Share on Facebook

Main News Page

ਮਰਯਾਦਾ ਪੁਰਸ਼ੋਤਮ
-
ਨਿਰਮਲ ਸਿੰਘ ਕੰਧਾਲਵੀ

ਘਟਨਾ ਪਹਿਲੀ

ਚਲਾਣਾ ਕਰ ਗਏ ਬਜ਼ੁਰਗ਼ ਦੇ ਨਮਿੱਤ ਗੁਰਦੁਆਰੇ ਵਿਚ ਸਹਿਜ ਪਾਠ ਦੇ ਭੋਗ ਤੋਂ ਬਾਅਦ ਗ੍ਰੰਥੀ ਸਿੰਘ ਨੇ ਅਨਾਊਂਸ ਕੀਤਾ ਕਿ ਕੁਝ ਬੁਲਾਰਿਆਂ ਵਲੋਂ ਵਿਛੜੇ ਬਜ਼ੁਰਗ਼ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਇਸ ਮਕਸਦ ਵਾਸਤੇ ਕਮੇਟੀ ਵਲੋਂ ਗੁਰਦੁਆਰੇ ਦੀ ਸਟੇਜ ਨਾ ਦਿੱਤੀ ਗਈ। ਇਕ ਸੇਵਾਦਾਰ ਨੇ ਮਾਈਕਰੋਫੋਨ-ਸਟੈਂਡ ਸੰਗਤ ਵਿਚ ਹੀ ਲਿਆ ਰੱਖਿਆ। ਸਟੇਜ ਦੇ ਅੱਗੇ ਇਕ ਨੋਟਿਸ ਲੱਗਾ ਹੋਇਆ ਸੀ ਜਿਸ ਅਨੁਸਾਰ ਜੁਰਾਬਾਂ ਉਤਾਰ ਕੇ ਹੀ ਬੁਲਾਰੇ ਸਟੇਜ ਉੱਪਰ ਜਾ ਸਕਦੇ ਸਨ।

ਜਿਥੇ ਕੁ ਮਾਈਕਰੋਫੋਨ ਸਟੈਂਡ ਰੱਖਿਆ ਗਿਆ, ਸਟੇਜ ਉਥੋਂ ਦਸ ਬਾਰਾਂ ਫੁੱਟ ਦੀ ਦੂਰੀ ‘ਤੇ ਸੀ।

ਸਟੇਜ ਸਕੱਤਰ ਦੀ ਗ਼ੈਰਹਾਜ਼ਰੀ ਵਿਚ ਸਟੇਜ ਦੀ ਸੇਵਾ ਗ੍ਰੰਥੀ ਸਿੰਘ ਗੁਰੂ ਮਹਾਰਾਜ ਦੀ ਤਾਬਿਆ ਬੈਠਾ ਹੀ ਨਿਭਾ ਰਿਹਾ ਸੀ।

ਸ਼ਰਧਾਂਜਲੀ ਦੇਣ ਲਈ ਉਸ ਨੇ ਪਹਿਲੇ ਵਿਅਕਤੀ ਦਾ ਨਾਮ ਅਨਾਊਂਸ ਕੀਤਾ। ਬੁਲਾਰੇ ਨੇ ਮਾਈਕਰੋਫ਼ੋਨ ‘ਤੇ ਆ ਕੇ ਅਜੇ ਫ਼ਤਿਹ ਵੀ ਨਹੀਂ ਸੀ ਬੁਲਾਈ ਕਿ ਦਸ ਬਾਰਾਂ ਫੁੱਟ ਦੀ ਦੂਰੀ ‘ਤੇ ਤਾਬਿਆ ਬੈਠੇ ਗ੍ਰੰਥੀ ਨੇ ਬੜੇ ਕੁਰੱਖ਼ਤ ਲਹਿਜ਼ੇ ਵਿਚ ਬੁਲਾਰੇ ਨੂੰ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਉਹ ਪਹਿਲਾਂ ਆਪਣੀਆਂ ਜੁਰਾਬਾਂ ਉਤਾਰੇ ਤੇ ਫੇਰ ਹੀ ਸਟੇਜ ‘ਤੇ ਬੋਲੇ। ਹਾਜ਼ਰ ਸੰਗਤ ਹੈਰਾਨ ਸੀ ਕਿ ਸਟੇਜ ਤਾਂ ਉਥੋਂ ਦਸ ਬਾਰਾਂ ਫੁੱਟ ਦੂਰ ਸੀ, ਗ੍ਰੰਥੀ ਸਿੰਘ ਕਿਹੜੀ ਸਟੇਜ ਦੀ ਗੱਲ ਕਰ ਰਿਹਾ ਸੀ? ਕੁਝ ਸੱਜਣ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋਏ ਵੀ ਮੌਕੇ ਦੀ ਨਜ਼ਾਕਤ ਨੂੰ ਜਾਣ ਕੇ ਚੁੱਪ ਹੀ ਰਹੇ।

ਬੁਲਾਰਾ ਵਿਚਾਰਾ ਪਾੜ ਉੱਪਰ ਫੜੇ ਗਏ ਚੋਰ ਵਾਂਗ ਸਹਿਮ ਗਿਆ ਤੇ ਉਹਨੇ ਕੰਬਦੇ ਹੋਏ ਹੱਥਾਂ ਨਾਲ ਆਪਣੀਆਂ ਜੁਰਾਬਾਂ ਉਤਾਰ ਕੇ ਉੱਥੇ ਹੀ ਮਾਈਕਰੋਫ਼ੋਨ-ਸਟੈਂਡ ਦੇ ਕੋਲ ਰੱਖ ਦਿੱਤੀਆਂ।

ਜੁਰਾਬਾਂ ‘ਚੋਂ ਅਤੇ ਬੁਲਾਰੇ ਦੇ ਪੈਰਾਂ ‘ਚੋਂ ਉਡੀ ਬਦਬੂ ਨੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਆਪਣੇ ਆਪਣੇ ਨੱਕ ਬੰਦ ਕਰਨ ਲਈ ਮਜਬੂਰ ਕਰ ਦਿੱਤਾ।

ਗ੍ਰੰਥੀ ਸਿੰਘ ਖ਼ੁਸ਼ ਸੀ ਕਿ ਉਹਨੇ ਗੁਰਦੁਆਰੇ ਦੀ ਮਰਯਾਦਾ ਟੁੱਟਣੋਂ ਬਚਾ ਲਈ ਸੀ।

ਘਟਨਾ ਦੂਜੀ

ਗੁਰਦੁਆਰੇ ਵਿਚ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਵਾਲੀ ਸੀ। ਵੀਡੀਓ ਬਣਾਉਣ ਵਾਲਾ ਕੈਮਰਾਮੈਨ ਘੁੰਮ ਫਿਰ ਕੇ ਵੱਖ ਵੱਖ ਕੋਣਿਆਂ ਤੋਂ ਹਾਜ਼ਰ ਸੰਗਤ ਦੀ ਫ਼ਿਲਮ ਬਣਾ ਰਿਹਾ ਸੀ।

ਤਦੇ ਅਚਾਨਕ ਗੁਰਦੁਆਰੇ ਦੇ ਪ੍ਰਧਾਨ ਨੇ ਦੇਖਿਆ ਕਿ ਕੈਮਰਾਮੈਨ ਨੇ ਜੁਰਾਬਾਂ ਪਾਈਆਂ ਹੋਈਆਂ ਸਨ। ਉਸ ਨੇ ਇਸ਼ਾਰੇ ਨਾਲ ਕੈਮਰਾਮੈਨ ਨੂੰ ਕੋਲ ਬੁਲਾਇਆ ਤੇ ਜੁਰਾਬਾਂ ਉਤਾਰਨ ਲਈ ਕਿਹਾ। ਕੈਮਰਾਮੈਨ ਨੇ ਇਕ ਮਿੰਟ ਲਈ ਕੈਮਰਾ ਬੰਦ ਕਰ ਕੇ ਹੇਠਾਂ ਰੱਖਿਆ ਅਤੇ ਜੁਰਾਬਾਂ ਉਤਾਰ ਕੇ ਆਪਣੀ ਜੈਕਟ ਦੀਆਂ ਜੇਬਾਂ ਵਿਚ ਪਾ ਲਈਆਂ ਤੇ ਫਿਲਮ ਬਣਾਉਣ ਵਿਚ ਰੁੱਝ ਗਿਆ।

ਹੁਣ ਉਹ ਗੰਦੀਆਂ ਜੁਰਾਬਾਂ ਜੇਬਾਂ ‘ਚ ਪਾਈ ਪਾਲਕੀ ਦੇ ਆਲੇ ਦੁਆਲੇ ਘੁੰਮ ਕੇ ਲਾਵਾਂ ਦੀ ਫਿਲਮ ਬਣਾ ਰਿਹਾ ਸੀ ਤੇ ਗੰਦੀਆਂ ਜੁਰਾਬਾਂ ਦੀ ਬਦਬੂ ਚਾਰੇ ਪਾਸੇ ਖ਼ਿਲਾਰ ਰਿਹਾ ਸੀ। ਵਿਆਂਦ੍ਹੜ ਜੋੜੀ ਜੁਰਾਬਾਂ ਸਣੇ ਹੀ ਪ੍ਰਕਰਮਾ ਕਰ ਰਹੀ ਸੀ। ਪ੍ਰਧਾਨ ਨੇ ਉਹਨਾਂ ‘ਤੇ ਹੁਕਮ ਲਾਗੂ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਕਰਕੇ ਤਾਂ ਗੋਲਕ ਵਿਚ ਰੌਣਕ ਹੋਣੀ ਸੀ।

ਪ੍ਰਧਾਨ ਮਰਯਾਦਾ ਪਰਸ਼ੋਤਮ ਬਣਿਆ ਧੌਣ ਅਕੜਾਈ ਬੈਠਾ ਸੀ ਕਿ ਉਸ ਨੇ ਕੈਮਰਾਮੈਨ ਦੀਆਂ ਜੁਰਾਬਾਂ ਉਤਰਵਾ ਕੇ ਗੁਰਦੁਆਰੇ ਦੀ ਮਰਯਾਦਾ ਟੁੱਟਣੋਂ ਬਚਾ ਲਈ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top