Share on Facebook

Main News Page

ਸਿੱਖ ਸਟੇਜਾਂ, ਸਮੱਸਿਆ ਤੇ ਸਮਾਧਾਨ
- ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੰਗ ਮਾਈ ਦਾ ਵਸਨੀਕ ਭਾਈ ਮੰਝ, ਸਿੱਖ ਮਤਿ ਦੀ ਸੋਭਾ ਸੁਣ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਜਾ ਪਹੁੰਚਿਆ। ਗੁਰਬਾਣੀ ਸੁਣ ਕੇ ਨਿਹਾਲ ਹੋਇਆ ਗੁਰੂ ਸਾਹਿਬ ਪਾਸੋਂ ਸਿੱਖੀ ਦੀ ਦਾਤ ਮੰਗਣ ਲੱਗਾ। ਗੁਰੂ ਮਹਾਰਾਜ ਮੁਸਕਰਾਉਂਦਿਆਂ ਕਹਿਣ ਲੱਗੇ ਕਿ ਭਾਈ ‘ਸਿੱਖੀ ਉਤੇ ਸਿੱਖੀ‘ ਨਹੀਂ ਟਿਕ ਸਕਦੀ। ਐਥੇ ਸਿੱਖੀ ਮੰਗ ਰਿਹੈਂ, ਘਰੇ ਤੇਰੇ ਸਖੀ ਸਰਵਰ ਦਾ ‘ਥਾਨ‘ ਬਣਿਆ ਹੋਇਐ। ਗੁਰੂ ਨਾਨਕ ਦਾ ਸਿੱਖ ਬਣਨ ਲਈ ‘ਇੱਕ ਦਰ ਦਾ ਹੋਣ’ ਦੀ ਪਹਿਲੀ ਤੇ ਸਖ਼ਤ ਸ਼ਰਤ ਹੈ। ਇਸ ਲਈ ਜਾਹ ਪਹਿਲੋਂ ਥਾਨ ਦਾ ਫਸਤਾ ਵੱਢ ਕੇ ਆ। ਗੁਰੂ ਕੇ ਹੁਕਮਾਂ ਨੂੰ ਸਤਿ ਕਰ ਕੇ ਮੰਨਣ ਵਾਲੇ ਭਾਈ ਮੰਝ ਨੇ ਘਰੇ ਪਹੁੰਚ ਕੇ ਸਭ ਤੋਂ ਪਹਿਲਾਂ ਸਖੀ ਸਰਵਰ ਦਾ ਥਾਨ ਮਿੱਟੀ ‘ਚ ਮਿਲਾਇਆ; ਤਾਂ ਹੀ ਉਸ ਨੂੰ ‘ਮੰਝ ਗੁਰੂ ਕਾ ਬੋਹਿਥਾ‘ ਹੋਣ ਦਾ ਮਾਣ ਹਾਸਲ ਹੋਇਆ।

ਅਚਾਰੀਆ ਰਜਨੀਸ਼ ਬਾਰੇ ਲਿਖਿਆ ਮਿਲਦਾ ਹੈ ਕਿ ਉਸ ਨੇ ਪੂੁਨੇ ਆਸ਼ਰਮ ਦੇ ਮੇਨ ਗੇਟ ‘ਤੇ ਸ਼ਰਧਾਲੂਆਂ ਲਈ ਲਿਖਤੀ ਹਦਾਇਤ ਟੰਗੀ ਹੋਈ ਸੀ, ‘ਕ੍ਰਿਪਾ ਕਰ ਕੇ ਆਪਣੀ ਜੁੱਤੀ ਤੇ ਅਕਲ ਬਾਹਰ ਹੀ ਉਤਾਰ ਕੇ ਆਉ।‘ ਜ਼ਰਾ ਖਰ੍ਹਵੀਂ ਤੇ ਅਣ-ਸੁਖਾਵੀਂ ਜਿਹੀ ਜਾਪਦੀ ਇਸ ਹਦਾਇਤ ਦੇ ਉਲਟ ਗੁਰਮਤਿ ਨੇ ਸਿੱਖਾਂ ਨੂੰ ਬੜੇ ਘਰੇਲੂ ਜਿਹੇ ਤੇ ਮਨਮੋਹਣੇ ਢੰਗ ਨਾਲ ਹੁਕਮ ਕਰਿਆ ਕਿ ਜਿਵੇਂ ਭਾਂਡੇ ਵਿਚ ਦੁੱਧ ਪੁਆਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਮਾਂਜਿਆ ਸੁਆਰਿਆ ਜਾਂਦਾ ਹੈ, ਮਤੇ ਕਿਸੇ ਖੱਲ-ਖੂੰਜੇ ਵਿਚ ਕੋਈ ਖਟਾਸ ਲੱਗੀ ਰਹਿ ਜਾਏ। ਇਸੇ ਮਿਸਾਲ ਮੁਤਾਬਿਕ ਜਦ ਸੋਝੀ ਲੈਣ ਲਈ ਗੁਰਦੁਆਰੇ ਜਾਈਏ ਤਾਂ ‘ਮਨ ਕੀਆਂ ਮੱਤਾਂ‘ ਦੀ ਗਠੜੀ ਕਿਤੇ ਬਾਹਰ ਹੀ ਸੁੱਟ ਜਾਣੀ ਚਾਹੀਦੀ ਹੈ। ਜੇ ਇਹ ਪੰਡ ਨਾਲੇ ਈ ਚੁੱਕੀ ਰੱਖੀ ਤਾਂ ਸਮਝ ਲੈਣਾ ਕਿ ਗੁਰਦੁਆਰੇ ਜਾਣ-ਆਉਣ ਦੀ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ।

ਬਚਪਨ ਦੇ ਦਿਨਾਂ ਦੀ ਗੱਲ ਹੈ। ਗੁਆਂਢੀ ਕਸਬੇ ਜਾਡਲੇ ਦੇ ਲਹਿੰਦੀ ਗੁੱਠੇ ਸ਼ਹੀਦਾਂ ਦੇ ਅਸਥਾਨ ‘ਤੇ ਸਾਲਾਨਾ ਸਮਾਗਮ ਹੋ ਰਿਹਾ ਸੀ। ਭੋਗ ਤੋਂ ਬਾਅਦ ਉਨ੍ਹਾਂ ਵੇਲਿਆਂ ਦਾ ਪ੍ਰਸਿੱਧ ਢਾਡੀ ਗਿਆਨੀ ਅਜੀਤ ਸਿੰਘ ਸੰਧਵਾਂ (ਨੇੜੇ ਬਹਿਰਾਮ) ਆਪਣੇ ਜਥੇ ਸਮੇਤ ਢਾਡੀ ਵਾਰਾਂ ਸੁਣਾਉਣ ਲੱਗਾ। ਮੇਰੇ ਪਿਤਾ ਜੀ ਦੀ ਨਾਲ ਉਸ ਦੀ ਚੰਗੀ ਜਾਣ-ਪਛਾਣ ਸੀ। ਰੱਬ ਜਾਣੇ, ਉਸ ਨੇ ਲੈਕਚਰ ਕਰਦਿਆਂ ਮੇਰੇ ਪਿਤਾ ਜੀ ਨੂੰ ਸਾਹਮਣੇ ਬੈਠਾ ਦੇਖ ਕੇ ਕਿਹਾ ਜਾਂ ਵੈਸੇ ਹੀ ਪ੍ਰਚਾਰ ਵਜੋਂ ਆਖਿਆ ਕਿ ਖਾਲਸਾ ਜੀ, ਗੁਰਸਿੱਖਾਂ ਨੂੰ ਦਾਹੜੇ ਪ੍ਰਕਾਸ਼ ਕੀਤੇ ਹੀ ਸੋਭਦੇ ਹਨ। ਫਿਰ ਉਸ ਨੇ ‘ਸੇ ਦਾੜ੍ਹੀਆਂ ਸਚੀਆਂ‘ ਵਾਲੀਆਂ ਪੰਕਤੀਆਂ ਬੋਲੀਆਂ। ਮੇਰੇ ਪਿਤਾ ਜੀ ਨੇ ਸੰਗਤ ਵਿਚ ਬੈਠਿਆਂ ਬੈਠਿਆਂ ਉਸੇ ਵੇਲੇ ਆਪਣੀ ਠੋਡੀ ਥੱਲੇ ਗੁੱਛੀ ਜਿਹੀ ਬਣਾਈ ਹੋਈ ਖੋਲ੍ਹਣੀ ਸ਼ੁਰੂ ਕਰ ਦਿੱਤੀ। ਡੋਰ ਖੋਲ੍ਹ ਕੇ ਉਨ੍ਹਾਂ ਖੀਸੇ ਵਿਚ ਪਾ ਲਈ ਤੇ ਚਾਰੇ ਉਂਗਲਾਂ ਨੂੰ ਕੰਘੇ ਵਾਂਗ ਦਾੜ੍ਹੀ ‘ਚ ਫੇਰਨਾ ਸ਼ੁਰੂ ਕਰ ਦਿੱਤਾ। ਦੋਹਾਂ ਹੱਥਾਂ ਨਾਲ ਦਾੜ੍ਹੀ ਸਿੱਧੀ ਜਿਹੀ ਕਰ ਲਈ।

ਮੈਨੂੰ ਉਹ ਦ੍ਰਿਸ਼ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਢਾਡੀ ਜਥੇ ਵਿਚ ਸਾਰੰਗੀ ਵਜਾ ਰਹੇ ਸਿੰਘ ਨੇ ਆਪਣੀ ਦਾੜ੍ਹੀ ਬੰਨ੍ਹੀ ਹੋਈ ਸੀ। ਜੇ ਕੋਈ ਅੱਜ ਦਾ ਸਿੱਖ ਹੁੰਦਾ ਤਾਂ ਉਸੇ ਵੇਲੇ ਢਾਡੀ ਪ੍ਰਚਾਰਕ ਨੂੰ ਕੁੱਦ ਕੇ ਪੈ ਜਾਂਦਾ। ਛੱਤੀ ਗੱਲਾਂ ਸੁਣਾਉਂਦਾ ਕਿ ਦੂਜਿਆਂ ਨੂੰ ਉਪਦੇਸ਼ ਦੇਈ ਜਾਨੇ ਐਂ, ਆਪ ਅਮਲ ਕਰਦੇ ਨਹੀਂ; ਪਰ ਮੇਰੇ ਪਿਤਾ ਜੀ ਨੇ ਉਸ ਘੜੀ ਦੀ ਖੋਲ੍ਹੀ ਹੋਈ ਦਾੜ੍ਹੀ ਆਖਰੀ ਸਾਹ ਤੱਕ ਮੁੜ ਨਹੀਂ ਬੰਨ੍ਹੀ।

ਲਗਭਗ ਉਨ੍ਹਾਂ ਕੁ ਸਮਿਆਂ ਦੀ ਹੀ ਗੱਲ ਹੈ। ਸਾਡੇ ਇਲਾਕੇ ਵਿਚ ਦੋ ਸੰਤ ਬਾਬੇ ਪ੍ਰਸਿੱਧ ਸਨ। ਇਕ ਸਨ-ਪਿੰਡ ਅਸਮਾਨਪੁਰ ਦੇ ਸੰਤ ਜਵਾਹਰ ਦਾਸ ਅਤੇ ਦੂਜੇ ਸਨ-ਪਿੰਡ ਰਾਮ ਰਾਏਪੁਰ ਦੇ ਸੰਤ ਹਰੀ ਸਿੰਘ। ਅਸਮਾਨਪੁਰੀਏ ਸੰਤ ਹਮੇਸ਼ਾ ਭਗਵੀਂ ਦਸਤਾਰ ਅਤੇ ਭਗਵੇਂ ਹੀ ਕੱਪੜੇ ਪਹਿਨਦੇ ਸਨ। ਬਾਬਾ ਹਰੀ ਸਿੰਘ ਹੁਰੀਂ ਨੀਲੀ ਜਾਂ ਪੀਲੀ ਦਸਤਾਰ ਅਤੇ ‘ਸ੍ਰੀ ਸਾਹਿਬ‘ਉਪਰ ਦੀ ਪਹਿਨਦੇ ਸਨ। ਸਾਡੇ ਪਿੰਡ ਵਿਚ ਦੋਹਾਂ ਦੀ ਸਿੱਖੀ ਸੇਵਕੀ ਲਗਭਗ ਬਰਾਬਰ ਹੀ ਸੀ। ਸੰਤ ਜਵਾਹਰ ਦਾਸ ਗੁਰੂ ਮਹਾਰਾਜ ਦੀ ਤਾਬਿਆ ਬੈਠ ਕੇ ਕਥਾ ਕਰਦਿਆਂ ਸਿਖ ਇਤਿਹਾਸ ‘ਚੋਂ ਇਕ-ਅੱਧ ਸਾਖੀ ਸੁਣਾ ਕੇ, ਫਿਰ ਸਾਰਾ ਸਮਾਂ ਰਮਾਇਣ-ਮਹਾਂਭਾਰਤ ਦੇ ਪ੍ਰਸੰਗ ਸੁਣਾਉਂਦੇ ਰਹਿੰਦੇ। ਭੀਸ਼ਮ ਪਿਤਾਮਾ ਜੀ ਇਉਂ ਕਹਿੰਦੇ...ਦ੍ਰੋਪਦੀ ਨੇ ਯਿਹ ਕਹਾ...ਅਸ਼ਵਥਾਮਾ ਐਸੇ ਬੋਲਿਆ...ਭਗਵਾਨ ਨੇ ਵਿਰਾਟ ਰੂਪ ਧਾਰਨ ਕਰ ਲੀਆ...ਵਗੈਰਾ ਵਗੈਰਾ।

ਇਸ ਦੇ ਉਲਟ ਜਦ ਕਿਤੇ ਸੰਤ ਹਰੀ ਸਿੰਘ ਕਥਾ ਵਿਆਖਿਆ ਕਰਦੇ ਤਾਂ ਉਹ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਦੇ ਪ੍ਰਸੰਗ ਸੁਣਾਉਂਦੇ ਭਾਵੁਕ ਹੋ ਜਾਂਦੇ; ਖਾਸ ਕਰ ਕੇ ਸ਼ਹੀਦ ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾਉਣ ਤੋਂ ਬਾਅਦ ਉਹ ਬੜੇ ਵੈਰਾਗਮਈ ਅੰਦਾਜ਼ ‘ਚ ਸੰਗਤਾਂ ਨੂੰ ਗੁਰੂ ਕੇ ਸਿੱਖ ਬਣਨ ਲਈ ਪ੍ਰੇਰਦੇ। ਕਿਤੇ ਇਸੇ ਤਰ੍ਹਾਂ ਦਾ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਕੋਈ ਪ੍ਰਸੰਗ ਸੁਣ ਕੇ ਪਸੀਜੇ ਹੋਏ ਮੇਰੇ ਪਿਤਾ ਜੀ ਅੱਖਾਂ ਪੂੰਝਣ ਲੱਗ ਪਏ। ਸਮਾਪਤੀ ‘ਤੇ ਕੱਟੜ ਸਿੰਘ ਸਭੀਏ ਪਿਤਾ ਜੀ, ਸੰਤ ਹਰੀ ਸਿੰਘ ਦੀ ਵਡਿਆਈ ਵਜੋਂ ਕਹਿਣ ਲੱਗੇ ਕਿ ਬਾਬਾ ਜੀ, ਕਥਾ ਕਰਦਿਆਂ ਤੁਸੀਂ ਤਾਂ ਸਿੱਖ ਇਤਿਹਾਸ ਤੋਂ ਰੰਚਕ ਮਾਤਰ ਵੀ ਬਾਹਰ ਨਹੀਂ ਜਾਂਦੇ, ਗੁਰਮਤਿ ਹੀ ਦ੍ਰਿੜਾਉਂਦੇ ਹੋ। ਪਰ ਅਸਮਾਨਪੁਰ ਵਾਲੇ ਸੰਤ ਜੀ ਗੁਰਮਤਿ ਦੀ ਗੱਲ ਟਾਂਵੀਂ ਟਾਂਵੀਂ, ਬਹੁਤੇ ਹਿੰਦੂ ਗ੍ਰੰਥਾਂ ਦੇ ਹਵਾਲੇ ਹੀ ਸੁਣਾਉਂਦੇ ਰਹਿੰਦੇ ਹਨ।

ਅੱਜ ਦੇ ਸੰਤਾਂ ਵਰਗਾ ਕੋਈ ਹੁੰਦਾ ਤਾਂ ਫੁੱਲ ਕੇ ਕੁੱਪਾ ਹੋਇਆ ਆਖਦਾ ਕਿ ਮੇਰੇ ਮੋਹਰੇ ਉਹ ਕੀ ਚੀਜ਼ ਹੈ? ਉਹਦੇ ਵਿਚ ਵਿਦਵਤਾ ਹੈ ਹੀ ਕਿਥੇ? ਐਵੇਂ ਭੇਸ ਬਣਾਈ ਫਿਰਦੈ ਸੰਤਾਂ ਵਾਲਾ! ਇਹੋ ਜਿਹੀਆਂ ਵੀਹ ਗੱਲਾਂ ਕਰ ਕੇ ‘ਵਿਰੋਧੀ ਸੰਤ‘ ਦੀ ਮਿੱਟੀ ਪੁੱਟ ਛਡਦਾ, ਲੇਕਿਨ ਸੰਤ ਹਰੀ ਸਿੰਘ ਨੇ ਮੇਰੇ ਬਾਪ ਦਾ ਹੱਥ ਫੜਦਿਆਂ ਬੜੇ ਨਿਮਰ ਭਾਵ ਨਾਲ ਆਖਿਆ, “ਗਿਆਨੀ ਜੀ, ਜਿੰਨੀ ਕੁ ਉਹ ਗੁਰਮਤਿ ਦੀ ਗੱਲ ਸੁਣਾਉਂਦੇ ਹੁੰਦੇ ਐ, ਭਾਈ ਉਨੀ ਕੁ ਗ੍ਰਹਿਣ ਕਰ ਲਿਆ ਕਰੋ; ਬਾਕੀ ਦੀ ਨਾ ਪੱਲੇ ਬੰਨ੍ਹਿਆ ਕਰੋ।”

ਇਹ ਦੋਵੇਂ ਸੰਤ ਸਾਡੇ ਇਲਾਕੇ ਵਿਚ ਪ੍ਰਚਾਰ ਕਰਦੇ ਰਹੇ। ਕਦੇ ਨਹੀਂ ਸੀ ਸੁਣਿਆ ਕਿ ਇਨ੍ਹਾਂ ਵਿਚੋਂ ਕਿਸੇ ਇਕ ‘ਤੇ ਕਦੇ ਕਿਸੇ ਗੁਰਦੁਆਰੇ ਨੇ ਕਥਾ ਕਰਨ ‘ਤੇ ਪਾਬੰਦੀ ਲਾਈ ਹੋਵੇ। ਨਾ ਹੀ ਇਨ੍ਹਾਂ ਦੋਹਾਂ ਦਾ ਕਦੇ ‘ਆਪਸੀ ਭੇੜ‘ ਹੀ ਹੋਇਆ ਸੀ।

ਸਿੱਖ ਪ੍ਰਚਾਰਕਾਂ ਬਾਰੇ ਮੈਂ ਆਪਣੇ ਦਿਲ ਵਿਚ ਨਿਜੀ ‘ਵਿਚਾਰ-ਗੰਢ‘ ਬਣਾਈ ਹੋਈ ਹੈ। ਉਹ ਇਹ ਕਿ ਗਿਆਨੀ ਸੰਤ ਸਿੰਘ ‘ਮਸਕੀਨ‘ ਜਿਹਾ ਕਥਾਵਾਚਕ ਸ਼ਾਇਦ ਹੀ ਕੋਈ ਪੈਦਾ ਹੋਵੇ! ਉਨ੍ਹਾਂ ਦੀ ਕੁਛ ਕੁਛ ਨੇੜਤਾ ਪ੍ਰਾਪਤ ਕਰਨ ਦਾ ਵੀ ਮੈਨੂੰ ਮਾਣ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਢਾਡੀਆਂ ਵਿਚੋਂ ਗਿਆਨੀ ਦਇਆ ਸਿੰਘ ‘ਦਿਲਬਰ’ ਦਾ ਕੋਈ ਸਾਨੀ ਨਹੀਂ। ਕਵੀਸ਼ਰੀ ਵਿਚ ਮੈਂ ਭਾਈ ਜੋਗਾ ਸਿੰਘ ਜੋਗੀ ਨੂੰ ਸਰਬੋਤਮ ਮੰਨਦਾ ਹਾਂ। ਲੇਕਿਨ ਮੇਰਾ ਇਹ ਵੀ ਮੰਨਣਾ ਹੈ ਕਿ ਇਹ ਸਾਰੇ ‘ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ॥’ ਦੇ ਦਾਇਰੇ ਹੇਠ ਹੀ ਆਉਂਦੇ ਹਨ। ਇਹ ਕਦੇ ਨਹੀਂ ਹੋ ਸਕਦਾ ਕਿ ਸਟੇਜਾਂ ‘ਤੇ ਉਨ੍ਹਾਂ ਵੱਲੋਂ ਕਹੀਆਂ ਸਾਰੀਆਂ ਹੀ ਗੱਲਾਂ ਗੁਰਮਤਿ ਦੀ ਕਸਵੱਟੀ ਉਤੇ ਪੂਰੀਆਂ ਉਤਰਦੀਆਂ ਹੋਣ। ਕਥਾ ਪ੍ਰਸੰਗ ਰੌਚਿਕ ਬਣਾਉਣ ਹਿਤ ਉਨ੍ਹਾਂ ਵੀ ਕਾਲਪਨਿਕ ਉਡਾਰੀਆਂ ਭਰੀਆਂ ਹੋਣਗੀਆਂ। ਉਨ੍ਹਾਂ ਵਹਿਣ ਵਿਚ ਵਹਿ ਕੇ ਜਾਂ ਸੁਤੇ-ਸਿੱਧ ਹੀ ਕਈ ਵਿਚਾਰ ਐਸੇ ਪ੍ਰਗਟਾਏ ਹੋਣਗੇ ਜੋ ਗੁਰਮਤਿ ਫਿਲਾਸਫੀ ਮੁਤਾਬਕ ਸਹੀ ਨਹੀਂ ਮੰਨੇ ਜਾ ਸਕਦੇ।

ਮਿਸਾਲ ਵਜੋਂ ਮਸਕੀਨ ਜੀ ਇਕ ਸੀ.ਡੀ. ਵਿਚ ਜ਼ਿਕਰ ਕਰਦੇ ਹਨ ਕਿ ਉਹ ਇਕ ਸੰਤ (ਸ਼ਾਇਦ ਬਾਬਾ ਬਲਵੰਤ ਸਿੰਘ) ਨਾਲ ਬਾਜ਼ਾਰ ਵਿਚ ਤੁਰੇ ਜਾ ਰਹੇ ਸਨ। ਰਸਤੇ ਵਿਚ ਮਸਜਿਦ ਸੀ ਜਿਥੇ ਕੁਝ ਮੁਸਲਮਾਨ ਭਰਾ ਇਕੱਤਰ ਹੋ ਰਹੇ ਸਨ। ਸੰਤ ਜੀ ਨੇ ਮਸਜਿਦ ਵੱਲ ਸਿਰ ਝੁਕਾ ਕੇ ਸਿਜਦਾ ਕਰ ਦਿੱਤਾ। ਨਾਲ ਦੇ ਸਿੰਘਾਂ ਨੇ ਸੰਤ ਜੀ ‘ਤੇ ਇਤਰਾਜ਼ ਕੀਤਾ ਕਿ ਉਨ੍ਹਾਂ ਨੇ ਸਿੱਖ ਹੋ ਕੇ ਮਸੀਤ ਨੂੰ ਮੱਥਾ ਕਿਉਂ ਟੇਕਿਆ? ਕਹਿੰਦੇ, ਸੰਤ ਜੀ ਨੇ ਮੁਸਕਰਾਉਂਦਿਆਂ (ਬਕੌਲ ਮਸਕੀਨ ਜੀ) ਸ਼ਿਅਰ ਬੋਲਿਆ,

"ਬੇ-ਖ਼ੁਦੀ ਮੇਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ।
ਅਬ ਖੁਦਾ ਜਾਨੇ ਕਿ ਵੋਹ ਕਾਅਬਾ ਥਾ ਯਾ ਬੁਤ ਖਾਨਾ।
"

ਕਥਾ ਵਿਚ ਮਸਕੀਨ ਜੀ ਮਸੀਤ ਨੂੰ ਸਿਜਦਾ ਕਰਨ ਵਾਲੇ ‘ਸਿੱਖ ਸੰਤ‘ ਦੇ ਬਿਹੰਗਮਪੁਣੇ ਦੀ ਸੋਭਾ ਕਰਦੇ ਹਨ। ਚਲਦੇ ਕਥਾ-ਪ੍ਰਵਾਹ ਵਿਚ ਇਹ ਵਾਕਿਆ ਬੜਾ ਹੀ ਢੁਕਵਾਂ ਅਤੇ ਦਿਲਚਸਪ ਹੈ। ਰਸਦਾਇਕ ਵੀ, ਪਰ ਇਸ ਸਭ ਦੇ ਬਾਵਜੂਦ ਇਹ ਗੁਰਮਤਿ ਅਸੂਲਾਂ ਦੇ ਵਿਪਰੀਤ ਹੈ। ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ‘ ਦੀ ਭਾਵਨਾ ਦੇ ਬਿਲਕੁਲ ਬਰ-ਖ਼ਿਲਾਫ! ਸੋਚਣ ਵਾਲੀ ਗੱਲ ਹੈ ਕਿ ਇਹ ਪ੍ਰਸੰਗ ਮਸਕੀਨ ਜੀ ਨੇ ਦੇਸ਼ਾਂ-ਵਿਦੇਸ਼ਾਂ ਦੀਆਂ ਸਟੇਜਾਂ ‘ਤੇ ਕਈ ਵਾਰ ਸੁਣਾਇਆ ਹੋਵੇਗਾ, ਲੇਕਿਨ ਇਸ ਨੂੰ ਆਧਾਰ ਬਣਾ ਕੇ ਕਿਸੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮਸਕੀਨ ਜੀ ਨੂੰ ਸਮਾਂ ਦੇਣ ਤੋਂ ਇਨਕਾਰ ਨਹੀਂ ਕੀਤਾ।

ਸਵਰਗੀ ਢਾਡੀ ਭਾਈ ਦਇਆ ਸਿੰਘ ਦਿਲਬਰ, ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸੰਗ ਵਿਚ ਕਹਿੰਦੇ ਨੇ ਕਿ ਅਟਕ ਦਰਿਆ ਦੇ ਕੰਢੇ ‘ਤੇ ਜਾ ਕੇ ਸ਼ੇਰ-ਏ-ਪੰਜਾਬ ਨੇ ਦਰਿਆ ਨੂੰ ਭੇਟ ਚੜ੍ਹਾਈ ਤਾਂ ਦਰਿਆ ਗੋਡੇ ਗੋਡੇ ਹੋ ਗਿਆ। ਜਦ ਕਿ ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਹੋਇਐ ਕਿ ਮਹਾਰਾਜੇ ਦੀ ਮੁਹਿੰਮ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਸੀ। ਠਾਠਾਂ ਮਾਰਦੇ ਅਟਕ ਦਰਿਆ ਤੋਂ ਪਾਰ ਜਾਣ ਵਾਸਤੇ, ਅਰਦਾਸਾ ਗੁਰੂ ਮਹਾਰਾਜ ਅੱਗੇ ਸੋਧਿਆ ਗਿਆ ਸੀ। ਇਸ ਇਤਿਹਾਸਕ ਭੁੱਲ ਬਦਲੇ ਕਿਸੇ ਸਿੱਖ ਸਟੇਜ ਵਾਲਿਆਂ ਨੇ ਭਾਈ ਦਿਲਬਰ ਉਤੇ ‘ਬੈਨ‘ ਨਹੀਂ ਲਾਇਆ ਸੀ।

ਹੁਣ ਸੁਣੋ ਕਵੀਸ਼ਰੀ ਕਲਾ ਦੇ ਹੀਰੇ ਭਾਈ ਜੋਗਾ ਸਿੰਘ ਜੋਗੀ ਦੀ ਕਪੋਲ-ਕਲਪਨਾ! ਜੋ ਉਨ੍ਹਾਂ ਨੇ ਕੰਨ ਰਸ ਬਣਾਉਣ ਤੇ ਹਾਸ-ਵਿਅੰਗ ਪੈਦਾ ਕਰਨ ਲਈ ਬਣਾਈ ਹੋਈ ਹੈ। ਖਾਲਸਾ ਸਾਜਨਾ ਦਿਵਸ ਦਾ ਪ੍ਰਸੰਗ ਸੁਣਾਉਂਦਿਆਂ ਉਹ ਧੜੱਲੇਦਾਰ ਆਵਾਜ਼ ਵਿਚ ਕਹਿੰਦੇ ਨੇ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਇਕੱਠ ਵਿਚ ਦਸਮੇਸ਼ ਪਿਤਾ ਵਲੋਂ ਦੂਜੀ ਵਾਰ ਸੀਸ ਦੀ ਮੰਗ ਕਰਨ ‘ਤੇ ਹਸਤਿਨਾਪੁਰ ਨਿਵਾਸੀ ਭਾਈ ਧਰਮ ਦਾਸ ਜੱਟ ਉਠਿਆ। ਗੁਰੂ ਸਾਹਿਬ ਨੇ ਉਹਨੂੰ ਪੁੱਛਿਆ, “ਭਾਈ ਧਰਮ ਦਾਸ ਲੜੇਂਗਾ?” ਉਹ ਕਹਿੰਦਾ ਮਹਾਰਾਜ ਆਪੇ ਬੁੱਝ ਲਉ। ਗੁਰੂ ਜੀ ਨੇ ਸਵਾਲ ਦੁਹਰਾਇਆ। ਭਾਈ ਧਰਮ ਦਾਸ ਨੇ ਫਿਰ ‘ਆਪੇ ਈ ਬੁੱਝ ਲਉ‘ ਦਾ ਉਤਰ ਦਿੱਤਾ। ਸੱਚੇ ਪਾਤਸ਼ਾਹ ਹੈਰਾਨੀ ਨਾਲ ਕਹਿਣ ਲੱਗੇ, “ਭਾਈ, ਇਹ ਤੂੰ ਕੀ ਬੁਝਾਰਤ ਜਿਹੀ ਪਾਈ ਜਾਨੈਂ? ਅਸੀਂ ਪੁੱਛਦੇ ਆਂ ਲੜੇਂਗਾ? ਤੂੰ ‘ਆਪੇ ਬੁੱਝ ਲੋ’ ਕਹੀ ਜਾਨੈਂ!” ਭਾਈ ਧਰਮ ਦਾਸ ਅੱਗਿਉਂ ਬੋਲਿਆ, “ਸੱਚੇ ਪਾਤਸ਼ਾਹਾ, ਮੈਂ ਜੱਟ ਹੁੰਨਾਂ। ਜੱਟ ਤਾਂ ਹਮੇਸ਼ਾ ਲੜਨ ਲਈ ਤਿਆਰ-ਬਰ-ਤਿਆਰ ਹੁੰਦੈ! ‘ਕੇਰਾਂ ਨਾਂ ਦਸ ਦਿਉ ਕਿਹਦੇ ਨਾਲ ਲੜਨੈਂ!!”

ਖਾਲਸਾ ਪੰਥ ਦੇ ਮੂਲ ਸਿਧਾਂਤ ਦਾ ਮਖੌਲ ਉਡਾਉਂਦੀ ਇਸ ‘ਮਨਮਰਜ਼ੀ ਦੀ ਸਾਖੀ‘ ਨੂੰ ਸੁਣ ਕੇ ‘ਹਾ...ਹਾ...ਹਾ...ਹਾ!‘ ਤਾਂ ਕਈਆਂ ਨੇ ਕੀਤਾ ਹੋਊ, ਪਰ ਜੋਗੀ ਜੀ ਨੂੰ ਕਿਸੇ ਵੀ ਗੁਰਦੁਆਰੇ ਵਾਲਿਆਂ ਨੇ ਸਟੇਜ ਦੇਣ ਤੋਂ ਇਨਕਾਰ ਨਹੀਂ ਕੀਤਾ ਹੋਣਾ। ਨਾ ਹੀ ਕਿਸੇ ‘ਜਥੇ‘ ਨੇ ਜੋਗੀ ਜੀ ਤੋਂ ‘ਸਪਸ਼ਟੀਕਰਨ‘ ਹੀ ਮੰਗਿਆ ਹੋਣਾ। ਇਹ ਵੀ ਕਦੇ ਨਹੀਂ ਸੁਣਿਆ ਕਿ ਇਸ ਮਨਘੜਤ ‘ਸਾਖੀ‘ ਨੂੰ ਆਧਾਰ ਬਣਾ ਕੇ ਕਿਸੇ ਗੁਰੂ ਘਰ ਵਿਚ ਕਵੀਸ਼ਰੀ ਕਰ ਰਹੇ ਜੋਗੀ ਜੀ ਦਾ ਬਾਹਰ ਬੈਠੀਆਂ ‘ਸੰਗਤਾਂ’ ਨੇ ਮੁਰਦਾਬਾਦ ਕੀਤਾ ਹੋਵੇ।

ਮਸਕੀਨ ਜੀ ਦੀ ਇਕ ਹੱਡਬੀਤੀ ਨਾਲ ਲੇਖ ਦੀ ਸਮਾਪਤੀ। ਬਹੁਤ ਪਹਿਲੀਆਂ ਵਿਚ ਉਹ ਬੱਸ ਰਾਹੀਂ ਕਿਸੇ ਸ਼ਹਿਰ ‘ਚ ਕਥਾ ਕਰਨ ਲਈ ਪਹੁੰਚੇ। ਅੱਡੇ ਉਤਰ ਕੇ ਉਨ੍ਹਾਂ ਕਿਸੇ ਸਿੱਖ ਨੂੰ ਗੁਰਦੁਆਰੇ ਦਾ ਰਾਹ ਪੁੱਛਿਆ। ਉਹ ਸਿੱਖ ਅੱਗਿਉਂ ਮਸਕੀਨ ਹੁਰਾਂ ਨੂੰ ਪੁੱਛਣ ਲੱਗ ਪਿਆ ਕਿ ਤੁਸੀਂ ਕਿਨ੍ਹਾਂ ਦੇ ਗੁਰਦੁਆਰੇ ਜਾਣਾ ਹੈ? ਰਾਮਗੜ੍ਹੀਆਂ ਦੇ, ਛੀਂਬਿਆਂ ਦੇ, ਭਾਪਿਆਂ ਦੇ, ਜੱਟਾਂ ਦੇ...? ਗੁਰਦਆਰਿਆਂ ਦੀ ਗਜ਼ ਭਰ ਲੰਮੀ ਲਿਸਟ ਸੁਣ ਕੇ ਮਸਕੀਨ ਜੀ ਆਜਜ਼ੀ ਨਾਲ ਬੋਲੇ, ‘ਭਾਈ ਮੈਂ ਤਾਂ ਗੁਰੂ ਨਾਨਕ ਦੇ ਗੁਰਦੁਆਰੇ ਕਥਾ ਕਰਨ ਵਾਸਤੇ ਆਇਆਂ! ਉਹਦੀ ਦੱਸ ਪਾ ਮੈਨੂੰ!‘

ਗੁਰਦੁਆਰਿਆਂ ਦੇ ਨਾਲ ਨਾਲ ਸਿੱਖਾਂ ‘ਤੇ ਵੀ ਇਤਨੇ ‘ਲੇਬਲ’ ਲੱਗੇ ਹੋਏ ਨੇ ਜਿਨਾਂ ਦੀ ਗਿਣਤੀ ਨਹੀਂ ਹੋ ਸਕਦੀ। ਜਾਤਾਂ ਗੋਤਾਂ ਤੋਂ ਕਈ ਕਦਮ ਅਗਾਂਹ ਜਾ ਕੇ ਗੁਰਦੁਆਰੇ ਅਲਗ ਅਲਗ ‘ਸੰਤਾਂ ਦੇ’ ਅਤੇ ‘ਧੜਿਆਂ ਦੇ’ ਅਸਥਾਨ ਬਣ ਚੁੱਕੇ ਹਨ। ਇਤਿਹਾਸਕ ਗੁਰਧਾਮ ਕੂੜੀ ਸਿਆਸਤ ਦੇ ਪੂਰੇ ਕੰਟ੍ਰੋਲ ਥੱਲੇ ਹਨ। ਇੱਥੇ ਪ੍ਰਚਾਰਕ ਬੁਲਾਉਣ ਲੱਗਿਆਂ ਬੁਲਾਰਿਆਂ ਨੂੰ ‘ਸਿਆਸੀ ਐਨ੍ਹਕ’ ਰਾਂਹੀਂ ਪਰਖਿਆ ਜਾਂਦਾ ਹੈ। ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕ ਆਪਣੇ ਸਥਾਨਕ ‘ਵੋਟ ਬੈਂਕ’ਨੂੰ ਪੱਕਿਆਂ ਕਰਨ ਦੀ ਹੋੜ ਵਿਚ ਪ੍ਰਚਾਰਕਾਂ ਦੀ ਚੋਣ ਕਰਦੇ ਹਨ।ਉਹ ਬੁਲਾਰਿਆਂ ਦੀ ਲਿਆਕਤ ਨੂੰ ਨਹੀਂ, ਆਪਣੀ ਚੌਧਰ ਦੀ ਮਜਬੂਤੀ ਨੂੰ ਤਰਜੀਹ ਦਿੰਦੇ ਹਨ।ਸੱਚ ਕਦੇ ਮਰਦਾ ਨਹੀਂ ਦੇ ਅਸੂਲ ਨੂੰ ਪ੍ਰਣਾਏ ਹੋਏ ਪ੍ਰਬੰਧਕ ਧੰਨਤਾ ਦੇ ਯੋਗ ਹਨ।ਪਰ ਜਿਹੜੇ ਖੁੰਧਕ ਬਾਜ ਪ੍ਰਬੰਧਕ, ਸੌੜੀ ਸੋਚ ਅਧੀਨ ਪ੍ਰਚਾਰਕਾਂ ਨੂੰ ਕਾਣੀ ਅੱਖ ਨਾਲ ਦੇਖਦੇ ਹਨ, ਉਨਾਂ ਨੂੰ ਡਿਕਟੇਟਰ ਹੀ ਕਿਹਾ ਜਾ ਸਕਦਾ ਹੈ।ਆਪਣੇ ਆਪ ਨੂੰ ਉਹ ਭਾਂਵੇਂ ਲੱਖ ‘ਸੇਵਾਦਾਰ’ਕਹਾਈ ਜਾਣ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top