ਸਿੱਖਾਂ ਲਈ ਨਵਾਂ ਸਾਲ ਕਿਹੜਾ ਹੈ ਤੇ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ?
- ਕਿਰਪਾਲ ਸਿੰਘ ਬਠਿੰਡਾ ਮੋਬ: ੯੮੫੫੪੮੦੭੯੭

* ਬਿਪਰ ਤੇ ਅੰਗਰੇਜ ਦੋਵਾਂ ਦੀ ਗੁਲਾਮੀ ਤੋਂ ਮੁਕਤ ਹੋ ਕੇ ਨਵਾਂ ਸਾਲ ਇੱਕ ਚੇਤ ਨੂੰ ਅਤੇ ਸਾਰੇ ਗੁਰਪੁਰਬ ਤੇ ਸਿੱਖ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣੇ ਚਾਹੀਦੇ ਹਨ

ਗੁਰਮਤਿ ਅਨੁਸਾਰ ਸਾਰੇ ਦਿਨ ਹੀ ਬਰਾਬਰ ਹਨ ਕਿਉਂਕਿ ਹਰ ਰੋਜ ਉਹੀ ਚੰਦਰਮਾਂ ਅਤੇ ਓਹੀ ਤਾਰੇ ਚੜ੍ਹਦੇ ਹਨ ਅਤੇ ਉਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ। ਉਹ ਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵਗਦੀ ਹੈ। (ਕਹੇ ਜਾਂਦੇ) ਜੁੱਗ ਪ੍ਰਾਣੀਆਂ ਦੇ ਸੁਭਾਉ ਅਨੁਸਾਰ ਉਸ ਦੇ ਅੰਦਰ ਹੀ ਵੱਸਦੇ ਹਨ। ਕੋਈ ਹੋਰ ਥਾਂ ਤੇ ਸਮਾਂ ਇਨ੍ਹਾਂ ਜੁਗਾਂ ਲਈ ਕਿਸ ਤਰ੍ਹਾਂ ਨਿਰੂਪਣ ਕੀਤੇ (ਮਿਥੇ) ਜਾ ਸਕਦੇ ਹਨ? :

'ਸੋਈ ਚੰਦੁ ਚੜਹਿ, ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ, ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ, ਥਾਵ ਕੈਸੇ ॥੧॥' {ਰਾਮਕਲੀ (ਮ: ੧) ਗੁਰੂ ਗ੍ਰੰਥ ਸਾਹਿਬ - ਪੰਨਾ ੯੦੨} 

ਇਸ ਲਈ ਜਿਨ੍ਹਾਂ ਸਿੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਿਆ ਹੁੰਦਾ ਹੈ ਜੇ ਉਨ੍ਹਾਂ ਵਾਸਤੇ ਕਹੇ ਜਾਂਦੇ ਚਾਰ ਜੁੱਗ - ਸਤਜੁਗ, ਤ੍ਰੇਤਾ ਜੁੱਗ, ਦੁਆਪਰ ਜੁੱਗ ਅਤੇ ਕਲਜੁਗ ਸਾਰੇ ਹੀ ਬਰਾਬਰ ਹੁੰਦੇ ਹਨ ਤਾਂ ਫਿਰ ਉਨ੍ਹਾਂ ਲਈ ੩੧ ਦਸੰਬਰ ਤੇ ਪਹਿਲੀ ਜਨਵਰੀ ਵਿੱਚ ਵੀ ਕੋਈ ਅੰਤਰ ਨਹੀਂ ਹੈ। ਉਨ੍ਹਾਂ ਲਈ ਹਰ ਦਿਨ, ਹਰ ਮਹੀਨਾ, ਹਰ ਸਾਲ ਹਮੇਸ਼ਾਂ ਹੀ ਨਵਾਂ ਰਹਿੰਦਾ ਹੈ, ਕਦੀ ਵੀ ਪੁਰਾਣਾ ਨਹੀਂ ਹੁੰਦਾ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ: 

'ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥' {ਰਾਮਕਲੀ  ਕੀ ਵਾਰ:੧ (ਮ: ੧) ਗੁਰੂ ਗ੍ਰੰਥ ਸਾਹਿਬ - ਪੰਨਾ ੯੫੬} 

ਸਮੇਂ ਦੀ ਗਿਣਤੀ ਮਿਣਤੀ ਦੀ ਸਹੂਲਤ ਲਈ ਮਨੁੱਖ ਵਲੋਂ ਬਣਾਏ ਗਏ ਵੱਖ ਵੱਖ ਕੈਲੰਡਰਾਂ ਅਨੁਸਾਰ ਅਸੀਂ ਬੀਤ ਚੁੱਕੇ ਸਾਲ ਨੂੰ ਪੁਰਾਣਾ ਤੇ ਸ਼ੁਰੂ ਹੋ ਰਹੇ ਸਾਲ ਨੂੰ ਨਵਾਂ ਕਹਿੰਦੇ ਹਾਂ। ਇਹ ਸਿਰਫ ਸਮੇਂ ਦੀ ਗਿਣਤੀ ਹੈ ਇਸ ਲਈ ਸ਼ੁਰੂ ਹੋਣ ਵਾਲੇ ਸਾਲ ਦੀ ਆਮਦ ਵਿੱਚ ਖਾਸ ਜਸ਼ਨ ਮਨਾਉਣੇ ਗੁਰਮਤਿ ਅਨੁਸਾਰ ਢੁਕਵੇਂ ਨਹੀਂ ਹਨ। ਪਰ ਸਾਡੇ ਵਿੱਚ ਨਕਲ ਕਰਨ ਦੀ ਆਦਤ ਹੋਣ ਸਦਕਾ ਜਿਸ ਤਰ੍ਹਾਂ ਦੀਵਾਲੀ ਨਾਲ ਸਿੱਖਾਂ ਦਾ ਕੋਈ ਵੀ ਸਬੰਧ ਨਹੀਂ ਹੈ ਪਰ ਸਾਡੇ ਆਸ ਪਾਸ ਦੀ ਬਹੁ ਗਿਣਤੀ ਕਿਉਂਕਿ ਦੀਵਾਲੀ ਬਹੁਤ ਹੀ ਜੋਸ਼ੋ ਖ਼ਰੋਸ਼ ਨਾਲ ਮਨਾਉਂਦੇ ਹਨ ਇਸ ਲਈ ਉਨ੍ਹਾਂ ਦੀ ਰੀਸ ਨਾਲ ਦੀਵਾਲੀ ਮਨਾਉਣ ਲਈ ਬਹਾਨਾ ਲੱਭ ਲਿਆ ਕਿ ਦੀਵਾਲੀ ਵਾਲੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ, ਇਸ ਖੁਸ਼ੀ ਵਿੱਚ 'ਬੰਦੀਛੋੜ ਦਿਵਸ' ਮਨਾਇਆ ਜਾਂਦਾ ਹੈ। ਹਾਲਾਂ ਕਿ ਇਤਿਹਾਸਕ ਤੱਥ ਇਸ ਮਿਥ ਨੂੰ ਝੁਠਲਾਉਂਦੇ ਹਨ ਕਿ ਗੁਰੂ ਸਾਹਿਬ ਜੀ ਦੀਵਾਲੀ ਵਾਲੇ ਦਿਨ ਹੀ ਅੰਮ੍ਰਿਤਸਰ ਵਿਖੇ ਪਹੁੰਚੇ ਸਨ। ਇਸੇ ਤਰ੍ਹਾਂ ਬਿਪਰਵਾਦੀ ਸੋਚ ਅਨੁਸਾਰ ਬਿਕ੍ਰਮੀ ਸੂਰਜੀ ਸਾਲ ਦੇ ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਸੰਗਰਾਂਦ ਦਾ ਨਾਮ ਦੇ ਕੇ ਉਸ ਨੂੰ ਪਵਿੱਤਰ ਦਿਹਾੜੇ ਦੱਸ ਕੇ ਇਸ ਨੂੰ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ। ਹਾਲਾਂ ਕਿ ਗੁਰਬਾਣੀ ਅਨੁਸਾਰ ਉਹੀ ਦਿਨ ਸੁਹਾਵੜਾ ਹੈ ਜਿਸ ਦਿਨ ਪ੍ਰਭੂ ਦੀ ਯਾਦ ਚਿੱਤ ਵਿੱਚ ਵਸ ਜਾਂਦੀ ਹੈ ਤੇ ਜਿਸ ਦਿਨ ਵਿਸਰ ਜਾਵੇ ਉਹ ਦਿਨ ਫਿਟਕਾਰਯੋਗ ਹੈ:

'ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥' {ਗਉੜੀ ਕੀ ਵਾਰ: ੨ (ਮ: ੫) ਗੁਰੂ ਗ੍ਰੰਥ ਸਾਹਿਬ - ਪੰਨਾ ੩੧੮} 

ਇਸ ਲਈ ਕਿਸੇ ਖਾਸ ਦਿਨ ਨੂੰ ਵਿਸ਼ੇਸ਼ ਤੌਰ 'ਤੇ ਨਵਾਂ, ਚੰਗਾ ਜਾਂ ਪਵਿੱਤਰ ਜਾਣ ਕੇ ਮਨਾਉਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੇ ਮੁਗਧ ਗਵਾਰ ਤੱਕ ਲਿਖ ਦਿੱਤਾ ਹੈ:

'ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥' {ਬਿਲਾਵਲੁ ਸਤ ਵਾਰ (ਮ: ੩) ਗੁਰੂ ਗ੍ਰੰਥ ਸਾਹਿਬ - ਪੰਨਾ ੮੪੩}।
ਪਰ ਇਸ ਦੇ ਬਾਵਯੂਦ ਬਹੁਗਿਣਤੀ ਸਿੱਖ ਖਾਸ ਕਰਕੇ ਡੇਰਾਵਾਦੀ ਸਿੱਖ, ਸੰਗ੍ਰਾਂਦਾਂ ਨਾਲ ਇੱਥੋਂ ਤੱਕ ਜੁੜ ਚੁੱਕੇ ਹਨ ਕਿ ਉਹ ੧੦੦ ਸਾਲਾਂ ਦੀ ਸੋਚ ਤੇ ਵਿਦਵਾਨਾਂ ਦੀ ੧੫ ਸਾਲ ਦੀ ਸਖਤ ਮਿਹਨਤ ਉਪ੍ਰੰਤ ਹੋਂਦ ਵਿੱਚ ਆਏ ਨਾਨਕਸ਼ਾਹੀ ਕੈਲੰਡਰ, ਜਿਹੜਾ ੨੦੦੩ ਵਿੱਚ ਲਾਗੂ ਕੀਤਾ ਗਿਆ ਸੀ ਉਸ ਨੂੰ ਰੱਦ ਕਰਵਾ ਕੇ ਹੀ ਹਟੇ। ਸੰਗਰਾਂਦਾਂ ਦੀ ਤਰ੍ਹਾਂ ਹੀ ਈਸਵੀ ਸੰਨ ਦੇ ਸਾਲ ਦੀ ਪਹਿਲੀ ਤਰੀਖ ਨੂੰ ਨਵੇਂ ਸਾਲ ਦੇ ਜਸਨਾਂ ਨਾਲ ਮਨਾਉਣ ਦੇ ਹੜ੍ਹ ਵਿੱਚ ਇਤਨਾਂ ਰੁੜ ਚੁੱਕੇ ਹਨ ਕਿ ਉਨ੍ਹਾਂ ਨੇ ਆਪਣੇ ਚੰਗੇ ਮੰਦੇ ਦੀ ਪਛਾਣ ਵੀ ਖਤਮ ਕਰ ਰੱਖੀ ਹੈ। ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਹੋਟਲਾਂ/ਕਲੱਬਾਂ ਵਿੱਚ ਵੱਡੇ ਪੱਧਰ 'ਤੇ ਸਮਾਗਮ ਕੀਤੇ ਜਾਂਦੇ ਹਨ ਜਿੱਥੇ ਰੰਗਾ ਰੰਗ ਪ੍ਰੋਗਰਾਮ ਦੇ ਨਾਮ ਹੇਠ ਰਾਤ ੧੨ ਵਜੇ ਤੱਕ ਨਾਚ ਗਾਣਿਆਂ ਰਾਹੀਂ ਲੱਚਰਤਾ ਫੈਲਾਈ ਜਾਂਦੀ ਹੈ ਤੇ ਸ਼ਰਾਬ ਦਾ ਖੁਲ੍ਹੇ ਰੂਪ ਵਿੱਚ ਸੇਵਨ ਕੀਤਾ ਜਾਂਦਾ ਹੈ। ਅਜੇਹੇ ਸਮਾਗਮਾਂ ਵਿੱਚ ਪ੍ਰਭੂ ਚਿੱਤ ਵਿੱਚ ਆਉਣ ਦੀ ਗੱਲ ਹੀ ਬੜੀ ਦੂਰ ਹੁੰਦੀ ਹੈ ਸਗੋਂ ਪੂਰੀ ਤਰ੍ਹਾਂ ਵਿਸਰਿਆ ਹੁੰਦਾ ਹੈ।

ਸੋ ਗੁਰਬਾਣੀ ਅਨੁਸਾਰ ਤਾਂ ਇਹ ਦਿਨ ਫਿਟਕਾਰਯੋਗ ਹੋਣਾ ਚਾਹੀਦਾ ਸੀ ਪਰ ਹੈਰਾਨੀ ਹੈ ਕਿ ਉਹ ਪ੍ਰਭੂ ਨੂੰ ਮਨਹੁ ਵਿਸਾਰ ਕੇ ਵੀ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹੁੰਦੇ ਹਨ। ਜਿਹੜੇ ਵਿਅਕਤੀ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਨਹੀਂ ਵੀ ਜਾ ਸਕਦੇ ਉਹ ਟੀਵੀ ਚੈੱਨਲਾਂ 'ਤੇ ਨਵੇਂ ਸਾਲ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪ੍ਰੋਗਰਾਮ ਸੁਣਨ ਵਿੱਚ ਆਪਣੀ ਅੱਧੀ ਰਾਤ ਤੋਂ ਵੱਧ ਗੁਜਾਰ ਦਿੰਦੇ ਹਨ ਜਦੋਂ ਕਿ ਕਿਸੇ ਗੁਰਪੁਰਬ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਸਾਰਤ ਕੀਤੇ ਜਾ ਰਿਹਾ ਕੀਰਤਨ/ਕਥਾ ਦਾ ਪ੍ਰੋਗਰਾਮ ਉਨ੍ਹਾਂ ਲਈ ਇੱਕ ਘੰਟਾ ਵੇਖਣਾ ਵੀ ਬਹੁਤ ਔਖਾ ਹੁੰਦਾ ਹੈ। ਇਸ ਤਰ੍ਹਾਂ ਹਰ ਪਲ ਪ੍ਰਭੂ ਦੀ ਯਾਦ ਵਿੱਚ ਬਿਤਾਉਣ ਦੀ ਗੁਰਸਿਖਿਆ ਦੇ ਉਲਟ ਪ੍ਰਭੂ ਨੂੰ ਵਿਸਾਰ ਕੇ ਮਨਾਏ ਜਾਣ ਵਾਲਾ ਨਵਾਂ ਸਾਲ ਪੂਰੀ ਤਰ੍ਹਾਂ ਗੁਰਮਤਿ ਦੇ ਉਲਟ ਹੈ। ਪਿਛਲੇ ਕੁਝ ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਹੋਟਲਾਂ ਕਲੱਬਾਂ ਵਿੱਚ ਲੱਚਰਤਾ ਤੇ ਨਸ਼ਿਆਂ ਦੇ ਸੇਵਨ ਵਾਲੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਣ ਦੇ ਉਪ੍ਰਾਲੇ ਵਜੋਂ ਨਵੇਂ ਸਾਲ ਦੇ ਵਿਸ਼ੇਸ਼ ਸਮਾਗਮ ਵਜੋਂ ਗੁਰਦੁਆਰਾ ਰਕਾਬ ਗੰਜ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਇਸ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਪ੍ਰਸਾਰਤ ਵੀ ਕਰਵਾਇਆ ਜਾ ਰਿਹਾ ਤਾਂ ਕਿ ਜਿਹੜੇ ਗੁਰਸਿੱਖ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ ਉਹ ਘਰ ਬੈਠੇ ਹੀ ਟੀਵੀ 'ਤੇ ਨਵੇਂ ਸਾਲ ਦੇ ਰੰਗਾ ਰੰਗ ਪ੍ਰੋਗਰਾਮ ਵੇਖਣ ਦੀ ਵਜਾਏ ਟੀਵੀ ਰਾਹੀਂ ਗੁਰਬਾਣੀ ਨਾਲ ਜੁੜ ਕੇ ਲਾਭ ਉਠਾ ਸਕਣ।

ਦਿੱਲੀ ਕਮੇਟੀ ਦਾ ਇਹ ਇੱਕ ਚੰਗਾ ਉਪ੍ਰਾਲਾ ਹੈ, ਪਰ ਹੈ ਇਹ ਵੀ ਦੀਵਾਲੀ ਦੀ ਨਕਲ 'ਤੇ ਬੰਦੀਛੋੜ ਦਿਵਸ ਮਨਾਉਣ ਦੀ ਤਰ੍ਹਾਂ ਨਵੇਂ ਸਾਲ ਦੀ ਇੱਕ ਨਕਲ ਹੀ। ਸਾਰੇ ਗੁਰਸਿਖਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਜੇ ਨਵਾਂ ਸਾਲ ਮਨਾਉਣਾ ਹੀ ਹੈ ਤਾਂ ਸਾਡਾ ਈਸਵੀ ਸੰਨ ਨਾਲ ਤਾਂ ਕੋਈ ਸਬੰਧ ਹੀ ਨਹੀਂ ਇਸ ਲਈ ਨਾਨਕਸ਼ਾਹੀ ਸੰਮਤ ਅਨੁਸਾਰ ਨਵੇਂ ਸਾਲ ਦੀ ਆਮਦ ੩੦ ਫੱਗਣ ਅਤੇ ਇੱਕ ਚੇਤ ਦੀ ਵਿਚਕਾਰਲੀ ਰਾਤ ਗੁਰਬਾਣੀ ਦੀ ਕਥਾ ਕੀਰਤਨ ਰਾਹੀਂ ਪ੍ਰਭੂ ਦੀ ਕੀਰਤੀ ਵਿੱਚ ਗੁਜਾਰੀ ਜਾਵੇ। ਜਿਸ ਤਰ੍ਹਾਂ ਹਰ ਸਰਕਾਰ, ਅਦਾਰਾ, ਤੇ ਵਪਾਰੀ ੩੧ ਮਾਰਚ ਨੂੰ ਵਿਤੀ ਸਾਲ ਦੀ ਸਮਾਪਤੀ ਮੌਕੇ ਆਪਣੇ ਬਹੀ ਖਾਤੇ ਚੈੱਕ ਕਰਕੇ ਆਪਣੀ ਆਮਦਨ ਤੇ ਖਰਚੇ ਦਾ ਹਿਸਾਬ ਕਿਤਾਬ ਕਰਕੇ ਵੇਖਦੇ ਹਨ ਕਿ ਉਨ੍ਹਾਂ ਨੇ ਸਾਲ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਹੈ ਤੇ ਉ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਅਗਲੇ ਸਾਲ ਲਈ ਵਿਉਂਤਵੰਦੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਸਾਡੀ ਜਿੰਦਗੀ ਦਾ ਇੱਕ ਸਾਲ ਬੀਤਣ 'ਤੇ ਆਪਣੇ ਮਨ ਦੇ ਬਹੀ ਖਾਤੇ ਚੈੱਕ ਕਰਕੇ ਹਰ ਗੁਰਸਿੱਖ ਇਹ ਹਿਸਾਬ ਲਾਉਣ ਦੀ ਕੋਸ਼ਿਸ਼ ਕਰੇ ਕਿ: 'ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥' ਤੋਂ ਸ਼ੁਰੂ ਕਰਕੇ 'ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥' (ਮਾਝ ਬਾਰਹਮਾਹਾ ਮ: ੫) ਦਾ ਸਫਰ ਕਰਦਿਆਂ ਉਸ ਨੇ ਕੀ ਖੱਟਿਆ ਹੈ ਤੇ ਗੁਰੂ ਵਲੋਂ ਦਿੱਤੀ ਸਿਖਿਆ ਨੂੰ ਵਿਸਾਰ ਕੇ ਅਨਮੋਲ ਮਨੁਖਾ ਜਨਮ ਦਾ ਕਿਨਾਂ ਸਮਾਂ ਅਜਾਂਈ ਗੁਆ ਲਿਆ ਹੈ ਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਅਗਲੇ ਸਾਲ ਲਈ ਸਮੇ ਨੂੰ ਕਿਸ ਤਰ੍ਹਾਂ ਲੇਖੇ ਲਾਉਣਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰੂ ਦੀ ਸਿਖਿਆ 'ਤੇ ਚੱਲਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਰਹਾਂਗੇ ਤੇ ਨਾਨਕਸ਼ਾਹੀ ਕੈਲੰਡਰ ਸਾਡੀ ਆਮ ਜੀਵਨ ਦੀ ਵਰਤੋਂ ਵਿੱਚ ਪੂਰੀ ਤਰ੍ਹਾਂ ਲਾਗੂ ਵੀ ਹੁੰਦਾ ਰਹੇਗਾ। 

ਹੈਰਾਨੀ ਤਾਂ ਇਹ ਹੈ ਕਿ ਜਿਸ ਨਾਨਕਸ਼ਾਹੀ ਕੈਲੰਡਰ ਵਿੱਚ ਸ: ਪਾਲ ਸਿੰਘ ਪੁਰੇਵਾਲ ਜੀ ਨੇ ਬੜੀ ਮਿਹਨਤ ਨਾਲ ਦੇਸੀ ਮਹੀਨਿਆਂ ਦੀਆਂ ਤਰੀਖਾਂ ਸਾਰੀ ਦੁਨੀਆਂ ਵਿੱਚ ਪ੍ਰਚਲਤ ਸਾਂਝੇ ਅੰਗਰੇਜੀ ਸਾਲ ਦੀਆਂ ਤਰੀਖਾਂ ਨਾਲ ਪੱਕੇ ਤੌਰ 'ਤੇ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ੨੩ ਪੋਹ (੫ ਜਨਵਰੀ) ਨਿਸਚਤ ਕਰ ਦਿੱਤਾ ਉਸ ਦਾ ਤਾਂ ਸਾਧ ਲਾਣਾ ਇਹ ਕਹਿ ਕੇ ਵਿਰੋਧ ਕਰਦਾ ਰਿਹਾ ਕਿ ਸਾਡਾ ੫ ਜਨਵਰੀ ਨਾਲ ਕੀ ਸਬੰਧ ਹੈ? ਅਸੀਂ ਤਾਂ ਪੁਰਾਤਨ ਰਵਾਇਤ ਅਨੁਸਾਰ ਪੋਹ ਸੁਦੀ ੭ ਨੂੰ ਹੀ ਗੁਰਪੁਰਬ ਮਨਾਵਾਂਗੇ। ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਨੂੰ ਇਹ ਸਾਧ ਲਾਣਾ ਅੰਗਰੇਜਾਂ ਦੀ ਗੁਲਾਮੀ ਵਾਲੀ ਸੋਚ ਵਾਲੇ ਸਿੱਖ ਕਹਿ ਕੇ ਭੰਡਦੇ ਵੀ ਹਨ। ਇਹ ਕਹਿਣ ਵੇਲੇ ਇਹ ਭੁੱਲ ਜਾਂਦੇ ਹਨ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ ੭ ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਅਤੇ ੨੨ ਦਸੰਬਰ ੧੬੬੬ ਯੂਲੀਅਨ ਵੀ ਸੀ।

੧੬੬੬ ਤੋਂ ਪਿਛੋਂ ੧੬੮੫ ਵਿਚ ਇਹ ਤਿੰਨੇ ਤਾਰੀਖਾਂ ਇਕੱਠੀਆਂ ਆਈਆਂ ਸਨ ਪਰ ਹੁਣ ਮੁੜ ਇਹ ਤਿੰਨੇ ਤਾਰੀਖਾਂ ਹਜ਼ਾਰਾਂ ਸਾਲ ਇਕੱਠੀਆਂ ਨਹੀ ਆਉਣਗੀਆਂ ਕਿਉਂਕਿ ੧੭੫੨ 'ਚ ਯੂਲੀਅਨ ਸਾਲ ਮੌਸਮੀ ਸਾਲ ਤੋਂ ੧੧ ਦਿਨ ਪਿੱਛੇ ਰਹਿ ਜਾਣ ਕਰਕੇ ਇਸ ਨੂੰ ਮੌਸਮੀ ਸਾਲ ਦੇ ਨਾਲ ਨੇੜੇ ਰੱਖਣ ਲਈ ੩ ਸਤੰਬਰ ਨੂੰ ੧੪ ਸਤੰਬਰ ਮੰਨ ਕੇ ਯੂਲੀਅਨ ਕੈਲੰਡਰ ਨੂੰ ਗਰੈਗੋਰੀਅਨ ਕੈਲੰਡਰ ਬਣਾ ਦਿੱਤਾ ਗਿਆ ਸੀ। ਪੋਹ ਸੁਦੀ ੭ ਅਤੇ ੨੩ ਪੋਹ ਪਿਛਲੀ ਸਦੀ ਵਿਚ ਸਿਰਫ ੪ ਵਾਰੀ (੧੯੦੩, ੪੯, ੬੮, ੮੭) ਇਕੱਠੀਆਂ ਆਈਆਂ ਸਨ। ਹੁਣ ੨੦੧੪ ਵਿਚ ੭ ਜਨਵਰੀ ਦਿਨ ਮੰਗਲਵਾਰ ਨੂੰ ਪੋਹ ਸੁਦੀ ੭ ਅਤੇ ੨੩ ਪੋਹ ਇਕੱਠੀਆਂ ਆਉਣਗੀਆਂ। ਇਹ ਦਿਨ ਅੱਗੇ ਪਿੱਛੇ ਆਉਣ ਦਾ ਕਾਰਣ ਇਹ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, ੨੪ ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਆਲੇ ਵੀ ਘੁੰਮਦੀ ਹੈ, ਇਹ ਚੱਕਰ ੩੬੫.੨੪੨੧੯੬ ਦਿਨ (੩੬੫ ਦਿਨ ੫ ਘੰਟੇ ੪੮ ਮਿੰਟ ੪੫ ਸੈਕਿੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ। ਇਹ ਚੱਕਰ ੨੯.੫੩੦੫੯ ਦਿਨ (੨੯ ਦਿਨ ੧੨ ਘੰਟੇ ੪੪ ਮਿੰਟ ੩ ਸੈਕਿੰਡ) ਵਿਚ ਪੂਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ ਇਸ ਦੀ ਗਿਣਤੀ ਪੁੰਨਿਆ ਤੋਂ ਪੁੰਨਿਆ ਜਾਂ ਮੱਸਿਆ ਤੋਂ ਮੱਸਿਆ ਤੱਕ ਕੀਤੀ ਜਾਂਦੀ ਹੈ। ਇਸ ਤਰ੍ਹਾਂ ਚੰਦ ਦਾ ੧੨ ਮਹੀਨਿਆਂ ਦਾ ਇਕ ਸਾਲ ਤਕਰੀਬਨ ੩੫੪.੩੭ ਦਿਨ (੩੫੪ ਦਿਨ ੮ ਘੰਟੇ ੫੨ ਮਿੰਟ ੪੮ ਸੈਕਿੰਡ)  ਦਾ ਹੁੰਦਾ ਹੈ। ਭਾਵ ਚੰਦ ਦਾ ਇੱਕ ਸਾਲ, ਮੌਸਮੀ ਸਾਲ ਤੋਂ ਲਗਪਗ ੧੧ ਦਿਨ ਛੋਟਾ ਹੁੰਦਾ ਹੈ। ਇਹੀ ਸਾਡੀ ਸਮੱਸਿਆ ਦੀ ਅਸਲ ਜੜ੍ਹ ਹੈ।

ਹੁਣ ਜੇ ਹਿਜ਼ਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ ੧੧ ਦਿਨ ਪਹਿਲਾਂ ਆ ਜਾਵੇਗਾ ਅਤੇ ੩੩ ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। ਕਿਉਂਕਿ ਸੂਰਜ ਦੇ ੩੩ ਸਾਲ ਲਗਪਗ ਚੰਦ ਦੇ ੩੪ ਸਾਲ ਦੇ ਬਰਾਬਰ ਬਣ ਜਾਂਦੇ ਹਨ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭, ੨੦੧੧ ਸੀ.ਈ. {ਕਾਮਨ ਐਰਾ (Common Era)  ਵਿਚ ੧੧ ਜਨਵਰੀ ਆਇਆ ਸੀ ਉਸ ਤੋਂ ਅਗਲਾ ਪੁਰਬ ਇਸ ਤੋਂ ੧੧ ਦਿਨ ਪਹਿਲਾ ਭਾਵ ੩੧ ਦਸੰਬਰ ੨੦੧੧ ਨੂੰ ਆਇਆ ਸੀ। ਇਸ ਹਿਸਾਬ ਨਾਲ ਤਾਂ ੨੦੧੨ ਵਿਚ ਇਹ ੨੦ ਦਸੰਬਰ ਨੂੰ ਆਉਣਾ ਚਾਹੀਦਾ ਸੀ। ਪਰ ਅਜੇਹਾ ਨਹੀ ਹੋਇਆ! ਉਸ ਦਾ ਕਾਰਣ ਇਹ ਹੈ ਕਿ ਜਦੋਂ ਚੰਦ ਦਾ ਸਾਲ ਸੂਰਜੀ ਬਿਕ੍ਰਮੀ ਸਾਲ ਨਾਲੋਂ ਇਕ ਸਾਲ ਵਿਚ ੧੧ ਦਿਨ, ਦੂਜੇ ਸਾਲ ੨੨ ਦਿਨ ਅਤੇ ਤੀਜੇ ਸਾਲ ੩੩ ਦਿਨ ਪਿਛੇ ਰਹਿ ਗਿਆ ਤਾਂ ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। ੨੦੧੨ ਵਿਚ ਚੰਦ ਦੇ ਸਾਲ ਦੇ ੧੩ ਮਹੀਨੇ ਸਨ। ਇਸ ਸਾਲ ਵਿੱਚ ਭਾਦੋਂ ਦੇ ਦੋ ਮਹੀਨੇ ਸਨ। ਯਾਦ ਰਹੇ ੧੯ ਸਾਲਾਂ ਵਿਚ ਚੰਦ ਦੇ ੭ ਸਾਲ ਅਜਿਹੇ ਆਉਂਦੇ ਹਨ ਜੋ ੧੨ ਦੀ ਬਜਾਏ ੧੩ ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਜਾਂ ਮਲਮਾਸ ਕਿਹਾ ਜਾਂਦਾ ਹੈ, ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ।  ਜਦੋਂ ਚੰਦ ਦੇ ਸਾਲ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ ਤਾਂ ਇਸ ਦੇ ਸਾਲ ਦੇ ਦਿਨ ਜੋ ਸਧਾਰਨ ਸਾਲ ਵਿਚ ੩੫੪ ਹੁੰਦੇ ਹਨ ਇਸ ਸਾਲ ੩੮੪/੩੮੫ ਹੋ ਜਾਂਦੇ ਹਨ। ਭਾਵ ਇਹ ਚੰਦਰ ਸਾਲ ਸੂਰਜੀ ਸਾਲ ਤੋਂ ੧੮/੧੯ ਦਿਨ ਵੱਡਾ ਹੋਵੇਗਾ। ਇਸ ਲਈ ੨੦੧੨ ਵਿੱਚ ਜਿਹੜਾ ਦਿਹਾੜਾ ੨੦ ਦਸੰਬਰ ਨੂੰ ਆਉਣਾ ਚਾਹੀਦਾ ਸੀ ਹੁਣ ਉਹ ੨੦੧੩ ਵਿਚ ੧੮ ਜਨਵਰੀ ਨੂੰ ਆਵੇਗਾ।

ਇਸ ਤੋਂ ਅੱਗੇ ਫੇਰ ਚੰਦ ਦੇ ਸਾਲ ਦੀ ਲੰਬਾਈ ਮੁਤਾਬਕ ਗੁਰਪੁਰਬ ੧੧ ਦਿਨ ਪਹਿਲਾਂ ਭਾਵ ੭ ਜਨਵਰੀ ੨੦੧੪ ਨੂੰ ਆਵੇਗਾ ਅਤੇ ਉਸ ਤੋਂ ਅਗਲਾ ੨੮ ਦਸੰਬਰ ੨੦੧੪ ਨੂੰ। ੨੦੧੫ ਸੀ.ਈ. ਵਿਚ ਚੰਦ ਦੇ ਫੇਰ ੧੩ ਮਹੀਨੇ ਹੋਣਗੇ। ਇਸ ਲਈ ੨੦੧੫ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਹੀ ਆਵੇਗਾ। ੨੦੧੬ ਵਿਚ ਇਹ ਦਿਹਾੜਾ ੧੬ ਜਨਵਰੀ, ੨੦੧੭ ਵਿਚ ੫ ਜਨਵਰੀ ਅਤੇ ੨੫ ਦਸੰਬਰ ਨੂੰ ਆਵੇਗਾ। ਇਹ ਹੈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦਾ ਗਧੀ ਗੇੜ ਜਿਹੜਾ ਆਮ ਮਨੁੱਖ ਦੀ ਸਮਝ ਵਿੱਚ ਸੌਖਿਆਂ ਨਹੀਂ ਆਉਂਦਾ। ਅਸੀਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇਨ੍ਹਾਂ ਦੋਵਾਂ ਤਾਰੀਖਾਂ ਦੇ ਇਕੱਠੀਆਂ ਆਉਣ ਦਾ ਇੰਤਜ਼ਾਰ ਨਹੀ ਕਰ ਸਕਦੇ। ਸੋ ਸਪਸ਼ਟ ਹੈ ਕਿ ਸਾਨੂੰ ਦੋਵਾਂ 'ਚੋਂ ਇਕ ਤਾਰੀਖ ਦੀ ਚੋਣ ਹੀ ਕਰਨੀ ਪਵੇਗੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ ੭ ਦੀ ਬਜਾਏ ੨੩ ਪੋਹ ਨੂੰ ਮਨਾਉਂਦੇ ਹਾਂ (ਜਿਹੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ ੫ ਜਨਵਰੀ ਨੂੰ ਆਇਆ ਕਰੇਗਾ) ਤਾਂ ਬਿਪਰ ਸੋਚ ਦਾ ਗੁਲਾਮ ਸਾਧ ਲਾਣਾ ਕਹਿੰਦਾ ਹੈ ਕਿ ਇਹ ਅੰਗਰੇਜਾਂ ਦੀ ਗੁਲਾਮੀ ਕਬੂਲਣ ਦੇ ਬਰਾਬਰ ਹੈ, ਪਰ ਜੇ ਨਵਾਂ ਸਾਲ ਇੱਕ ਚੇਤ ਦੀ ਬਜਾਏ ਇੱਕ ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਤਾਂ ਇਨ੍ਹਾਂ ਨੂੰ ਅੰਗਰੇਜਾਂ ਦੀ ਗੁਲਾਮੀ ਮਹਿਸੂਸ ਨਹੀਂ ਹੁੰਦੀ। ਇਸ ਦਾ ਕਾਰਣ ਇਹ ਹੈ ਕਿ ਇਨ੍ਹਾਂ ਦੇ ਬਿੱਪਰ ਭਰਾ ਵੀ ਵੇਖਾ ਵੇਖੀ ੧ ਜਨਵਰੀ ਨੂੰ ਹੀ ਨਵਾਂ ਸਾਲ ਮਨਾ ਰਹੇ ਹੁੰਦੇ ਹਨ।

ਇਸ ਲਈ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਬਿਪਰ ਤੇ ਅੰਗਰੇਜ ਦੋਵਾਂ ਦੀ ਗੁਲਾਮੀ ਤੋਂ ਮੁਕਤ ਹੋ ਕੇ ਨਵਾਂ ਸਾਲ ਇੱਕ ਚੇਤ ਨੂੰ ਅਤੇ ਸਾਰੇ ਗੁਰਪੁਰਬ ਤੇ ਸਿੱਖ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ। ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਦੁਨੀਆਂ ਵਿੱਚ ਪ੍ਰਚਲਤ ਸਾਂਝੇ ਸਾਲ ਦੀਆਂ ਤਰੀਖਾਂ ਨਾਲ ਜੁੜ ਜਾਣਾ ਅੰਗਰੇਜਾਂ ਦੀ ਗੁਲਾਮੀ ਕਬੂਲਣਾ ਨਹੀਂ ਬਲਕਿ ਸਾਰੀ ਦੁਨੀਆਂ ਵਿੱਚ ਫੈਲੇ ਸਿੱਖਾਂ ਦੀ ਸਹੂਲਤ ਲਈ ਜੋੜੀਆਂ ਗਈਆਂ ਹਨ ਤੇ ਇਹ ਮਿਤੀਆਂ ਨਿਸਚਤ ਕਰਨ ਸਮੇਂ ਅੰਗਰੇਜੀ ਮਹੀਨਿਆਂ ਦੀ ਤਰੀਖਾਂ ਨਹੀਂ ਬਲਕਿ ਇਤਿਹਾਸ ਵਿੱਚ ਪਹਿਲਾਂ ਤੋਂ ਦਰਜ ਦੇਸੀ ਮਹੀਨਿਆਂ ਦੀ ਤਰੀਖਾਂ ਮੁਤਾਬਿਕ ਨਿਸਚਤ ਕੀਤੀ ਗਈਆਂ ਹਨ। ਇਸ ਲਈ ਜਰੂਰੀ ਨਹੀਂ ਕਿ ਅਸੀਂ ਬਿਪਰ ਵੱਲੋਂ ਅਪਣਾਏ ਗਏ ਬਿਕ੍ਰਮੀ ਚੰਦਰ ਸੂਰਜੀ ਸਾਲ ਮੁਤਾਬਕ ਪੋਹ ਸੁਦੀ ੭ ਨਾਲ ਜੁੜੇ ਰਹਿ ਕੇ ਆਪਣੇ ਗੁਰੂ ਸਾਹਿਬਾਨ ਦੇ ਪੁਰਬਾਂ ਨਾਲ ਲੁਕਣ ਮੀਚੀ ਖੇਡ੍ਹਦੇ ਹੋਏ ਅੱਗੇ ਪਿੱਛੇ ਹੋਣ ਦੀ ਬੁਝਾਰਤ ਵਿੱਚ ਉਲਝੇ ਰਹੀਏ। ਜੇ ਗੁਰਪੁਰਬ ਪੋਹ ਸੁਦੀ ੭ ਦੀ ਬਜਾਏ ੨੩ ਪੋਹ ਨੂੰ ਮਨਾ ਲਿਆ ਜਾਵੇ ਜਿਹੜਾ ਹਮੇਸ਼ਾਂ ਹਮੇਸ਼ਾਂ ਲਈ ੫ ਜਨਵਰੀ ਨੂੰ ਹੀ ਆਇਆ ਕਰੇਗਾ ਤਾਂ ਇਸ ਨਾਲ ਸਾਡੀ ਗੁਰਮਤ ਦਾ ਕੋਈ ਨੁਕਸਾਨ ਨਹੀਂ ਹੋਵੇਗਾ।