Share on Facebook

Main News Page

ਸਪੋਕਸਮੈਨ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਚੁੱਪ ਚਪੀਤੇ ਲਿਆ ਵਾਪਸ, ਜਾਂ, ਜਥੇਦਾਰ ਅਕਾਲ ਤਖ਼ਤ ਅਤੇ ਪ੍ਰਧਾਨ ਸਮੇਤ ਸਮੁੱਚੀ ਸ਼੍ਰੋਮਣੀ ਕਮੇਟੀ ਨੇ ਕੀਤੀ ਹੁਕਮਨਾਮੇ ਦੀ ਉਲੰਘਣਾ

* ਛੇਕੇ ਹੋਏ ਸਪੋਕਸਮੈਨ ਨੂੰ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪਧਾਨ ਦੇ ਨਾਵਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਦੇਣੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਹੈ, ਤੇ ਇਹ ਮੰਦਭਾਗੀ ਹੈ: ਗਿਆਨੀ ਵੇਦਾਂਤੀ

ਬਠਿੰਡਾ, 13 ਜਨਵਰੀ (ਕਿਰਪਾਲ ਸਿੰਘ): ਗੁਰਮਤਿ ਦੇ ਧਾਰਨੀ ਪਰ ਆਪਣੇ ਵਿਰੋਧੀ ਵੀਚਾਰਾਂ ਵਾਲਿਆਂ ਦੀ ਜ਼ਬਾਨ ਬੰਦ ਕਰਵਾਉਣ ਲਈ ਅਕਾਲ ਤਖ਼ਤ ਸਾਹਿਬ ਦੀ ਸਿਰਮੌਰ ਸੰਸਥਾ ਦੀ ਦੁਰਵਰਤੋਂ ਕਰਕੇ ਹੁਕਮਨਾਮੇ ਜਾਰੀ ਕਰਨ ਅਤੇ ਸੰਗਤਾਂ ਨੂੰ ਇਹ ਸੰਦੇਸ਼ ਦੇਣ ਵਾਲੇ, ਕਿ ‘ਅਕਾਲ ਤਖ਼ਤ ਦਾ ਹੁਕਮਨਾਮਾ ਸਿੱਖਾਂ ਲਈ ਸਰਬਉਚ ਅਤੇ ਇਲਾਹੀ ਹੁਕਮ ਹੈ; ਇਸ ਲਈ ਸਾਰੇ ਸਿੱਖ ਇਸ ਨੂੰ ਮੰਨਣ ਦੇ ਪਾਬੰਦ ਹਨ। ਜਿਹੜਾ ਵੀ ਅਕਾਲ ਤਖ਼ਤ ਨਾਲ ਮੱਥਾ ਲਾਉਂਦਾ ਹੈ ਉਸ ਨੂੰ ਇੱਕ ਨਾ ਇੱਕ ਦਿਨ ਅਕਾਲ ਤਖ਼ਤ (ਸ਼੍ਰੋਮਣੀ ਕਮੇਟੀ ਦੇ ਮੁਲਾਜਮ ਜਥੇਦਾਰਾਂ) ਅੱਗੇ ਝੁਕਣਾ ਹੀ ਪਏਗਾ!’, ਉਹ ਖ਼ੁਦ ਕਿਸ ਤਰ੍ਹਾਂ ਹੁਕਮਨਾਮਿਆਂ ਦੀ ਉਲੰਘਣਾ ਕਰਦੇ ਹਨ ਉਸ ਦੀ ਉਘੜਵੀਂ ਮਿਸਾਲ ਅੱਜ ਉਸ ਸਮੇਂ ਸਾਹਮਣੇ ਆਈ ਜਿਸ ਸਮੇ ਰੋਜ਼ਾਨਾ ਸਪੋਕਸਮੈਨ 13 ਜਨਵਰੀ ਦੇ ਅੰਕ ’ਚ ਪੰਨਾ ਨੰਬਰ 3 ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੁਆਟਰ ਪੰਨੇ ਦਾ ਇਸ਼ਤਿਹਾਰ ਛਪਿਆ ਨਜ਼ਰੀ ਪਿਆ। ਇਹ ਦੱਸਣਯੋਗ ਹੈ ਕਿ ਦਸੰਬਰ 2006 ਵਿੱਚ ਅਕਾਲ ਤਖ਼ਤ ਤੋਂ ਅਖੌਤੀ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਵਿੱਚ ਸਮੂਹ ਨਾਨਕਲੇਵਾ ਸਿੱਖਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਸਪੋਕਸਮੈਨ ਪੰਥ ਵਿਰੋਧੀ ਅਖ਼ਬਾਰ ਹੈ ਇਸ ਲਈ ਕੋਈ ਵੀ ਗੁਰੂ ਦਾ ਸਿੱਖ ਇਸ ਅਖ਼ਬਾਰ ਨੂੰ ਨਾ ਪੜ੍ਹੇ, ਨਾ ਇਸ ਵਿੱਚ ਇਸ਼ਤਿਹਾਰ ਦੇਵੇ, ਨਾ ਪੱਤਰਕਾਰ ਬਣੇ ਤੇ ਨਾ ਹੀ ਹੋਰ ਕਿਸੇ ਤਰ੍ਹਾਂ ਦਾ ਸਹਿਯੋਗ ਕਰੇ।

ਸ਼ੁਰੂ ਸ਼ੁਰੂ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੀਆਂ ਪ੍ਰੈੱਸ ਕਾਨਫਰੰਸਾਂ ਵਿੱਚੋਂ ਸਕੋਸਮੈਨ ਦੇ ਪੱਤਰਕਾਰਾਂ ਨੂੰ ਚਲੇ ਜਾਣ ਲਈ ਕਹਿ ਕੇ ਪ੍ਰੈੱਸ ਦੀ ਅਜਾਦੀ ਦੀ ਉਲੰਘਣਾਂ ਵੀ ਕੀਤੀ ਜਾਂਦੀ ਰਹੀ ਸੀ। ਪਰ ਹੌਲੀ ਹੌਲੀ ਸ਼ਾਇਦ ਸਪੋਕਸਮੈਨ ਦੀ ਵਧੀ ਤਾਕਤ ਅਤੇ ਮੀਡੀਏ ਦੀ ਲੋੜ ਪਹਿਸੂਸ ਕਰਦੇ ਹੋਏ ਉਨ੍ਹਾਂ ਦੇ ਪੱਤਰਕਾਰਾਂ ਨੂੰ ਵਿਸ਼ੇਸ਼ ਸੱਦੇ ਤੇ ਪ੍ਰੈੱਸ ਨੋਟ ਭੇਜਣੇ ਵੀ ਸ਼ੁਰੂ ਕਰ ਦਿੱਤੇ ਸਨ। ਬਾਦਲ ਦਲ ਦੇ ਛੋਟੇ ਵੱਡੇ ਆਗੂ ਪੈਸੇ ਦੇ ਕੇ ਇਸ ਅਖ਼ਬਾਰ ਵਿੱਚ ਆਪਣੀਆਂ ਫੋਟੋਆਂ ਸਹਿਤ ਇਸ਼ਤਿਹਾਰ ਵੀ ਛਪਵਾਉਂਦੇ ਰਹੇ ਸਨ ਪਰ ਜਥੇਦਾਰ ਖ਼ਮੋਸ਼ ਰਹੇ।

ਪਿੱਛੇ ਜਿਹੇ ਖ਼ਬਰਾਂ ਛਪੀਆਂ ਸਨ ਕਿ ਜੋਗਿੰਦਰ ਸਿੰਘ ਤੇ ਬਾਦਲ ਦਾ ਅੰਦਰਖਾਤੇ ਸਮਝੌਤਾ ਹੋ ਗਿਆ ਹੈ, ਜਿਸ ਅਨੁਸਾਰ ਸਪੋਕਸਮੈਨ ਦਾ ਮੁੱਖ ਸੰਪਾਦਕ ਜੋਗਿੰਦਰ ਸਿੰਘ ਲਿਖਤੀ ਤੌਰ ’ਤੇ ਮੁਆਫੀ ਮੰਗ ਲਵੇਗਾ ਤੇ ਇਸ ਮੁਆਫੀਨਾਮੇ ਦੇ ਅਧਾਰ ’ਤੇ ਬਿਨਾਂ ਨਿਜੀ ਤੌਰ ’ਤੇ ਪੇਸ਼ ਹੋਇਆਂ ਹੀ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇਗਾ ਤੇ ਉਸ ਦੇ ਅਖ਼ਬਾਰ ਨੂੰ ਇਸ਼ਤਿਹਾਰ ਵੀ ਮਿਲਣੇ ਸ਼ੁਰੂ ਹੋ ਜਾਣਗੇ। ਬੇਸ਼ੱਕ ਉਸ ਸਮੇਂ ਜੋਗਿੰਦਰ ਸਿੰਘ ਨੇ ਮੁਆਫੀ ਮੰਗੇ ਜਾਣ ਦਾ ਖੰਡਨ ਕੀਤਾ ਸੀ ਤੇ ਜਥੇਦਾਰ ਬਿਆਨ ਦੇ ਰਹੇ ਸਨ ਕਿ ਉਸ ਦਾ ਮੁਆਫੀਨਾਮਾ ਪਹੁੰਚ ਗਿਆ ਹੈ, ਜਿਸ ’ਤੇ ਪੰਜ ਸਿੰਘ ਸਾਹਿਬਾਨ ਦੀ ਅਗਲੀ ਮੀਟਿੰਗ ਵਿੱਚ ਫੈਸਲਾ ਲੇਣਗੇ। ਪਰ ਜਥੇਦਾਰ ਵੀ ਉਸ ਮੁਆਫੀਨਾਮੇ ਨੂੰ ਜਨਤਕ ਕਰਨ ਤੋਂ ਟਾਲ਼ਾ ਵਟਦੇ ਰਹੇ। ਉਸ ਉਪ੍ਰੰਤ ਪੰਜਾਂ ਦੀਆਂ ਕਈ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਅੱਜ ਤੱਕ ਉਸ ਮੁਆਫੀਨਾਮੇ ਸਬੰਧੀ ਜਨਤਕ ਤੌਰ ’ਤੇ ਕੋਈ ਫੈਸਲਾ ਨਹੀਂ ਐਲਾਨਿਆਂ ਗਿਆ। ਇਸ ਲਈ ਜੋਗਿੰਦਰ ਸਿੰਘ ਦਾ ਮੁਆਫੀਨਾਮਾ ਇੱਕ ਬੁਝਾਰਤ ਬਣਿਆ ਹੋਇਆ ਹੈ।

ਅੱਜ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਸਪੋਕਸਮੈਨ ’ਚ ਛਪਿਆ ਇਸ਼ਿਤਿਹਾਰ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਦੇ ਧਿਆਨ ਵਿੱਚ ਲਿਆ ਕੇ ਪੁੱਛਿਆ ਕਿ ਕੀ ਸਪੋਕਸਮੈਨ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਵਾਪਸ ਲੈ ਲਿਆ ਹੈ ਜਾਂ ਤੁਹਾਡੇ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਸਮੁੱਚੀ ਕਮੇਟੀ ਨੇ ਉਸ ਹੁਕਮਨਾਮੇ ਦੀ ਉਲੰਘਣਾਂ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਮੈਂ ਤਾਂ ਸੰਗਤਾਂ ਨੂੰ ਜ਼ਬਾਨੀ ਸੰਦੇਸ਼ ਦੇ ਦਿੰਦਾ ਹਾਂ ਕਿ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 18 ਜਨਵਰੀ ਨੂੰ ਮਨਾਉਣ। ਮੈਂ ਕਿਸੇ ਨੂੰ ਇਸ਼ਤਿਹਾਰ ਨਹੀਂ ਦਿੱਤਾ, ਜਿਸ ਨੇ ਇਸ਼ਤਿਹਾਰ ਦਿੱਤਾ ਹੋਵੇਗਾ ਉਹ ਹੀ ਇਸ ਲਈ ਜਿੰਮੇਵਾਰ ਹੋਵੇਗਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ਼ਤਿਹਾਰ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਮੋਟੇ ਅੱਖਰਾਂ ਵਿੱਚ ਤੁਹਾਡਾ ਤੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਨਾਮ ਉਸ ਵਿੱਚ ਦਰਜ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਇਹ ਪਤਾ ਕਰਾਂਗੇ ਕਿ ਇਹ ਇਸ਼ਤਿਹਾਰ ਕਿਸੇ ਨੇ ਪੈਸੇ ਦੇ ਕੇ ਛਪਵਾਇਆ ਹੈ ਜਾਂ ਕਿਸੇ ਅਖ਼ਬਾਰ ਵਾਲੇ ਨੇ ਆਪਣੇ ਆਪ ਹੀ ਛਾਪ ਦਿੱਤਾ ਹੈ। ਪੁੱਛਿਆ ਗਿਆ ਕਿ ਜਿਹੜੇ ਇਸ਼ਤਿਹਾਰ ਪੈਸੇ ਨਾਲ ਛਪਵਾਏ ਜਾਂਦੇ ਹਨ ਉਹ ਕੋਈ ਅਖ਼ਬਾਰ ਮੁਫਤ ਵਿੱਚ ਕਿਉਂ ਛਾਪੇਗਾ? ਦੂਸਰੀ ਗੱਲ ਹੈ ਕਿ ਜੇ ਪੜਤਾਲ ਦੌਰਾਨ ਇਹ ਪਤਾ ਲੱਗ ਗਿਆ ਕਿ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਗਿਆ ਸੀ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਖ਼ਾਤੇ ’ਚੋਂ ਅਦਾਇਗੀ ਹੋਈ ਹੈ ਤਾਂ ਦੋਸ਼ੀਆਂ ਵਿਰੁੱਧ ਕਾਰਵਈ ਹੋਵੇਗੀ? ਸਿੱਧਾ ਜਵਾਬ ਦੇਣ ਤੋਂ ਟਾਲ਼ਾ ਵਟਦਿਆਂ ਉਨ੍ਹਾਂ ਕਿਹਾ ਇਸ ਦੀ ਪੜਤਾਲ ਕਰਾਂਗੇ।

ਅਗਲਾ ਸਵਾਲ ਪੁੱਛਿਆ ਗਿਆ ਕਿ ਇਸ਼ਤਿਹਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਮਿਤੀ 6 ਮਾਘ/ 18 ਜਨਵਰੀ ਦਿੱਤੀ ਗਈ ਹੈ। ਪਰ ਇਤਿਹਾਸ ਦੇ ਕਿਸੇ ਵੀ ਸੋਮੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਇਹ ਮਿਤੀਆਂ ਦਰਜ ਨਹੀਂ ਹਨ। ਨਾਨਕਸ਼ਾਹੀ ਕੈਲੰਡਰ ਸੋਧਣ ਸਮੇਂ ਤੁਸੀਂ ਇਹ ਮਿਤੀਆਂ ਕਿਥੋਂ ਲਈਆਂ ਹਨ? ਉਨ੍ਹਾਂ ਜਵਾਬ ਦਿੱਤਾ ਸਦੀਆਂ ਤੋਂ ਸੰਗਤਾਂ ਇਹ ਦਿਹਾੜਾ ਪੋਹ ਸੁਦੀ 7 ਨੂੰ ਮਨਾਉਂਦੀਆਂ ਆ ਰਹੀਆਂ ਹਨ। ਇਸ ਸਾਲ ਪੋਹ ਸੁਦੀ 7, 6 ਮਾਘ/ 18 ਜਨਵਰੀ ਨੂੰ ਆ ਰਹੀ ਹੈ ਇਸ ਲਈ ਇਹ ਮਿਤੀਆਂ ਲਿਖੀਆਂ ਗਈਆਂ ਹਨ। ਪੁੱਛਿਆ ਗਿਆ ਕਿ ਪੋਹ ਸੁਦੀ 7 ਨਾ ਤਾਂ ਉਸ ਇਸ਼ਤਿਹਾਰ ਵਿੱਚ ਦਰਜ ਹੈ ਤੇ ਨਾ ਹੀ ਮੇਰੇ ਵੱਲੋਂ ਪੁੱਛੇ ਜਾਣ ਤੱਕ ਤੁਸੀਂ ਇਸ ਦਾ ਜ਼ਿਕਰ ਕੀਤਾ ਹੈ। ਨਾ ਹੀ ਸੁਦੀਆਂ ਵਦੀਆਂ ਦੀਆਂ ਦੀਆਂ ਤਿਥਾਂ ਦੀ ਆਮ ਲੋਕਾਂ ਨੂੰ ਸਮਝ ਲਗਦੀ ਹੈ ਕਿ ਇਹ ਤਰੀਖ ਕਿਸ ਦਿਨ ਆਵੇਗੀ। ਜੇ ਸੰਗਤਾਂ ਨੂੰ ਪੋਹ ਸੁਦੀ 7 ਦੱਸਣ ਲਈ ਬਿਕ੍ਰਮੀ ਸੂਰਜੀ ਕੈਲੰਡਰ ਅਤੇ ਈਸਵੀ ਕੈਲੰਡਰ ਦਾ ਹੀ ਸਹਾਰਾ ਲੈਣਾ ਪੈਂਦਾ ਹੈ ਤਾਂ ਕਿਉਂ ਨਾ ਇਤਿਹਾਸ ਮੁਤਾਬਕ ਸਹੀ ਮਿਤੀ 23 ਪੋਹ ਜਾਂ 22 ਦਸੰਬਰ ਰੱਖ ਲਈ ਜਾਂਦੀ। ਲਾਜਵਾਬ ਹੋਏ ਜਥੇਦਾਰ ਜੀ ਕਹਿਣ ਲੱਗੇ, ਹਾਂ ਇਹ ਗਲਤੀ ਹੋਈ ਹੈ ਕਿ ਇਸ਼ਤਿਹਾਰ ਛਾਪਣ ਸਮੇਂ ਪੋਹ ਸੁਦੀ 7 ਲਿਖਣੀ ਚਾਹੀਦੀ ਸੀ

ਇੱਕ ਹੋਰ ਸਵਾਲ ਪੁੱਛਿਆ ਗਿਆ ਕਿ ਤੁਸੀਂ ਤਾੜਨਾ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੋਧੇ ਹੋਏ ਕੈਲੰਡਰ ਅਨੁਸਾਰ 18 ਜਨਵਰੀ ਨੂੰ ਹੀ ਮਨਾਇਆ ਜਾਵੇ ਤੇ ਕੋਈ ਵੀ 2003 ਵਾਲੇ ਕੈਲੰਡਰ ਅਨੁਸਾਰ 5 ਜਨਵਰੀ ਨੂੰ ਨਾ ਮਨਾਵੇ। ਰਾਗੀ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਦਿੱਲੀ ਕਮੇਟੀ ਵਲੋਂ 5 ਜਨਵਰੀ ਨੂੰ ਮਨਾਏ ਗਏ ਗੁਰਪੁਰਬ ਮੌਕੇ ਕੀਰਤਨ ਕਰਕੇ ਆਏ ਹਨ। ਪਰ ਉਨ੍ਹਾਂ ਨੂੰ 25 ਜਨਵਰੀ ਨੂੰ ਅਕਾਲ ਤਖ਼ਤ ’ਤੇ ਸ਼੍ਰੋਮਣੀ ਕੀਰਤਨੀਏ ਵਜੋਂ ਸਨਮਾਨਤ ਵੀ ਕੀਤਾ ਜਾ ਰਿਹਾ ਹੈ। ਕੀ 5 ਜਨਵਰੀ ਨੂੰ ਤੁਹਾਡੇ ਆਦੇਸ਼ ਦੀ ਉਲੰਘਣਾਂ ਕਰਨ ਵਾਲੇ ਰਾਗੀ ਨੂੰ ਵੀ ਸਨਮਾਨਤ ਕੀਤਾ ਜਾ ਸਕਦਾ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਵੇਖੋ ਉਂਝ ਤਾਂ ਸੰਗਤਾਂ ਦੋ ਦੋ ਮਹੀਨੇ ਗੁਰਪੁਰਬ ਮਨਾਉਂਦੀਆਂ ਰਹਿੰਦੀਆਂ ਹਨ ਪਰ ਜਾਣ ਬੁੱਝ ਕੇ ਕੋਈ 2003 ਵਾਲੇ ਕੈਲੰਡਰ ਦਾ ਨਾਮ ਲੈ ਕੇ 5 ਜਨਵਰੀ ਨੂੰ ਗੁਰਪੁਰਬ ਮਨਾਉਂਦਾ ਹੈ ਤਾਂ ਉਹ ਗਲਤ ਹੈ। ਦੱਸਿਆ ਗਿਆ ਕਿ ਦਿੱਲੀ ਕਮੇਟੀ ਨੇ ਤਾਂ ਜਾਣਬੁੱਝ ਕੇ ਇਸ਼ਤਿਹਾਰ ਵਿੱਚ 2003 ਵਾਲੇ ਕੈਲੰਡਰ ਦਾ ਹਵਾਲਾ ਦੇ ਕੇ 5 ਜਨਵਰੀ/ 23 ਪੋਹ ਨੂੰ ਗੁਰਪੁਰਬ ਮਨਾਇਆ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਇਸ ਵਿੱਚ ਪ੍ਰਬੰਧਕੀ ਕਮੇਟੀ ਦੋਸ਼ੀ ਹੈ ਕੀਰਤਨੀਏ ਨੇ ਤਾਂ ਸ਼ਬਦ ਕੀਰਤਨ ਹੀ ਕੀਤਾ ਹੈ। ਕੀਰਤਨ ਕਰਨਾ ਤਾਂ ਕੋਈ ਦੋਸ਼ ਨਹੀਂ ਹੈ। ਇਸ ਦੇ ਨਾਲ ਹੀ ਪੈਂਤੜਾ ਬਦਲਦੇ ਹੋਏ ਉਨ੍ਹਾਂ ਕਿਹਾ ਦਿੱਲੀ ਕਮੇਟੀ ਵਾਲੇ ਵੀ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਉਹ ਦਿੱਲੀ ਵਿੱਚ ਤਾਂ ਉਨ੍ਹਾਂ 5 ਜਨਵਰੀ ਨੂੰ ਗੁਰਪੁਰਬ ਮਨਾਇਆ ਹੈ ਪਰ ਪਟਨਾ ਕਮੇਟੀ ਵੀ ਉਨ੍ਹਾਂ ਦੇ ਹੀ ਅਧੀਨ ਹੈ, ਉਥੇ ਉਹ 18 ਜਨਵਰੀ ਨੂੰ ਮਨਾ ਰਹੇ ਹਨ। ਉਨ੍ਹਾਂ ਤੋਂ ਪੁੱਛੋ ਕਿ ਉਨ੍ਹਾਂ ਨੇ ਪਟਨਾ ਵਿਖੇ 5 ਜਨਵਰੀ ਨੂੰ ਕਿਉਂ ਨਹੀਂ ਮਨਾਇਆ। ਇਹ ਅਕਾਲ ਤਖ਼ਤ ਦਾ ਅਜੀਬ ਇਲਾਹੀ ਫ਼ੁਰਮਾਨ ਹੈ ਕਿ ਦੋਗਲੇ ਸਟੈਂਡ ਵਾਲੇ ਨੂੰ ਤਾਂ ਕੋਈ ਸਜਾ ਨਹੀਂ ਹੈ ਪਰ ਜੇ ਉਹ ਪਟਨਾ ਸਾਹਿਬ ਵਿਖੇ ਵੀ 2003 ਵਾਲੇ ਕੈਲੰਡਰ ਅਨੁਸਾਰ ਗੁਰਪੁਰਬ 5 ਜਨਵਰੀ ਨੂੰ ਲੈਂਦੇ ਤਾਂ ਦੋਸ਼ੀ ਹੋਣੇ ਸਨ?

ਕੀ ਇਲਾਹੀ ਹੁਕਨਾਮੇ ਜਾਰੀ ਕਰਨ ਵਾਲੇ  ਜਥੇਦਾਰਾਂ ’ਤੇ ‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662) ਅਤੇ ਭਾਈ ਗੁਰਦਾਸ ਜੀ ਦੀ ਤੁਕ ‘ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।’ (ਵਾਰ 1 ਪਉੜੀ 30) ਪੂਰੀ ਤਰ੍ਹਾਂ ਸਹੀ ਨਹੀਂ ਢੁਕਦੀਆਂ, ਜਿਨ੍ਹਾਂ ਵੱਲੋਂ ਦੂਜੀ ਧਿਰ ਵੱਲੋਂ ਵੱਡੀ ਰਿਸ਼ਵਤ (ਬਲਦ) ਦੇਣ ’ਤੇ ਛੋਟੀ ਰਿਸ਼ਵਤ (ਪੱਗ) ਦੇ ਕੇ ਇਨਸਾਫ਼ ਕਰਨ ਦਾ ਪਹਿਲਾਂ ਵਾਅਦਾ ਲੈਣ ਵਾਲੇ ਦੇ ਵਿਰੁੱਧ ਫੈਸਲਾ ਦੇਣ ’ਤੇ ਲੋਕ ਫਿਕਰੇ ਕਸਦੇ ਰਹੇ ਹਨ ਕਿ ਤੇਰੀ ਪੱਗ ਨੂੰ ਬਲਦ ਖਾ ਗਿਆ ਹੈ।

ਜਦ ਸਪੋਕਸਮੈਨ ਵਿਰੁੱਧ ਇਹ ਹੁਕਨਾਮਾ ਜਾਰੀ ਕਰਨ ਵਾਲੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਕਿਸੇ ਨਾਲ ਵੀ ਵੈਰ ਭਾਵਨਾ ਨਹੀਂ ਰਖਦਾ ਪਰ ਜੋਗਿੰਦਰ ਸਿੰਘ ਸਪੋਕਸਮੈਨ ਵਿਰੁੱਧ ਸਾਰੇ ਵਿਧੀ ਵਿਧਾਨ ਦੀ ਵਰਤੋਂ ਕਰਨ ਅਤੇ ਕਾਫੀ ਸਮਾਂ ਦਿੱਤਾ ਜਾਣ ਪਿੱਛੋਂ ਵੀ ਜਦ ਉਹ ਆਪਣਾ ਸਪਸ਼ਟੀਕਰਨ ਦੇਣ ਨਹੀਂ ਆਇਆ, ਤਾਂ ਹੀ ਉਨ੍ਹਾਂ ਨੂੰ ਛੇਕਿਆ ਗਿਆ ਸੀ। ਇਸ ਲਈ ਸਪੋਸਮੈਨ ਨੂੰ, ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਵਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਦੇਣੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਹੈ ਤੇ ਇਹ ਮੰਦਭਾਗੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top