Share on Facebook

Main News Page

ਅੱਜ ਦਾ ਕਸਾਈ ਮਨੁੱਖ, ਪੱਥਰ ਯੁਗ ਵਿਚੋਂ ਨਿਕਲ ਕੇ, ਪਸੂਆਂ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਿਆ ਹੈ

ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥

ਅੱਜ ਜਿਸ ਨੂੰ ਪੜ੍ਹੀ ਲਿਖੀ ਚੇਤੰਨ ਅਤੇ ਅਡਵਾਂਸ ਦੁਨੀਆਂ ਆਖਿਆ ਜਾਂਦਾ ਹੈ।

ਜਿਸ ਨੇ ਡਾਕਟਰ ਵਕੀਲ, ਪ੍ਰੋਫੈਸਰ, ਸਾਂਇਸਦਾਨ, ਬੁਧੀ ਜੀਵੀ ਪੈਦਾ ਕੀਤੇ ਹਨ। ਜਿਸ ਨੇ ਮਨੁੱਖੀ ਜੀਵਨ ਦਾ ਮਿਆਰ ਬਦਲਣ ਲਈ, ਇਕ ਪਾਸੇ ਬਹੁਤਾਤ ਵਿਚ ਸਕੂਲ ਕਾਲਜ ਅਤੇ ਯੁਨੀਵਰਸਟੀਆਂ ਦਿੱਤੀਆਂ ਹਨ, ਦੂਜੇ ਪਾਸੇ ਧਰਮ ਦੀਆਂ ਗੱਲਾਂ ਦੀ ਅਗਵਾਈ ਵਿਚ ਭਰੋਸਾ ਕਰਦਿਆਂ, ਆਤਮਿਕ ਮਿਆਰ ਉਚਾ ਕਰਨ ਲਈ, ਬਹੁਤੀ ਗਿਣਤੀ ਵਿਚ ਕਦਮ ਕਦਮ ਤੇ ਮੰਦਰ, ਮਸਜਿਦਾਂ, ਗੁਰਦੁਆਰੇ, ਚਰਚ ਅਤੇ ਸਾਧਾਂ ਦੇ ਡੇਰਿਆਂ ਦੀਆਂ ਲਾਈਨਾਂ ਲਾ ਦਿਤੀਆਂ, ਤਾਂਕਿ ਮਨੁੱਖ ਪੱਥਰ ਯੁਗ ਤੋਂ ਬਾਹਰ ਨਿਕਲੇ ਅਤੇ ਇਸ ਮਨੁੱਖ ਨੂੰ ਮਨੁੱਖਾਂ ਵਾਲਾ ਜੀਵਨ ਜੀਉਣਾ ਆ ਜਾਵੇ।

ਪਰ ਕੀ ਕਾਰਨ ਹੈ ਜੇ ਸਕੂਲਾਂ ਕਾਲਜਾਂ ਵਿਚ ਪੜ੍ਹਾਏ ਜਾਂਦੇ ਸਬਜੈਕਟ ਅਤੇ ਧਰਮ ਸਥਾਨਾਂ ਅਤੇ ਡੇਰਿਆਂ ਵਿੱਚ ਹੋ ਰਹੇ ਕੀਰਤਨ ਦਰਬਾਰ, ਅਖੰਡ ਪਾਠਾਂ ਦੀਆਂ ਲੜੀਆਂ, ਰੈਣ ਸਬਾਈਆਂ ਨਾਲ ਭੀ ਮਨੁੱਖ ਦੇ ਜ਼ੁਲਮ ਅਤੇ ਅਤਿਆਚਾਰੀ ਸੁਭਾਅ ਦੀ ਅੰਧੇਰੀ ਰਾਤ ਨਹੀਂ ਖਤਮ ਹੋ ਰਹੀ, ਹੁਣ ਤਾਂ ਗੁਰੂ ਨਾਨਕ ਜੀ ਦੇ ਕਹਿਣ ਵਾਂਗੂੰ -

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥1॥

ਅੱਜ ਤਾਂ ਇਸ ਧਰਮ ਧਰਤੀ ਤੇ ਡਾਕਟਰਾਂ, ਵਕੀਲਾਂ, ਪ੍ਰੋਫੈਸਰਾਂ ਅਤੇ ਸਾਇੰਸਦਾਨਾਂ ਨੂੰ ਜਨਮ ਦੇਣ ਵਾਲੀ, ਪੀਰਾਂ, ਫਕੀਰਾਂ, ਸਾਧਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ਜਨਮ ਦੇਣ ਵਾਲੀ ਔਰਤ ਕੋਲੋਂ ਇਜ਼ਤ ਆਬਰੂ ਨਾਲ ਜੀਵਣ ਦਾ ਹੱਕ ਖੋਹਿਆ ਜਾ ਰਿਹਾ ਹੈ। ਗਲੀਆਂ ਬਾਜ਼ਾਰਾਂ ਸੜਕਾਂ ਬੱਸਾਂ ਵਿਚ, ਧਰਮ ਸਥਾਨਾਂ, ਡੇਰਿਆਂ ਵਿੱਚ ਢੱਡਰੀਆਂ ਵਾਲੇ, ਸਰਸੇ ਵਾਲੇ, ਪਿਹੋਵੇ ਵਾਲੇ ਅਤੇ ਧਨਵੰਤ ਸਿੰਘ ਵਰਗਿਆਂ ਅਤੇ ਕਈ ਮੱਠਾਂ ਮੰਦਰਾਂ ਵਿਚ ਬੈਠੇ ਜਗਤ ਕਸਾਈਆਂ ਕੋਲੋਂ, ਆਏ ਦਿਨ ਅਪਣੀ ਆਬਰੂ ਲੁਟਾ ਕੇ ਖੁਦਕਸ਼ੀਆਂ ਕਰਨ ਲਈ ਔਰਤ ਮਜਬੂਰ ਹੈ। ਔਰਤ ਅੱਜ ਜਨਮ ਤੋਂ ਪਹਿਲਾਂ ਭੀ ਮਰ ਰਹੀ ਹੈ, ਅਤੇ ਜਨਮ ਤੋਂ ਬਾਅਦ ਭੀ ਮਰ ਰਹੀ ਹੈ। ਮੈਨੂੰ ਦਿਸਦਾ ਹੈ, ਅੱਜ ਦਾ ਇਹ ਕਸਾਈ ਮਨੁੱਖ, ਪੱਥਰ ਯੁਗ ਵਿਚੋਂ ਨਿਕਲ ਕੇ, ਪਸੂਆਂ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਿਆ ਹੈ।

ਮੈ ਪੁਛਦਾ ਹਾਂ, ਕੇਂਦਰ ਸਰਕਾਰ ਦੀ ਕੁਰਸੀ 'ਤੇ ਬੈਠੇ ਮਹਾਭਾਰਤ ਅਤੇ ਰਮਾਇਣ ਦੇ ਇਤਿਹਾਸ ਦੇ ਵਾਰਸੋ, ਤੁਹਾਨੂੰ ਪਤਾ ਹੋਵੇ ਇਹ ਦੋਨੋਂ ਯੁਧ ਔਰਤ ਦੀ ਇਜ਼ਤ ਆਬਰੂ ਲਈ ਸੰਘਰਸ਼ ਦੇ ਪ੍ਰਤੀਕ ਹਨ।

ਪੰਜਾਬ ਸਰਕਾਰ ਦੀ ਕੁਰਸੀ 'ਤੇ ਬੈਠੇ ਅਕਾਲ ਤਖਤ ਅਤੇ ਮਿਸਲਾਂ ਦੇ ਇਤਿਹਾਸ ਦੇ ਵਾਰਸ ਅਖਵਾਣ ਵਾਲਿਓ, ਤੁਹਾਨੂੰ ਪਤਾ ਹੋਵੇ, ਏਥੋਂ ਤਾਂ ਹਮੇਸ਼ਾਂ ਜਰਵਾਣਿਆਂ ਕੋਲੋਂ ਅਬਲਾ ਦੀ ਇਜ਼ਤ ਆਬਰੂ ਬਚਾਉਣ ਦੇ ਫੈਸਲੇ ਅਤੇ ਸੰਘਰਸ਼ ਹੋਂਦੇ ਰਹੇ ਹਨ।

ਉਠੋ, ਜਾਗੋ, ਕਿਤੇ ਤੁਹਾਡੇ ਵਿਹੜੇ ਤੁਹਾਡੇ ਦਰਵਾਜ਼ੇ ਦੇ ਸਾਹਮਣੇ ਕੋਈ ਅਬਲਾ ਆਬਰੂ ਦੀ ਰਾਖੀ ਲਈ ਕੁਰਲਾਂਦੀ ਕੁਰਲਾਂਦੀ ਦਮ ਨਾ ਤੋੜ ਜਾਵੇ, ਇਹ ਕੁਰਲਾਹਟ ਤੁਹਾਡੇ ਸਾਡੇ ਜੀਵਨ ਅਤੇ ਦੇਸ਼ ਲਈ ਇਕ ਧਿਰਕਾਰ ਹੋਵੇਗੀ, ਧਿਰਕਾਰ ਹੋਵੇਗੀ।

ਅੱਜ ਸਮਾਜ ਵਿਚ ਫੈਲ ਰਹੇ ਇਸ ਆਚਰਣਹੀਣਤਾ ਦੇ ਖਤਰਨਾਕ ਰੋਗ ਦਾ ਕਾਰਨ ਸਮਝਣਾ ਅਤੇ ਉਸਦਾ ਇਲਾਜ ਲਭਣਾ ਜਰੂਰੀ ਹੈ। ਅੱਜ ਟੀ.ਵੀ. ਚੈਨਲਾਂ ਅਤੇ ਬਲਿਊ ਫਿਲਮਾਂ ਰਾਹੀਂ ਜਾਂ ਇੰਟਰਨੈਟ ਦੀਆਂ ਸਾਈਟਾਂ ਤੇ ਦਿਖਾਈ ਜਾ ਰਹੀ ਅਸ਼ਲੀਲਤਾ, ਧਰਮ ਨਾਮ ਹੇਠ ਆਚਰਣਹੀਣਤਾ ਦੀ ਪ੍ਰੇਰਣਾ ਦੇਣ ਵਾਲੇ ਬਚਿੱਤਰ ਨਾਟਕ ਵਿਚਲੇ ਤ੍ਰਿਯਾਚਰਿੱਤਰ ਵਰਗੇ ਅਸ਼ਲੀਲ ਗ੍ਰੰਥ ਅਤੇ ਬਾਜ਼ਾਰਾਂ ਵਿੱਚ ਵਿਕਦੇ ਅਸ਼ਲੀਲ ਲਿਟਰੇਚਰ, ਨਾਈਟ ਕਲੱਬ ਇਸ ਰੋਗ ਦੀ ਜੜ੍ਹ ਹਨ।

ਜਦੋਂ ਤੱਕ ਇਨ੍ਹਾਂ ਅਸ਼ਲੀਲ ਗ੍ਰੰਥਾਂ, ਮੈਗ਼ਜ਼ੀਨਾਂ ਨੂੰ ਬੈਨ ਨਹੀਂ ਕੀਤਾ ਜਾਂਦਾ, ਅਤੇ ਟੀ. ਵੀ. ਚੈਨਲਾਂ ਅਤੇ ਫਿਲਮਾਂ ਤੇ ਆਦਰਸ਼ਕ ਸਮਾਜ ਦੇ ਜ਼ਾਬਤੇ ਵਿਚ ਰਹਿਣ ਦੀ ਸਖਤ ਪਾਬੰਦੀ ਨਹੀਂ ਲਗਦੀ, ਉਤਨੀ ਦੇਰ ਤੁਸੀਂ ਗੁਰੂਆਂ ਦੇ ਸੁਪਨੇ ਦਾ ਉਚੇ ਆਚਰਣ ਵਾਲਾ ਸਮਾਜ ਨਹੀਂ ਸਿਰਜ ਸੱਕੋਗੇ।

ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਸੇਵਾਦਾਰ

ਦਰਸ਼ਨ ਸਿੰਘ ਖਾਲਸਾ
30 Dec 2012


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top