Share on Facebook

Main News Page

ਸੱਚ ਕਹਾਂ ਤਾਂ ਭਾਂਬੜ ਮੱਚਦਾ ਏ, ਚੁੱਪ ਰਹਾਂ ਤਾਂ ਕੁੱਝ ਨ ਬੱਚਦਾ ਏ
-
ਸੰਪਾਦਕ ਖ਼ਾਲਸਾ ਨਿਊਜ਼

ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਖਿਲਾਫ ਜੋ ਗੁਰਮਤਿ ਵਿਰੋਧੀ ਅਨਸਰਾਂ ਨੇ ਕੀਤਾ ਹੈ, ਜੋ ਕੁੱਝ ਵੀ ਹੋ ਰਿਹਾ ਹੈ, ਬਹੁਤ ਹੀ ਸ਼ਰਮਨਾਕ ਅਤੇ ਸਿੱਖੀ ਦੇ ਭਵਿੱਖ ਲਈ ਘਾਤਕ ਹੈ। ਭਾਰਤ ਵਿੱਚ ਇਹ ਜੁੱਤੀ ਪਤਾਂਗ ਹੋਵੇ ਤਾਂ, ਨਿੱਤ ਦੀ ਗੱਲ ਹੈ, ਪਰ ਬਾਹਰਲੇ ਮੁਲਕਾਂ 'ਚ ਜਿੱਥੇ ਅਗੇ ਹੀ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਦੀ ਨਸਲੀ ਵਿਤਕਰੇ ਦਾ, ਕਦੇ ਦਸਤਾਰ 'ਤੇ ਪਾਬੰਦੀ ਦਾ, ਕਦੇ ਕੁੱਝ ਹੋਰ, ਹੁਣ ਇਹ ਲੜਾਈਆਂ ਝਗੜਿਆਂ ਨੇ ਸਿੱਖਾਂ ਦੀ ਇਮੇਜ ਹੋਰ ਖਰਾਬ ਕਰ ਦਿੱਤੀ ਹੈ।

ਕਦੀ ਟੋਰੰਟੋ, ਕਦੇ ਯੂ.ਕੇ., ਹੁਣ ਅਮਰੀਕਾ, ਕੀ ਸਿੱਖਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਰਿਹਾ, ਕੋਈ ਅਕਲ ਵਾਲਾ ਬੰਦਾ ਨਹੀਂ ਰਿਹਾ? ਇਹ ਮੂਰਖਾਂ ਦੀ ਟੋਲੇ, ਜਿਹੜੇ ਹਰ ਥਾਂ ਕ੍ਰਿਪਾਨਾਂ - ਗੰਡਾਸੇ ਲੈ, ਆਪਣੇ ਗੁਰਦੁਅਰਿਆਂ 'ਚ ਹੀ ਦੰਗਾ ਕਰਦੇ ਹਨ, ਇਨ੍ਹਾਂ ਨੂੰ ਕੋਈ ਸ਼ਰਮ ਹਿਆ ਹੈ ਨਹੀਂ? ਕਦੋਂ ਤੱਕ ਇਨ੍ਹਾਂ ਗੁੰਡਿਆਂ ਤੋਂ ਲੋਕ ਪਾਸਾ ਵੱਟੀ ਰੱਖਣਗੇ? ਜੇ 1000-1500 ਬੰਦਾ ਕਥਾ ਸੁਣਨ ਆਇਆ ਹੈ ਤਾਂ, ਕਿ ਕਥਾ ਸਿਰਫ ਕੰਨ ਰੱਸ ਲਈ ਹੈ? ਰੱਬ ਸੁੱਮਤ ਬਖਸ਼ੇ।

ਕਿੰਨੇ ਹੀ ਦਿਨਾਂ ਤੋਂ ਕਿੰਨੀਆਂ ਹੀ ਈ-ਮੇਲ ਆਈਆਂ, ਫੋਨ ਆਏ, ਫੇਸਬੁੱਕ 'ਤੇ ਮੈਸੇਜ਼ ਆਏ, ਕਿ ਖ਼ਾਲਸਾ ਨਿਊਜ਼ ਪ੍ਰੋ. ਧੂੰਦਾ ਮਾਮਲੇ 'ਤੇ ਚੁੱਪ ਕਿਉਂ ਹੈ? ਸਾਡੀ ਪ੍ਰੋ. ਧੂੰਦਾ ਨਾਲ ਕੋਈ ਨਿਜੀ ਰੰਜਿਸ਼ ਨਹੀਂ। ਖ਼ਾਲਸਾ ਨਿਊਜ਼ ਨੇ ਪ੍ਰੋ. ਧੂੰਦਾ ਦੀ 2010-2011 ਦੇ ਕੈਨੇਡਾ ਦੌਰੇ ਦੀ ਹਰ ਇੱਕ ਸਮਾਗਮ ਦੀ ਕਵਰੇਜ ਕੀਤੀ, ਸਿੱਧਾ ਪ੍ਰਸਾਰਣ ਕੀਤਾ, ਕਿਸ ਲਈ... ਕਿ ਲਗਦਾ ਸੀ, ਪ੍ਰੋ. ਧੂੰਦਾ ਇਸ ਜਾਗਰਤੀ ਲਹਿਰ ਦੇ ਇੱਕ ਅਹਿਮ ਪ੍ਰਚਾਰਕਾਂ ਵਿਚੋਂ ਉਭਰ ਰਹੇ ਨੇ। ਕਾਫੀ ਸਮੇਂ ਬਾਅਦ ਕਿਸੇ ਕਥਾਵਾਚਕ ਨੂੰ ਸੁਣਨ ਲਈ ਵਹੀਰਾਂ ਘੱਤ ਕੇ ਲੋਕ ਆ ਰਹੇ ਨੇ। ਇਹ ਅਸਲੀਯਤ ਹੈ ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਤੋਂ ਬਾਅਦ ਇੰਨੀ ਤਾਦਾਦ ਵਿੱਚ, ਜੇ ਸਿੱਖ ਸੰਗਤਾਂ ਨੇ ਬੜੀ ਸ਼ਿੱਦਤ ਨਾਲ ਕਿਸੇ ਨੂੰ ਸੁਣਿਆ ਹੈ, ਤਾਂ ਉਹ ਪ੍ਰੋ. ਸਰਬਜੀਤ ਸਿੰਘ ਧੂੰਦਾ ਹੀ ਹੈ। ਪ੍ਰੋ. ਧੂੰਦਾ ਦੀ ਪੇਸ਼ੀ ਤੋਂ ਪਹਿਲਾਂ ਤੱਕ, ਇਹ ਦੋਨੋਂ ਪ੍ਰਚਾਰਕ ਇੱਕਠੇ ਪ੍ਰਚਾਰ ਕਰਦੇ ਰਹੇ ਨੇ, ਪਰ ਪੇਸ਼ੀ ਤੋਂ ਬਾਅਦ ਸਿਧਾਂਤਕ ਪੱਖ ਕਰਕੇ ਦੂਰੀਆਂ ਬਣ ਗਈਆਂ।

ਕਾਰਣ ਸਪੱਸ਼ਟ ਹੈ, ਪ੍ਰੋ. ਸਰਬਜੀਤ ਸਿੰਘ ਧੂੰਦਾ ਵਲੋਂ ਲਿਆ ਗਿਆ ਫੈਸਲਾ, ਜਾਗਰਿਤ ਲਹਿਰ ਨੂੰ ਖੇਰੂੰ ਖੇਰੂੰ ਕਰ ਗਿਆ, ਜਿਸਨੇ ਮੋਏ ਹੋਏ ਅਖੌਤੀ ਜਥੇਦਾਰਾਂ 'ਚ ਨਵੀਂ ਰੂਹ ਫੂਕੀ। ਭਾਂਵੇਂ ਪ੍ਰੋ. ਧੂੰਦਾ ਆਪਣੀ ਇਸ ਮਜਬੂਰੀ (ਕਾਲਜ ਦੀ ਮਜਬੂਰੀ) ਨੂੰ ਸਿਧਾਂਤ ਦਾ ਰੂਪ ਦੇ ਰਹੇ ਹੋਣ, ਪਰ ਉਨ੍ਹਾਂ ਦੇ ਇਸ ਕਦਮ ਨੇ ਜਾਗਰਤੀ ਲਹਿਰ ਬਹੁਤ ਸਾਲ ਪਿੱਛੇ ਧੱਕ ਦਿੱਤਾ ਹੈ। ਇਹ ਗੱਲ ਪ੍ਰੋ. ਧੂੰਦਾ ਨੂੰ ਸਮਰਥਨ ਦੇ ਰਹੇ ਸਿੱਖਾਂ ਦੇ ਗਲੇ ਤੋਂ ਥੱਲੇ ਭਾਂਵੇਂ ਨਾ ਉਤਰੇ, ਪਰ ਸੱਚ ਹੈ।

ਮੌਜੂਦਾ ਸਮੇਂ 'ਚ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਜਿਨ੍ਹਾਂ ਨੇ ਇਨ੍ਹਾਂ ਅਖੌਤੀ ਜਥੇਦਾਰਾਂ ਦੇ ਕੂੜਨਾਮਿਆਂ ਦੀ ਪਰਵਾਹ ਨਾ ਕੀਤੀ, ਉਨ੍ਹਾਂ ਬਜ਼ੁਰਗਾਂ ਨੇ ਆਪਣੀ ਕਹਿਣੀ ਅਤੇ ਕਰਨੀ ਨਾਲ ਅਖੌਤੀ ਜਥੇਦਾਰਾਂ ਦੀ ਨੀਂਦ ਹਰਾਮ ਕੀਤੀ, ਉਹੀ ਕੰਮ ਜੇ ਪ੍ਰੋ. ਧੂੰਦਾ ਕਰਦੇ ਤਾਂ, ਜਿਹੜੀ ਮਾੜੇ ਮੋਟੇ ਸਾਹ ਇਨ੍ਹਾਂ ਅਖੌਤੀ ਜਥੇਦਾਰਾਂ ਦੇ ਚਲਦੇ ਸੀ, ਉਹ ਵੀ ਖਤਮ ਹੋ ਜਾਣੇ ਸੀ। ਰਹੀ ਕਾਲੇਜ ਬਚਾਉਣ ਦੀ ਗੱਲ, ਜੇ ਸਿਧਾਂਤ ਨੂੰ ਛੱਡ ਕੇ ਕਾਲੇਜ ਬਚਾਉਣਾ ਹੈ, ਤਾਂ ਫਿਰ ਇਸ ਰਾਹ 'ਤੇ ਨਾ ਤੁਰਦੇ। ਕਿਸੇ ਵੀ ਕ੍ਰਾਂਤੀ ਲਈ, ਸ਼ਹੀਦੀਆਂ ਵੀ ਦੇਣੀਆਂ ਪੈਂਦੀਆਂ ਹਨ, ਸਮਝੌਤਿਆਂ ਨਾਲ ਕ੍ਰਾਂਤੀ ਨਹੀਂ ਆਉਂਦੀ। ਜੇ ਜਾਨ ਹੀ ਬਚਾਉਣੀ ਸੀ, ਤਾਂ ਸਾਹਿਬਜ਼ਾਦੇ ਵੀ ਬਚਾ ਸਕਦੇ ਸੀ, ਬਾਬਾ ਬੰਦਾ ਸਿੰਘ ਬਹਾਦੁਰ ਵੀ ਬਚਾ ਸਕਦੇ ਸੀ, ਭਾਈ ਮਨੀ ਸਿੰਘ ਵੀ ਬਚਾ ਸਕਦੇ ਸੀ, ਹੋਰ ਅਨੇਕਾਂ ਸ਼ਹੀਦ ਵੀ ਆਪਣੀਆਂ ਜਾਨਾਂ ਬਚਾ ਕੇ ਸਿੱਖੀ ਦਾ ਪ੍ਰਚਾਰ ਕਰ ਸਕਦੇ ਸੀ, ਪਰ ਕਿਸ ਸਿੱਖੀ ਦਾ ਪ੍ਰਚਾਰ ਕਰਦੇ, ਸਮਝੌਤਿਆਂ ਵਾਲੀ ਸਿੱਖੀ ਦਾ? ਕ੍ਰਾਂਤੀ "ਕਰਨੀ" ਨਾਲ ਆਉਂਦੀ ਹੈ, ਸਿਰਫ "ਕਥਨੀ" ਨਾਲ ਨਹੀਂ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਅਖੌਤੀ ਜਥੇਦਾਰਾਂ ਨੂੰ ਅਕਾਲ ਤਖਤ 'ਤੇ ਹੀ ਸਪਸ਼ਟੀਕਰਣ ਦੇਣ ਦਾ ਦ੍ਰਿੜ ਇਰਾਦਾ, ਤੇ ਫਿਰ ਵੀ ਉਨ੍ਹਾਂ ਨੂੰ ਛੇਕਣਾ, ਜਿਸਦੇ ਨਾਲ ਉਨ੍ਹਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ। ਅੱਜ ਵੀ ਉਤਨੇ ਹੀ ਸਮਾਗਮ ਹੁੰਦੇ ਨੇ, ਜਿੰਨਾਂ ਪਹਿਲੇ ਹੁੰਦੇ ਸੀ, ਸਿਵਾਏ ਪੰਜਾਬ 'ਚ ਜਿਥੇ ਬਾਦਲ ਦਾ ਰਾਜ ਹੈ ਅਤੇ ਲੋਕ ਡਰਦੇ ਨੇ। ਪੰਜਾਬ ਤੋਂ ਬਾਹਰ, ਭਾਰਤ ਤੋਂ ਬਾਹਰ ਅੱਜ ਵੀ ਉਨੇ ਹੀ ਸਮਾਗਮ ਹੋ ਰਹੇ ਨੇ। ਇਹ ਗੱਲ ਹੋਰ ਹੈ ਕਿ ਉਨ੍ਹਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ। ਦੂਜੇ ਪਾਸੇ ਪ੍ਰੋ. ਧੂੰਦਾ ਦਾ ਅਖੌਤੀ ਜਥੇਦਾਰਾਂ ਦੀ ਕਾਲ ਕੋਠੜੀ ਅੰਦਰ ਜਾਣਾ, ਮੁਆਫੀਨਾਮਾ ਲਿਖਣਾ, ਪਰ ਰਿਜ਼ਲਟ (Result) ਦੋਹਾਂ ਦਾ ਬਰਾਬਰ।

ਪ੍ਰੋ. ਦਰਸ਼ਨ ਸਿੰਘ ਦਾ ਵੀ ਇਨ੍ਹਾਂ ਕੱਟੜਪੰਥੀਆਂ, ਅਖੌਤੀ ਜਥੇਦਾਰਾਂ ਦੇ ਟੁੱਕੜਬੋਚਾਂ ਵਲੋਂ ਵਿਰੋਧ, ਅਤੇ ਪ੍ਰੋ. ਧੂੰਦਾ ਦੇ ਮੁਆਫੀ ਮੰਗਣ ਦੇ ਬਾਵਜੂਦ ਵੀ ਹਰ ਥਾਂ ਵਿਰੋਧ। ਕਿਉਂਕਿ ਹੁਣ ਸਭ ਨੂੰ ਪਤਾ ਹੈ ਕਿ ਪ੍ਰੋ. ਧੂੰਦਾ, ਡੇਰਾਵਾਦ, ਅਖੌਤੀ ਦਸਮ ਗ੍ਰੰਥ ਅਤੇ ਗੁਰਮਤਿ ਵਿਰੋਧੀ ਕਰਮਕਾਂਡਾਂ ਦੇ ਖਿਲਾਫ ਬੋਲਦੇ ਹਨ, ਪੰਥਕ ਸਿੱਖ ਰਹਿਤ ਮਰਿਆਦਾ ਦੇ ਘੇਰੇ ' ਰਹਿੰਦੇ ਹਨ, ਇਹ ਗੱਲਾਂ ਤਾਂ ਟਕਸਾਲੀਆਂ, ਡੇਰੇਵਾਲ਼ਿਆਂ, ਅਖੌਤੀ ਜਥੇਦਾਰਾਂ ਨੂੰ ਭਾਉਂਦੀਆਂ ਨਹੀਂ, ਇਸ ਲਈ ਵਿਰੋਧ ਤਾਂ ਹੋਣਾ ਹੀ ਹੈ, ਕਿਸ ਕਿਸ ਨੂੰ ਸਫਾਈ ਦੇਣਗੇ। ਜੇ ਸਟੇਜਾਂ ਬਚਾਉਣੀਆਂ ਹਨ, ਤਾਂ ਪੋਲੀਆਂ ਪੋਲੀਆਂ ਗੱਲਾਂ ਨਾਲ ਹੀ ਬੱਚ ਸਕਦੀਆਂ ਹਨ, ਕ੍ਰਾਂਤੀਕਾਰੀ ਬਣਨਾ ਹੈ ਤਾਂ, ਹੱਥ ਵੀ ਜਲਣਗੇ ਤੇ ਵਿਰੋਧ ਵੀ ਹੋਏਗਾ। ਜੇ ਇਹੀ ਹਸ਼ਰ ਹੋਣਾ ਦਾ ਖਦਸ਼ਾ ਸੀ ਤਾਂ, ਮੁਆਫੀ ਕਿਸ ਗੱਲ ਦੀ ਮੰਗੀ। ਮੁਆਫੀ ਮੰਗਣ 'ਤੇ ਵੀ ਉਹੀ ਹਸ਼ਰ, ਨਾ ਮੰਗਣ 'ਤੇ ਵੀ ਉਹੀ ਅੰਜਾਮ, ਤਾਂ ਚੰਗਾ ਨਹੀਂ ਸੀ, ਕਿ ਆਪਣੀ ਸਾਖ ਵੀ ਬਚੀ ਰਹਿੰਦੀ ਤੇ ਅਖੌਤੀ ਜਥੇਦਾਰਾਂ ਦਾ ਸਾਹ ਵੀ ਖਤਮ।

ਪਿਛਲੇ ਦਿਨੀਂ ਫੇਸਬੁੱਕ 'ਤੇ "ਅਖੌਤੀ ਸੰਤਾਂ ਦੇ ਕੌਤਕ ਗਰੁੱਪ" 'ਚ ਕਿਸੇ ਕੁਲਵਿੰਦਰ ਸਿੰਘ ਵਲੋਂ ਲਿਖਿਆ ਇੱਕ ਲੇਖ ਪੜਿਆ

http://www.facebook.com/groups/Akhoutisantadekautak/permalink/527874720564862/,

ਪੜ੍ਹ ਕੇ ਹੈਰਾਨੀ ਵੀ ਹੋਈ, ਜਿਸ ਵਿਚ ਕਿਹਾ ਗਿਆ ਕਿ ਗੁਰਦਵਾਰਾ ਕਮੇਟੀਆਂ ਯਕੀਨੀ ਬਣਾਉਣ ਕਿ ਧੂੰਦਾ ਸਟੇਜ ਤੋਂ ਸੰਗਤ ਵਿੱਚ ਇਹ ਗੱਲਾਂ ਮੰਨੇ :

੧. ਮੈਂ ਜਾਪੁ ਸਾਹਿਬ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਚੌਪਈ ਸਾਹਿਬ ਅਤੇ ਅਰਦਾਸ ਦੀ ਪਹਿਲੀ ਪੌੜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦਾ ਹਾਂ।
੨. ਇਹਨਾਂ ਬਾਣੀਆਂ ਨੂੰ ਰੱਦ ਕਰਨ ਵਾਲੇ ਕਾਲਾ ਅਫ਼ਗਾਨਾ, ਇੰਦਰ ਸਿੰਘ ਘੱਗਾ, ਪ੍ਰੋ. ਦਰਸ਼ਨ ਸਿੰਘ ਅਤੇ ਹਰਜਿੰਦਰ ਸਿੰਘ ਦਿਲਗੀਰ ਵਰਗਿਆਂ ਨਾਲ ਮੇਰਾ ਕੋਈ ਨਾਤਾ ਨਹੀਂ।
੩. ਇਹ ਪੰਥ ਦੇ ਦੋਖੀ ਹਨ ਅਤੇ ਕੌਮ ਇਹਨਾਂ ਦੇ ਮਾਰੂ ਮਨਸੂਬਿਆਂ ਤੋਂ ਸੁਚੇਤ ਰਵੇ।
੪. ਦਰਬਾਰ ਸਾਹਿਬ ਅਤੇ ਹੋਰ ਥਾਵਾਂ ‘ਤੇ ਦਸਮ ਗੁਰੂ ਦੀ ਬਾਣੀ ਦਾ ਕੀਰਤਨ ਬਿਲਕੁਲ ਜਾਇਜ਼ ਹੈ। (ਯਾਦ ਰਵੇ ਇਸੇ ਗੱਲ ਦੀ ਇਸਨੇ ਅਕਾਲ ਤਖ਼ਤ ਤੋਂ ਮੁਆਫ਼ੀ ਮੰਗੀ ਸੀ ਪਰ ਬਾਹਰ ਆ ਕੇ ਮੁਕਰ ਗਿਆ ਤੇ ਕਹਿਣ ਲੱਗਾ ਕਿ ਮੇਰੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ )

ਦਿੱਲ ਥੰਮ ਕੇ ਇਹ ਗੱਲ ਪੜ੍ਹਨਾ, ਇਨ੍ਹਾਂ ਵਿਚੋਂ ਕੁੱਝ 'ਤੇ ਤਾਂ ਅਮਲ ਹੋ ਚੁਕਿਆ ਹੈ, ਇੱਕ ਪ੍ਰੋ. ਦਰਸ਼ਨ ਸਿੰਘ ਨਾਲ ਕੋਈ ਰਾਬਤਾ ਨਾ ਰੱਖਣਾ, ਦੂਜਾ ਦਸਮ ਗ੍ਰੰਥ ਬਾਰੇ ਨਾ ਬੋਲਣਾ। ਪਿਛਲੇ ਸਾਲ ਤੋਂ ਲੈਕੇ ਹੁਣ ਤੱਕ ਪ੍ਰੋ. ਧੂੰਦਾ ਅਤੇ ਪ੍ਰੋ ਦਰਸ਼ਨ ਸਿੰਘ ਦੀ ਮੁਲਾਕਾਤ ਨਹੀਂ ਹੋਈ, ਜਦਕਿ ਜਦੋਂ ਪ੍ਰੋ. ਧੂੰਦਾ ਜੀ ਦੀ ਪੇਸ਼ੀ ਹੋਣੀ ਸੀ, ਪ੍ਰੋ. ਦਰਸ਼ਨ ਸਿੰਘ ਲੁਧਿਆਣੇ ਵਿੱਚ ਹੀ ਸਨ, ਉਨ੍ਹਾਂ ਤੋਂ ਸਲਾਹ ਲੈਣੀ ਬਣਦੀ ਸੀ, ਕਿਉਂਕਿ ਜਿਸ ਬੰਦੇ ਨੂੰ ਕਿਸੇ ਕੰਮ ਦਾ ਤਜ਼ੁਰਬਾ ਹੋਵੇ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ। ਪਰ ਸਲਾਹ ਲਈ ਗਈ ਕਾਲਜ਼ ਵਾਲਿਆਂ ਦੀ ਅਤੇ ਭਾਰਤ ਤੋਂ ਬਾਹਰ ਬੈਠੇ ਐਸੇ ਲੋਕਾਂ ਦੀ ਜਿਨ੍ਹਾਂ ਦਾ ਇਸ ਸਿਆਸੀ ਚਕਰਵਿਯੂਹ 'ਚ ਤਜ਼ੁਰਬਾ ਨਾ ਦੇ ਬਰਾਬਰ ਸੀ। ਇੰਦਰਜੀਤ ਸਿੰਘ ਰਾਣਾ, ਚੇਅਰਮੈਨ ਗੁਰਮਤਿ ਮਿਸ਼ਨਰੀ ਕਾਲੇਜ, ਲੁਧਿਆਣਾ, ਪ੍ਰੋ. ਦਰਸ਼ਨ ਸਿੰਘ ਦੀ ਸ੍ਰੀ ਅਕਾਲ ਤਖਤ 'ਤੇ ਪੇਸ਼ੀ ਸਮੇਂ ਨਾਲ ਸੀ, ਪਰ ਹੁਣ ਜਦੋਂ ਉਨ੍ਹਾਂ ਦੇ ਕਾਲਜ ਦੇ ਸਿਰ 'ਤੇ ਪਈ, ਤਾਂ ਇਸ ਜਾਗਰੂਕਤਾ ਲਹਿਰ ਨੂੰ ਪੁੱਠਾ ਗੇੜਾ ਦੇ ਦਿੱਤਾ।

ਦੂਸਰੀ ਗੱਲ "ਦਸਮ ਗ੍ਰੰਥ" ਬਾਰੇ ਚੁੱਪੀ, ਜੋ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਜਾਰੀ ਹੈ। ਪਿਛਲੇ ਸਾਲ ਦੇ ਕੈਨੇਡਾ ਦੇ ਪੂਰੇ ਦੌਰਾਨ ਇੱਕ ਵਾਰੀ ਵੀ ਦਸਮ ਗ੍ਰੰਥ ਬਾਰੇ ਨਹੀਂ ਬੋਲਿਆ ਗਿਆ। ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਦਸਮ ਗ੍ਰੰਥ ਹੀ ਇੱਕ ਮਸਲਾ ਹੈ, ਬਾਕੀ ਮਸਲੇ ਜ਼ਰੂਰੀ ਨਹੀਂ। ਫਿਰ ਕਿਹਾ ਗਿਆ ਕਿ ਪ੍ਰੋ. ਧੂੰਦਾ ਨੇ ਨਾਗਪੁਰ ਵਿਖੇ ਛੇ ਮਹੀਨੇ ਪਹਿਲਾਂ ਦਸਮ ਗ੍ਰੰਥ ਬਾਰੇ ਬੋਲਿਆ ਸੀ। ਇੱਕ ਗੱਲ ਦਾ ਖੁਲਾਸਾ ਕਰ ਦਈਏ, ਨਾਗਪੁਰ ਦੀ ਸਟੇਜ ਐਸੀ ਹੈ, ਉਥੇ ਬਿਨਾਂ ਦਸਮ ਗ੍ਰੰਥ ਦੇ ਖਿਲਾਫ ਬੋਲਿਆਂ, ਕਿਸੇ ਪ੍ਰਚਾਰਕ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਉਥੇ ਦੇ ਪ੍ਰਬੰਧਕ ਅਤੇ ਸੰਗਤਾਂ ਇਸ ਪੱਖੋਂ ਸੁਚੇਤ ਨੇ, ਅਤੇ ਹਰ ਪ੍ਰਚਾਰਕ ਨੂੰ ਅਖੌਤੀ ਦਸਮ ਗ੍ਰੰਥ ਬਾਰੇ ਬੋਲਣਾ ਹੀ ਪੈਂਦਾ ਹੈ।

ਪ੍ਰੋ. ਧੂੰਦਾ ਦੀ ਪੇਸ਼ੀ ਤੋਂ ਪਹਿਲਾਂ 01 ਜਨਵਰੀ 2012 ਨੂੰ ਅਵਤਾਰ ਸਿੰਘ ਮੱਕੜ ਕਾਨਪੁਰ ਗਿਆ ਸੀ, ਅਤੇ ਕਿਹਾ ਸੀ ਕਿ "ਪ੍ਰੋ. ਦਰਸ਼ਨ ਸਿੰਘ ਦੀ ਸ਼ਖ਼ਸ਼ੀਅਤ ਹੀ ਏਡੀ ਵੱਡੀ ਹੈ, ਕਿ ਜੇ ਉਹ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਜਾਂਦੇ, ਤਾਂ ਉਨ੍ਹਾਂ ਉਸ ਨੂੰ ਉਂਝ ਹੀ ਮੁਆਫ਼ ਕਰ ਦੇਣਾ ਸੀ "। ਖ਼ਾਲਸਾ ਨਿਊਜ਼ ਨੇ 10 ਜਨਵਰੀ 2012 ਨੂੰ ਲਿਖਿਆ ਸੀ ਕਿ:

"ਮੱਕੜ ਵਲੋਂ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਚਾਲ ਹੈ, ਜਿਸਨੂੰ ਸਮਝਣਾ ਜ਼ਰੂਰੀ ਹੈ। ਕਿਉਂਕਿ ਜਿਸ ਤਰ੍ਹਾਂ ਮੱਕੜ ਨੇ ਕਾਨਪੁਰ ਵਿਖੇ ਇਹ ਬਿਆਨ ਦਿੱਤਾ ਕਿ "ਪ੍ਰੋ. ਦਰਸ਼ਨ ਸਿੰਘ ਦੀ ਸ਼ਖ਼ਸ਼ੀਅਤ ਹੀ ਏਡੀ ਵੱਡੀ ਹੈ, ਕਿ ਜੇ ਉਹ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਜਾਂਦੇ ਤਾਂ ਉਨ੍ਹਾਂ ਉਸ ਨੂੰ ਉਂਝ ਹੀ ਮੁਆਫ਼ ਕਰ ਦੇਣਾ ਸੀ" ਇਸ ਵਿੱਚ ਰਾਜ਼ ਹੈ। ਜੇ ਪ੍ਰੋ. ਸਰਬਜੀਤ ਸਿੰਘ ਧੂੰਦਾ, ਸੱਕਤਰੇਤ ਵਿੱਚ ਸਪਸ਼ਟੀਕਰਨ ਦੇਣ ਜਾਂਦੇ ਹਨ, ਤਾਂ ਇਨ੍ਹਾਂ ਨੇ ਪ੍ਰੋ. ਧੂੰਦਾ ਨੂੰ ਇਸ ਕੇਸ 'ਚੋਂ ਬਰੀ ਕਰ ਦੇਣਾ ਹੈ, ਅਤੇ ਬਾਅਦ ਵਿੱਚ ਬਿਆਨ ਦੇ ਦੇਣਾ ਹੈ ਕਿ ਅਕਾਲ ਤਖਤ 'ਤੇ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੁੰਦੀ, ਜੇ ਇਸੇ ਤਰ੍ਹਾਂ ਕਿਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਵੀ ਕਮਰੇ 'ਚ ਸਪਸ਼ਟੀਕਰਨ ਦੇ ਜਾਂਦੇ ਤਾਂ, ਉਨ੍ਹਾਂ ਨੂੰ ਮੁਆਫ ਕਰ ਦੇਣਾ ਸੀ। ਇਸ ਨਾਲ ਪੰਥ ਦੇ ਦੋ ਮਹਾਨ ਜਾਗਰੂਕ ਸਤਕਾਰਿਤ ਪ੍ਰਚਾਰਕਾਂ 'ਚ ਆਪਸੀ ਵਖਰੇਵਾਂ ਵੀ ਪਾ ਦਿੱਤਾ ਜਾਵੇਗਾ, ਜਿਸ ਨਾਲ ਜਾਗਰੂਕਤਾ ਲਹਿਰ ਨੂੰ ਵੱਡਾ ਧੱਕਾ ਲਗੇਗਾ। ਹੁਣ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਸੋਚਣਾ ਪਵੇਗਾ ਕਿ, ਸਿਰ ਉੱਚਾ ਕਰਕੇ ਪ੍ਰਚਾਰ ਕਰਨਾ ਹੈ ਜਾਂ ...

ਸਾਰੇ ਸਿੱਖਾਂ ਨੂੰ ਬੇਨਤੀ ਹੈ, ਕਿ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਪ੍ਰਵਾਹ ਨਾ ਕਰਨ, ਜੱਦ ਤੱਕ ਕਿ ਅਕਾਲ ਤਖਤ ਸਾਹਿਬ ਇਸ ਚੰਡਾਲ ਚੌਕੜੀ ਦੇ ਪਕੜ 'ਚ ਹੈ, ਕਿਸੇ ਜਾਹਗੂਕ ਸਿੱਖ ਨੂੰ ਕੋਈ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ, ਕਿਉਂਕਿ ਇਨ੍ਹਾਂ ਦਾ ਅਕਾਲ ਤਖਤ, ਬਾਦਲ ਦੇ ਅਧੀਨ ਹੈ, ਅਤੇ ਜੋ ਬਾਦਲ ਹੈ ਹੁਕਮ ਹੈ, ਇਨ੍ਹਾਂ ਨੇ ਉਹੀਓ ਕਰਨਾ ਹੈ। ਜੇ ਸਪਸ਼ਟੀਕਰਨ ਦੇਣਾ ਹੈ ਤਾਂ, ਅਕਾਲ ਤਖਤ ਸਾਹਿਬ 'ਤੇ ਸੰਗਤਾਂ ਅਤੇ ਮੀਡੀਏ ਦੇ ਸਾਹਮਣੇ ਦਿਤਾ ਜਾਵੇ, ਨਾ ਕਿ ਬੰਦ ਕਮਰੇ ਸਕਤਰੇਤ 'ਚ ਜਿੱਥੇ ਸੌਦੇਬਾਜ਼ੀ ਹੁੰਦੀ ਹੈ।
"

ਉਹੀ ਹੋਇਆ, ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ. ਧੂੰਦਾ ਵਿਚਕਾਰ ਵਿੱਥ ਪੈ ਗਈ, ਜਿਸਦਾ ਖਾਮਿਆਜ਼ਾ ਜਾਗਰੂਕਤਾ ਲਹਿਰ ਨੂੰ ਹਾਲੇ ਤੱਕ ਭੁਗਤਣਾ ਪੈ ਰਿਹਾ ਹੈ। ਹੁਣ ਪ੍ਰੋ. ਦਰਸ਼ਨ ਸਿੰਘ ਅਤੇ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਮਿਲਣੀ ਤੋਂ ਬਾਅਦ, ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਮਿਲਣੀ ਕਰਵਾਉਣ ਦੀਆਂ ਵੀ ਕਾਮਨਾਵਾਂ ਹੋਣ ਲੱਗੀਆਂ ਹਨ। ਅਸੀਂ ਵੀ ਚਾਹੁੰਦੇ ਹਾਂ ਕਿ ਜਾਗਰੂਕਤਾ ਲਹਿਰ ਨੂੰ ਹੋਰ ਬੱਲ ਮਿਲੇ, ਇਹ ਉਦੋਂ ਹੀ ਹੋ ਸਕਦਾ ਹੈ, ਜਦੋਂ ਆਪਣੀ ਕਮਜ਼ੋਰੀ ਨੂੰ ਸਿਧਾਂਤ ਬਣਾ ਕੇ ਪੇਸ਼ ਕਰਨ ਦੀ ਬਜਾਏ, ਗੁਰਮਤਿ ਸਿਧਾਂਤ 'ਤੇ ਦ੍ਰਿੜ ਰਹਿ ਕੇ ਇਨ੍ਹਾਂ ਅਖੌਤੀ ਜਥੇਦਾਰਾਂ ਦੀਆਂ ਅਤੇ ਡੇਰੇਦਾਰਾਂ ਦੀਆਂ ਚਾਲਾਂ ਨੂੰ ਸਮਝ ਕੇ, ਇੱਕ ਹੋ ਕੇ ਚਲਿਆ ਜਾਏ। ਜਿਹੜੀ ਟੀਮ ਦੇ ਮੈਂਬਰ ਹੋ, ਉਸੇ ਟੀਮ ਦੇ ਬਣਕੇ ਰਹੋ, ਆਪਣਾ ਗੋਲ ਆਪ ਨਾ ਕਰੋ, ਨਹੀਂ ਤਾਂ ਹਾਰ ਜਾਉਗੇ ਅਤੇ ਇਹੋ ਜਿਹੇ ਵਰਤਾਰੇ ਹੁੰਦੇ ਰਹਿਣਗੇ। ਕੁਮੈਂਟਰੀ ਨਾਲ ਗੱਲ ਨਹੀਂ ਬਣਨੀ, ਗੇਮ ਆਪ ਖੇਡਣੀ ਪੈਣੀ ਹੈ।

ਕੋਈ ਵੀ ਜੰਗ ਅਜ਼ਮਾਏ ਹੋਏ ਤਜ਼ਰਬੇਕਾਰ ਯੋਧਿਆਂ ਅਤੇ ਜੋਸ਼ ਤੇ ਹੋਸ਼ ਭਰਪੂਰ ਨੌਜਵਾਨ ਯੋਧਿਆਂ ਨਾਲ ਹੀ ਜਿੱਤੀ ਜਾ ਸਕਦੀ ਹੈ। ਦੋਵਾਂ ਦਾ ਸੁਮੇਲ ਵੱਖ ਹੋ ਜਾਵੇ ਤਾਂ ਕੋਈ ਵੀ ਜਿੱਤੀ ਹੋਈ ਜੰਗ ਵੀ, ਹਾਰ 'ਚ ਬਦਲ ਜਾਂਦੀ ਹੈ।

ਸਾਨੂੰ ਇਸ ਗੱਲ ਦਾ ਵੀ ਖਦਸ਼ਾ ਹੈ ਕਿ ਕਈ ਲੋਕਾਂ ਨੇ ਇਸ ਲੇਖ ਦੇ ਵਿਰੁੱਧ ਆਪਣੀ ਭੜਾਸ ਕੱਢਣੀ ਹੈ, ਮਾੜੇ ਸ਼ਬਦ ਵੀ ਵਰਤਣੇ ਨੇ, "ਖ਼ਾਲਸਾ ਨਿਊਜ਼ ਵਾਲੇ ਪ੍ਰੋ. ਧੂੰਦਾ ਨੂੰ ਠਿੱਬੀ ਲਾਉਣ ਦੀ ਪੂਰੀ ਤਾਕ 'ਚ ਰਹਿੰਦੇ ਨੇ" ਇਹ ਵੀ ਲਿਖਣਗੇ, (ਨਾਲ ਦਿੱਤੀ Image ਦੇਖੋ) ਪਰ ਸਾਡਾ ਕੰਮ ਠਿੱਬੀ ਲਾਉਣਾ ਨਹੀਂ, ਸੱਚ ਲਿਖਣਾ ਅਤੇ ਸੱਚਾਈ ਦਾ ਸਾਥ ਦੇਣਾ ਹੈ, ਅਤੇ ਭਾਂਵੇਂ ਜੋ ਮਰਜ਼ੀ ਲੋਕ ਕਹੀ ਜਾਣ ਅਸੀਂ ਆਪਣਾ ਕੰਮ ਕਰੀ ਜਾਣਾ ਹੈ। ਜਿਵੇਂ ਪ੍ਰੋ. ਧੂੰਦਾ ਦਾ ਉਪਰ ਦਿੱਤਾ ਪੋਸਟਰ ਬਹੁਤ ਪਸੰਦ ਹੈ, ਜਿਸ ਵਿੱਚ ਲਿਖਿਆ ਗਿਆ ਹੈ:

ਸੱਚ ਕਹਾਂ ਤਾਂ ਭਾਂਭੜ ਮੱਚਦਾ ਏ, ਚੁੱਪ ਰਹਾਂ ਤਾਂ ਕੁੱਝ ਨ ਬੱਚਦਾ ਏ

ਅਸੀਂ ਵੀ ਇਸ ਗੱਲ ਦੇ ਪੂਰੇ ਸਮਰਥਕ ਹਾਂ।

ਅਖੀਰ 'ਚ ਅਸੀਂ ਅੱਜ ਵੀ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ, ਅਤੇ ਸਾਰੇ ਜਾਗਰੂਕ ਸਿੱਖਾਂ ਅਤੇ ਪ੍ਰਚਾਰਕਾਂ ਨੂੰ ਇੱਕ ਸਟੇਜ 'ਤੇ ਦੇਖਣ ਦੇ ਚਾਹਵਾਨ ਹਾਂ।

ਭੁੱਲ ਚੁੱਕ ਲਈ ਖਿਮਾਂ ਕਰਨਾ ਜੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top