Share on Facebook

Main News Page

ਹਨੀ ਸਿੰਘ, ਦਿਲਜੀਤ ਤੇ ਜੈਜੀ ਬੈਂਸ ਵਿਰੁਧ ਥਾਣਿਆਂ ਵਿਚ ਮਾਮਲੇ ਦਰਜ ਕਰਵਾਏ ਜਾਣਗੇ

ਜਲੰਧਰ, 2 ਜਨਵਰੀ - ਇਸਤਰੀ ਜਾਗ੍ਰਿਤੀ ਮੰਚ ਵਲੋਂ ਗਾਣਿਆਂ ਦੇ ਰੂਪ ਵਿਚ ਪਰੋਸੀ ਜਾ ਰਹੀ ਅਸ਼ਲੀਲਤਾ ਵਿਰੁਧ ਕੀਤੇ ਜਾ ਠੋਸ ਉਪਰਾਲਿਆਂ ਨੂੰ ਅੱਜ ਉਸ ਵੇਲੇ ਬਲ ਮਿਲਿਆ ਜਦੋਂ ਸ਼ਹਿਰ ਦੀਆਂ ਧਾਰਮਕ ਤੇ ਸਮਾਜਕ ਜਥੇਬੰਦੀਆਂ ਨੇ ਸਾਂਝਾ ਇਕੱਠ ਕਰ ਕੇ ਇਨ੍ਹਾਂ ਲੱਚਰ ਗਾਇਕਾਂ ਦਾ ਪੁਤਲਾ ਫੂਕਿਆ।

ਪ੍ਰੈਸ ਕਾਨਫ਼ਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸ਼ਲੀਲਤਾ ਗੀਤ ਗਾਉਣ ਵਾਲੇ ਹਨੀ ਸਿੰਘ, ਦਿਲਜੀਤ ਤੇ ਜੈਜੀ ਬੈਂਸ ਵਿਰੁਧ ਥਾਣਿਆਂ ਵਿਚ ਮਾਮਲੇ ਦਰਜ ਕਰਵਾਉਣਗੇ ਅਤੇ ਨਾਲ ਹੀ ਇਨ੍ਹਾਂ ਗਾਇਕਾਂ ਦੀਆਂ ਫ਼ਿਲਮਾਂ ਪੂਰੇ ਪੰਜਾਬ ਵਿਚ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਇਸਤਰੀ ਜਾਗ੍ਰਿਤੀ ਮੰਚ ਇਨ੍ਹਾਂ ਗਾਇਕਾਂ ਵਿਰੁਧ ਰੋਸ ਪ੍ਰਦਰਸ਼ਨ ਤੇ ਕਾਨੂੰਨੀ ਕਾਰਵਾਈਆਂ ਕਰਦੀ ਰਹੀ ਹੈ ਪਰ ਹੁਣ ਇਨ੍ਹਾਂ ਅਸ਼ਲੀਲਤਾ ਭਰਪੂਰ ਗਾਣਿਆਂ ਨੂੰ ਨੱਥ ਪਾਉਣ ਲਈ ਸਾਰੀਆਂ ਧਾਰਮਕ, ਰਾਜਨੀਤਕ ਤੇ ਸਮਾਜਕ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਧਾਰਮਕ ਚਿੰਨ੍ਹਾਂ ਦੀ ਵਰਤੋਂ ਕਰ ਕੇ ਧਰਮ ਦੀ ਬੇਅਦਬੀ ਕਰਨ ਵਾਲੇ ਅਤੇ ਸਮਾਜ ਨੂੰ ਗੀਤਾਂ ਰਾਹੀਂ ਗ਼ਲਤ ਸੁਨੇਹਾ ਦੇਣ ਵਾਲਿਆਂ ਨੂੰ ਹਰ ਹੀਲੇ ਰੋਕਿਆ ਜਾਵੇਗਾ। ਸਮੁੱਚੀਆਂ ਜਥੇਬੰਦੀਆਂ ਨੇ ਇਸ ਸਬੰਧੀ ਫ਼ੋਰਮ ਬਣਾ ਕੇ ਢੁਕਵੀਆਂ ਕਾਰਵਾਈਆਂ ਕਰਨ ਦੀ ਗੱਲ ਕਹੀ ਤੇ ਇਸ ਦਾ ਇੰਚਾਰਜ ਹਰਪਾਲ ਸਿੰਘ ਚੱਢਾ ਨੂੰ ਨਿਯੁਕਤ ਕੀਤਾ ਗਿਆ।

ਹਰਪਾਲ ਸਿੰਘ ਚੱਢਾ ਅਤੇ ਦੀਪਕ ਬਾਲੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਿੱਖ ਧਰਮ ਨੂੰ ਦਰਸਾਉਣ ਵਾਲੇ ਚਿੰਨ੍ਹ ਪਹਿਨ ਕੇ ਗਾਇਕ ਅਸ਼ਲੀਲਤਾ ਭਰਪੂਰ ਗਾਣੇ ਗਾਉਂਦੇ ਹਨ ਪਰ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਇਸ ਵਿਰੁਧ ਕੋਈ ਕਾਰਵਾਈ ਨਹੀਂ ਕਰਦੀ। ਇਨ੍ਹਾਂ ਵਲੋਂ ਜ਼ੁੰਮੇਵਾਰੀ ਤੋਂ ਭੱਜਣ ਕਰ ਕੇ ਸਾਨੂੰ ਮਜਬੂਰਨ ਆਵਾਜ਼ ਉਠਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਲੋਕ ਵੀ ਜਾਗਰੂਕ ਹੋ ਚੁਕੇ ਹਨ ਤੇ ਅਜਿਹੇ ਗਾਇਕਾਂ ਦੀਆਂ ਫ਼ਿਲਮਾਂ ਤੇ ਸਟੇਜ ਸ਼ੋਆਂ ਵਿਰੁਧ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਪੰਜਾਬ ਵਿਚ ਅਜਿਹੀ ਗੰਦਗੀ ਨੂੰ ਪ੍ਰਸਾਰਿਤ ਹੋਣ ’ਤੇ ਰੋਕ ਲਵਾਉਣ ਦੇ ਯਤਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਕਤ ਗਾਇਕਾਂ ਦੇ ਅਸ਼ਲੀਲ ਗੀਤ ਛੋਟੇ ਬੱਚਿਆਂ ਉਤੇ ਜ਼ਿਆਦਾ ਅਸਰ ਕਰਦੇ ਹਨ, ਕਿਉਂਕਿ ਉਹ ਬਿਲਕੁਲ ਕੋਰੇ ਕਾਗ਼ਜ਼ ਵਾਂਗ ਹੁੰਦੇ ਹਨ, ਜੋ ਲਿਖਿਆ ਜਾਵੇਗਾ ਉਸੇ ਤਰ੍ਹਾਂ ਦੇ ਹੀ ਉਹ ਬਣਨਗੇ। ਉਨ੍ਹਾਂ ਕਿਹਾ ਕਿ ਅਸੀਂ ਫੋਰਮ ਵਲੋਂ ਗਾਇਕ ਹਨੀ ਸਿੰਘ, ਦਿਲਜੀਤ ਦੁਸਾਂਝ ਅਤੇ ਹੋਰ ਵੀ ਜੋ ਅਸ਼ਲੀਲਤਾ ਪਰੋਸਣ ਵਾਲੇ ਗਾਣੇ ਗਾਵੇਗਾ, ਦੇ ਵਿਰੁਧ ਐਫ.ਆਈ.ਆਰ. ਦਰਜ ਕਰਵਾਏਗਾ। ਇਸ ਮੌਕੇ ਸ਼ਾਮਲ ਹੋਈਆਂ ਜਥੇਬੰਦੀਆਂ ਵਿਚ ਇਸਤਰੀ ਜਾਗ੍ਰਿਤੀ ਮੰਚ, ਪੰਜਾਬ ਜਾਗ੍ਰਿਤੀ ਮੰਚ, ਸਮਾਜ ਸੇਵਾ ਸੁਸਾਇਟੀ, ਭਾਰਤੀ ਵਾਲਮੀਕਿ ਧਰਮ ਸਮਾਜ ਦੇ ਸੁਭਾਸ਼ ਸੌਂਧੀ, ਸਿੱਖ ਤਾਲਮੇਲ ਕਮੇਟੀ, ਜਲੰਧਰ ਇਲੈਕਟ੍ਰੀਕਲ ਐਸੋਸੀਏਸ਼ਨ, ਏਕਨੂਰ ਸੇਵਾ ਸੁਸਾਇਟੀ, ਗੁਰਦਵਾਰਾ ਮਾਡਲ ਟਾਊਨ ਕਮੇਟੀ, ਜਲੰਧਰ ਸਕੂਟਰ ਡੀਲਰ ਐਸੋਸੀਏਸ਼ਨ, ਮਹਾਂਨਗਰ ਸੇਵਾ ਸੁਸਾਇਟੀ, ਜਲੰਧਰ ਡਾਕਟਰ ਐਸੋਸੀਏਸ਼ਨ, ਕਾਂਗਰਸ ਡਾਇਨਮਿਕ ਕੌਂਸਲਰ ਗਰੁੱਪ ਦੇ ਸੁਸ਼ੀਲ ਰਿੰਕੂ, ਸਿਮਰਨਜੀਤ ਸਿੰਘ ਬੰਟੀ, ਮੇਜਰ ਸਿੰਘ, ਸਮਾਜ ਸੇਵਾ ਸੁਸਾਇਟੀ ਦੇ ਚੇਅਰਮੈਨ ਸ. ਜਸਵੰਤ ਸਿੰਘ ਆਹਲੂਵਾਲੀਆ, ਗਰੀਨ ਕਲੱਬ ਜਲੰਧਰ, ਸਿਟੀ ਵਾਲਮੀਕਿ ਸਭਾ, ਗੁਰੂ ਰਾਮਦਾਸ ਸੇਵਾ ਸੁਸਾਇਟੀ, ਇਨਕਮ ਟੈਕਸ ਬਾਰ ਐਸੋਸੀਏਸ਼ਨ, ਅਟਾਰੀ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਦੇ ਅਹੁਦੇਦਾਰਾਂ ਤੋਂ ਇਲਾਵਾ ਅਨੇਕਾਂ ਸਮਾਜਕ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top