Share on Facebook

Main News Page

ਜਲੰਧਰ ਨਾਮਧਾਰੀ ਧਰਮਸ਼ਾਲਾ ਵਿਖੇ ਸਮਾਗਮ ਦੌਰਾਨ ਹੰਗਾਮਾ

ਜਲੰਧਰ, (ਲਖਬੀਰ) - ਮੁਹੱਲਾ ਬਸਤੀ ਭੂਰੇ ਖਾਂ, ਪ੍ਰੀਤ ਨਗਰ ਸੋਡਲ ਰੋਡ ਵਿਖੇ ਅੱਜ ਧਾਰਮਿਕ ਸਮਾਗਮ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ। ਨਾਮਧਾਰੀ ਧਰਮਸ਼ਾਲਾ ਬਸਤੀ ਭੂਰੇ ਖਾਂ ਵਿਖੇ ਮਾਘੀ ਸਬੰਧੀ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਦੇ ਆਯੋਜਨ ਮੌਕੇ ਠਾਕੁਰ ਦਲੀਪ ਸਿੰਘ ਜੀਵਨ ਨਗਰ ਹਰਿਆਣਾ ਵਾਲੇ ਪੁੱਜੇ ਤਾਂ ਉਸ ਸਮੇਂ ਬਸਤੀ ਭੂਰੇ ਖਾਂ ਦੀ ਹੀ ਕੁਝ ਨਾਮਧਾਰੀ ਸੰਗਤ ਵਲੋਂ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਵਿਰੋਧ ਕਰਨ ਵਾਲੀ ਸੰਗਤ ਵਿਚੋਂ ਸੁਰਿੰਦਰ ਸਿੰਘ ਛਿੰਦਾ ਨੇ ਦੱਸਿਆ ਕਿ ਠਾਕੁਰ ਦਲੀਪ ਸਿੰਘ ਦੇ ਸਮਾਗਮ ਵਿਚ ਪੁੱਜਣ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਪੈਰੋਕਾਰਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਤੋਂ ਲੱਗੇ ਸਤਿਗੁਰੂ ਉਦੇ ਸਿੰਘ ਜੀ ਦੇ ਬੈਨਰ ਉੱਪਰ ਆਪਣਾ ਬੈਨਰ ਲਗਾ ਦਿੱਤਾ ਗਿਆ, ਜਿਸ 'ਤੇ ਲਿਖਿਆ ਹੋਇਆ ਸੀ ਸਤਿਗੁਰ ਮਾਤਾ ਚੰਦ ਕੌਰ ਜੀ, ਪਰ ਛਿੰਦਾ ਮੁਤਾਬਕ ਸਾਡੇ ਸਤਿਗੁਰੂ ਉਦੇ ਸਿੰਘ ਜੀ ਹਨ, ਜਿਨ੍ਹਾਂ ਨੂੰ ਖੁਦ ਮਾਤਾ ਚੰਦ ਕੌਰ ਜੀ ਨੇ ਥਾਪਿਆ ਹੈ।

ਉਨ੍ਹਾਂ ਹੋਰ ਦੱਸਿਆ ਕਿ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵਲੋਂ ਇਸ ਤਰ੍ਹਾਂ ਬੈਨਰ ਲਗਾਉਣ ਨਾਲ ਸਤਿਗੁਰੂ ਉਦੇ ਸਿੰਘ ਜੀ ਦੀ ਬੇਅਦਬੀ ਕੀਤੀ ਗਈ ਹੈ, ਜੋ ਇਕ ਨਿੰਦਣਯੋਗ ਕਾਰਵਾਈ ਹੈ। ਛਿੰਦਾ ਨੇ ਹੋਰ ਦੱਸਿਆ ਕਿ ਜਦੋਂ ਉਹ ਠਾਕੁਰ ਦਲੀਪ ਸਿੰਘ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਤਾਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਕੱਢ ਦਿੱਤਾ ਗਿਆ।  ਉਨ੍ਹਾਂ ਹੋਰ ਦੱਸਿਆ ਕਿ ਠਾਕੁਰ ਦਲੀਪ ਸਿੰਘ ਨਾਲ ਆਏ, ਉਨ੍ਹਾਂ ਦੇ ਗੰਨਮੈਨਾਂ ਨੇ ਉਨ੍ਹਾਂ ਨੂੰ ਦੁਬਾਰਾ ਗੁਰਦੁਆਰਾ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ। ਵਿਰੋਧ ਕਰ ਰਹੀ ਸੰਗਤ ਮੁਤਾਬਕ ਪ੍ਰੀਤ ਨਗਰ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮ ਸਬੰਧੀ ਵੀ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ ਸੀ।

ਗੁਰਦੁਆਰਾ ਸਾਹਿਬ ਵਿਚ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਏ. ਸੀ. ਪੀ. ਨਾਰਥ ਬਲਕਾਰ ਸਿੰਘ ਸਿੱਧੂ ਤੇ ਥਾਣਾ ਡਵੀਜ਼ਨ 1, 3, 8 ਤੇ ਰਾਮਾ ਮੰਡੀ ਦੇ ਐੱਸ. ਐੱਚ. ਓ. ਵੀ ਪੁਲਸ ਫੋਰਸ ਸਮੇਤ ਪੁੱਜ ਗਏ। ਏ. ਸੀ. ਪੀ. ਬਲਕਾਰ ਸਿੰਘ ਨੇ ਦੋਵਾਂ ਧਿਰਾਂ ਨੂੰ ਬੈਠ ਕੇ ਮਸਲੇ ਨੂੰ ਹੱਲ ਕਰਨ ਲਈ ਕਿਹਾ। ਦੂਜੇ ਪਾਸੇ ਜਦੋਂ ਦੂਜੀ ਧਿਰ ਦੇ ਮੋਹਤਬਰ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਉਕਤ ਗੁਰਦੁਆਰਾ ਸਾਹਿਬ ਵਿਚ ਮਾਘੀ ਮੇਲਾ ਮਨਾਉਣ ਸਬੰਧੀ ਇਕੱਠੇ ਹੋਏ ਤਾਂ ਠਾਕੁਰ ਦਲੀਪ ਸਿੰਘ ਜੀ ਨੇ ਵੀ ਉਕਤ ਸਮਾਗਮ ਵਿਚ ਸ਼ਿਰਕਤ ਕੀਤੀ ਸੀ ਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬੈਨਰ ਲਗਾਇਆ ਸੀ ਪਰ ਕਿਸੇ ਦੀ ਵੀ ਬੇਅਦਬੀ ਨਹੀਂ ਕੀਤੀ। ਸਾਰੀ ਰਾਤ ਤੱਕ ਪੁਲਸ ਗੁਰਦੁਆਰਾ ਸਾਹਿਬ ਦੇ ਬਾਹਰ ਤਾਇਨਾਤ ਰਹੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top