Share on Facebook

Main News Page

ਆਸਾਰਾਮ ਦਾ ਸ਼ੋਸ਼ਾ- ਅਖੇ ਬਲਾਤਕਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਭਰਾ ਬਣਾ ਲੈਂਦੀ

ਨਵੀਂ ਦਿੱਲੀ- ਜਿੱਥੇ ਇਕ ਪਾਸੇ ਦਾਮਿਨੀ ਨੂੰ ਨਿਆਂ ਦਿਵਾਉਣ ਲਈ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਅਖੌਤੀ ਸੰਤ ਆਸਾਰਾਮ ਬਾਪੂ ਜਿਸ ਨਾਲ ਭਾਜਪਾਈਆਂ ਅਤੇ ਬਾਦਲਾਂ ਦੇ ਵੀ ਗੂੜ੍ਹੇ ਸੰਬੰਧ ਹਨ, ਬਲਾਤਕਾਰ ਦੇ ਅਜਿਹੇ ਮਾਮਲਿਆਂ ‘ਚ ਸਖਤ ਕਾਨੂੰਨ ਦੇ ਖਿਲਾਫ ਹਨ। ਪੀੜਤ ਵਿਦਿਆਰਥਣ ਨਾਲ ਹੋਈ ਸ਼ਰਮਨਾਕ ਘਟਨਾ ਤੋਂ ਬਾਅਦ ਲੋਕ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਬਾਪੂ ਨੇ ਦਿੱਲੀ ਸਮੂਹਿਕ ਬਲਾਤਕਾਰ ਨੂੰ ਇਕ ਦੁਖਦ ਹਾਦਸਾ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਲਈ ਪੀੜਤ ਵਿਦਿਆਰਥਣ ਅਤੇ ਬਲਾਤਕਾਸਿਰੀਆਂ ਦੋਹਾਂ ਦਾ ਦੋਸ਼ ਹੈ।ਅਪਣੇ ਆਪ ਨੂੰ ਅਧਿਆਤਮਕ ਆਗੂ ਅਤੇ ਬਾਪੂ ਕਹਾਉਂਦੇ ਆਸਾ ਰਾਮ ਨੇ ਅੱਜ ਇਹ ਕਹਿ ਕੇ ਇਕ ਨਵਾਂ ਬਖੇੜਾ ਕਰ ਦਿਤਾ ਕਿ ਦਿੱਲੀ ਸਮੂਹਕ ਬਲਾਤਕਾਰ ਕਾਂਡ ਦੇ ਮੁਲਜ਼ਮ ਜਿੰਨੇ ਕਸੂਰਵਾਰ ਹਨ, ਉਨੀ ਹੀ ਕਸੂਰਵਾਰ ਇਸ ਦੀ ਪੀੜਤਾ ਵੀ ਹੈ। ਉਨ੍ਹਾਂ ਕਿਹਾ ਕਿ ਪੀੜਤਾ, ਮੁਲਜ਼ਮਾਂ ਨੂੰ ਅਪਣੇ ਭਰਾ ਕਹਿ ਕੇ ਅਤੇ ਉਸ ਨਾਲ ਵਧੀਕੀ ਨਾ ਕਰਨ ਦਾ ਤਰਲਾ ਕਰ ਸਕਦੀ ਸੀ ਜਿਸ ਨਾਲ ਉਸ ਦੀ ਜ਼ਿੰਦਗੀ ਅਤੇ ਪੱਤ ਵੀ ਬਚ ਸਕਦੀ ਸੀ। ਉਨ੍ਹਾਂ ਸਵਾਲ ਕੀਤਾ, ‘‘ਤਾੜੀ ਕਦੇ ਇਕ ਹੱਥ ਨਾਲ ਵੀ ਵਜਦੀ ਹੈ?’’ ਬਾਬੇ ਦੇ ਇਨ੍ਹਾਂ ‘ਪ੍ਰਵਚਨਾਂ’ ਪਿੱਛੋਂ ਹੁਕਮਰਾਨ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਦੋਵੇਂ ਭੜਕਾਹਟ ਵਿਚ ਆ ਗਈਆਂ ਹਨ ਅਤੇ ਉਨ੍ਹਾਂ ਨੇ ਬਾਬੇ ਦੀਆਂ ਟਿਪਣੀਆਂ ਨੂੰ ਨਿੰਦਣਯੋਗ ਕਰਾਰ ਦਿਤਾ ਹੈ।

ਖ਼ਬਰ ਏਜੰਸੀਆਂ ਨੇ ਜੈਪੁਰ ਤੋਂ ਬਾਬੇ ਦੇ ਹਵਾਲੇ ਨਾਲ ਕਿਹਾ ਹੈ, ‘‘ਉਸ ਨੂੰ ਦੇਰ ਰਾਤ ਅਪਣੇ ਦੋਸਤ ਨਾਲ ਫ਼ਿਲਮ ਦੇਖ ਕੇ ਬੱਸ ’ਤੇ ਨਹੀਂ ਚੜ੍ਹਨਾ ਚਾਹੀਦਾ ਸੀ ਅਤੇ ਕਿਸੇ ਵੀ ਬਿਪਤਾ ਸਮੇਂ ਸਰਸਵਤੀ ਮੰਤਰ ਦਾ ਉਚਾਰਣ ਕਰਨਾ ਚਾਹੀਦਾ ਸੀ।’’ ਅਪਣੇ ਆਪ ਨੂੰ ਬਾਬਾ ਅਤੇ ਰੱਬ ਦਾ ਰੂਪ ਅਖਵਾਉਣ ਵਾਲੇ ਆਸਾ ਰਾਮ ਨੇ ਇਹ ਵੀ ਕਿਹਾ ਕਿ ਉਹ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੇ ਹੱਕ ਵਿਚ ਨਹੀਂ ਕਿਉਂਕਿ ਕਾਨੂੰਨ ਅਜਿਹੀ ਆਗਿਆ ਨਹੀਂ ਦਿੰਦਾ। ਉਨ੍ਹਾਂ ਉਦਾਹਰਣ ਦਿਤੀ ਕਿ ਅਜਿਹੇ ਕਾਨੂੰਨਾਂ ਦੀ ਅਕਸਰ ਦੁਰਵਰਤੋਂ ਹੁੰਦੀ ਹੈ ਅਤੇ ਦਾਜ ਵਿਰੋਧੀ ਕਾਨੂੰਨ ਵਿਚ ਸੱਭ ਤੋਂ ਜ਼ਿਆਦਾ ਪ੍ਰੇਸ਼ਾਨੀ ਸੱਭ ਦੇ ਸਾਹਮਣੇ ਹੈ। ਇਨ੍ਹਾਂ ਟਿਪਣੀਆਂ ਪਿੱਛੋਂ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਇਨ੍ਹਾਂ ਟਿਪਣੀਆਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਥੋੜੀ ਹੈ। ਇਸੇ ਦੌਰਾਨ ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਟਿਪਣੀਆਂ ਬਹੁਤ ਹੀ ਦੁਖਦਾਈ ਅਤੇ ਬਖੇੜਾ ਖੜਾ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ, ‘‘ਬਾਪੂ ਆਸਾ ਰਾਮ ਆਤਮ ਚਿੰਤਨ ਕਰਨਗੇ ਅਤੇ ਅਪਣੀਆਂ ਟਿਪਣੀਆਂ ਵਾਪਸ ਲੈ ਲੈਣਗੇ।’’

ਬਾਪੂ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਫਾਂਸੀ ਦਿੱਤੀ ਜਾਂਦੀ ਹੈ, ਉਸ ਦੀ ਪਤਨੀ, ਮਾਂ, ਭੈਣ ਅਤੇ ਬੱਚੇ ਜਿਊਂਦੇ ਜੀ ਮਰ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸੱਚ ਇਹ ਵੀ ਹੈ ਕਿ ਘਟਨਾ ਲਈ ਉਹ ਸ਼ਰਾਬੀ 5-6 ਲੋਕ ਹੀ ਦੋਸ਼ੀ ਨਹੀਂ ਸਨ। ਤਾੜੀ ਦੋਹਾਂ ਹੱਥਾਂ ਨਾਲ ਵਜਦੀ ਹੈ। ਵਿਦਿਆਰਥਣ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਨੂੰ ਭਰਾ ਬਣਾ ਲੈਂਦੀ, ਪੈਰ ਪੈਂਦੀ ਅਤੇ ਬਚਣ ਦੀ ਕੋਸ਼ਿਸ਼ ਕਰਦੀ। ਉਨ੍ਹਾਂ ਨੇ ਕਿਹਾ ਕਿ ਸਖਤ ਕਾਨੂੰਨ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ। ਬਾਪੂ ਨੇ ਕਿਹਾ ਕਿ ਮੈਂ ਪੀੜਤ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਖੁਦ ਨੂੰ ਇਕੱਲਾ ਮਹਿਸੂਸ ਨਾ ਕਰਨ। ਜਿਸ ਵਿਦਿਆਰਥਣ ਦੀ ਮੌਤ ਹੋਈ ਹੈ, ਉਹ ਘਰ ‘ਚ ਕਮਾਉਣ ਵਾਲੀ ਇਕੱਲੀ ਲੜਕੀ ਸੀ। ਉਹ ਆਪਣੇ ਪਰਿਵਾਰ ਦਾ ਇਕੱਲਾ ਸਹਾਰਾ ਸੀ। ਬਾਪੂ ਨੇ ਕਿਹਾ ਕਿ ਸਖਤ ਕਾਨੂੰਨ ਦੀ ਬਜਾਏ ਲੋਕਾਂ ਦਾ ਨੈਤਿਕ ਵਿਕਾਸ ਕਰ ਕੇ ਉਨ੍ਹਾਂ ਨੂੰ ਚਰਿੱਤਰ ਰੂਪ ਤੋਂ ਇੰਨਾ ਮਜ਼ਬੂਤ ਬਣਾਇਆ ਜਾਵੇ ਕਿ ਉਹ ਅਜਿਹਾ ਜ਼ੁਰਮ ਕਰਨ ਹੀ ਨਾ।

ਆਸਾ ਰਾਮ ਦੀ ਸਲਾਹ ਔਰਤਾਂ ਨਾਲ ਮਜ਼ਾਕ ਹੈ। ਕਿੱਡਾ ਮਜ਼ਾਕ ਹੈ ਕਿ ਜਿਹੜੇ ਬਲਾਤਕਾਰੀ ਹੋਣੇ ਉਹ ਆਪਣੀ ਜੇਬ ਵਿਚ ਰੱਖੜੀ ਰੱਖਕੇ ਬਲਾਤਕਾਰ ਕਰਨ ਜਾਂਦੇ ਹੋਣੇ। ਕਿੱਡਾ ਮਜ਼ਾਕ ਹੈ ਉਸ 23 ਸਾਲਾ ਲੜਕੀ ਨਾਲ ਜੋ ਆਪਣੀ ਜਿੰਦਗੀ ਗਵਾ ਬੈਠੀ ਤੇ ਆਸੇਰਾਮ ਨੇ ਕਸੂਰ ਵੀ ਉਹਦਾ ਕੱਢਿਆ ਅਖੇ ਜੀ ਉਨ੍ਹਾਂ ਨੂੰ ਭਰਾ ਨਹੀਂ ਆਖਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top