Share on Facebook

Main News Page

ਸਿੱਖ ਕਿਸਦਾ ਉਪਾਸ਼ਕ ਹੈ ਅਕਾਲ ਦਾ ਜਾਂ ਮਹਾਂਕਾਲ ਦਾ?:
- ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਮੋ: 098721-18848, 095921-96002

ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਤੋਂ ਪਹਿਲਾਂ ਦੁਨੀਆਂ ਵਿੱਚ ਕਈ ਤਰ੍ਹਾਂ ਦੀ ਪੂਜਾ ਲੋਕਾਈ ਕਰਿਆ ਕਰਦੀ ਸੀ, (ਅੱਜ ਵੀ ਕਰ ਰਹੀ ਹੈ) ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇਂ ਕੇਵਲ ਇੱਕ ਨਿਰੰਕਾਰ ਦੀ ਪੂਜਾ ਦਾ ਹੀ ਸਬਕ ਪੜ੍ਹਾਇਆ ਹੈ, ੴਸਤਿਨਾਮੁ ਦੀ ਵਡਿਆਈ ਦੇ ਨਾਲ ਦੁਨੀਆਂ ਨੂੰ ਜੋੜ੍ਹਨ ਦਾ ਉਪਰਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਸਿਖਾਇਆ ਹੈ, ਹੋਰ ਕਿਸੇ ਨੇਂ ਨਹੀ, ਦੁਨੀਆਂ ਨੂੰ ਸੱਚ ਦਾ ਮਾਰਗ ਦਿਖਾਉਂਦਿਆਂ ਇਹ ਪਾਵਨ ਬਚਨ ਉਚਾਰਨ ਕੀਤੇ-

ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥ ਅਗਮ ਅਗੋਚਰੁ ਰੂਪੁ ਨ ਰੇਖਿਆ॥ ਖੋਜਤ ਖੋਜਤ ਘਟਿ ਘਟਿ ਦੇਖਿਆ॥ (39)

ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਤੇ ਮਾਰਨ ਵਾਲਾ, ਕੇਵਲ ਇੱਕ ਪ੍ਰਮਾਤਮਾਂ ਹੀ ਹੈ, ਕੋਈ ਬ੍ਰਹਮਾਂ, ਵਿਸ਼ਨੂੰ, ਜਾਂ ਸ਼ਿਵ ਨਹੀ ਹੈ। ਸਾਹਿਬ ਦੇ ਬਚਨ ਹਨ-

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥

ਦਾਤਾ ਕਰਤਾ ਆਪ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ (463)

ਕਈ ਸੱਜਣ ਜਦੋਂ ਸੰਸਾਰ ਵਿੱਚ ਪਾਪ ਜਾਂ ਬੁਰਾਈ ਵੇਖਦੇ ਹਨ, ਤਾਂ ਸੰਸੇ ਵਿੱਚ ਪੈ ਜਾਂਦੇ ਹਨ, ਕਈ ਪੁਰਾਨੇ ਮੱਤਾਂ ਨੇ ਨੇਕੀ ਤੇ ਬਦੀ ਦੇ ਦੋ ਰੱਬ ਵੀ ਮੰਨੇ ਹਨ। ਕਈ ਈਸ਼ਵਰ ਤੋਂ ਅੱਡ ਸ਼ੈਤਾਨ ਦੀ ਹਸਤੀ ਵੀ ਮੰਨਦੇ ਹਨ, ਜੋ ਮਨੁੱਖਾਂ ਨੂੰ ਬੁਰਾਈ ਵੱਲ ਪ੍ਰੇਰਦਾ ਹੈ। ਪਰ ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਭਲੇ ਜਾਂ ਬੁਰੇ ਪਾਸੇ ਜਾਣ ਵਾਲੀ ਜੋ ਵੀ ਸ਼੍ਰਿਸ਼ਟੀ ਨਜਰ ਪੈਦੀ ਹੈ ਸਭ ਉਸ ਇੱਕ ਦੀ ਹੀ ਪੈਦਾਇਸ਼ ਹੈ-

ਕਈ ਕੋਟਿ ਹੋਇ ਪੂਜਾਰੀ॥ ਕਈ ਕੋਟਿ ਆਚਾਰ ਬਿਉਹਾਰੀ॥

ਕਈ ਕੋਟਿ ਭਏ ਤੀਰਥ ਵਾਸੀ॥ ਕਈ ਕੋਟਿ ਬਨ ਭ੍ਰਮਹਿ ਉਦਾਸੀ॥ …

ਆਦਿਕ ਬਚਨ ਕਰਕੇ ਸਾਰੇ ਸ਼ੰਕੇ ਹੀ ਦੂਰ ਕਰ ਦਿੱਤੇ ਹਨ, ਫਿਰ ਇਹ ਵੀ ਕਹਿ ਦਿੱਤਾ ਕਿ ਉਸਨੂੰ ਸੰਸਾਰ ਦਾ ਪ੍ਰਬੰਧ ਚਲਾਉਣ ਵਕਤ ਕਿਸੇ ਹੋਰ ਦੇਵੀ ਦੇਵਤੇ ਜਾਂ ਕਿਸੇ ਵੀ ਹੋਰ ਸ਼ਕਤੀ ਦੀ ਸਾਲਾਹ ਲੈਣ ਦੀ ਜਰੂਰਤ ਨਹੀ ਪੈਂਦੀ ਹੈ-

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥ (276)

ਉਹ ਆਪਣੇ ਆਪ ਤੋਂ ਖੁਦ ਹੀ ਪੈਦਾ ਹੋਇਆ ਹੈ, ਉਹ ਸਰਬਕਲਾਂ ਸਮਰੱਥ ਹੈ, ਨਾਂ ਉਸਦੀ ਕੋਈ ਮਾਂ ਹੈ ਨਾਂ ਪਿਉ। ਨਾਂ ਉਹ ਕੋਈ ਪੱਥਰ ਦੀ ਮੂਰਤ ਹੈ, ਤੇ ਨਾਂ ਹੀ ਕੋਈ ਖਾਸ ਕਿਸੇ ਦਾ ਮਿਥਿਆ ਹੋਇਆ ਦੇਵਤਾ। ਇਹ ਸਭ ਬਚਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੇਂ ਸਾਰੇ ਸੰਸਾਰ ਨੂੰ ਸਿੱਧਾ ਪ੍ਰਮਾਤਮਾਂ ਦੇ ਨਾਲ ਜੋੜ੍ਹ ਦਿੱਤਾ, ਤੇ ਹਰ ਪ੍ਰਕਾਰ ਦੀ ਧਾਰਮਿਕ ਗੁਲਾਮੀਂ ਤੋਂ ਆਜਾਦ ਕਰਵਾ ਦਿੱਤਾ। ਉਸ ਅਕਾਲ ਪੁਰਖ ਨੇ ਹੀ ਸਮਾਂ ਪੈਦਾ ਕੀਤਾ ਹੈ, ਪਰ ਉਹ ਆਪ ਸਮੇਂ ਤੇ ਕਾਲ ਦੀਆਂ ਹੱਦਾਂ ਤੋਂ ਬਹੁਤ ਪਰੇ ਹੈ। ਸਾਰਾ ਸੰਸਾਰ ਸਮੇਂ ਕਾਲ ਦੀਆਂ ਹੱਦਾਂ ਦੇ ਅੰਦਰ ਹੀ ਜੰਮਦਾ ਤੇ ਮਰਦਾ ਹੈ, ਪਰ ਅਕਾਲ ਪੁਰਖ ਇਸ ਤੋਂ ਬਹੁਤ ਪਰ੍ਹੇ ਹੈ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਹਰ ਪ੍ਰਕਾਰ ਦੀ ਅਖੌਤੀ ਦੈਵੀ ਸ਼ਕਤੀ ਤੋਂ ਤੋੜ੍ਹ ਕੇ ਸਿੱਧਾ ਪ੍ਰਮਾਤਮਾਂ ਦੇ ਨਾਲ ਜੋੜ੍ਹਦੇ ਹਨ। ਪਰ ਅਜੋਕੇ ਦੌਰ ਵਿੱਚ ਸਿੱਖ ਧਰਮ ਨੂੰ ਤੇ ਸਿੱਖ ਦੀ ਸੋਚ ਨੂੰ ਬਦਲ ਦੇਣ ਦੇ ਕੋਝੇ ਉਪਰਾਲੇ ਬੜ੍ਹੀ ਤੇਜੀ ਦੇ ਨਾਲ ਕੀਤੇ ਜਾ ਰਹੇ ਹਨ, ਇਹਨਾਂ ਉਪਰਾਲਿਆਂ ਵਿੱਚ ਸਭ ਤੋਂ ਵੱਡਾ ਉਪਰਾਲਾ ਹੈ ਦਸਮ ਗ੍ਰੰਥ ਵਿੱਚ ਵਰਤੇ ਸ਼ਿਵ ਜੀ ਦੇ ਇੱਕ ਨਾਮ ਮਹਾਂਕਾਲ ਦਾ, ਜਿਸਨੂੰ ਅਕਾਲ ਪੁਰਖ ਵਾਚਕ ਮੰਨ ਕੇ ਦੁਬਿਧਾ ਖੜ੍ਹੀ ਕਰ ਦਿਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਅਕਾਲ ਪੁਰਖ ਦੀ ਹੀ ਵਡਿਆਈ ਦਾ ਸ਼ੰਦੇਸ਼ ਦਿੱਤਾ ਗਿਆ ਹੈ ਨਾਂ ਕਿ ਮਹਾਂਕਾਲ ਦਾ।

ਇਸ ਸਮੇਂ ਸਿੱਖ ਕੌਮ ਵਿੱਚ ਅਸੀਂ ਤਿੰਨ ਪ੍ਰਕਾਰ ਦੇ ਸਿੱਖਾਂ ਦਾ ਜਿਕਰ ਕਰ ਸਕਦੇ ਹਾਂ-

  1. ਜੋ ਦਸਮ ਗ੍ਰੰਥ ਵਿੱਚ ਵਰਤੇ ਅਖੌਤੀ ਨਾਮ ਮਹਾਂਕਾਲ ਨੂੰ ਅਕਾਲ ਪੁਰਖ ਵਾਚਕ ਨਹੀਂ ਮੰਨਦੇ।

  2. ਦੂਸਰੇ ਉਹ ਹਨ, ਜੋ ਕਿਸੇ ਵੀ ਪ੍ਰਕਾਰ ਦੀ ਵੀਚਾਰ, ਦਲੀਲ, ਜਾਂ ਬਹਿਸ ਨੂੰ ਮਾਨਤਾ ਨਾਂ ਦੇਂਦੇ ਹੋਏ ਦਸਮ ਗ੍ਰੰਥ ਵਿੱਚ ਵਰਤੇ ਮਹਾਂਕਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਮਾਤਮਾਂ ਦਾ ਵਰਤਿਆ ਨਾਂ ਹੀ ਮੰਨਦੇ ਹਨ।

  3. ਤੀਜੇ ਉਹ ਹਨ, ਜੋ ਇਹਨਾਂ ਚੱਕਰਾਂ ਵਿੱਚ ਪੈਣਾਂ ਹੀ ਨਹੀ ਚਾਹੁੰਦੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕੋਈ ਵੀ ਜਾਣਕਾਰੀ ਨਹੀ ਰੱਖਦੇ ਹਨ।

ਆਉ ਪਹਿਲਾਂ ਇਹ ਜਾਣੀਏਂ ਕਿ ਮਹਾਂਕਾਲ ਕੀ ਹੈ?

ਮਹਾਂਕਾਲ ਦਾ ਅਰਥ ਹੈ, ਵੱਡਾ ਕਾਲ, ਵਿਨਾਸ਼ਕਾਰੀ ਰੂਪ ਵਿੱਚ ਸ਼ਿਵ ਜੀ ਦਾ ਇੱਕ ਨਾਂ।

ਐਲੀਫੈਂਟਾ (ਬੰਬਈ) ਦੀਆਂ ਗੁਫਾਵਾਂ ਵਿੱਚ ਸ਼ਿਵ ਜੀ ਦੇ ਮਹਾਂਕਾਲ ਸਰੂਪ ਦਾ ਅੱਠ ਬਾਹਾਂ ਨਾਲ ਨਿਰੂਪਣ ਕੀਤਾ ਗਿਆ ਹੈ। ਉਸਦੇ ਇੱਕ ਹੱਥ ਵਿੱਚ ਮਨੁੱਖੀ ਆਕਾਰ ਹੈ, ਦੂਜੇ ਵਿੱਚ ਤਲਵਾਰ ਜਾਂ ਬਲੀ ਦੇਣ ਵਾਲਾ ਕੁਹਾੜ੍ਹਾ, ਚੌਥੇ ਵਿੱਚ ਪੂਜਾ ਦਾ ਟੱਲ, ਦੋ ਹੱਥਾਂ ਨਾਲ ਉਹ ਆਪਣੇ ਵੱਲ ਪੜ੍ਹਦਾ ਖਿੱਚ ਰਿਹਾ ਹੈ, ਜਿਹੜ੍ਹਾ ਸੂਰਜ ਨੂੰ ਨੰਗਾ ਕਰ ਦਿੰਦਾ ਹੈ, ਅਤੇ ਬਾਕੀ ਦੇ ਹੱਥ ਟੁੱਟੇ ਹੋਏ ਹਨ।

ਜੌਨ ਡੌਸਨ ਦਾ ਲਿਖਿਆ ਹਿੰਦੂ ਮਿਥਿਹਾਸ ਕੋਸ਼ ਕਹਿੰਦਾ ਹੈ - ਮਹਾਂਕਾਲ, ਗਣਾਂ ਜਾਂ ਸ਼ਿਵ ਜੀ ਦੇ ਸੇਵਾਦਾਰਾਂ ਦਾ ਮੁਖੀ ਹੈ। (ਅਕਾਲ ਪੁਰਖ ਨਹੀ)

ਸ਼ਿਵ ਦੇ ਪ੍ਰਾਪਤ ਸ਼ਕਤੀਆਂ ਦੀ ਭਿੰਨਤਾ ਕਾਰਨ 1008 ਨਾਂ ਹਨ, ਜਿੰਨ੍ਹਾਂ ਵਿੱਚੋਂ ਕੁੱਝ ਕੁ ਪ੍ਰਸਿੱਧ ਨਾਮ ਇਸ ਪ੍ਰਕਾਰ ਹਨ-ਅਘੋਰ, ਭਿਆਨਕ, ਬਭਰੂ, ਭਗਵਤ, ਦੇਵ, ਚੰਦਰਸ਼ੇਖਰ, ਗੰਗਾਧਰ, ਚੰਨ ਦੇ ਤਾਜ ਵਾਲਾ, ਗਿਰੀਸ਼, ਹਰਿ, ਈਸ਼ਾਨ, ਜਟਾਧਰ, ਜਲਮੂਰਤੀ, ਸਮਾਂ, ਮਹਾਂ ਸਮਾਂ, ਕਾਲ, ਮਹਾਂਕਾਲ, ਉਗਰ, ਭੈਰਵ, ਵਿਸ਼ਵਨਾਥ, ਕੈਲਾਸ਼-ਪਤੀ, ਆਦਿਕ … ….

ਹਿੰਦੂ ਮਿਥਿਹਾਸ ਕੋਸ਼ ਦੀ ਅਕੱਟ ਗਵਾਹੀ ਦੇ ਆਧਾਰ ਤੇ ਉਪਰ ਲਿਖੇ ਨੋਟ ਦੁਆਰਾ ਇਹ ਸ਼ਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਮਹਾਂਕਾਲ ਸ਼ਿਵ ਦਾ ਹੀ ਇੱਕ ਲਕਬ ਹੈ। ਇਹਨਾਂ ਰਚਨਾਵਾਂ ਨੂੰ ਮੁਦਾ ਬਣਾਕੇ ਅੱਜ ਬਹੁਤ ਉਚ ਪੱਧਰ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਸ਼ਿਵ ਭਾਵ ਮਹਾਂਕਾਲ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹਨ-

ਮਹਾਂਕਾਲ ਰਖਵਾਰ ਹਮਾਰੋ। ਮਹਾਂ ਲੋਹ ਮੈ ਕਿੰਕਰ ਥਾਰੋ।

ਆਦਿਕ ਕੱਚੀਆਂ ਪਿੱਲੀਆਂ ਰਚਨਾਵਾਂ ਨੂੰ ਐਵੇਂ ਹੀ ਧੱਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ੍ਹਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਨਿਰਮੂਲ ਹੈ-ਮਹਾਂਕਾਲ ਸੰਬੰਧੀ ਹੋਰ ਜਾਣਕਾਰੀ-

ਦੈਂਤ ਸਵਾਸ ਬੀਜ ਤੋਂ ਬਚਣ ਲਈ ਸਾਰੇ ਦੇਵਤੇ ਮਹਾਂਕਾਲ ਦੇ ਚਰਣਾਂ ਵਿੱਚ ਇਵੇਂ ਅਰਦਾਸਾਂ ਕਰਦੇ ਹਨ,

ਡਗ ਮਗ ਲੋਕ ਚਤੁਰ ਦਸ ਭਏ। ਅਸੁਰਨ ਸਾਥ ਸਕਲ ਭਰ ਗਏ। ਬ੍ਰਹਮਾਂ ਬਿਸਨ ਸਭੈ ਡਰ ਪਾਨੇ। ਮਹਾਂਕਾਲ ਕੀ ਸ਼ਰਨ ਸਿਧਾਨੇ।

ਮਹਾਂਕਾਲ ਖਿੜ੍ਹ ਖਿੜ੍ਹਾ ਕੇ ਹੱਸਿਆ ਤੇ ਸਵਾਸ ਬੀਜ ਨੂੰ ਮਾਰਨ ਲਈ ਯੁੱਧ ਵਿੱਚ ਕੁੱਦ ਪਿਆ। ਚੌਂਹ ਤੀਰਾਂ ਨਾਲ ਉਸਦੇ ਝੰਡੇ, ਰਥ ਘੋੜ੍ਹਿਆ ਨੂੰ ਧਰਤੀ ਉਤੇ ਡੇਗਕੇ ਉਸ ਦਾ ਸਿਰ ਤਲਵਾਰ ਨਾਲ ਵੱਡ ਦਿੱਤਾ।

ਪੁਨਿ ਰਾਛਸ ਕਾ ਕਾਟਾ ਸੀਸਾ। ਸ਼੍ਰੀ ਅਸਿਕੇਤ ਜਗਤ ਕੇ ਈਸਾ।

ਭਾਵ - ਮਹਾਂਕਾਲ ਜੋ ਜਗਤ ਦਾ ਈਸ਼ਵਰ ਹੈ ਅਤੇ ਜਿਸਦੇ ਝੰਡੇ ਵਿੱਚ ਤਲਵਾਰ ਦਾ ਨਿਸ਼ਾਨ ਹੈ, ਨੇ ਸਵਾਸਬੀਜ ਦਾ ਸਿਰ ਵੱਡ ਦਿੱਤਾ।

ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਇੱਕ ਜਗ੍ਹਾ ਲਿਖਦੇ ਹਨ, ਕਾਲਕਾ ਪੁਰਾਨ ਅਨੁਸਾਰ ਸ਼ਿਵ ਦੇ ਇੱਕ ਪੁਤਰ ਦਾ ਨਾਮ ਵੀ ਮਹਾਂਕਾਲ ਹੈ, ਇੱਕ ਵਾਰ ਸ਼ਿਵ ਨੇ ਆਪਣਾਂ ਵੀਰਯ ਅਗਨੀ ਵਿੱਚ ਅਸਥਾਪਨ ਕੀਤਾ, ਉਸ ਵੇਲੇ ਦੋ ਬੂੰਦਾਂ ਬਾਹਰ ਡਿੱਗ ਪਈਆਂ ਇੱਕ ਬੂੰਦ ਤੋਂ ਮਹਾਂਕਾਲ ਤੇ ਦੂਜੀ ਤੋਂ ਭਰਿੰਗੀ ਪੈਦਾ ਹੋਇਆ।

ਪ੍ਰਿੰ: ਹਰਭਜਨ ਸਿੰਘ ਜੀ ਲਿਖਦੇ ਹਨ ਕਿ ਮਹਾਂਕਾਲ ਸ਼ਿਵ ਦਾ ਹੀ ਇੱਕ ਨਾਮ ਹੈ। ਸ਼ਿਵ ਭਾਵ ਮਹਾਂਕਾਲ ਦਾ ਵੇਦਾਂ ਵਿੱਚ ਕੋਈ ਵੀ ਜਿਕਰ ਨਹੀ ਹੈ। ਇਹਨਾਂ ਦਾ ਵਰਨਣ ਪੁਰਾਣਾਂ ਵਿੱਚ ਹੈ। ਜੋ ਮਿਥਿਹਾਸਕ ਹਨ, ਕਲਪਨਾਂ ਮਾਤ੍ਰ ਹਨ।

ਮਹਾਂਕਾਲ ਵਾਮ-ਮਾਰਗੀਆਂ ਦਾ ਭਗਵਾਨ ਹੈ, ਸਿੱਖਾਂ ਦਾ ਨਹੀ। ਦਸਮ ਗ੍ਰੰਥ ਵਿੱਚ ਮਹਾਂਕਾਲ ਦੇ 37 ਵੱਖ ਵੱਖ ਨਾਮ ਹਨ। ਦਸਮ ਗ੍ਰੰਥ ਵਿੱਚ ਹੀ ਮਹਾਂਕਾਲ ਦੀ ਸ਼ਕਤੀ ਕਾਲੀ ਦੇਵੀ ਦੇ ਤਕਰੀਬਨ 41 ਵੱਖ ਵੱਖ ਨਾਮਾਂ ਦਾ ਜਿਕਰ ਹੈ। ਮੇਰੇ ਵੀਚਾਰਵਾਨ ਵਿਦਵਾਨ ਵੀਰ ਦੱਸਣ ਕਿ ਕੀ ਮਹਾਂਕਾਲ ਅਥਵਾ ਉਸਦੀ ਸ਼ਕਤੀ ਦੇਵੀ ਦੇ ਵੱਖ ਵੱਖ ਕਲਪਿਤ ਰੂਪਾਂ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਜਾਗਤ ਜੋਤ ਛੱਡਕੇ ਅਰਜੋਈਆਂ ਕਰਨ ਵਾਲਾ ਕਦੀ ਗੁਰੂ ਨਾਨਕ ਦੇਵ ਜੀ ਦੀ ਦਸਵੀ ਜੋਤ ਦਾ ਮਾਲਕ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦੴ ਤੇ ਉਸਤੋਂ ਬਾਅਦ ਦਾ ਦੂਸਰਾ ਸ਼ਬਦ ਆਉਂਦਾ ਹੈ ਸਤਿਨਾਮੁ, ਸਤਿ ਸ਼ਬਦ ਦੇ ਅਰਥ ਹਨ-ਹੋਂਦ ਵਾਲਾ, ਹਸਤੀ ਵਾਲਾ, ਉਹ ਜੋ ਹੈ। ਕੇਵਲ ਕਲਪਨਾਂ ਮਾਤ੍ਰ ਜਾਂ ਮਿਥ ਨਹੀ ਹੈ। ਅਸੀਂ ਇਹ ਵੀਚਾਰ ਕਰ ਆਏ ਹਾਂ ਕਿ ਮਹਾਂਕਾਲ ਪੁਰਾਣਾਂ ਦੀ ਇੱਕ ਕਲਪਨਾਂ ਹੈ। ਕੀ ਸਿੱਖ ਕਲਪਨਾਂ ਦਾ ਪੂਜਾਰੀ ਹੈ ਜਾਂ ਸਤਿਨਾਮੁ ਦਾ?

ਕਿੱਡੀ ਅਜੀਬ ਜਿਹੀ ਗੱਲ ਹੈ ਕਿ ਅਹਿੰਸਾ ਦੇ ਪੂਜਾਰੀ ਲੋਕ ਵੀ ਜੋ ਮੱਛੀ, ਮਾਸ ਦਾ ਨਾਂ ਲੈਣਾਂ ਜਾਂ ਸੁਣਨਾਂ ਵੀ ਪਾਪ ਸਮਝਦੇ ਹਨ। ਪਰ ਮਹਾਂਕਾਲ ਨੂੰ ਕਿਸੇ ਨਾਂ ਕਿਸੇ ਰੂਪ ਵਿੱਚ ਅਕਾਲ ਪੁਰਖ ਮੰਨੀ ਬੈਠੇ ਹਨ। ਮਹਾਂਕਾਲ ਦੀ ਪੂਜਾ ਵਾਸਤੇ ਪੰਜ ਚੀਜਾਂ ਬਹੁਤ ਜਰੂਰੀ ਹਨ, ਸ਼ਰਾਬ, ਮਾਸ, ਮੱਛੀ, ਮੁਦ੍ਰਾ (ਭੁਜੇ ਹੋਏ ਚਿੜ੍ਹਵੇ ਤੇ ਕਣਕ ਦਾ ਬੇਰੜ੍ਹਾ) ਮੈਥਨ (ਜਿਨਸੀ ਮਿਲਾਪ) ਜਿਸ ਵਿੱਚ ਮਾਂ ਆਪਣੇਂ ਪੁੱਤ ਨਾਲ, ਭੈਣ ਭਰਾ ਨਾਲ, ਪਿਉ ਆਪਣੀਂ ਧੀਅ ਦੇ ਨਾਲ ਵੀ ਕਰ ਸਕਦਾ ਹੈ। ਐਸੇ ਮਹਾਂਕਾਲ ਦੀ ਅਖੌਤੀ ਪੂਜਾ ਸਿੱਖ ਨਾਂ ਤਾਂ ਕਰਦਾ ਹੈ ਤੇ ਨਾਂ ਹੀ ਕਦੀ ਕਰ ਹੀ ਸਕਦਾ ਹੈ। ਕਈ ਵੀਰ ਇਹ ਕਹਿ ਦਿੰਦੇ ਹਨ ਕਿ ਅਸੀਂ ਉਸ ਮਹਾਂਕਾਲ ਦੀ ਪੂਜਾ ਹੀ ਨਹੀ ਕਰਦੇ ਜੋ ਵਾਮ ਮਾਰਗੀਆਂ ਦਾ ਹੈ, ਅਸੀ ਜੇਕਰ ਮਹਾਂਕਾਲ ਨੂੰ ਅਕਾਲ ਪੁਰਖ ਵਾਚਕ ਮੰਨਕੇ ਪੂਜੀ ਜਾਈਏ ਤਾਂ ਕੀ ਮਾੜ੍ਹੀ ਗੱਲ ਹੈ। ਮੈਂ ਏਥੇ ਉਹਨਾਂ ਨੂੰ ਗਿਆਨੀ ਭਾਗ ਸਿੰਘ ਦੀ ਇੱਕ ਉਦਾਹਰਨ ਦਿਆਂਗਾ ਜੋ ਉਹਨਾਂ ਨੇਂ ਇੱਕ ਵਾਰ ਇੱਕ ਰਾਗੀ ਸਿੰਘ ਨੂੰ ਦਿੱਤੀ ਸੀ, ਕਿ ਜੇਕਰ ਕੋਈ ਬੰਦਾ ਸਾਬਣ ਦੇ ਝੱਗ ਵਾਲੇ ਪਾਣੀਂ ਨੂੰ ਇਹ ਕਹਿਕੇ ਕਿ ਜੇਕਰ ਮੈਂ ਇਸਨੂੰ ਦੁੱਧ ਸਮਝ ਕੇ ਪੀ ਲਵਾਂ ਤਾਂ ਕੀ ਹਰਜ ਹੈ? ਦਿੱਤੀ ਸੀ। ਹੁਣ ਦੱਸੋ ਕਿ ਜੇਕਰ ਕੋਈ ਸਾਬਣ ਵਾਲੇ ਪਾਣੀਂ ਨੂੰ ਹੀ ਦੁੱਧ ਕਹਕੇ ਪੀਣ ਦੀ ਜਿਦ ਕਰੇਗਾ ਤਾਂ ਫਿਰ ਅਸੀਂ ਕਰ ਵੀ ਕੀ ਸਕਦੇ ਹਾਂ? ਜੇਕਰ ਮੇਰੇ ਕੁੱਝ ਵੀਰ ਧੱਕੇ ਦੇ ਨਾਲ ਹੀ ਮਹਾਂਕਾਲ ਨੂੰ ਰੱਬ ਸਮਝ ਕੇ ਪੂਜੀ ਜਾਣ ਤਾਂ ਕੋਈ ਦੂਸਰਾ ਕਰ ਵੀ ਕੀ ਸਕਦਾ ਹੈ?

ਕੁਝ ਕੁ ਵੀਰ ਜੋ ਮਹਾਂਕਾਲ ਸਾਹਬ ਦੇ ਬੜ੍ਹੇ ਆਸ਼ਕ ਨੇਂ ਉਹਨਾਂ ਦੀ ਬੇਤੁਕਵੀ ਜਿਹੀ ਦਲੀਲ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਹਾਂਕਾਲ ਦਾ ਜਿਕਰ ਕੀਤਾ ਗਿਆ ਹੈ, ਆਉ ਜਰ੍ਹਾ ਉਸ ਸ਼ਬਦ ਦੀ ਰੌਸ਼ਨੀ ਲਈਏ-

ਜਪਿ ਗੋਬਿੰਦ ਗੁਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥ ਰਹਾਉ}

ਅਰਥ - ਹੇ ਭਾਈ ਗੋਬਿੰਦ ਦਾ ਨਾਮ ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ ਪ੍ਰਮਾਤਮਾਂ ਦਾ ਨਾਮ ਸਿਮਰਿਆ ਕਰ (ਜਿਉਂ ਜਿਉਂ ਪ੍ਰਮਾਤਮਾਂ ਦਾ ਨਾਮ ਸਿਮਰੇਂਗਾ) ਤੈਨੂੰ ਉਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀ ਸਕੇਗੀ। (885)

ਏਥੇ ਤਾਂ ਮਹਾਂ ਕਾਲ ਦਾ ਅਰਥ ਭਿਆਨਕ ਆਤਮਕ ਮੌਤ ਕੀਤਾ ਗਿਆ ਹੈ। ਕੀ ਹੁਣ ਪ੍ਰਮਾਤਮਾਂ ਵੀ ਕਦੇ ਭਿਆਨਕ ਹੁੰਦਾ ਹੈ। ਪ੍ਰਮਾਤਮਾਂ ਭਿਆਨਕ ਆਤਮਕ ਮੌਤ ਨਹੀ ਸੋਹਣਾਂ ਜਿਹਾ ਆਤਮਕ ਜੀਵਨ ਹੈ।

ਦਸਮ ਗ੍ਰੰਥ ਵਿੱਚ ਵਰਤੇ ਗਏ ਦੇਵੀ ਦੇਵਤਿਆਂ ਦੇ ਨਾਮ ਜਾਂ ਮਹਾਂਕਾਲ ਆਦਿਕਾਂ ਦੇ ਨਾਮ ਨੂੰ ਐਵੇਂ ਹੀ ਧੱਕੇ ਦੇ ਨਾਲ ਪ੍ਰਮਾਤਮਾਂ ਸਿੱਧ ਨਹੀ ਕੀਤਾ ਜਾ ਸਕਦਾ। ਇਹ ਤਾਂ ਉਹ ਗੱਲ ਹੈ ਕਿ ਅੱਕਾਂ ਦੀਆਂ ਖਖੜ੍ਹੀਆਂ ਨੂੰ ਅੰਬ ਸਮਝ ਕੇ ਖਾ ਲੈਣਾਂ। ਪਰ ਅੰਬ ਵਰਗਾ ਸੁਆਦ ਨਹੀ ਮਿਲ ਸਕਦਾ। ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਾਧ ਬਾਬੇ ਮਹਾਂਕਾਲ ਦੇ ਪੂਜਾਰੀ ਹਨ। ਸ਼ਾਇਦ ਇਹੋ ਕਾਰਨ ਹੈ ਕਿ ਉਹ ਖੁਲੇ ਆਮ ਬਲਾਤਕਾਰ ਕਰਦੇ ਨੇਂ ਵਾਮਮਾਰਗੀਆਂ ਵਾਲੇ ਸਾਰੇ ਕੰਮ ਕਰਦੇ ਹਨ। ਸ਼ਾਇਦ ਇਹ ਮਹਾਂਕਾਲ ਦੀ ਹੀ ਉਹਨਾਂ ਉਤੇ ਫੁਲ ਕਿਰਪਾ ਹੈ।

ਸਿੱਖ ਅਕਾਲ ਦਾ ਪੂਜਾਰੀ ਹੈ ਮਹਾਂਕਾਲ ਦਾ ਨਹੀ। ਅਖੀਰ ਵਿੱਚ ਮੈਂ ਇਹੋ ਹੀ ਬੇਨਤੀ ਕਰਨਾਂ ਚਾਹਾਂਗਾ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝ ਲਵੋ ਫਿਰਿ ਮਹਾਂਕਾਲ ਵਰਗੇ ਕਿਸੇ ਦੇਵਤੇ ਦੇ ਅੱਗੇ ਹੱਥ ਨਹੀ ਜੋੜ੍ਹਨੇ ਪੈਣਗੇ। ਸਿੱਖ ਅਕਾਲ ਦਾ ਪੂਜਾਰੀ ਹੈ ਮਹਾਂਕਾਲ ਦਾ ਨਹੀ।

ਜਿਨੂੰ ਕਹਿੰਦੇ ਓ ਬਾਣੀ ਗੁਰ ਦਸਵੇਂ ਦੀ, ਉਸੇ ਗੁਰੂ ਨੂੰ ਕਰੇ ਬਦਨਾਮ ਸਿੱਖੋ।

ਮਹਾਂਕਾਲ ਜੇ ਪੰਥ ਚੋਂ ਕੱਢਿਆ ਨਾਂ, ਪੈ ਜਾਏਗੀ ਸਿੱਖੀ ਦੀ ਸ਼ਾਮ ਸਿੱਖੋ।

ਨਾਹੀਂ ਰਹਿਣੇ ਪੰਥ ਦੇ ਬੋਲ ਬਾਲੇ; ਨਾਹੀਂ ਰਹੇਗਾ ਤਖਤ ਅਕਾਲ ਵੀਰੋ।

ਪੱਗਾਂ ਸਾਂਭ ਲਓ ਪਗੜੀਆਂ ਵਾਲਿਓ ਉਏ, ਪਾ ਦੂ ਕਾਲ ਆਕੇ ਮਹਾਂ ਕਾਲ ਵੀਰੋ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top