Share on Facebook

Main News Page

ਆਪਣੀ ਕਮਜ਼ੋਰੀ ਜਾਂ ਮਜਬੂਰੀ ਨੂੰ ਸਿਧਾਂਤ ਬਣਾ ਕੇ ਨਾ ਪੇਸ਼ ਕੀਤਾ ਜਾਵੇ
-
ਸੰਪਾਦਕ ਖ਼ਾਲਸਾ ਨਿਊਜ਼

ਸਿਧਾਂਤ ਹਮੇਸ਼ਾਂ ਸੱਚੇ ਕਿਰਦਾਰ ਅਤੇ ਅਮਲੀ (ਪ੍ਰੈਕਟੀਕਲ) ਜੀਵਨ ਨਾਲ ਹੀ ਪ੍ਰਚਾਰਿਆ ਜਾ ਸਕਦਾ ਹੈ, ਸਟੇਜੀ ਕਲਾਕਾਰ ਸਿਰਫ ਲਿਪ ਸਰਵਿਸ (Lip Service) ਤੱਕ ਹੀ ਸੀਮਿਤ ਰਹਿੰਦੇ ਹਨ, ਅਤੇ ਜਦੋਂ ਇਤਿਹਾਸ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਸਮਝੌਤੇ ਕਰਕੇ ਆਪਣੀ ਕਮਜ਼ੋਰੀ ਜਾਂ ਮਜਬੂਰੀ ਨੂੰ ਸਿਧਾਂਤ ਬਣਾ ਕੇ ਪੇਸ਼ ਕਰਦੇ ਹਨ। ਕੁੱਝ ਚਿਰ ਪਹਿਲਾਂ ਬੱਬੂ ਮਾਨ ਨੇ ਸਟੇਜ 'ਤੇ ਲਾਲਾ ਲਾਜਪਤ ਰਾਏ ਬਾਰੇ ਸੱਚ ਬੋਲਿਆ ਸੀ, ਜਿਸਦੀ ਹਰ ਪਾਸੇ ਚਰਚਾ ਹੋਈ, ਕਿ ਕਿਸੇ ਨੇ ਤਾਂ ਸੱਚ ਬੋਲਿਆ। ਪਰ ਥੋੜ੍ਹੇ ਦਿਨਾਂ ਬਾਅਦ ਹੀ ਆਪਣੇ ਬਿਆਨ ਤੋਂ ਮੁਕਰ ਗਿਆ। ਕਦੀ ਸਿੰਘ, ਸਰਦਾਰਾਂ ਦੀ ਗਲ ਆਪਣੇ ਗਾਣਿਆਂ 'ਚ ਕਰਕੇ, ਲੋਕਾਂ ਦੀ ਭਾਵਨਾਵਾਂ ਨਾਲ ਖੇਡਕੇ, ਪੈਸਾ ਕਮਾਕੇ, ਉਹ ਗਏ, ਉਹ ਗਏ... ਆਪਣੇ ਉਪਰ ਕੋਈ ਅਸਰ ਨਹੀਂ। ਇਹੀ ਹਾਲ ਜੈਜੀ ਬੈਂਸ ਦਾ ਹੈ, ਕਿੰਨੇ ਹੀ ਗਾਣੇ ਸਿੱਖੀ ਬਾਰੇ ਗਾਕੇ, ਆਪਣੇ ਉਪਰ ਰੱਤੀ ਜਿੰਨਾਂ ਵੀ ਅਸਰ ਨਹੀਂ... ਹੈਂਅਅਅਅ... ਕਿਓਂ... ਕਿਉਂਕਿ ਇਹ ਹਨ ਸਟੇਜੀ ਕਲਾਕਾਰ, ਜਿੰਨਾਂ ਨੂੰ ਸਿਰਫ ਸ਼ੋਹਰਤ ਜਾਂ ਪੈਸੇ ਜਾਂ ਦੋਹਾਂ ਨਾਲ ਮਤਲਬ ਹੈ, ਸਿੱਖੀ ਨਾਲ ਨਹੀਂ।  ਭੀੜਾਂ ਨਾਲ ਜੁੜਕੇ ਸਿੱਖੀ ਸਿਧਾਂਤਾਂ ਨਾਲ ਸਮਝੌਤਾ, ਸਿਧਾਂਤ ਨਹੀਂ, ਕਮਜ਼ੋਰੀ ਹੈ।

ਬੂਟਾ ਸਿੰਘ ਗੁਰਬਖਸ਼ ਨਾਮ ਦਾ ਸ਼ਖਸ ਜੋ ਭਾਂਵੇਂ ਨਾਲ ਨਹੀਂ ਗਿਆ, ਪਰ ਫੇਸਬੁੱਕ 'ਤੇ ਬਹਿਸਬਾਜੀ 'ਚ ਗੜੁੱਚ ਹੈ। ਗਿਆਨੀ ਜਾਚਕ ਨਾਲ ਗਿਆਨੀ ਬਲਵਿੰਦਰ ਸਿੰਘ ਅਖੌਤੀ ਜਥੇਦਾਰਾਂ ਦੀ ਕਾਲ ਕੋਠੜੀ ਗਏ ਸੀ ਗੁਰਬਾਣੀ ਸੰਥਿਆ ਦੀ ਸੀ.ਡੀ. ਰੀਲੀਜ਼ ਕਰਵਾਉਣ, ਇਨ੍ਹਾਂ ਦੇ ਆਫਿਸ ਇੰਚਾਰਜ ਹਨ। ਬੂਟਾ ਸਿੰਘ ਗੁਰਬਖਸ਼ ਫੇਸਬੁੱਕ 'ਤੇ ਲਿਖਦਾ ਹੈ ਕਿ "ਮੈਂਨੂੰ ਲਗਦਾ ਹੈ ਕਿ ਖ਼ਾਲਸਾ ਨਿਊਜ਼ ਵਾਲੇ ਨੇ ਪੱਤਰਕਾਰਤਾ ਨੂੰ ਹੀ ਵੇਚ ਦਿੱਤਾ ਹੈ, ਬਿਨਾ ਜਾਨੇ ਹੋਏ ਕਿ ਕੀ ਹੋਇਆ, ਸਿਰਫ ਕੁੱਝ ਆਰਿਆ ਸਮਾਜੀ ਲੋਕਾਂ ਦੇ ਮਗਰ ਲਗ ਕੇ... ਤੁਸੀਂ ਕਿਰਪਾ ਸਹਿਤ ਇਸ ਗੱਲ ਦੀ ਵਿਆਖਿਆ ਕਰੋਗੇ ਕਿ ਉਹ ਕਿਵੇਂ ਤੇ ਕਿੰਨੇ 'ਚ ਵਿਕੇ ਨੇ, ਤੁਹਾਡੀ ਗੱਲ ਤੋਂ ਤੇ ਟਿੱਪਣੀਆਂ ਤੋਂ ਤਾਂ ਇਹ ਲਗਦਾ ਕਿ ਇਥੇ ਹਰ ਕੋਈ ਬਿਕਾਊ ਹੈ... ਵਾਹ ਸਿੱਖਾਂ ਦਾ ਕਿਆ ਜਲੂਸ ਕੱਢਣ ਲੱਗੇ ਹੋ, ਬਿਨਾ ਜਾਣੇ ਕਿ ਕੀ ਹੋਇਆ..."

ਬੂਟਾ ਸਿੰਘ ਗੁਰਬਖਸ਼ ਜੀ, ਅਸੀਂ ਜੋ ਲਿਖਿਆ ਹੈ, ਉਸ ਵਿੱਚ ਇਸ ਪ੍ਰੋਜੈਕਟ ਦੀ ਸ਼ਲਾਘਾ ਵੀ ਕੀਤੀ ਹੈ। ਤੁਹਾਡਾ ਪ੍ਰੋਜੈਕਟ ਚੰਗਾ ਹੈ, ਜਾਚਕ ਜੀ ਵੀ ਗੁਣੀ ਨੇ, ਪਰ ਕੰਮ ਤੁਸੀਂ ਉਹ ਕੀਤਾ ਹੈ, ਜਿਵੇਂ ਕੋਈ ਕੜ੍ਹਾ ਬਣਾ ਕੇ, ਉੱਤੇ ਸਵਾਹ ਪਾ ਦੇਵੇ ਸਾਨੂੰ ਇਸ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਹੈ, ਸਬੂਤ ਵੀ ਹਨ, ਜੋ ਕਿ ਸਮਾਂ ਆਉਣ 'ਤੇ ਪੇਸ਼ ਕੀਤੇ ਜਾਣਗੇ। ਆਰਿਆ ਸਮਾਜੀ ਲੋਕਾਂ ਨਾਲ ਤੇ ਤੁਸੀਂ ਆਪ ਮਿਲ ਕੇ ਆਏ ਹੋ, ਜਿਨ੍ਹਾਂ ਕੋਲ਼ੋਂ ਸੀ.ਡੀ. ਰੀਲੀਜ਼ ਕਰਵਾਈ ਹੈ, ਸਾਡੀ ਤਾਂ ਉਨ੍ਹਾਂ ਨਾਲ ਬਣਦੀ ਨਹੀਂ।  ਰਹੀ ਪੱਤਰਕਾਰਤਾ ਨੂੰ ਵੇਚਣ ਦੀ ਗੱਲ, ਅਸੀਂ ਤਾਂ ਸਾਰਾ ਕੰਮ ਹੀ Voluntarily ਕਰਦੇ ਹਾਂ, ਤੇ ਵਿਕਦੇ ਵੀ ਗੁਰੂ ਕੋਲ਼ ਹਾਂ, ਅਖੌਤੀ ਜਥੇਦਾਰਾਂ ਕੋਲ਼ ਨਹੀਂ।  ਤੇ ਜਿਨ੍ਹਾਂ 70-80% ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਹਾਲੇ ਵੀ 70-80% ਸਿੱਖ ਹਾਲੇ ਵੀ ਇਨ੍ਹਾਂ ਨੂੰ ਜਥੇਦਾਰ ਮੰਨਦੇ ਹਨ, ਤਾਂ ਉਨ੍ਹਾਂ ਲੋਕਾਂ (ਗੁਰਮਤਿ ਵਿਹੂਣੇ) ਦੀ ਅਤੇ ਤੁਹਾਡੀ ਸੋਚ 'ਤੇ ਤਰਸ ਅਤੇ ਅਫਸੋਸ ਹੁੰਦਾ ਹੈ, ਜੋ ਇਨਾਂ ਕੁੱਝ ਹੋਣ ਦੇ ਬਾਵਜ਼ੂਦ ਇਨ੍ਹਾਂ ਬੁਰਛਾਗਰਦਾਂ ਦੇ ਤਲਵੇ ਚੱਟਦੇ ਹਨ। ਸਾਡੇ ਲਈ ਇਨ੍ਹਾਂ ਲਿਫਾਫੇ ਚੋਂ ਨਿਕਲੇ ਬਾਦਲ ਦੇ ਤਲਵੇਚੱਟ ਝਾੜੂਬਰਦਾਰਾਂ ਦੀ ਔਕਾਤ ਕੌਡੀ ਜਿੰਨੀ ਵੀ ਨਹੀਂ।

ਗੱਲ ਰਹੀ ਜਾਚਕ ਜੀ ਦੀ, ਉਨ੍ਹਾਂ ਜੋ ਕੀਤਾ ਹੈ ਉਹ ਸਲਾਹੁਣਯੋਗ ਕਦਮ ਨਹੀਂ ਹੈ। ਜੇ ਤੁਸੀਂ ਸੀ.ਡੀ. ਰੀਲੀਜ਼ ਕਰਾਉਣੀ ਸੀ, ਆਪੇ ਕਰਾ ਲੈਂਦੇ, ਤਾਂ ਸਾਨੂੰ ਕੋਈ ਹਰਜ਼ ਨਹੀਂ ਸੀ। ਸ਼ਿਕਵਾ ਇਸ ਗੱਲ ਦਾ ਹੈ, ਕਿ ਜਾਚਕ ਜੀ ਆਪ ਇਨ੍ਹਾਂ ਹੀ ਅਖੌਤੀ ਸਿੰਘ ਸਾਹਿਬਾਨਾਂ ਨੂੰ “ਔਰੰਗਜ਼ੇਬ ਦੀ ਔਲਾਦ”, “ਅਖੌਤੀ ਜਥੇਦਾਰ”, “ਇਨ੍ਹਾਂ ਅਖੌਤੀ ਜਥੇਦਾਰਾਂ ਦੇ ਕਾਲਕਾ ਪੰਥ ਦੇ ਅਸੀਂ ਮੈਂਬਰ ਨਹੀਂ” ਕਹਿ ਕੇ ਨਵਾਜ਼ਦੇ ਸਨ, ਤੇ ਉਸੇ ਔਰੰਗਜ਼ੇਬ ਦੀ ਔਲਾਦ ਕੋਲ਼ੋਂ ਗੁਰਬਾਣੀ ਦੀ ਸੀ.ਡੀ. ਰੀਲੀਜ਼ ਕਰਵਾਉਣੀ ਜਾਇਜ਼ ਹੈ? ਵਿਕਣਾ ਸਿਰਫ ਪੈਸਿਆਂ ਖਾਤਿਰ ਹੀ ਨਹੀਂ ਹੁੰਦਾ, ਜ਼ਮੀਰ ਵਿੱਕ ਜਾਵੇ ਤਾਂ ਸਭ ਕੁੱਝ ਹੀ ਵਿੱਕ ਜਾਂਦਾ ਹੈ।

...ਤੇ ਕਿਹਨਾਂ ਕੋਲ਼ੋਂ ਰੀਲੀਜ਼ ਕਰਵਾਈ... ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਦਿੰਦੇ ਨੇ? ਅਖੌਤੀ ਜਥੇਦਾਰ ਗੁਰਬਚਨ ਸਿੰਘ ਕਹਿੰਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦਾ ਵਿਸ਼ਾ ਇੱਕ ਹੀ ਹੈ। ਗੁਰੂ ਗ੍ਰੰਥ ਸਾਹਿਬ ਸੰਤ ਬਣਾਉਂਦਾ ਹੈ, ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ। ਕੀ ਅਖੌਤੀ ਦਸਮ ਗ੍ਰੰਥ ਤੋਂ ਪਹਿਲਾਂ ਸਿੱਖ, ਸਿਪਾਹੀ ਨਹੀਂ ਸੀ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰੇ ਗੁਰੂ ਨੇ?

ਗਿਆਨੀ ਮੱਲ ਸਿੰਘ, ਜਿਸਦੀ ਲਿਖੀ ਇੱਕ ਕਿਤਾਬ ਵਿੱਚ ਇਹ ਕਹਿੰਦਾ ਹੈ ਕਿ “ਗਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਹੈ”, ਕੁੱਝ ਦਿਨਾਂ ਬਾਅਦ ਖ਼ਾਲਸਾ ਨਿਊਜ਼ ਇੱਕ ਰਿਪੋਟ ਪੇਸ਼ ਕਰੇਗਾ। ਕੀ ਇਸ ਤਰ੍ਹਾਂ ਦੇ ਅਖੌਤੀ ਜਥੇਦਾਰਾਂ ਕੋਲ਼ੋਂ ਗੁਰਬਾਣੀ ਦੀ ਸੰਥਿਆ ਦੀ ਸੀ.ਡੀ. ਰੀਲੀਜ਼ ਕਰਾਉਣਾ ਜਾਇਜ਼ ਹੈ, ਜਿਨ੍ਹਾਂ ਦਾ ਨਿਸ਼ਚਾ ਗੁਰੂ ਗ੍ਰੰਥ ਸਾਹਿਬ 'ਤੇ ਹੈ ਹੀ ਨਹੀਂ? ਇਨ੍ਹਾਂ ਕੋਲ਼ੋਂ ਗੁਰਬਾਣੀ ਪ੍ਰੋਜੈਕਟ ਦੀ ਸੀ.ਡੀ ਰੀਲੀਜ਼ ਕਰਵਾਉਣਾ ਹੀ ਤੌਹੀਨ ਹੈ।

ਗਿਆਨੀ ਜਾਚਕ ਅਖੌਤੀ ਜਥੇਦਾਰਾਂ ਕੋਲ਼ ਜਾਣ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਮਿਲਣ ਗਏ ਸੀ, ਜਿਥੇ ਜਾਚਕ ਜੀ ਨੇ ਪ੍ਰੋ. ਸ਼ਾਹਿਬ ਨੂੰ ਇਸ ਪ੍ਰੋਜੈਕਟ ਬਾਰੇ ਦੱਸਿਆ, ਜਿਸਦੀ ਪ੍ਰੋ. ਸ਼ਾਹਿਬ ਨੇ ਸਰਾਹਣਾ ਕੀਤੀ, ਅਤੇ ਉਨ੍ਹਾਂ ਦੀ ਰਿਕਾਰਡਿੰਗ ਜਾਚਕ ਜੀ ਨੇ ਕੀਤੀ, ਜੋ ਕਿ ਸ਼ਾਇਦ ਪ੍ਰੋਜੈਕਟ ਪੂਰਾ ਹੋਣ ‘ਤੇ ਵਰਤੀ ਜਾ ਸਕਦੀ ਹੈ। ਪ੍ਰੋ. ਦਰਸ਼ਨ ਸਿੰਘ ਨੇ ਜਾਚਕ ਜੀ ਦੀ ਜਾਗਰੂਕਤਾ ਲਹਿਰ ਵਿੱਚ ਯੋਗਦਾਨ ਹੋਣ ਕਰਕੇ, ਇਹ ਰਿਕਾਰਡਿੰਗ ਕਰਵਾਈ। ਜੇ ਪ੍ਰੋ. ਸ਼ਾਹਿਬ ਨੂੰ ਪਤਾ ਹੁੰਦਾ, ਕਿ ਜਾਚਕ ਜੀ ਨੇ ਇਹ ਗੁੱਲ ਖਿਲਾਉਣਾ ਹੈ, ਤਾਂ ਪ੍ਰੋ. ਸ਼ਾਹਿਬ ਸ਼ਾਇਦ ਇਹ ਰਿਕਾਰਡਿੰਗ ਨਾ ਕਰਵਾਉਂਦੇ। ਤੇ ਅਗਲੇ ਦੋ ਕੁ ਦਿਨਾਂ ਬਾਅਦ ਜਿਨ੍ਹਾਂ ਅਖੌਤੀ ਜਥੇਦਾਰਾਂ ਨੂੰ ਜਾਚਕ ਜੀ “ਔਰੰਗਜ਼ੇਬ ਦੀ ਔਲਾਦ” ਕਹਿੰਦੇ ਸੀ, ਹੈਰਾਨੀ ਹੁੰਦੀ ਉਨ੍ਹਾਂ ਕੋਲ਼ੋਂ ਸੀ.ਡੀ. ਰੀਲੀਜ਼ ਕਰਵਾਉਂਦੇ ਨੇ, ਕੀ ਇਹ ਦੋਗਲਾਪਨ ਨਹੀਂ?  ਪ੍ਰੋ. ਸਾਹਿਬ ਨੇ ਕਾਜ਼ ਦੀ ਸਿਫਤ ਕੀਤੀ ਹੈ, ਉਨ੍ਹਾਂ ਦੇ ਇਸ ਕਿਰਦਾਰ ਦੀ ਨਹੀਂ।

ਜੇ ਇਹੀ ਕੰਮ ਕਰਨੇ ਸੀ, ਤਾਂ ਐਨੀਆਂ ਫੜਾਂ ਮਾਰਨ ਦੀ ਕੀ ਜ਼ਰੂਰਤ ਹੁੰਦੀ ਹੈ, ਐਂਵੇਂ ਗਰਮ ਗਰਮ ਬਿਆਨ ਦੇ ਕੇ ਲੀਡਰ ਬਣਨ ਦੀ ਕੋਸ਼ਿਸ਼ ਕਰਨਾ, ਜੇ ਪਿੰਦਰਪਾਲ ਹੀ ਬਣਨਾ ਹੈ ਤਾਂ, ਲੋਕਾਂ ਦੇ ਅਖੀਂ ਘੱਟਾ ਨਾ ਪਾਓ। ਅੱਗੇ ਇੱਕ ਪਿੰਦਰਪਾਲ ਨਹੀਂ ਸਾਂਭਿਆ ਜਾਂਦਾ, ਹੁਣ ਤਾਂ ਕਿੰਨੇ ਹੀ ਤਿਆਰ ਖੜੇ ਹੈ ਲਾਈਨ 'ਚ। ਸਿੱਖੀ ਨੂੰ ਬਚਾਉਣ ਲਈ, ਸਿੱਖੀ ਸਿਧਾਂਤਾਂ 'ਤੇ ਡੱਟ ਕੇ ਪਹਿਰਾ ਦੇਣ ਲਈ ਕਿਰਦਾਰ ਅਤੇ ਅਮਲੀ ਜੀਵਨ ਨਾਲ ਹੀ ਕੋਈ ਕ੍ਰਾਂਤੀ ਆ ਸਕਦੀ ਹੈ, ਸਟੇਜਾਂ 'ਤੇ ਗੱਲਾਂ ਦੇ ਕੜਾ ਬਣਾਉਣੇ ਸੌਖੇ ਹੈ, ਪਰ ਜਦੋਂ ਪ੍ਰੈਕਟੀਕਲੀ ਕਰਨਾ ਹੋਵੇ ਤਾਂ ਪਤਾ ਉਦੋਂ ਚਲਦਾ ਹੈ, ਕਿ ਇਨ੍ਹਾਂ ਤਿਲਾਂ 'ਚ ਕਿੰਨਾਂ ਤੇਲ ਹੈ। ਕਰਨੀ ਨਾਲ ਹੀ ਕ੍ਰਾਂਤੀ ਆ ਸਕਦੀ ਹੈ, ਸਿਰਫ ਬੋਲਾਂ ਨਾਲ ਨਹੀਂ।

ਸਟੇਜਾਂ 'ਤੇ ਬਹਾਦੁਰੀ ਦੀਆਂ ਗੱਲਾਂ ਕਰਨੀਆਂ, ਕਿੱਸੇ ਸੁਣਾਉਣੇ, ਵਾਕਈ ਆਸਾਨ ਹਨ, ਇਹ ਕਲਾਕਾਰੀ ਅੱਜ ਦੇ ਬਹੁਤਿਆਂ ਪ੍ਰਚਾਰਕਾਂ 'ਚ ਹੈ, ਮਨਸਾ ਬਾਚਾ ਤੱਕ ਤਾਂ ਬਹੁਤੇ ਅੱਪੜ ਜਾਂਦੇ ਨੇ ਪਰ ਜਦੋਂ ਕਰਮਨਾ ਦੀ ਵਾਰੀ ਆਉਂਦੀ ਹੈ, ਤਾਂ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਵਾਲੀ ਹਾਲਤ ਹੋ ਜਾਂਦੀ ਹੈ। ਲਿਪ ਸਰਵਿਸ (Lip Service) ਨਾਲ ਬਹੁਤਾ ਕੁੱਝ ਹਾਸਿਲ ਨਹੀਂ ਹੁੰਦਾ, ਜਦ ਤੱਕ ਆਡਿਓ (Audio) ਅਤੇ ਵੀਡੀਓ (Video) ਦਾ ਸੁਮੇਲ ਨਾ ਹੋਵੇ, ਮਨਸਾ ਬਾਚਾ ਕਰਮਨਾ ਦਾ ਸੁਮੇਲ ਨਾ ਹੋਵੇ ਤਾਂ ਦੋਜਕ ਹੀ ਹਾਸਿਲ ਹੁੰਦਾ ਹੈ।

ਬੂਟਾ ਸਿੰਘ ਗੁਰਬਖਸ਼ ਜੀ, ਤੁਸੀਂ ਜੰਮ ਜੰਮ ਜਾਉ, ਜਾਂ ਗਿਆਨੀ ਬਲਵਿੰਦਰ ਸਿੰਘ ਨੂੰ ਭੇਜੋ, ਸਾਨੂੰ ਕੋਈ ਪਰੇਸ਼ਾਨੀ ਨਹੀਂ, ਪਰ ਜਦੋਂ ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਲੋਕ / ਪ੍ਰਚਾਰਕ, ਅਖੌਤੀ ਜਥੇਦਾਰਾਂ ਨੂੰ ਮਾਨਤਾ ਦਿੰਦੇ ਹਨ, ਸਾਨੂੰ ਤਕਲੀਫ ਹੁੰਦੀ ਹੈ, ਦੋਗਲੇਪਨ ਤੋਂ। ਜਿਹੜੇ ਅਖੌਤੀ ਜਥੇਦਾਰਾਂ ਦੀ ਔਕਾਤ ਕੌਡੀ ਜਿੰਨੀ ਵੀ ਨਹੀਂ, ਮੌਜੂਦਾ ਸਮੇਂ 'ਚ ਜਿਸਨੂੰ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਰਗੇ ਨਿਧੜਕ ਯੋਧਿਆਂ ਨੇ ਰੋਣ ਹਾਕਾ ਅਤੇ ਮੋਇਆਂ ਵਾਂਗ ਕਰ ਦਿੱਤਾ ਸੀ, ਇਨ੍ਹਾਂ ਸਟੇਜੀ ਕਲਾਕਾਰਾਂ ਨੇ, ਫਿਰ ਜਿਊਂਦਾ ਕਰ ਦਿੱਤਾ ਹੈ। ਨਿਧੜਕ ਇਨ੍ਹਾਂ ਨੂੰ ਕਹਿੰਦੇ ਹਨ, ਨਾ ਕਿ ਥਿੜਕ ਜਾਣ ਵਾਲਿਆਂ ਨੂੰ। ਇਸ ਲਈ ਸਾਨੂੰ ਤਕਲੀਫ ਹੁੰਦੀ ਹੈ, ਅਤੇ ਹੁੰਦੀ ਰਹੇਗੀ।  ਕਿਸੇ ਨੂੰ ਪਸੰਦ ਆਵੇ ਜਾਂ ਨਾ, ਕਿਸੇ ਦੀ ਪਸੰਦ ਦਾ ਬੋਲਿਆ ਜਾਣਾ, ਸੱਚ ਨਹੀਂ, ਚਾਪਲੂਸੀ ਹੁੰਦੀ ਹੈ, ਉਹ ਅਸੀਂ ਨਹੀਂ ਕਰ ਸਕਦੇ।

ਆਸ ਹੈ ਕਿ, ਸਾਡੇ ਪ੍ਰਚਾਰਕ ਲਿਪ ਸਰਵਿਸ ਛੱਡ ਕੇ ਸਮੇਂ 'ਤੇ ਸਚ ਬੋਲਣ ਅਤੇ ਲੋੜ ਪੈਣ 'ਤੇ ਪਰੈਕਟਿਕਲ (Practical) ਰੂਪ ਵਿੱਚ ਆਪਣੇ ਕਹੇ ਨੂੰ ਕਰਕੇ ਵੀ ਵਿਖਾਉਣ। ਜਿਹੜੇ ਗੁਰੂ ਦੇ ਆਸ਼ੇ ਅਨੁਸਾਰ ਸੱਚ ਦੇ ਮਾਰਗ 'ਤੇ ਚਲਦੇ ਹਨ, ਮੁਬਾਰਕ ਹਨ, ਤੇ ਜਿਹੜੇ ਸਮਝੌਤਿਆਂ ਅਤੇ ਸਟੇਜਾਂ ਬਚਾਉਣ ਲਈ ਹੀ ਤੱਤਪਰ ਹਨ, ਉਨ੍ਹਾਂ ਨੂੰ ਆਪਣੀ ਇਹ ਕਮਜ਼ੋਰੀ ਛੱਡ ਕੇ ਦ੍ਰਿੜਤਾ ਨਾਲ ਤੱਤ ਗੁਰਮਤਿ 'ਤੇ ਪਹਿਰਾ ਦੇਣ ਚਾਹੀਦਾ ਹੈ, ਅਤੇ ਆਪਣੀ ਕਮਜ਼ੋਰੀ ਜਾਂ ਮਜਬੂਰੀ ਨੂੰ ਸਿਧਾਂਤ ਬਣਾ ਕੇ ਪੇਸ਼ ਨਾ ਕਰਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top