Share on Facebook

Main News Page

ਕੀ ਪ੍ਰੋ. ਦਰਸ਼ਨ ਸਿੰਘ ਦੀ ਨਵੀਂ ਜਥੇਬੰਦੀ "ਗੁਰੂ ਗ੍ਰੰਥ ਦਾ ਖਾਲਸਾ ਪੰਥ" ਸਿੱਖ ਪੰਥ ਵਿੱਚ ਨਵੀਂ ਰੂਹ ਫੂਕ ਸਕੇਗੀ?
- ਜਸਬੀਰ ਸਿੰਘ ਪੱਟੀ 093560 24684

ਸ੍ਰੀ ਅਕਾਲ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੀ ਨਵੀਂ ਧਾਰਮਿਕ ਜਥੇਬੰਦੀ ਬਣਾ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ (ਜਿਸਦਾ ਪਹਿਲਾਂ ਹੀ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਬਾਈਕਾਟ ਕੀਤਾ ਹੋਇਆ ਹੈ) ਦੀਆਂ ਪੰਥ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਪੰਥ ਨਾਲੋਂ ਟੁੱਟੇ ਸਿੱਖਾਂ ਨੂੰ ਇੱਕ ਮੰਚ ਤੇ ਇੱਕਠਾ ਕਰਨ ਦਾ ਉਪਰਾਲਾ ਕੀਤਾ ਹੈ, ਜਿਸ ਨਾਲ ਪੰਥਕ ਦਰਦ ਰੱਖਣ ਵਾਲੀਆਂ ਧਿਰਾਂ ਵਿੱਚ ਨਵੀਂ ਰੂਹ ਫੂਕੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਤੋਂ ਸਿਆਸੀ ਗਲਬੇ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ।

ਸਿੱਖ ਪੰਥ ਦੀ ਸਿਰਮੌਰ ਹਸਤੀ ਤੇ ਆਪਣੇ ਪੰਥਕ ਵਿਚਾਰਾਂ ਨਾਲ ਸੰਗਤਾਂ ਨੂੰ ਕਾਇਲ ਕਰਨ ਦੀ ਸਮੱਰਥਾ ਰੱਖਣ ਵਾਲੇ ਪ੍ਰੋ. ਦਰਸ਼ਨ ਸਿੰਘ ਰਾਗੀ ਦੋ ਵਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਰਹੇ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਅਜਿਹੇ ਕਾਰਜ ਕੀਤੇ ਜਿਹੜੇ ਮਿਸਾਲ ਸਾਬਤ ਹੋਏ।

ਮਰਿਆਦਾ ਦੀ ਪਹਿਰੇਦਾਰੀ ਕਰਦਿਆਂ ਉਹਨਾਂ ਨੇ ਪੰਜਾਬ ਦੇ ਇੱਕ ਮੁੱਖ ਮੰਤਰੀ ਸ੍ਰੀ ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁਲੀਸ ਭੇਜਣ ਅਤੇ ਸ੍ਰੀ ਅਕਾਲ ਤਖਤ ਤੋ ਪੰਥਕ ਏਕਤਾ ਲਈ ਯਤਨਾਂ ਨੂੰ ਦਰਕਨਾਰ ਕਰਨ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖਤ ‘ਤੇ ਤਲਬ ਕਰਕੇ ਉਸ ਨੂੰ ਤਨਖਾਹ ਹੀ ਨਹੀਂ ਲਗਾਈ ਸੀ ਸਗੋਂ ਉਸ ਦੇ ਗਲ ਵਿੱਚ, "ਮੈਂ ਪਾਪੀ ਤੂੰ ਬਖਸ਼ਣਹਾਰ" ਦੀ ਫੱਟੀ ਪਾ ਕੇ ਇੱਕ ਥਮਲੇ ਨਾਲ ਬੰਨਣ ਦਾ ਇਤਿਹਾਸਕ ਕਾਰਨਾਮਾ ਵੀ ਕੀਤਾ ਸੀ, ਤਾਂ ਕਿ ਭਵਿੱਖ ਵਿੱਚ ਕੋਈ ਵੀ ਸਿੱਖ ਸੱਤਾ ਦੇ ਨਸ਼ੇ ਵਿੱਚ ਅਜਿਹੀ ਹਰਕਤ ਨਾ ਕਰੇ, ਜਿਸ ਨਾਲ ਪੰਥਕ ਮਰਿਆਦਾ ਦੀ ਉਲੰਘਣਾ ਹੋਵੇ ਤੇ ਕਿਸੇ ਵੀ ਗੁਰੂ ਘਰ ਵਿੱਚ ਕੋਈ ਪੁਲੀਸ ਭੇਜਣ ਦੀ ਹਿੰਮਤ ਨਾ ਕਰ ਸਕੇ।

ਸ੍ਰੀ ਬਰਨਾਲਾ ਨੇ ਵੀ ਆਪਣੀ ਤਨਖਾਹ ਭੁਗਤਣ ਤੋ ਬਾਅਦ ਪੱਤਰਕਾਰਾਂ ਨੂੰ ਇਹ ਕਹਿ ਕੇ ਪ੍ਰੋ. ਸਾਹਿਬ ਦਾ ਧੰਨਵਾਦ ਕੀਤਾ ਸੀ ਕਿ ਪ੍ਰੋ. ਸਾਹਿਬ ਵੱਲੋਂ ਲਗਾਈ ਗਈ ਤਨਖਾਹ ਨਾਲ ਜਿਥੇ ਉਹਨਾਂ ਨੂੰ ਮਾਨਸਿਕ ਸ਼ਾਂਤੀ ਮਿਲੀ ਹੈ, ਉਥੇ ਪੰਥਕ ਸਫਾਂ ਵਿੱਚ ਉਹ ਦੋਸ਼ ਮੁਕਤ ਹੋ ਕੇ ਹਲਕਾ ਹਲਕਾ ਮਹਿਸੂਸ ਕਰ ਰਹੇ ਹਨ।

ਇਸੇ ਤਰ੍ਹਾਂ ਪ੍ਰੋ. ਸਾਹਿਬ ਨੇ ਉਸ ਵੇਲੇ ਇੱਕ ਮੋਰਚੇ ਦੀ ਅਗਵਾਈ ਖੁਦ ਅੱਗੇ ਲੱਗ ਕੇ ਕੀਤੀ ਸੀ ਜਦੋਂ ਦੋ ਸਿੱਖ ਬੀਬੀਆਂ ਗੁਰਮੀਤ ਕੌਰ ਤੇ ਗੁਰਦੇਵ ਕੌਰ ਨੂੰ ਜਿਲਾ ਬਟਾਲਾ ਦੇ ਤੱਤਕਾਲੀ ਪੁਲੀਸ ਮੁੱਖੀ ਗੋਬਿੰਦ ਰਾਮ ਨੇ ਘਰੋਂ ਚੁੱਕ ਕੇ ਉਹਨਾਂ ਨੂੰ ਜ਼ਲੀਲ ਹੀ ਨਹੀਂ ਕੀਤਾ ਸੀ ਸਗੋਂ ਉਹਨਾਂ ‘ਤੇ ਅਥਾਹ ਤਸ਼ੱਦਦ ਇਸ ਕਰਕੇ ਕੀਤਾ ਗਿਆ ਸੀ ਕਿਉਕਿ ਉਹਨਾਂ ਦੋਵਾਂ ਦੇ ਪਤੀ ਸੁਖਦੇਵ ਸਿੰਘ ਤੇ ਮਹਿਲ ਸਿੰਘ ਖਾੜਕੂ ਸਫਾਂ ਦੇ ਸਰਗਨੇ ਆਗੂ ਸਨ। ਪ੍ਰੋ. ਦਰਸ਼ਨ ਸਿੰਘ ਨੇ ਇਸ ਮਾਮਲੇ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਉਹ ਸਿੱਖ ਬੀਬੀ ਨੂੰ ਤੁਰੰਤ ਰਿਹਾਅ ਕਰੇ ਨਹੀਂ ਤਾਂ ਸਿੱਖ ਸੰਗਤਾਂ ਸੰਘਰਸ਼ ਵਿੱਢ ਦੇਣਗੀਆ। ਜਦੋਂ ਪੁਲੀਸ ‘ਤੇ ਇਸ ਚਿਤਵਾਨੀ ਦਾ ਕੋਈ ਅਸਰ ਨਾ ਹੋਇਆ ਤਾਂ ਪ੍ਰੋ. ਦਰਸ਼ਨ ਸਿੰਘ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਜਦੋਂ ਉਹਨਾਂ ਦਾ ਇੱਕ ਲੰਮਾ ਕਾਫਲਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਭਾਰੀ ਗਿਣਤੀ ਵਿੱਚ ਸੰਗਤਾਂ ਨਾਲ ਪੰਥਕ ਨਾਅਰਿਆਂ ਤੇ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਬਟਾਲਾ ਲਈ ਰਵਾਨਾ ਹੋਇਆ ਤਾਂ ਇਸ ਦੀ ਧਮਕੀ ਨਾਲ ਹੰਕਾਰੇ ਹੋਏ ਜਿਲਾ ਪੁਲੀਸ ਮੁੱਖੀ ਦੇ ਕਮਰੇ ਦੀਆ ਦੀਵਾਰਾਂ ਹਿੱਲਣ ਲੱਗ ਪਈਆਂ ਤੇ ਕਾਫਲੇ ਦੀ ਭਿਣਕ ਪੈਦਿਆਂ ਹੀ ਬਟਾਲਾ ਦੇ ਪੁਲੀਸ ਮੁੱਖੀ ਗੋਬਿੰਦ ਰਾਮ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਸ ਨੇ ਉਹਨਾਂ ਬੀਬੀਆਂ ਸਮੇਤ ਜਿਹੜੀਆਂ ਹੋਰ ਵੀ ਬੀਬੀਆ ਫੜੀਆਂ ਸਨ ਉਹਨਾਂ ਨੂੰ ਵੀ ਰਿਹਾਅ ਕਰ ਦਿੱਤਾ।

ਇਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਦੀ ਅਗਵਾਈ ਹੇਠ ਚੱਲੇ ਕਾਫਲੇ ਦੀ ਜਿੱਤ ਹੋਈ ਤੇ ਉਹਨਾਂ ਦਾ ਸਤਿਕਾਰ ਦੇਸੀ ਤੇ ਵਿਦੇਸ਼ੀ ਸੰਗਤਾਂ ਵਿੱਚ ਹੋਰ ਵੀ ਵੱਧ ਗਿਆ।

ਪ੍ਰੋ. ਦਰਸ਼ਨ ਸਿੰਘ ਨੂੰ ਪਹਿਲੀ ਵਾਰੀ ਉਸ ਵੇਲੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਣਾਇਆ ਗਿਆ ਸੀ ਜਦੋਂ ਪੰਜਾਬ ਵਿੱਚ ਪੂਰੀ ਤਰ੍ਹਾਂ ਅਸਥਿਰਤਾ ਫੈਲੀ ਹੋਈ ਸੀ, ਅਤੇ ਕੋਈ ਵੀ ਇਹ ਉਸਤਰਿਆਂ ਦੀ ਮਾਲਾ ਪਹਿਣ ਕੇ ਇੰਨੀ ਵੱਡੀ ਜਿੰਮੇਵਾਰੀ ਸੰਭਾਲਣ ਤਿਆਰ ਨਹੀਂ ਸੀ। ਇਸ ਸਮੇਂ ਪ੍ਰੋਫੈਸਰ ਸਾਹਿਬ ਜੇਲ ਵਿੱਚੋਂ ਤਾਜਾ ਤਾਜਾ ਰਿਹਾਅ ਹੋ ਕੇ ਆਏ ਸਨ। ਉਹਨਾਂ ਨੂੰ ਜੇਲ ਵਿੱਚ ਉਸ ਵੇਲੇ ਸੁੱਟਿਆ ਗਿਆ ਸੀ ਜਦੋਂ ਉਹਨਾਂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀੜਤ ਸਿੱਖਾਂ ਵਿੱਚ ਨਵਾਂ ਜੋਸ਼ ਭਰਨ ਦੀ ਭੂਮਿਕਾ ਨਿਭਾਈ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਪੰਥ ਲਈ ਆਪਣੇ ਸਰਬੰਸ ਦੀਆਂ ਦਿੱਤੀਆਂ ਕੁਰਬਨੀਆਂ ਦੀਆਂ ਇਬਾਤਤਾਂ ਨੂੰ ਗਰਮਜੋਸ਼ੀ ਵਿੱਚ ਸੁਣਾਇਆ।

ਕਾਫੀ ਦੇਰ ਜੇਲ ਵਿੱਚ ਰਹਿਣ ਉਪਰੰਤ ਪ੍ਰੋਫੈਸਰ ਸਾਹਿਬ ਨੂੰ ਸਰਕਾਰ ਨੂੰ ਰਿਹਾਅ ਕਰਨਾ ਪਿਆ ਅਤੇ ਜਦ ਕਿ ਰਿਹਾਈ ਸਮੇਂ ਉਹਨਾਂ ਦਾ ਭਾਰ ਕਾਫੀ ਘੱਟ ਗਿਆ ਸੀ। ਜਦੋਂ ਪ੍ਰੋਫੇਸਰ ਸਾਹਿਬ ਨੂੰ ਜਥੇਦਾਰ ਥਾਪਿਆ ਗਿਆ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਵੀ ਅਜਿਹਾ ਭੱਦਰ ਪੁਰਸ਼ ਲੱਭਣਾ ਚਾਹੁੰਦੀ ਸੀ ਜਿਹੜਾ ਉਸ ਸਮੇਂ ਦੇ ਖਾੜਕੂਆਂ ਨੂੰ ਵੀ ਪ੍ਰਵਾਨ ਹੋਵੇ ਤੇ ਉਹ ਸਿਰਫ ਸਿਰਫ ਪ੍ਰੋ. ਦਰਸ਼ਨ ਹੀ ਸਨ ਜਿਹਨਾਂ ਦਾ ਸਤਿਕਾਰ ਦੋਹਾਂ ਧਿਰਾਂ ਵਿੱਚ ਪਾਇਆ ਜਾਂਦਾ ਸੀ। ਉਹਨਾਂ ਦੀ ਤਾਜਪੋਸ਼ੀ ਸਮੇਂ ਕਾਫੀ ਮਾਣ ਸਨਮਾਨ ਵੀ ਹੋਇਆ ਪਰ ਜਲਦੀ ਹੀ ਇਹ ਮਾਣ ਸਨਮਾਨ ਘਟਨਾ ਉਸ ਵੇਲੇ ਸ਼ੁਰੂ ਹੋ ਗਿਆ ਜਦੋਂ ਖਾੜਕੂਆਂ ਨੇ ਇਹ ਕਿਹਾ ਕਿ ਉਹਨਾਂ ਅਨੁਸਾਰ ਹੀ ਅਕਾਲ ਤਖਤ ਤੋ ਕਾਰਵਾਈ ਹੋਵੇਗੀ ਪਰ ਪ੍ਰੋ. ਸਾਹਿਬ ਇਸ ਤੇ ਅੜ ਗਏ ਕਿ ਇਹ ਤਖਤ ‘ਅਕਾਲ’ ਦਾ ਹੈ ਅਤੇ ਇਥੋ ਤਾਂ ਸਿਰਫ ਗੁਰੂ ਦੇ ਉਪਦੇਸ਼ ਤੇ ਗੁਰੂ ਸਾਹਿਬ ਦੀ ਸਿੱਖਿਆਵਾਂ ਅਨੁਸਾਰ ਹੀ ਕਾਰਵਾਈ ਹੋਵੇਗੀ।

ਇਸੇ ਤਰ੍ਹਾਂ ਜਦੋਂ ਖਾੜਕੂਆਂ ਨੇ ਹਿੰਦੂ ਧਰਮ ਦੇ ਲੋਕਾਂ ਦੇ ਖਿਲਾਫ ਇੱਕ ਇਸ਼ਤਿਹਾਰ ਅਕਾਲ ਤਖਤ ਤੇ ਲੱਗਾ ਦਿੱਤਾ ਤੇ ਨਾਲ ਹੀ ਇਹ ਵੀ ਲਿਖ ਦਿੱਤਾ ਕਿ ਜਿਹੜਾ ਇਸ ਨੂੰ ਲਾਹੇਗਾ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਤਾਂ ਇਹ ਕੰਮ ਵੀ ਪ੍ਰੋ.ਸਾਹਿਬ ਨੇ ਆਪਣੇ ਹੱਥੀ ਉਸ ਇਸ਼ਤਿਹਾਰ ਨੂੰ ਪਾੜ ਕੇ ਕੀਤਾ ਕਿ ਸ੍ਰੀ ਅਕਾਲ ਤਖਤ ਤੋਂ ਅਜਿਹੀ ਧਮਕੀ ਕਦੇ ਵੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇ ਉਸ ਸਮੇਂ ਜਿਥੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਦੀ ਮਰਿਆਦਾ ਨੂੰ ਪੂਰੀ ਤਰਾਂ ਲਾਗੂ ਕਰਵਾਇਆ ਉਥੇ ਕਿਸੇ ਵੀ ਜਥੇਬੰਦੀ ਨੂੰ ਸ੍ਰੀ ਅਕਾਲ ਤਖਤ ਤੇ ਕਬਜਾ ਨਹੀਂ ਕਰਨ ਦਿੱਤਾ ਸੀ ਜਦ ਕਿ ਗਿਆਨੀ ਗੁਰਦੇਵ ਸਿੰਘ ਕਾਉਂਕੇ ਦੀ ਜਥੇਦਾਰੀ ਵੇਲੇ ਖਾੜਕੂ ਆਪਣੀਆਂ ਮਨਮਾਨੀਆਂ ਵੀ ਕਰਦੇ ਰਹੇ ਜਿਸ ਕਾਰਨ ਉਹਨਾਂ ਨੂੰ ਪੁਲੀਸ ਨੇ ਚੁੱਕ ਲਿਆ ਤੇ ਸ਼ਹੀਦ ਕਰ ਦਿੱਤਾ।

ਪ੍ਰੋ.ਦਰਸ਼ਨ ਸਿੰਘ ਨੂੰ ਉਹਨਾਂ ਦੇ ਆਹੁਦੇ ਤੋ ਉਸ ਵੇਲੇ ਮੁਸਤਫੀ ਹੋਣਾ ਪਿਆ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਭਤੀਜਾ ਜਸਬੀਰ ਸਿੰਘ ਰੋਡੇ 26 ਜਨਵਰੀ 1986 ਨੂੰ ਜਥੇਦਾਰ ਥਾਪਿਆ ਗਿਆ, ਪਰ ਉਸ ਦੀ ਦਾਲ ਵਧੇਰੇ ਸਮਾਂ ਨਾ ਗਲ ਸਕੀ, ਕਿਉਂਕਿ ਜਦੋਂ ਸਾਕਾ ਕਾਲੀ ਗਰਜ ਦਾ ਕਾਂਡ ਵਾਪਰਿਆ ਤਾਂ ਰੋਡੇ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਤੇ ਸ਼੍ਰੋਮਣੀ ਕਮੇਟੀ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਮੁੜ ਸੌਂਪ ਦਿੱਤੀ।

ਦੂਸਰੀ ਵਾਰੀ ਉਹਨਾਂ ਨੂੰ 28 ਮਾਰਚ 1990 ਨੂੰ ਉਸ ਵੇਲੇ ਆਪਣਾ ਆਹੁਦਾ ਛੱਡਣਾ ਪਿਆ ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਬੱਜਟ ਇਜਲਾਸ ਸੀ ਤਾਂ ਇਜਲਾਸ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਚਰਨ ਸਿੰਘ ਕੁਝ ਵਿਸ਼ੇਸ਼ ਮੱਤੇ ਰੱਖਣਾ ਚਾਹੁੰਦੇ ਸਨ ਪਰ ਵਿਰੋਧੀ ਧਿਰ ਨੇ ਵਿਰੋਧ ਕਰਦਿਆਂ ਇਜਲਾਸ ਵਿੱਚ ਰੌਲਾ ਪਾ ਦਿੱਤਾ। ਪ੍ਰੋ. ਸਾਹਿਬ ਨੇ ਸਿਰਫ ਇੰਨਾ ਹੀ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਜਿਹੜੀ ਗੱਲ ਕਰਨੀ ਹੈ ਮਰਿਆਦਾ ਅਨੁਸਾਰ ਕੀਤੀ ਜਾਵੇ ਤੇ ਇਜਲਾਸ ਨੂੰ ਮੱਛੀ ਮੰਡੀ ਦਾ ਰੂਪ ਨਾ ਦਿੱਤਾ ਜਾਵੇ ਪਰ ਤੱਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੜੇ ਹੋ ਕੇ ਜਥੇਦਾਰ ਨੂੰ ਕਿਹਾ ਕਿ ਤੁਹਾਨੂੰ ਮਰਿਆਦਾ ਦਾ ਨਹੀਂ ਪਤਾ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਗਿਆਨੀ ਹਰਚਰਨ ਸਿੰਘ ਮੱਤੇ ਪੇਸ਼ ਕਰ ਸਕੇ।

ਪ੍ਰੋ. ਸਾਹਿਬ ਨੇ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਨ ਕਰਵਾ ਦਿੱਤਾ ਤੇ ਇਹ ਕਹਿੰਦੇ ਹੋਏ ਬਾਹਰ ਆ ਗਏ ਕਿ ਜੇਕਰ ਜਥੇਦਾਰ ਅਕਾਲ ਤਖਤ ਨੂੰ ਮਰਿਆਦਾ ਦਾ ਨਹੀਂ ਪਤਾ ਤਾਂ ਉਹ ਆਪਣਾ ਅਸਤੀਫਾ ਹੁਣੇ ਹੀ ਦਿੰਦੇ ਹਨ। ਇਸ ਤਰ੍ਹਾਂ ਉਹ ਦੂਸਰੀ ਵਾਰੀ ਵੀ ਬੜੀ ਆਨ ਤੇ ਸ਼ਾਨ ਨਾਲ ਆਪਣਾ ਆਹੁਦਾ ਛੱਡ ਕੇ ਚੱਲਦੇ ਬਣੇ।

ਇਸ ਨਾਜੁਕ ਸਮੇਂ ਹੀ ਜਥੇਦਾਰ ਟੌਹੜਾ ‘ਤੇ ਖਾੜਕੂਆਂ ਨੇ ਹਮਲਾ ਵੀ ਕੀਤਾ ਜਿਸ ਵਿੱਚ ਉਹਨਾਂ ਦੇ ਹੱਥ ਦਾ ਅਗੂੰਠਾ ਤਾਂ ਜਾਂਦਾ ਰਿਹਾ ਪਰ ਉਹ ਵਾਲ ਵਾਲ ਬੱਚ ਗਏ । ਉਹਨਾਂ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਕਨੀ ਦੀ ਐੰਮਰਜੈਸੀ ਮੀਟਿੰਗ ਬੁਲਾ ਕੇ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਥਾਪ ਦਿੱਤਾ ਜਿਹੜੇ ਉਸ ਸਮੇਂ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਦੇ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਸਨ।

ਪ੍ਰੋਫੈਸਰ ਦਰਸ਼ਨ ਸਿੰਘ ‘ਤੇ ਸ਼੍ਰੋਮਣੀ ਕਮੇਟੀ ਮਾਰਕਾ ਜਥੇਦਾਰਾਂ ਨੇ ਉਸ ਵੇਲੇ ਨਵਾਂ ਭਾਣਾ ਇਹ ਕਹਿ ਕੇ ਵਰਤਾ ਦਿੱਤਾ ਕਿ ਵਿਵਾਦਤ ਦਸਮ ਗ੍ਰੰਥ ਬਾਰੇ ਉਹਨਾਂ ਨੇ ਇਤਰਾਜਯੋਗ ਟਿੱਪਣੀ ਕੀਤੀ ਹੈ ਜਿਸ ਦਾ ਉਹਨਾਂ ਨੂੰ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਦੇਣ ਦੇ ਆਦੇਸ਼ ਦਿੱਤੇ ਗਏ। ਪ੍ਰੋਫੈਸਰ ਸਾਹਿਬ ਨੇ ਪਹਿਲਾਂ ਤਾਂ ਆਪਣਾ ਸਪੱਸਟੀਕਰਨ ਡਾਕ ਰਾਹੀਂ ਭੇਜ ਦਿੱਤਾ ਤੇ ਫਿਰ ਵੀ ਜਦੋਂ ਜਥੇਦਾਰਾਂ ਦੀ ਤਸੱਲੀ ਨਾ ਹੋਈ ਤਾਂ ਉਹ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਮੁਤਾਬਕ ਸ੍ਰੀ ਅਕਾਲ ਤਖਤ ਹਾਜ਼ਰ ਹੋਏ। ਉਹਨਾਂ ਨੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਮੱਥਾ ਟੇਕਿਆ ਤੇ ਆਪਣੇ ਸਾਥੀਆਂ ਨਾਲ ਡੇਰਾ ਲਾ ਲਿਆ ਤੇ ਨਾਲ ਹੀ ਕਿਹਾ ਕਿ ਉਹ ਹਾਜ਼ਰ ਹਨ ਜਿਸ ਨੇ ਕੋਈ ਸਪੱਸ਼ਟੀਕਰਨ ਲੈਣਾ ਹੈ ਉਹ ਜਨਤਾ ਦੀ ਕਚਿਹਰੀ ਵਿੱਚ ਆ ਕੇ ਲੈ ਸਕਦਾ ਹੈ, ਪਰ ਸ਼੍ਰੋਮਣੀ ਕਮੇਟੀ ਦੇ ਨਾਮਜਦ ਜਥੇਦਾਰ ਇੱਕ ਕਮਰੇ ਵਿੱਚ ਬੈਠੇ ਉਹਨਾਂ ਨੂੰ ਉਡੀਕਦੇ ਰਹੇ। ਪ੍ਰੋਫੈਸਰ ਸਾਹਿਬ ਨੇ ਉਹਨਾਂ ਦੇ ਬੰਦ ਕਮਰੇ ਵਿੱਚ ਇਹ ਕਹਿ ਕੇ ਜਾਣ ਤੋ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਮਾਰਕਾ ਜਥੇਦਾਰਾਂ ਨੇ ਇਹ ਬਹਾਨਾ ਬਣਾ ਲਿਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਸ੍ਰੀ ਅਕਾਲ ਤਖਤ ਤੇ ਹਾਜਰ ਹੀ ਨਹੀਂ ਹੋਇਆ ਜਦ ਕਿ ਇੱਕ ਵੱਖਰਾ ਕਮਰਾ ਅਕਾਲ ਤਖਤ ਨਹੀਂ ਹੋ ਸਕਦਾ। ਇਸ ਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਭੜਕ ਗਏ ਤੇ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੂੰ ਉਪਰੋਂ ਆਏ ਹੁਕਮਾਂ ਮੁਤਾਬਕ ਇਹ ਕਹਿ ਕੇ ਪੰਥ ਵਿੱਚੋਂ ਛੇਕ ਦਿੱਤਾ ਕਿ ਰਾਗੀ ਦਰਸ਼ਨ ਸਿੰਘ ਸ੍ਰੀ ਅਕਾਲ ਤਖਤ ਤੇ ਹਾਜ਼ਰ ਨਹੀਂ ਹੋਇਆ। ਉਸੇ ਦਿਨ ਹੀ ਪ੍ਰੋਫੈਸਰ ਸਾਹਿਬ ਨੇ ਇਰਾਦਾ ਬਣਾ ਲਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਤੇ ਪੰਥਕ ਨਿਯਮਾਂਵਲੀ ਨੂੰ ਲਾਗੂ ਕਰਾਉਣ ਲਈ ਇੱਕ ਨਿਰਾਲੇ ਪੰਥ ਦੀ ਲੋੜ ਹੈ, ਅਤੇ ਕਰੀਬ ਲੰਮੇ ਸਮੇਂ ਦੀ ਵਿਚਾਰ ਚਰਚਾ ਤੋ ਬਾਅਦ ਹੀ ਉਹਨਾਂ ਨੇ ਨਵੀ ਜਥੇਬੰਦੀ "ਗੁਰੂ ਗ੍ਰੰਥ ਦਾ ਖਾਲਸਾ ਪੰਥ" ਦਾ ਨਿਰਮਾਣ ਕੀਤਾ ਜਿਸ ਦਾ ਮੈਂਬਰ ਬਣਨ ਲਈ ਹਰੇਕ ਵਿਅਕਤੀ ਨੂੰ ਇੱਕ ਫਾਰਮ ਭਰਨਾ ਪਵੇਗਾ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਸਿਵਾਏ ਹੋਰ ਕਿਸੇ ਨੂੰ ਵੀ ਆਪਣਾ ਗੁਰੂ ਨਹੀਂ ਮੰਨਦਾ ਤੇ ਗੁਰੂ ਸਾਹਿਬ ਦੇ ਗਾਡੀ ਰਾਹ ਤੇ ਚੱਲਣ ਲਈ ਤਿਆਰ ਹੈ ਕਿਉਕਿ ਮੌਜੂਦਾ ਅਕਾਲ ਤਖਤ ਦੇ ਗ੍ਰੰਥੀ ਆਪਣਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸਗੋ ਡੇਰੇਦਾਰਾਂ ਨੂੰ ਹੀ ਮੰਨੀ ਬੈਠੇ ਹਨ, ਜਿਹੜੇ ਸ੍ਰੀ ਅਕਾਲ ਤਖਤ ਦੀ ਮਰਿਆਦਾ ਵਿੱਚ ਯਕੀਨ ਰੱਖਣ ਦੀ ਆਪਣੀ ਵੱਖਰੀ ਮਰਿਆਦਾ ਅਨੁਸਾਰ ਹੀ ਆਪਣੇ ਮਰਹੂਮ ਡੇਰੇਦਾਰਾਂ ਦੇ ਦਿਹਾੜੇ ਮਨਾਉਦੇ ਹਨ ਜਿਹਨਾਂ ਸਮਾਗਮਾਂ ਵਿੱਚ ਇਹ ਜਥੇਦਾਰ ਵੀ ਸ਼ਾਮਲ ਹੁੰਦੇ ਹਨ ਅਤੇ ਉਹਨਾਂ ਕੋਲੋ ਲਿਫਾਫੇ ਲੈ ਕੇ ਹੀ ਪ੍ਰਸੰਨ ਚਿਤ ਹੋ ਜਾਂਦੇ ਹਨ।

ਭਾਂਵੇ ਪ੍ਰੋ. ਦਰਸ਼ਨ ਸਿੰਘ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਦੁਆਰਾ ਸਿਰਜੀ ਗਈ ਨਵੀਂ ਜਥੇਬੰਦੀ ਪੰਥ ਵਿੱਚ ਨਵੀਂ ਰੂਹ ਫੂਕੇਗੀ ਅਤੇ ਉਹਨਾਂ ਨੂੰ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਮਿਲ ਰਿਹਾ ਹੈ, ਪਰ ਉਹਨਾਂ ਦੀ ਟੱਕਰ ਉਸ ਸ਼੍ਰੋਮਣੀ ਕਮੇਟੀ ਵਾਲੀ ਫਰਮ ਨਾਲ ਹੈ ਜਿਸ ਦਾ ਬੱਜਟ ਅੱਠ ਸੌ ਕਰੋੜ ਦਾ ਹੈ ਅਤੇ ਉਹ ਹਰ ਪ੍ਰਕਾਰ ਨਾਲ ਪੰਥ ਪ੍ਰਸਤ ਪਾਰਟੀ ਨੂੰ ਫੇਲ ਕਰਨ ਦਾ ਯਤਨ ਕਰੇਗੀ। ਪ੍ਰੋ. ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਸਿਆਸੀ ਨਹੀਂ ਸਗੋਂ ਨਿਰੋਲ ਧਾਰਮਿਕ ਹੋਵੇਗੀ ਅਤੇ ਚੋਣਾਂ ਵਿੱਚ ਚੰਗੇ ਅਕਸ਼ ਵਾਲੇ ਉਮੀਦਵਾਰ ਦੀ ਹਮਾਇਤ ਕਰੇਗੀ ਜਿਹੜਾ ਪੰਜਾਬ ਦੀ ਹਾਕਮ ਧਿਰ ਦੇ ਗਲੇ ਤੋਂ ਥੱਲੇ ਉਤਰਨਾ ਆਸਾਨ ਨਹੀਂ ਹੈ। ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਇਹ ਸ਼ੀਸ਼ਾ ਸਾਹਮਣੇ ਆਉਦਾ ਹੈ ਕਿ ਕੀ ਕਰੋੜਾਂ ਦੀ ਫਰਮ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਪ੍ਰੋਫੈਸਰ ਸਾਹਿਬ ਟਿੱਕ ਪਾਉਣਗੇ?

ਕੁਲ ਮਿਲਾ ਕੇ ਸ੍ਰੀ ਅਕਾਲ ਵੱਲੋਂ ਪੰਥ ਵਿੱਚੋ ਛੇਕ ਜਾਣ ਉਪਰੰਤ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕਾਫੀ ਹੁੰਗਾਰਾ ਮਿਲਿਆ ਤੇ ਇਸ ਹੁੰਗਾਰੇ ਨੂੰ ਹੋਰ ਅੱਗੇ ਤੋਰਨ ਲਈ ਉਹਨਾਂ ਨੂੰ ਸ੍ਰੋਮਣੀ ਕਮੇਟੀ ਮਾਰਕਾ ਜਥੇਦਾਰਾਂ ਨਾਲ ਟੱਕਰ ਲੈਣ ਲਈ ਵੀ ਗੁਰੂ ਗਰੰਥ ਤੇ ਗੁਰੂ ਪੰਥ ਦਾ ਸਹਾਰਾ ਲੈਣਾ ਪਿਆ ਹੈ। ਕਾਮਾਯਾਬੀ ਮਿਲੇ ਜਾਂ ਨਾ ਮਿਲੇ ਇਹ ਸਵਾਲ ਤਾਂ ਭਵਿੱਖ ਦੀ ਬੁੱਕਲ ਵਿੱਚ ਛਿੱਪਿਆ ਪਿਆ ਹੈ, ਪਰ ਉਹਨਾਂ ਨੇ ਇੱਕ ਵਧੀਆ ਮੰਚ ਸ਼੍ਰੋਮਣੀ ਕਮੇਟੀ ਤੇ ਉਸ ਦੁਆਰਾ ਥਾਪੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੇ ਸਾਹਮਣੇ ਖੜਾ ਕਰ ਦਿੱਤਾ ਹੈ, ਜਿਸ ਦਾ ਤਾਣਾ ਪੇਟਾ ਜਲਦੀ ਹੀ ਤਿਆਰ ਹੋ ਜਾਣ ਦੀ ਆਸ ਹੈ। ਸ੍ਰੀ ਅਕਾਲ ਤਖਤ ਤੋ ਟੁੱਟੇ ਸਾਰੇ ਹੀ ਸਿੱਖਾਂ ਦੇ ਇਸ ਮੰਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹੁਣ ਵੇਖਣਾ ਇਹ ਹੈ ਕਿ ਇਸ ਮੰਚ ਵਿੱਚ ਸਪੋਕਸਮੈਨ ਤੇ ਕਾਲਾ ਅਫਗਾਨਾ ਤੋਂ ਇਲਾਵਾ ਕੋਈ ਹੋਰ ਵੀ ਸਿੱਖ ਸ਼ਾਮਲ ਹੁੰਦੇ ਹਨ ਜਾਂ ਨਹੀਂ, ਪਰ ਸੂਚਨਾ ਮੁਤਾਬਕ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਮੰਚ ਤੋ ਕਾਫੀ ਘਬਰਾਏ ਹੋਏ ਹਨ ਅਤੇ ਉਹਨਾਂ ਨੇ ਅੱਜ ਤੋਂ ਹੀ ਇਸ ਮੰਚ ਵਿਰੁੱਧ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

ਮਿਤੀ 8 ਜਨਵਰੀ 2013


ਟਿੱਪਣੀ:

ਇਹ ਲੇਖ ਹਰ ਉਸ ਸ਼ਖਸ ਨੂੰ ਪੜ੍ਹਨਾ ਚਾਹੀਦਾ ਹੈ, ਜਿਸਨੂੰ ਪ੍ਰੋ. ਦਰਸ਼ਨ ਸਿੰਘ ਬਾਰੇ ਹਾਲੇ ਵੀ ਕੋਈ ਭੁਲੇਖਾ ਹੈ। ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕੋਈ ਗੁਰੂ ਨਹੀਂ ਮੰਨਦੇ, ਜਾਂ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਹੋ ਨਹੀਂ ਸਕਦਾ, ਪਰ ਜੋ ਪ੍ਰੋ. ਦਰਸ਼ਨ ਸਿੰਘ ਦੀ ਦੇਣ ਖ਼ਾਲਸਾ ਪੰਥ ਨੂੰ ਹੈ, ਕੋਈ ਵਿਰਲਾ ਹੀ ਕਰ ਸਕਦਾ ਹੈ। ਇਹ ਕੋਈ ਸਟੇਜੀ ਕਲਾਕਾਰ ਨਹੀਂ, ਅਮਲੀ ਰੂਪ ਵਿੱਚ ਕਰ ਦਿਖਾਉਣ ਵਾਲੇ ਦਲੇਰ ਸਿੱਖ ਹਨ, ਜਿਨ੍ਹਾਂ ਨੇ ਸਮੇਂ ਸਮੇਂ ਇਤਿਹਾਸ ਰੱਚਿਆ ਹੈ।

ਖ਼ਾਲਸਾ ਨਿਊਜ਼, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਨਾਲ ਹੈ ਤੇ ਰਹੇਗੀ, ਹਰ ਉਸ ਸਿੱਖ, ਹਰ ਉਸ ਪ੍ਰਚਾਰਕ, ਹਰ ਉਸ ਜਥੇਬੰਦੀ ਨਾਲ ਹੈ ਤੇ ਰਹੇਗੀ, ਜਿਨ੍ਹਾਂ ਦੀ ਕਥਨੀ ਅਤੇ ਕਰਣੀ ਇੱਕ ਹੈ, ਸਟੇਜੀ ਕਲਾਕਾਰਾਂ ਨਾਲ ਨਹੀਂ, ਦੋਗਲਿਆਂ ਨਾਲ ਨਹੀਂ। ਲੋਕ ਜੋ ਮਰਜੀ ਸਮਝੀ ਜਾਣ, ਕਿ ਅਸੀਂ ਇੱਕ ਪਾਸੜ ਗੱਲ ਕਰਦੇ ਹਾਂ..., ਹਾਂ ਅਸੀਂ ਇੱਕ ਪਾਸੜ ਹੀ ਗੱਲ ਕਰਦੇ ਹਾਂ, ਇੱਕ ਗੁਰੂ ਦੀ, ਗੁਰਮਤਿ ਦੀ, ਅਸੀਂ ਦੋਗਲੇ ਨਹੀਂ, ਕਿ ਜਿਵੇਂ ਜਥੇਦਾਰਾਂ ਨੂੰ ਵੀ ਮੰਨੀ ਜਾਓ ਅਤੇ ਜਥੇਦਾਰਾਂ ਨੂੰ ਅਖੌਤੀ ਵੀ ਕਹੀ ਜਾਓ...

ਜੇ ਅਸੀਂ ਇਸ ਨਿਧੜਕ ਦੂਰਅੰਦੇਸ਼ੀ ਸਿੱਖ ਦਾ ਸਾਥ ਨਹੀਂ ਦੇਣਾ, ਤਾਂ ਕਿ ਕਿਸੇ ਹਿੰਦੂ ਜਾਂ ਮੁਸਲਮਾਨ ਨੇ ਦੇਣਾ ਹੈ? ਸਿੱਖਾਂ ਨੇ ਹੀ ਦੇਣਾ ਹੈ ਨਾ। ਕਮੀਆਂ ਖਾਮੀਆਂ ਹਰ ਇਨਸਾਨ 'ਚ ਹੁੰਦੀਆਂ ਹਨ, ਰੱਬ ਤੇ ਗੁਰੂ ਤੋਂ ਛੁੱਟ ਹਰ ਕਿਸੇ 'ਚ ਕਮੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਕਾਇਮ ਕਰਨ ਅਤੇ ਅਕਾਲ ਤਖ਼ਤ ਨੂੰ ਸਿਆਸੀ ਗਲਬੇ ਤੋਂ ਛੁੜਾਉਣ ਲਈ ਹਰ ਸਿੱਖ ਅਤੇ ਸਿੱਖ ਜਥੇਬੰਦੀ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top