖੇਤਰ ਦੀ ਗਲ ਹੈ। ਕੋਈ ਇਹ ਇਤਰਾਜ਼ ਨਹੀਂ ਕਰ ਸਕਦਾ ਕਿ ਜੇ ਕਰ ਪਹਿਲੇ ਗੁਰੂਆਂ ਨੇ ਐਸਾ ਹੁਕਮ ਨਹੀਂ ਦਿੱਤਾ ਤਾਂ ਦਸ਼ਮੇਸ਼ ਜੀ ਨੇ ਐਸਾ ਕਿਉਂ ਕੀਤਾ?

ਅੱਠਵੀਂ ਮਿਸਾਲ! ਸ਼ਖਸੀ ਗੁਰਆਈ ਸਮਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੀ ਗੱਦੀ ਤੇ ਵਿਰਾਜਮਾਨ ਕਰਨਾ ਕੇਵਲ ਗੁਰੂ ਦੇ ਅਧਿਕਾਰ ਖੇਤਰ ਦੀ ਗਲ ਸੀ।

ਸਿੱਖੀ ਦੇ ਦਰਸ਼ਨ ਵਿਚ ਗੁਰੂ ਦਾ ਅਧਿਕਾਰ ਖੇਤਰ ਕਈਂ ਥਾਂ ਇਤਰਾਜ਼ਾਂ ਤੋ ਬਾਹਰ, ‘ਗੁਰੂ ਦੀਆਂ ਗੁਰੂ ਜਾਣੇ’ ਦੇ ਦਾਈਰੇ ਵਿਚ ਆਉਂਦਾ ਹੈ, ਜਿਸ ਵਿਚ ਸਾਡੇ ਇਤਰਾਜ਼ ਦਾਖ਼ਲ ਨਹੀਂ ਹੋ ਸਕਦੇ। ਕਈਂ ਚਿੰਤਕ ਗੁਰੂਆਂ ਦੇ ਨਿਰਣਿਆਂ ਨੂੰ ਆਪਣੀ ਕਸਵਟੀ ਤੇ ਪਰਖਣ ਦਾ ਯਤਨ ਕਰਦੇ ਇਹ ਭੁੱਲ ਜਾਂਦੇ ਹਨ, ਕਿ ਗੁਰੂ ਦਾ ਇਕ ਵਿਸ਼ੇਸ਼ ਅਧਿਕਾਰ ਖੇਤਰ ਹੁੰਦਾ ਹੈ, ਜਿਸਦੇ ਬਿਨ੍ਹਾਂ ਗੁਰੂ ਕਦੇ ਵੀ ਗੁਰੂ ਨਹੀਂ ਹੋ ਸਕਦਾ!

ਗੁਰੂ ਅਧਿਕਾਰ ਦੇ ਰਾਖਵੇਂ ਖੇਤਰ ਵਿਚ, ਕਿਸੇ ਸਿੱਖ ਦੇ ਹੱਥ ਨਹੀਂ ਪਹੁੰਚ ਸਕਦੇ! ਗੁਰੂ ਦੇ ਵਿਸ਼ੇਸ਼ ਅਧਿਕਾਰ ਦੇ ਸ੍ਹਾਮਣੇ, ਸਿੱਖ ਦਾ ਸਮਰਪਣ ਹੀ ਕੰਮ ਆਉਂਦਾ ਹੈ ਉਸਦੀ ਵਿਦਵਤਾ ਨਹੀਂ! ਜਿਸ ਸਿਰ ‘ਤੇ, ਕਿਸੇ ਦੀ ਹੁੳਮੈ ਭਰੀ ਵਿਦਵਤਾ, ਵਪਾਰਕ ਰਾਜਨੀਤੀ ਜਾਂ ਇਨ੍ਹਾਂ ਦਾ ਪ੍ਰਭਾਵ ਚੜ ਜਾਏ, ਉਹ ਸਿਰ ਗੁਰੂ ਨਿਰਣਿਆਂ ਅੱਗੇ ਨਹੀਂ ਝੁੱਕ ਸਕਦਾ। ਉਹ ਕੇਵਲ ਬੇਲੋੜੇ ਜਜ਼ਬਾਤੀ ਵਿਚਾਰਾਂ ਨਾਲ, ਗੁਰੂ ‘ਇਹ ਕਿਵੇਂ’ ਅਤੇ ‘ਉਹ ਕਿਵੇਂ’ ਕਰ ਸਕਦਾ ਹੈ ਦੇ ਚੱਕਰ ਵਿਚ ਰਹਿੰਦਾ ਹੈ।

ਆਪਣੇ ਜੀਵਨ ਵਿਚ ਸਾਰੀ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਗੁਰੂਆਂ ਨੇ ਆਪਣੇ ਸਿੱਖਾਂ ਤੇ ਇੰਝ ਦਾ ਭਰੋਸਾ ਨਹੀਂ ਸੀ ਕੀਤਾ। ਸਿੱਖੀ ਪ੍ਰਤੀ ਜਜ਼ਬਾਤ ਸਿੱਖੀ ਦੇ ਵਿਰੋਧ ਵਿਚ ਨਹੀਂ ਨਿੱਬੜਨੇ ਚਾਹੀਦੇ। ਲੋੜ ਹੈ ਗੁਰੂਆਂ ਦੇ ਨਿਰਨਾਤਮਕ ਅਧਿਕਾਰ ਖੇਤਰ ਨੂੰ ਸਵੀਕਾਰ ਕਰੀਏ!

29.11.12


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top