Share on Facebook

Main News Page

'ਨਾਨਕ' ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ
-
ਸੁਖਜੀਤ ਪਾਲ ਸਿੰਘ
05-Jan-13

ਧਨੁ ਧੰਨੁ ਗੁਰੂ ਕਾ ਪਿਤਾ ਮਾਤਾ॥ (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨) ਜੇ ਸਾਡਾ ਗੁਰੂ ਕੇਵਲ ਅਕਾਲਪੁਰਖ਼ ਅਤੇ ਉਸ ਦਾ ਗਿਆਨ ਹੀ ਹੈ ਤਾਂ ਉਹ ਕਿਹੜੇ ਮਾਤਾ ਪਿਤਾ ਹਨ ਜੋ ਧੰਨ ਹਨ, ਕਿਉਂਕਿ ਅਕਾਲਪੁਰਖ਼ ਦੇ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਹਨ।

'ਗੁਰੂ' ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ 'ਤੇ ਸਪੋਕਮੈਨ ਵੱਲੋਂ ਵੱਡੀ ਖੋਜ ਸਮਝੀ ਜਾ ਰਹੀ ਹੈ। ਇਹ ਵੀਰ ਨਾਨਕ ਸਰੂਪਾਂ ਨਾਲ ਗੁਰੂ ਸ਼ਬਦ ਵਰਤਣ ਨੂੰ ਬ੍ਰਾਹਮਣੀ ਸੋਚ ਸਮਝਦੇ ਹਨ। ਇਹ ਵੀਰ ਅਣਜਾਣੇ ਅੰਦਰ ਗੁਰਬਾਣੀ ਸਿਧਾਂਤ ਨੂੰ ਪੂਰੀ ਤਰਾਂ ਨਾਲ ਨਾ ਸਮਝਣ ਕਰ ਕੇ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਜਿਸ ਨਾਲ ਪੰਥ ਅੰਦਰ ਵਿਵਾਦ ਦੁਬਿਧਾ 'ਤੇ ਦੁਚਿੱਤੀ ਬਣੀ ਹੋਈ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਬਣ ਕੇ ਰਿਹ ਗਿਆ ਹੈ। ਹੋਰ ਮੁਦਿਆਂ ਦੇ ਨਾਲ ਨਾਲ ਇਸ ਮੁੱਦੇ 'ਤੇ ਵੀ ਪੰਥ ਦੋਫਾੜ ਹੋ ਰਿਹਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ ਜੋ ਪੰਥ ਵਾਸਤੇ ਚੰਗੀ ਗੱਲ ਨਹੀ ਹੈ।

ਇਸ ਮਸਲੇ 'ਤੇ ਮੇਰੇ ਵੱਲੋਂ ਲਗਭਗ ਤਿੰਨ ਸਾਲ ਪਹਿਲਾਂ ਇੱਕ ਲੇਖ 'ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜੂਦ ਹਨ' ਲਿੰਕ:- http://www.sikhmarg.com/2009/1011-baba-nanak-guru.html ਲਿਖਿਆ ਗਿਆ ਸੀ, ਇਹ ਲੇਖ ਮੇਰੇ ਵੱਲੋਂ ਭਾਈ ਗੁਰਬਖਸ਼ ਸਿੰਘ (ਲੁਧਿਆਣਾ) ਜੀ ਦੇ ਇੱਕ ਲੇਖ 'ਸ਼ਬਦ ਗੁਰੂ ਜੁਗ ਚਾਰੇ ਅਉਧੂ' ਜੋ ਕਿ ਬੁਹਰੰਗੀ ਸਪੋਕਸਮੈਨ ਦੇ ਮੁੱਖ ਪੰਨੇ 'ਤੇ 23 ਸਤੰਬਰ 2009 ਨੂੰ ਛਪਿਆ ਸੀ, ਦੇ ਸੰਦਰਭ 'ਚ ਲਿਖਿਆ ਗਿਆ ਸੀ ਇਸ ਦਾ ਜਵਾਬ ਵੀਰ ਜੀ ਨੇ ਨਹੀ ਦਿੱਤਾ, ਪਰ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੇ ਕੁੱਝ ਹਿੱਸੇ ਦਾ ਜਵਾਬ ਦਿੱਤਾ ਜੋ ਕਿ 'ਨਾਨਕ' ਪਦ ਦੇ ਅੱਗੇ ਆਏ 'ਗੁਰ' ਸ਼ਬਦ ਨਾਲ ਆਈਆਂ ਪੰਗਤੀਆਂ ਨਾਲ ਸਬੰਧਤ ਸੀ ਜੋ ਕਿ ਗੁਰੂ ਆਸ਼ੇ ਅਨੁਸਾਰ ਠੀਕ ਨਹੀ ਸੀ, ਇਸ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਉੱਸ ਵਕਤ ਮੇਰੇ ਵੱਲੋਂ ਇੱਕ ਜਰੂਰੀ ਵਿਸ਼ਾ ਵਿਚਾਰਿਆ ਗਿਆ ਸੀ ਜੋ ਕਿ ਮੇਰੇ ਲੇਖ 'ਚੋਂ ਹੂਬਹੂ ਹਾਜਰ ਹੈ:- ''ਇਹ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਨਿਰਗੁਣ ਸਰੂਪ ਵਿੱਚ ਤਾਂ ਗੱਦੀ ਹਮੇਸਾਂ ਹੀ ਸ਼ਬਦ ਗੁਰੂ ਦੀ ਹੈ। ਪਰ ਸ਼ਬਦ ਗੁਰੂ ਦਾ ਸਿਧਾਂਤ ਲਾਗੂ ਕਰਨ ਲਈ ਗੁਰੂ ਸਾਹਿਬ ਨੇ ਸ਼ਰੀਰਕ ਰੂਪ ਵਿੱਚ ਦਸ ਜਾਮੇ ਧਾਰਨ ਕੀਤੇ। ਜਿਸ ਸਮੇਂ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜਤਾ ਨਾਲ ਲਾਗੂ ਹੋ ਗਿਆ, ਉਸ ਸਮੇਂ ਹੀ ਸਿਖਾਂ ਨੂੰ ਸਰਗੁਣ ਰੂਪ ਵਿੱਚ ਵੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਖਾਤਮਾ ਕਰ ਦਿੱਤਾ।'' ਇੱਥੇ ਮੇਰੇ ਵੱਲੋਂ 'ਗੁਰੂ' ਦੇ ਨਿਰਗੁਣ 'ਤੇ ਸਰਗੁਣ ਸਰੂਪਾਂ ਬਾਰੇ ਜਿਕਰ ਕੀਤਾ ਗਿਆ ਹੈ। ਜਿਸ ਦਾ ਤੱਤ ਗੁਰਮਤਿ ਪਰਿਵਾਰ ਜਾਂ ਇਹਨਾਂ ਦੀ ਵਿਚਾਰਧਾਰਾ ਨਾਲ ਸਬੰਧਤ ਕਿਸੇ ਵੀ ਵੀਰ ਨੇ ਹੁਣ ਤੱਕ ਇਸ ਵਿਸ਼ੇ ਨੂੰ ਨਹੀ ਛੂਹਿਆ ਹੈ, ਬਸ ਜੇਕਰ ਇਹ ਵੀਰ ਇਸ ਵਿਸ਼ੇ ਨੂੰ ਵਿਚਾਰ ਲੈਣ ਤਾਂ ਇਹ ਸਾਰਾ ਵਿਵਾਦ ਖਤਮ ਹੋ ਜਾਵੇਗਾ।

ਇਸ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਪਹਿਲਾਂ ਤੱਤ ਗੁਰਮਤਿ ਪਰਿਵਾਰ ਦਾ ਪੱਖ ਵਿਚਾਰ ਦੇ ਹਾਂ:

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥ ਸੂਹੀ ਮਹਲਾ ੪ ॥ (ਪੰਨਾ: 759)

ਇਹ ਗੁਰਵਾਕ ਸਪਸ਼ਟ ਕਰਦਾ ਹੈ ਕਿ ਗੁਰਮਤਿ ਅਨੁਸਾਰ 'ਗੁਰੂ' ਪਦ ਸਿਰਫ 'ਅਕਾਲ ਪੁਰਖ' ਜਾਂ ਉਸਦੇ (ਪ੍ਰਕਟ ਸਰੂਪ) 'ਸੱਚ ਦਾ ਗਿਆਨ' ਲਈ ਹੀ ਢੁੱਕਵਾਂ ਹੈ, ਕਿਸੇ ਦੇਹਧਾਰੀ ਲਈ ਨਹੀ। ਕੋਈ ਵੀ ਦੇਹਧਾਰੀ 'ਸਦਾ ਸਦਾ ਰਹਿਣ ਵਾਲਾ' ਨਹੀਂ ਹੋ ਸਕਦਾ। ਇਹੀ ਗੱਲ ਨਾਨਕ ਸਰੂਪਾਂ ਤੇ ਵੀ ਪੂਰੀ ਢੁੱਕਦੀ ਹੈ।ਕੀ ਨਾਨਕ ਸਰੂਪਾਂ ਲਈ 'ਗੁਰੂ' ਪਦ ਵਰਤਣਾ ਇਸ ਗੁਰਮਤਿ ਕਸਵੱਟੀ ਤੇ ਖਰਾ ਸਾਬਿਤ ਹੁੰਦਾ ਹੈ? ਕੀ ਨਾਨਕ ਪਾਤਸ਼ਾਹ ਜੀ 1469 ਵਿਚ ਪੈਦਾ ਨਹੀ ਹੋਏ ਅਤੇ 1539 ਵਿਚ ਇਸ ਫਾਨੀ ਸੰਸਾਰ ਤੋਂ ਕੂਚ ਨਹੀ ਕਰ ਗਏ? ਫਿਰ ਉਹਨਾਂ ਲਈ 'ਗੁਰੂ' ਪਦ ਵਰਤਨਾ ਉਹਨਾਂ ਵੱਲੋਂ ਸਮਝਾਏ ਗੁਰਮਤਿ ਸਿਧਾਤਾਂ ਦੀ ਉਲੰਘਣਾ ਨਹੀ ਹੈ? ਕੀ 1469 ਤੋਂ ਪਹਿਲਾਂ 'ਗੁਰੂ' ਨਹੀ ਸੀ? ਜੇ ਨਹੀਂ ਸੀ ਤਾਂ ਫਿਰ ਗੁਰਮਤਿ ਦਾ ਇਹ ਸਿਧਾਂਤ 'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ' ਗਲਤ ਸਾਬਿਤ ਨਹੀ ਹੋ ਜਾਂਦਾ? ਹੁਣ ਅਸੀ ਫੈਸਲਾ ਆਪ ਹੀ ਕਰਨਾ ਹੈ ਕਿ ਗੁਰਮਤਿ ਸਿਧਾਂਤ ਠੀਕ ਹਨ ਜਾਂ (ਅੰਨੀ) ਸ਼ਰਧਾ ਅਧੀਨ ਬਣਾਏ ਗਏ ਸਾਡੇ ਅਪਣੇ ਵੀਚਾਰ? ਪੰਨਾ ਨੰ: 14, ਵਾਪਸੀ ਦਾ ਸਫਰ (ਭਾਗ-੧)

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥੨॥ ਸੋਰਠਿ ਕੀ ਵਾਰ (ਮ: ੩) (ਪੰਨਾ: 646)

ਭਾਵ: ਸਾਰੀ ਕੁਦਰਤ ਦਾ ਰਚਨਹਾਰਾ ਇਕੋ ਹੈ, ਸਾਰੀ ਸ੍ਰਿਸ਼ਟੀ ਦਾ ਗੁਰੂ ਇਕੋ ਹੈ ਅਤੇ ਉਸ ਦੀ ਸਿਖਿਆ ਵੀ ਇਕਸਾਰ ਹੈ।

ਇਸ ਗੁਰਵਾਕ ਤੋਂ ਸਪਸ਼ਟ ਹੈ ਕਿ ਗੁਰੂ ਇਕ ਹੀ ਹੈ। ਕੀ ਇਸ ਕਸਵੱਟੀ ਉਤੇ 'ਦਸ ਗੁਰੂ ਸਾਹਿਬਾਨ', ਦੂਜੇ ਗੁਰੂ, ਤੀਜੇ ਗੁਰੂ, ਆਦਿ ਸਾਡੇ ਆਪੂੰ ਬਣਾਏ ਲਕਬ ਰੱਦ ਨਹੀ ਹੋ ਜਾਂਦੇ? ਪੰਨਾ ਨੰ: 15, ਵਾਪਸੀ ਦਾ ਸਫਰ (ਭਾਗ-੧)

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਰਾਲੇ ॥੧॥ ਰਹਾਉ ॥ ਆਸਾ ਮਹਲਾ ੫ ॥ (ਪੰਨਾ: 394)

ਕੀ ਕੋਈ ਦੇਹਧਾਰੀ (ਸਮੇਤ ਨਾਨਕ ਸਰੂਪਾਂ) ਜਾਂ ਕੋਈ ਗ੍ਰੰਥ ਹਮੇਸਾਂ ਸਾਡੇ ਅੰਗ ਸੰਗ ਰਹਿ ਸਕਦਾ ਹੈ? ਗਿਆਨ ਹੀ ਹਮੇਸਾ ਨਾਲ ਰਹਿ ਸਕਦਾ ਹੈ, ਸੋ ਸਪਸ਼ਟ ਹੈ 'ਗੁਰੂ ਗਿਆਨ ਹੈ' ਕੋਈ ਗ੍ਰੰਥ ਜਾਂ ਦੇਹ ਨਹੀ। 6-12-12, http://www.sikhmarg.com/your-view91.html ਅਤੇ ਤੱਤ ਗੁਰਮਤਿ ਪਰਿਵਾਰ ਵੱਲੋਂ ਇਸ ਨਾਲ ਮਿਲਦੇ ਕੁੱਝ ਗੁਰਬਾਣੀ ਪ੍ਰਮਾਣ ਦਿੱਤੇ ਗਏ ਹਨ:

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ (ਪੰਨਾ 599 ਮਹਲਾ 1)

ਮਨ ਰੇ ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥ (ਪੰਨਾ 21 ਮਹਲਾ 1)

ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥ (ਪੰਨਾ 432 ਮਹਲਾ 1)

ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥ (ਪੰਨਾ 41 ਮਹਲਾ 4)

ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥ ੪ ॥ ੧੪॥੨੧॥ ਮਾਝ (ਪੰਨਾ 100 ਮਹਲਾ 5)

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ (ਪੰਨਾ 749 ਮਹਲਾ 5)

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥ ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥ (ਪੰਨਾ 387 ਮਹਲਾ 5)

ਇਹ ਸੀ ਤੱਤ ਗੁਰਮਤਿ ਪਰਿਵਾਰ ਦੇ ਵੀਚਾਰ ਜਿਸ ਸਦਕਾ ਉਹ 'ਨਾਨਕ' ਸਰੂਪਾਂ ਨੂੰ 'ਗੁਰੂ' ਕਹਿਣ ਤੋਂ ਆਕੀ ਹੋ ਗਏ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top