Share on Facebook

Main News Page

ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਵੇਗੀ ਸ਼੍ਰੋਮਣੀ ਕਮੇਟੀ
ਮੁਹਾਲੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦੂਆਂ ਦੇ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਦੇ ਕਥਿਤ ਫ਼ੈਸਲੇ ਨਾਲ ਸਿੱਖ ਕੌਮ ਤੇ ਪੰਥਕ ਹਲਕਿਆਂ ਵਿੱਚ ਭਾਰੀ ਰੋਸ ਹੈ। ਓਧਰ ਇੱਥੋਂ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਕੀਤੇ ਕੇਂਦਰੀ ਗੁਰਮਤਿ ਸਮਾਗਮ ਮੌਕੇ ਸਿੱਖ ਸੰਗਤ ਅਤੇ ਸਿੱਖ ਸੰਸਥਾਵਾਂ ਦੇ ਭਾਰੀ ਇਕੱਠ ਨੇ ਇੱਕ ਮਤਾ ਪ੍ਰਵਾਨ ਕੀਤਾ। ਇਸ ਰਾਹੀਂ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਦੇ ਫੈਸਲੇ ’ਤੇ ਤੁਰੰਤ ਰੋਕ ਲਗਾਈ ਜਾਵੇ।

ਇਸ ਸਿੱਖ ਵਿਰੋਧੀ ਫ਼ੈਸਲੇ ਨੂੰ ਮੰਦਭਾਗਾ ਅਤੇ ਸਿੱਖ ਪਛਾਣ ਨੂੰ ਖੋਰਾ ਲਗਾਉਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਨੂੰ ਕੁੰਭ ਮੇਲੇ ਵਿੱਚ ਸ਼ਾਮਲ ਹੋਣਾ ਮੁਬਾਰਕ ਹੈ ਕਿਉਂਕਿ ਇਹ ਉਨ੍ਹਾਂ ਦਾ ਵਿਸ਼ਵਾਸ ਹੈ ਪਰ ਉਹ ਹਿੰਦੂ ਨਹੀਂ ਹਨ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਹਿੰਦੂ ਸੰਸਥਾ ਹੈ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਕੰਮ ਚਲਾਊ ਕਮੇਟੀ ਨੇ ਆਨੰਦਪੁਰ ਸਾਹਿਬ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਅਲਾਹਾਬਾਦ ਵਿਖੇ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਦਾ ਬੇਸਮਝੀ ਭਰਿਆ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਮੀਟਿੰਗ ਵਿੱਚ ਹਾਜ਼ਰ ਕੁਝ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਹ ਪਾਰਟੀ ਹਾਈ ਕਮਾਂਡ ਦਾ ਹੁਕਮ ਹੈ ਤਾਂ ਸਾਰਿਆਂ ਨੇ ਚੁੱਪੀ ਧਾਰ ਲਈ। ਭਾਈ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ ਅਕਾਲੀ ਆਗੂਆਂ ਨੂੰ ਚੰਡੀਗੜ੍ਹ ਵਿਖੇ ਮਿਲੇ ਸਨ ਅਤੇ ਉਨ੍ਹਾਂ ਸਿੱਖਾਂ ਨੂੰ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਅਕਾਲੀ ਆਗੂਆਂ ਨੇ ਹਿੰਦੂ ਪ੍ਰੀਸ਼ਦ ਤੋਂ ਵੱਖਰੀ ਸਿੱਖ ਪਛਾਣ ਬਾਰੇ ਸਪੱਸ਼ਟੀਕਰਨ ਮੰਗਣ ਦੀ ਥਾਂ ਇਸ ਨੂੰ ਬਿਨਾਂ ਹੀਲ-ਹੁੱਜਤ ਦੇ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਕੰਮ ਨਾਲ ਉਹ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਸਹਿਮਤ ਨਹੀਂ ਹਨ। ਸੰਗਤ ਨੇ ਇੱਕ ਹੋਰ ਮਤੇ ਰਾਹੀਂ ਅਕਾਲੀ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਪੱਕੀਆਂ ਤਾਰੀਕਾਂ ਤੈਅ ਕਰਨ ਦੀ ਅਪੀਲ ਵੀ ਕੀਤੀ ਗਈ।

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top