Share on Facebook

Main News Page

(ਦਾਮਿਨੀ) ਨੂੰ ਸਲਾਮ ਹੈ, ਜਿਸ ਨੇ ਦੇਸ਼ ਦੇ ਲੋਕਾਂ ਦੀ ਜ਼ਮੀਰ ਨੂੰ ਜਗਾ ਦਿੱਤਾ
-
ਭਾਈ ਹਰਨਾਮ ਸਿੰਘ

* ਜੇ ੧੯੮੪ ਦੇ ਸਮੂਹਿਕ ਬਲਾਤਕਾਰੀਆਂ ਨੂੰ ਸਜਾਵਾਂ ਦਿੱਤੀਆਂ ਹੁੰਦੀਆਂ, ਤਾਂ ਸ਼ਾਇਦ ਅੱਜ ਦਿੱਲੀ 'ਚ ਇਹ ਬੱਸ ਕਾਂਡ ਨਾ ਵਾਪਰਦੇ
* ਹੁਕਮਨਾਮੇ ਗੁਰੂ ਦੇ ਨਹੀਂ ਗੁਰਦੁਆਰਿਆਂ ਦੇ ਬਣਾ ਦਿੱਤੇ ਹਨ

ਬਠਿੰਡਾ ੩੦ ਦਸੰਬਰ (ਕਿਰਪਾਲ ਸਿੰਘ): (ਦਾਮਿਨੀ) ਨੂੰ ਸਲਾਮ ਹੈ ਜਿਸ ਨੇ ਦੇਸ਼ ਦੇ ਲੋਕਾਂ ਦੀ ਜ਼ਮੀਰ ਨੂੰ ਜਗਾ ਦਿੱਤਾ ਹੈ। ਇਹ ਸ਼ਬਦ ੧੬ ਦਸੰਬਰ ਨੂੰ ਦਿੱਲੀ 'ਚ ਚਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਦੀ ਸਿੰਗਾਪੁਰ ਦੇ ਮਾਊਂਟ ਐਲੀਜਾਬੇਥ ਹਸਪਤਾਲ ਵਿੱਚ ਬੀਤੇ ਦਿਨ ਜਿੰਦਗੀ ਦੀ ਬਾਜੀ ਹਾਰ ਜਾਣ ਦੀਆਂ ਆਈਆਂ ਖ਼ਬਰਾਂ ਤੇ ਪ੍ਰਤੀਕਰਮ ਕਰਦੇ ਹੋਏ, ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਗਿਆਨੀ ਹਰਨਾਮ ਸਿੰਘ ਹੈੱਡ ਗ੍ਰੰਥੀ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਬਹੁਤਿਆਂ ਦਾ ਖ਼ਿਆਲ ਹੈ ਕਿ ਸਮਾਜਕ ਕਾਰਣਾਂ ਕਰਕੇ ਇਸ ਲੜਕੀ ਤੇ ਉਸ ਦੇ ਮਾਪਿਆਂ ਦੀ ਪਛਾਣ ਗੁਪਤ ਰੱਖੀ ਜਾਵੇ ਪਰ ਮੇਰਾ ਖ਼ਿਆਲ ਹੈ ਕਿ ਉਨ੍ਹਾਂ ਦੀ ਪਛਾਣ ਸਿਰਫ ਦੱਸੀ ਹੀ ਨਹੀਂ ਜਾਣੀ ਚਾਹੀਦੀ ਬਲਕਿ ਉਸ ਨੂੰ ਸਲਾਮ ਕਰਨਾ ਚਾਹੀਦਾ ਹੈ ਜਿਸ ਨੇ ਆਪਣੀ ਜਾਨ ਕੁਰਬਾਨ ਕਰਕੇ ਦੇਸ਼ ਦੇ ਲੋਕਾਂ ਦੀ ਜ਼ਮੀਰ ਨੂੰ ਜਗਾ ਦਿੱਤਾ ਹੈ। ਕਿਉਂਕਿ ਜੇ ਉਹ ਬਲਾਤਕਾਰੀਆਂ ਦਾ ਵਿਰੋਧ ਨਾ ਕਰਦੀ ਤੇ ਆਪਣਾ ਆਪ ਸਮਰਪਣ ਕਰ ਦਿੰਦੀ ਤਾਂ ਉਸ 'ਤੇ ਇਹ ਦ੍ਰਿੰਦਗੀ ਭਰਿਆ ਤਸ਼ੱਦਦ ਨਾ ਹੁੰਦਾ ਤੇ ਉਸ ਦੀ ਜਾਨ ਬਚ ਜਾਂਦੀ। ਪਰ ਉਸ ਨੇ ਬਲਾਤਕਾਰੀਆਂ ਦਾ ਸਖਤ ਵਿਰੋਧ ਕੀਤਾ ਜਿਸ ਕਾਰਣ ਉਸ 'ਤੇ ਹੋਏ ਤਸ਼ੱਦਦ ਦੀ ਤਾਬ ਨਾ ਝਲਦੀ ਹੋਈ ਉਹ ਆਪਣੀ ਜਾਨ ਕੁਰਬਾਨ ਕਰਕੇ ਉਸੇ ਤਰ੍ਹਾਂ ਲੋਕਾਂ ਦੀ ਜ਼ਮੀਰ ਨੂੰ ਜਗਾ ਗਈ ਹੈ ਜਿਵੇਂ ਮਹਾਨ ਵਿਅਕਤੀ ਆਪਣੀ ਕੁਰਬਾਨੀ ਨਾਲ ਲੋਕਾਂ ਦੀ ਜ਼ਮੀਰ ਜਗਾ ਜਾਂਦੇ ਹਨ। ਇਹ ਉਸ ਬੱਚੀ ਵੱਲੋਂ ਲੋਕਾਂ ਦੀ ਜ਼ਮੀਰ ਜਗਾਉਣ ਦਾ ਹੀ ਸਦਕਾ ਹੈ ਕਿ ਅੱਜ ਸਮੁੱਚੇ ਦੇਸ਼ ਵਿੱਚ, ਬਲਾਤਕਾਰ ਜੈਸੇ ਸ਼ਰਮਨਾਕ ਤੇ ਘਿਨਾਉਣੇ ਕਾਂਡਾਂ ਵਿਰੁਧ ਜੋਰਦਾਰ ਆਵਾਜ਼ ਉਠੀ ਹੈ ਤੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਲਈ ਕਾਨੂੰਨ ਵਿੱਚ ਸੋਧ ਕੀਤੀ ਜਾ ਰਹੀ ਹੈ।

ਗਿਆਨੀ ਹਰਨਾਮ ਸਿੰਘ ਨੇ ਕਿਹਾ ਇਸ ਤੋਂ ਵੱਧ ਘਿਨਾਉਣੇ ਤੇ ਸ਼ਰਮਨਾਕ ਕਾਂਡ ਨਵੰਬਰ ੧੯੮੪ ਵਿੱਚ ਵੀ ਲਗਾਤਾਰ ਕਈ ਦਿਨ ਇਸੇ ਦਿੱਲੀ ਵਿੱਚ ਦਿਨ ਦਿਹਾੜੇ ਹੁੰਦੇ ਰਹੇ, ਜਦੋਂ ਇੱਕ ਨਹੀਂ ਸਗੋਂ ਸੈਂਕੜੇ ਔਰਤਾਂ ਦੇ ਉਨ੍ਹਾਂ ਦੇ ਪਿਤਾ, ਭਰਾਵਾਂ ਤੇ ਪਤੀਆਂ ਦੇ ਸਾਹਮਣੇ ਬਲਾਤਕਾਰ ਕੀਤੇ ਗਏ ਤੇ ਵਿਰੋਧ ਕਰਨ ਵਾਲਿਆਂ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ। ਉਸ ਸਮੇਂ ਸ਼ਾਇਦ ਫਿਰਕਾ ਪ੍ਰਸ਼ਤੀ ਦੀ ਹਵਾ ਚੱਲ ਰਹੀ ਸੀ ਜਿਸ ਕਾਰਣ ਮੀਡੀਏ ਤੇ ਲੋਕਾਂ ਨੇ ਅੱਜ ਵਾਂਗ ਅਵਾਜ਼ ਨਹੀਂ ਉਠਾਈ ਤੇ ੨੮ ਸਾਲ ਤੱਕ ਵੀ ਕਿਸੇ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਗਈ। ਸਰਕਾਰ ਦੀ ਇਸ ਕੌਤਾਹੀ ਕਾਰਣ ੨੦੦੨ 'ਚ ਗੁਜਰਾਤ ਵਿੱਚ ਉਹੀ ਵਰਤਾਰਾ ਦੁਹਰਾਇਆ ਗਿਆ ਤੇ ਅੱਜ ਇਸ ਦੀ ਅੱਗ ਇਤਨੀ ਵਧ ਚੁੱਕੀ ਹੈ ਕਿ ਕੋਈ ਵੀ ਔਰਤ ਕਿਤੇ ਵੀ ਸੁਰਿਅਖ਼ਤ ਨਹੀਂ ਹੈ ਜਿਹੜੀ ਕਿ ਦੇਸ਼ ਵਾਸੀਆਂ ਲਈ ਸ਼ਰਮਨਾਕ ਹੈ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਇਸ ਸ਼ਰਮਨਾਕ ਵਰਤਾਰੇ ਨੂੰ ਠੱਲ੍ਹ ਤਾਂ ਹੀ ਪਾਈ ਜਾ ਸਕਦੀ ਹੈ ਜੇ ਕਨੂੰਨ ਵਿੱਚ ਸੋਧ ਕਰਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਦੇਸ਼ ਦਾ ਹਰ ਵਸ਼ਿੰਦਾ ਭਾਈ ਗੁਰਦਾਸ ਜੀ ਦੇ ਬਚਨ: 'ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।' (ਵਾਰ ੨੯ ਪਉੜੀ ੧੧) ਤੋਂ ਸੇਧ ਲੈ ਕੇ ਦੂਸਰਿਆਂ ਦੀਆਂ ਮਾਵਾਂ ਭੈਣਾਂ ਧੀਆਂ ਨੂੰ ਆਪਣੀਆਂ ਮਾਵਾਂ ਭੈਣਾਂ ਧੀਆਂ ਸਮਾਨ ਸਮਝਣ ਦੇ ਯੋਗ ਹੋ ਜਾਣ। ਹਰ ਇੱਕ ਵਿਅਕਤੀ ਇਹ ਸੋਚੇ ਕਿ ਜੋ ਅੱਜ ਕਿਸੇ ਦੀ ਧੀ ਭੈਣ ਨਾਲ ਵਾਪਰਿਆ ਹੈ ਤਾਂ ਕੱਲ੍ਹ ਨੂੰ ਇਹ ਮੇਰੀ ਧੀ ਭੈਣ ਨਾਲ ਵੀ ਵਾਪਰ ਸਕਦਾ ਹੈ। ਜੇ ੧੯੮੪ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਹੁੰਦੀਆਂ ਤੇ ਭਾਈ ਗੁਰਦਾਸ ਜੀ ਤੋਂ ਸੇਧ ਲੈ ਕੇ ਹਰ ਦੇਸ਼ ਵਾਸੀ ਨੇ ਦੂਸਰਿਆਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਣ ਦੀ ਆਦਤ ਪਾ ਲਈ ਹੁੰਦੀ ਤਾਂ ਅੱਜ ਵਾਲੇ ਹਾਲਤ ਪੈਦਾ ਨਾ ਹੁੰਦੇ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਹੁਣ ਵੀ ਮੌਕਾ ਹੈ ਕਿ ਸਿਰਫ ਦਾਮਿਨੀ ਦੇ ਬਲਾਤਕਾਰਾਂ ਤੇ ਕਾਤਲਾਂ ਨੂੰ ਹੀ ਨਹੀਂ ਬਲਕਿ ਹਰ ਬਲਾਤਕਾਰ ਤੇ ਕਾਤਲ ਨੂੰ ਸਖਤ ਸਜਾ ਦੇ ਕੇ ਇੱਜਤਦਾਰ ਸਮਾਜ ਦੀ ਸਿਰਜਨਾ ਕੀਤੀ ਜਾਵੇ।

ਇਸ ਤੋਂ ਪਹਿਲਾਂ ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਅੱਜ ਅਸੀਂ ਹੁਕਨਾਮੇ ਦਰਬਾਰ ਸਾਹਿਬ ਅੰਮ੍ਰਿਤਸਰ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ ਨਵੀਂ ਦਿੱਲੀ ਅਤੇ ਹੋਰ ਵੱਖ ਵੱਖ ਗੁਰਦੁਆਰਿਆਂ ਦੇ ਹੁਕਮਨਾਮੇ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਜੇ ਇਹ ਹੁਕਨਾਮੇ ਗੁਰਦੁਆਰਿਆਂ ਦੇ ਹਨ ਤਾਂ ਗੁਰੂ ਦਾ ਹੁਕਨਾਮਾ ਕਿਹੜਾ ਹੋਇਆ? ਉਨ੍ਹਾਂ ਕਿਹਾ ਵੱਖ ਵੱਖ ਗੁਰਦੁਆਰਿਆਂ ਦੇ ਸ਼੍ਰਧਾਲੂ ਆਪਣੇ ਆਪਣੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਏ ਹੁਕਮਨਾਮੇ ਐੱਸਐੱਮਐੱਸ ਰਾਹੀਂ ਇੰਨੀ ਗਿਣਤੀ ਵਿੱਚ ਭੇਜ ਰਹੇ ਹਨ ਕਿ ਪਤਾ ਹੀ ਨਹੀਂ ਲਗਦਾ ਕਿ ਕਿਹੜਾ ਹੁਕਮਨਾਮਾ ਪੜ੍ਹੀਏ ਤੇ ਕਿਸ ਨੂੰ ਡੀਲੀਟ ਕਰੀਏ? ਉਨ੍ਹਾਂ ਕਿਹਾ ਪੜ੍ਹਨ ਵਾਲੇ ਵੀ ਸਿਰਫ ਪੜ੍ਹਨ ਤੱਕ ਹੀ ਸੀਮਤ ਹੁੰਦੇ ਹਨ ਬਹੁਤ ਥੋਹੜੇ ਹਨ ਜਿਹੜੇ ਗੁਰੂ ਦੇ ਹੁਕਮ ਨੂੰ ਪੜ੍ਹ ਸਮਝ ਕੇ ਆਪਣੇ ਜੀਵਨ ਵਿੱਚ ਕਮਾਉਂਦੇ ਹਨ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਸਿਰਫ ਕਿਸੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਆਇਆ ਹੁਕਮਨਾਮਾ ਹੀ ਹੁਕਮਨਾਮਾ ਨਹੀਂ ਹੈ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਾਰੇ ਹੀ ਸ਼ਬਦ ਸਾਡੇ ਲਈ ਹੁਕਮਨਾਮੇ ਹਨ ਇਸ ਲਈ ਇਨ੍ਹਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਸੇਧ ਲੈਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top