Share on Facebook

Main News Page

ਰਿਣ ਉਤਾਰ ਯਤਨ ਯਾਤਰਾ ਅਤੇ ਸੌਦਾ ਸਾਧ ਦੇ ਚੇਲਿਆਂ ਦਾ ਸਿੱਖਾਂ ਨਾਲ ਟਕਰਾਅ ਵਾਲੀਆਂ ਖ਼ਬਰਾਂ ਦਾ ਪੱਖ

* ਟਕਰਾਅ ਤੇ ਯਾਤਰਾ ਵਾਲੀਆਂ ਇਕਪਾਸੜ ਖ਼ਬਰਾਂ ਨੇ ਮੀਡੀਏ ਦੀ ਭਰੋਸੇਯੋਗਤਾ ’ਤੇ ਲਾਇਆ ਸਵਾਲੀਆ ਨਿਸ਼ਾਨ!!

ਕੋਟਕਪੂਰਾ, 29 ਨਵੰਬਰ (ਗੁਰਿੰਦਰ ਸਿੰਘ) :- ਬੀਤੇ ਐਂਤਵਾਰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਦੋ ਖ਼ਬਰਾਂ ਨੇ ਅਜੀਬ ਚਰਚਾ ਛੇੜੀ, ਕਿਉਂਕਿ ਵੱਖੋ-ਵੱਖਰੀਆਂ ਅਖ਼ਬਾਰਾਂ ਦੀ ਆਪੋ-ਆਪਣੀ ਸੁਰ ਨਾਲ ਸਿਆਸੀ ਤੇ ਗੈਰ-ਸਿਆਸੀ ਖਬਰਾਂ ’ਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਹੈਰਾਨ ਹੋਣਾ ਸੁਭਾਵਿਕ ਸੀ। ਪਹਿਲੀ ਖ਼ਬਰ ਬਠਿੰਡੇ ਜ਼ਿਲੇ ਦੇ ਇਤਿਹਾਸਕ ਕਸਬੇ ਮਾਈਸਰਖਾਨੇ ਤੋਂ ਦਿੱਲੀ ਤੱਕ ‘ਰਿਣ ਉਤਾਰ ਯਤਨ ਯਾਤਰਾ’ ਬਾਰੇ ਜਦੋਂ ਕਿ ਦੂਜੀ ਖ਼ਬਰ ‘ਸਿਰਸੇ ਵਿਖੇ ਸਿੱਖ ਜੱਥੇਬੰਦੀਆਂ ਤੇ ਸੌਦਾ ਸਾਧ ਦੇ ਚੇਲਿਆਂ ’ਚ ਹੋਏ ਟਕਰਾਅ’ ਨਾਲ ਸਬੰਧਤ ਸੀ। ਦੋਨੋਂ ਖ਼ਬਰਾਂ ਦਿਲਚਸਪ, ਵਿਲੱਖਣ ਤੇ ਹੈਰਾਨ ਕਰ ਦੇਣ ਵਾਲੀਆਂ ਇਸ ਲਈ ਸਨ ਕਿ ਪ੍ਰੈਸ ਦੇ ਕੁਝ ਹਿੱਸੇ ਨੇ ਆਪਣੀ ਨਿਰਪੱਖਤਾ ਨੂੰ ਦਾਅ ’ਤੇ ਲਾਉਂਦਿਆਂ ਪਤਾ ਹੋਣ ਦੇ ਬਾਵਜੂਦ ਵੀ ਖਬਰਾਂ ਨੂੰ ਵੱਖਰਾ ਰੁੱਖ ਦੇ ਕੇ ਪਾਠਕ ਵਰਗ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ‘ਰਿਣ ਉਤਾਰ ਯਾਤਰਾ’ ਬਾਰੇ ਪਾਠਕ ਵਰਗ ਨੇ ਬਹੁਤ ਕੁਝ ਅਖ਼ਬਾਰਾਂ ’ਚ ਪੜਿਆ ਤੇ ਟੀ.ਵੀ.ਚੈੱਨਲਾਂ ਰਾਹੀਂ ਆਪਣੇ ਕੰਨੀ ਸੁਣਿਆ ਕਿ ਬ੍ਰਾਹਮਣ ਜੱਥੇਬੰਦੀਆਂ ਵੱਲੋਂ ਮਾਈਸਰਖਾਨੇ ਤੋਂ ਦਿੱਲੀ ਤੱਕ ਜਿਸ ਰਿਣ ਉਤਾਰ ਯਾਤਰਾ ਦਾ ਆਯੋਜਨ ਕੀਤਾ ਗਿਆ, ਉਸ ਨੂੰ ਇਕ ਧੜੇ ਨੇ ਕਾਮਯਾਬ ਅਤੇ ਦੂਜੇ ਧੜੇ ਨੇ ਬਾਦਲ ਵਿਰੋਧੀ ਅਕਾਲੀ ਦਲ ਦਾ ਨਾਂਅ ਲੈ ਕੇ ਉਸ ’ਤੇ ਯਾਤਰਾ ਨੂੰ ਫੇਲ ਕਰਨ ਦੇ ਦੋਸ਼ ਲਾਉਣ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ ਦਿੱਲੀ ਅਕਾਲੀ ਦਲ ਨੇ ਬ੍ਰਾਹਮਣ ਭਾਈਚਾਰੇ ਦਾ ਅਪਮਾਨ ਕੀਤਾ ਹੈ, ਜਦਕਿ ਬ੍ਰਾਹਮਣ ਜੱਥੇਬੰਦੀਆਂ ਦਾ ਇਕ ਧੜਾ ਆਪਣੀ ਹੀ ਦੂਜੀ ਜੱਥੇਬੰਦੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ।

ਬ੍ਰਾਹਮਣ ਜੱਥੇਬੰਦੀਆਂ ਦੇ ਇਕ ਧੜੇ ਦਾ ਦੋਸ਼ ਹੈ ਕਿ ਜਦੋਂ ਉਹ ਦਿੱਲੀ ਗੁਰਦਵਾਰਾ ਰਕਾਬਗੰਜ ਵਿਖੇ ਪੁੱਜੇ ਤਾਂ ਉਨਾਂ ਨੂੰ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਗੁਰਦਵਾਰੇ ’ਚੋਂ ਭੱਜ ਜਾਣ ਬਾਰੇ ਆਖਿਆ ਗਿਆ। ਬ੍ਰਾਹਮਣ ਭਾਈਚਾਰੇ ਦੇ ਦੂਜੇ ਧੜੇ ਦੇ ਆਗੂ ਨੇ ਡਰਾਮੇਬਾਜ਼ੀ ਦਾ ਦੋਸ਼ ਆਪਣੇ ਹੀ ਭਾਈਚਾਰੇ ਦੇ ਕੁਝ ਲੋਕਾਂ ’ਤੇ ਲਾਉਂਦਿਆਂ ਮੰਨਿਆ ਕਿ ਇਹ ਸਭ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਅਕਾਲੀ ਦਲ ਅਤੇ ਸਰਨਾ ਭਰਾਵਾਂ ਨੂੰ ਬਦਨਾਮ ਕਰਨ ਦੀ ਇਕ ਸ਼ਰਮਨਾਕ ਚਾਲ ਸੀ।

ਭਾਵੇਂ ਰਿਣ ਉਤਾਰ ਯਤਨ ਯਾਤਰਾ ਵੀ ਪੂਰੀ ਤਰਾਂ ਸਿਆਸਤ ਤੋਂ ਪ੍ਰੇਰਿਤ ਸੀ, ਕਿਉਂਕਿ ਉਕਤ ਯਾਤਰਾ ਹਵਾਈ ਜਹਾਜ਼ ਦੀ ਰਫਤਾਰ ਵਾਂਗ ਮਾਈਸਰਖਾਨੇ ਤੋਂ ਆਨੰਦਪੁਰ ਸਾਹਿਬ ਅਤੇ ਉਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਈ, ਰਸਤੇ ’ਚ ਕਿਤੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਪਰ ਫਿਰ ਵੀ ਸਿਆਸੀ ਪੱਖੋਂ ਬਾਦਲ ਵਿਰੋਧੀ ਧੜਿਆਂ ਨੂੰ ਬਦਨਾਮ ਕਰਨ ਦੀ ਸ਼ਰਮਨਾਕ ਚਾਲ ਅਤੇ ਪ੍ਰੈਸ ਦੇ ਇਕ ਹਿੱਸੇ ਵੱਲੋਂ ਨਿਭਾਇਆ ਗਿਆ ਰੋਲ ਹੁਣ ਬੱਚੇ-ਬੱਚੇ ਦੀ ਜੁਬਾਨ ’ਤੇ ਹੈ। ਜ਼ਿਕਰਯੋਗ ਹੈ ਕਿ ਉਕਤ ਝੂਠੀ ਘਟਨਾ ਨੂੰ ਕੁਝ ਅਖ਼ਬਾਰਾਂ ਅਤੇ ਟੀ.ਵੀ.ਚੈੱਨਲਾਂ ਨੇ ਬੇਲੋੜਾ ਵਿਸਥਾਰ ਦੇ ਕੇ ਪ੍ਰਸਾਰਿਤ ਕੀਤਾ।

ਦੂਜੀ ਘਟਨਾ ਸੌਦਾ ਸਾਧ ਦੇ ਚੇਲਿਆਂ ਨਾਲ ਸਿੱਖ ਜੱਥੇਬੰਦੀਆਂ ਦੇ ਹੋਏ ਟਕਰਾਅ ਦੀ ਹੈ। ਜਿਸ ’ਚ ਦੇਸ਼ ਭਰ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਨੇ ਸ਼ਪਸ਼ਟ ਕੀਤਾ ਕਿ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸੌਦਾ ਸਾਧ ਦੇ ਭੂਤਰੇ ਚੇਲਿਆਂ ਨੇ ਘਰੋਂ-ਘਰੀਂ ਪਰਤ ਰਹੇ ਸਿੱਖਾਂ ਨੂੰ ਘੇਰ-ਘੇਰ ਕੇ ਉਨਾਂ ’ਤੇ ਹਮਲਾ ਕੀਤਾ ਅਤੇ ਨਿਹੱਥੇ ਸਿੱਖਾਂ ਨੂੰ ਜਖ਼ਮੀ ਕਰਨ ਤੋਂ ਇਲਾਵਾ ਉਨਾਂ ਦੇ ਧਾਰਮਿਕ ਚਿੰਨਾਂ ਦੀ ਬੇਅਦਬੀ ਕੀਤੀ ਗਈ ਪਰ ਸੌਦਾ ਸਾਧ ਦੇ ਡੇਰੇ ਤੋਂ ਛਪਦੇ ਇਕ ਅਖ਼ਬਾਰ ਨੇ ਆਪਣੇ ਮੁੱਖ ਪੰਨੇ ’ਤੇ ਸਿੱਖਾਂ ਨੂੰ ਸ਼ਰਾਰਤੀ ਅਨਸਰ ਦੱਸਦਿਆਂ ਉਨਾਂ ਉਪਰ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦਾ ਦੋਸ਼ ਲਾ ਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੂੰ ਸ਼ਰਾਰਤੀ ਅਨਸਰਾਂ ਦਾ ਸਰਗਨਾਂ ਦੱਸਿਆ ਤੇ ਨਿਹੱਥੇ ਡੇਰਾਪ੍ਰੇਮੀਆਂ ’ਤੇ ਗੋਲੀਆਂ ਚਲਾਉਣ ਦਾ ਦੋਸ਼ ਲਾਇਆ। ਜੇਕਰ ਉਕਤ ਦੋਨੋਂ ਖਬਰਾਂ ਨੂੰ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਸੌਦਾ ਸਾਧ ਦੇ ਸੈਂਕੜੇ ਪ੍ਰੇਮੀਆਂ ਖਿਲਾਫ ਮਾਮਲਾ ਦਰਜ ਹੋਇਆ ਅਤੇ ਦੂਜੀ ਦਿਲਚਸਪ ਘਟਨਾ ਇਹ ਹੈ ਕਿ ਪੂਰੇ ਸਿਰਸੇ ਜ਼ਿਲੇ ’ਚ ਕਰਫਿਊ ਕਰਕੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮ ਪ੍ਰਭਾਵਿਤ ਹੋਏ ਪਰ ਸੌਦਾ ਸਾਧ ਦੇ ਡੇਰੇ ’ਚ ਹਫਤਾਵਾਰੀ ਸਤਿਸੰਗ ਹੋਇਆ, ਜਿਸ ’ਚ 50,000 ਤੋਂ ਵੱਧ ਪ੍ਰੇਮੀ ਇਕੱਠੇ ਹੋਏ। ਇਸ ਸਥਿਤੀ ’ਚ ਸਿਰਸੇ ’ਚ ਲਾਇਆ ਗਿਆ ਕਰਫਿਊ ਅਸਲੋਂ ਨਕਾਰਾ ਜਾਂ ਇਕ ਧਿਰ ਵੱਲ ਲਿਹਾਜੀ ਹੋਣ ਦੇ ਦੋਸ਼ ਵੀ ਲਾਉਣ ਦਾ ਕਾਰਨ ਬਣ ਗਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top