Share on Facebook

Main News Page

ਧਨੀਏ, ਅਦਰਕ ਵਾਲਾ ਪੀਜ਼ਾ
-
ਨਿਰਮਲ ਸਿੰਘ ਕੰਧਾਲਵੀ

ਗੰਡਾ ਸਿੰਘ ਨੂੰ ਜਦੋਂ ਦਾ ਫ਼ਰੀ ਬੱਸ ਪਾਸ ਮਿਲਿਆ ਸੀ ਉਹ ਭੰਬੀਰੀ ਵਾਂਗ ਘੁੰਮਦਾ ਫਿਰਦਾ ਸੀ। ਬੱਸ ਪਾਸ ਕਿਉਂਕਿ ਸਾਢੇ ਨੌਂ ਵਜੇ ਤੋਂ ਚਾਲੂ ਹੁੰਦਾ ਸੀ ਸੋ ਉਹ ਸਵਾ ਕੁ ਨੌਂ ਵਜੇ ਹੀ ਬੱਸ ਸਟਾਪ ‘ਤੇ ਜਾ ਖੜ੍ਹਦਾ। ਨਾਲ ਦੇ ਟਾਊਨ ਸੈਂਟਰਾਂ ਜਾਂ ਨੇੜੇ ਤੇੜੇ ਦੇ ਟਾਊਨਾਂ ਦੇ ਗੁਰਦੁਆਰਿਆਂ ਦਾ ਚੱਕਰ ਮਾਰ ਆਉਂਦਾ। ਕਿਸੇ ਪੁਰਾਣੇ ਬੇਲੀ ਨੂੰ ਮਿਲ ਆਉਂਦਾ। ਕੰਮ-ਕਾਰ ਤੋਂ ਤਾਂ ਉਹ ਬਹੁਤ ਚਿਰਾਂ ਦਾ ਹੀ ਵਿਹਲਾ ਸੀ। ਸਰਕਾਰਾਂ ਦੀ ‘ਮਿਹਰਬਾਨੀ’ ਨਾਲ ਪਹਿਲਾਂ ਵਾਲੇ ਉਹ ਕੰਮ-ਕਾਰ ਹੀ ਨਹੀਂ ਸਨ ਰਹੇ। ਉਸ ਨੇ ਵੀ ਹੋਰ ਕਈਆਂ ਲੋਕਾਂ ਵਾਂਗ ਨਵਾਂ ਕੰਮ-ਕਾਰ ਨਹੀਂ ਸੀ ਕੋਈ ਸਿੱਖਿਆ। ਬਿਨਾਂ ਕੰਮ-ਕਾਰ ਤੋਂ ਸਮਾਂ ਪਾਸ ਕਰਨਾ ਉਸ ਲਈ ਇਕ ਸਮੱਸਿਆ ਬਣ ਚੁੱਕਾ ਸੀ। ਨਿਆਣਿਆਂ ਕੋਲੋਂ ਲਿਫ਼ਟ ਦੀ ਆਸ ਰੱਖਣੀ ਝੋਟੇ ਵਾਲੇ ਘਰੋਂ ਲੱਸੀ ਭਾਲਣ ਵਾਲੀ ਗੱਲ ਸੀ। ਜੇ ਕਿਤੇ ਭੁੱਲਿਆ ਚੁੱਕਿਆ ਉਹ ਕਹਿ ਹੀ ਬੈਠਦਾ ਤਾਂ ਨਿਆਣੇ ਗੱਡੀ ਖ਼ਰਾਬ ਹੋਣ ਦਾ ਜਾਂ ਕੋਈ ਹੋਰ ਬਹਾਨਾ ਬਣਾ ਕੇ ਟਾਲ਼ ਦਿੰਦੇ। ਉਧਰੋਂ ਬੱਸਾਂ ਦੇ ਕਿਰਾਏ ਏਨੇ ਵਧ ਗਏ ਸਨ ਕਿ ਦੋ ਕੁ ਸਟਾਪ ਜਾਣ ਦਾ ਵੀ ਬੱਸ ਡਰਾਈਵਰ ਡੇਢ ਪੌਂਡ ਰਖਵਾ ਲੈਂਦੇ ਸਨ।

ਇਕ ਦਿਨ ਉਹ ਬੱਸ ਦੀ ਇੰਤਜ਼ਾਰ ਕਰਦਿਆਂ ਆਪਣੇ ਇਕ ਜਾਣਕਾਰ ਨੂੰ ਕਹਿ ਰਿਹਾ ਸੀ, “ਬਈ ਸ਼ਗਾਰਾ ਸਿਆਂ ਜਿੱਦਣ ਦਾ ਬੱਸ ਪਾਸ ਮਿਲਿਐ, ਮੈਨੂੰ ਤਾਂ ਇਉਂ ਲਗਦੈ ਪਈ ਜਿਵੇਂ ਕੈਦ ਤੋਂ ਛੁਟਕਾਰਾ ਮਿਲਿਆ ਹੋਵੇ। ਆਹ ਸਾਲ਼ੇ ਨਿਆਣੇ ਸਹੁਰੀ ਦੇ ਆਪ ਤਾਂ ਗੱਡੀਆਂ ਸਟਾਰਟ ਕਰ ਕੇ ਝੱਟ ਭੂੰਡ ਆਂਗੂੰ ਔਹ ਜਾਂਦੇ ਆ, ਮੇਰੀ ਵਾਰੀ ਕਦੀ ਗੱਡੀ ਖ਼ਰਾਬ ਤੇ ਕਦੇ ਟੈਕਸ ਹੈ ਨੀਂ, ਕਦੇ ਕੁਸ਼ ਹੈ ਨੀਂ”।

“ਓ ਭਾਈ ਗੰਡਾ ਸਿਆਂ ਜਮਾਨੇ ਬਦਲ ਗਏ ਐ ਹੁਣ, ਅੱਜ ਦੇ ਜੁਆਕ ਤਾਂ ਬੁੜ੍ਹੇ ਬੁੜ੍ਹੀਆਂ ਨੂੰ ਭਾਰ ਈ ਸਮਝਦੇ ਐ। ਅਜੇ ਤਾਂ ਅਸੀਂ ਚਲਦੇ ਫਿਰਦੇ ਆਂ, ਜਿੱਦਣ ਚੱਲਣੋਂ ਰਹਿ ਗਈਆਂ ਦੇਖ ਲਈਂ ਇਨ੍ਹਾਂ ਨੇ ਆਪਾਂ ਨੂੰ ਕਿਸੇ ਹੋਮ ‘ਚ ਸੁੱਟ ਆਉਣੈ”। ਉਹਦਾ ਜਾਣਕਾਰ ਸ਼ਿੰਗਾਰਾ ਸਿੰਘ ਵੀ ਸ਼ਾਇਦ ਆਪਣੀ ਔਲਾਦ ਤੋਂ ਔਖਾ ਸੀ।

ਏਨੀ ਦੇਰ ਨੂੰ ਬੱਸ ਆ ਗਈ ਤੇ ਉਹ ਦੋਵੇਂ ਜਣੇ ਪਾਸ ਦਿਖਾ ਕੇ ਰਵਾਂ ਰਵੀਂ ਸੀਟਾਂ ਵਲ ਨੂੰ ਵਧੇ। ਬੱਸ ਦੀਆਂ ਪਿਛਲੀਆਂ ਸੀਟਾਂ ‘ਤੇ ਦੋ ਸਵਾਰੀਆਂ ਬੈਠੀਆਂ ਸਨ ਜਿਨ੍ਹਾਂ ‘ਚੋਂ ਇਕ ਵਿਅਕਤੀ ਨਾਲ ਦੇ ਟਾਊਨ ਦੇ ਗੁਰਦੁਆਰੇ ਦਾ ਕਮੇਟੀ ਮੈਂਬਰ ਗੇਜਾ ਸਿੰਘ ਸੀ। ਗੰਡਾ ਸਿੰਘ ਨੇ ਉਨ੍ਹਾਂ ਦੋਨਾਂ ਨੂੰ ਫਤਿਹ ਬੁਲਾਈ ਤੇ ਨਾਲ ਦੀ ਖ਼ਾਲੀ ਸੀਟ ‘ਤੇ ਜਾ ਬੈਠਾ। ਸੁਖ-ਸਾਂਦ ਪੁੱਛਣ ਤੋਂ ਬਾਅਦ ਗੰਡਾ ਸਿੰਘ ਗੇਜਾ ਸਿੰਘ ਨੂੰ ਕਹਿਣ ਲੱਗਾ, “ਬਈ ਗੇਜਾ ਸਿਆਂ, ਗੁਰਪੁਰਬ ਵਾਲੇ ਦਿਨ ਮੈਂ ਥੋਡੇ ਗੁਰਦੁਆਰੇ ਆਇਆ ਸੀ, ਤੁਹਾਡੇ ਸੈਕਟਰੀ ਨੂੰ ਤਾਂ ਇਹ ਵੀ ਨੀ ਸੀ ਪਤਾ ਪਈ ਪ੍ਰਕਾਸ਼ ਦਿਹਾੜਾ ਕਿਹੜੇ ਗੁਰੂ ਦਾ ਐ। ਗੁਰੂ ਗੋਬਿੰਦ ਸਿੰਘ ਨੂੰ ਉਹ ਗੁਰੂ ਹਰਗੋਬਿੰਦ ਈ ਕਹੀ ਜਾਂਦਾ ਸੀ। ਇਕ ਵਾਰੀ ਨਈਂ ਦੋ ਤਿੰਨ ਵਾਰੀ ਕਿਹਾ ਉਹਨੇ। ਫਿਰ ਸੰਗਤ ‘ਚੋਂ ਕਿਸੇ ਨੇ ਜਾ ਕੇ ਉਹਨੂੰ ਦੱਸਿਆ ਪਈ ਪ੍ਰਕਾਸ਼ ਦਿਹਾੜਾ ਦਸਵੇਂ ਪਾਤਸ਼ਾਹ ਦਾ ਐ। ਕਿਥੋਂ ਏਦਾਂ ਦੇ ਵਿਦਵਾਨ ਲੱਭ ਕੇ ਲਿਆਉਨੇ ਐਂ ਤੁਸੀਂ”? ਗੰਡਾ ਸਿੰਘ ਨੇ ਗੁੱਝੀ ਮਸ਼ਕਰੀ ਕੀਤੀ।

ਗੇਜਾ ਸਿੰਘ ਨੂੰ ਐਸੇ ਹਮਲੇ ਦੀ ਆਸ ਨਹੀਂ ਸੀ, ਪਰ ਉਹ ਸੰਭਲ ਗਿਆ ਤੇ ਕਹਿਣ ਲੱਗਾ, “ਗੰਡਾ ਸਿਆਂ ਐਂਵੇਂ ਨਾ ਬਹੁਤੀਆਂ ਨਘੋਚਾਂ ਕੱਢਿਆ ਕਰ। ਗੁਰਪੁਰਬ ਤਾਂ ਸੀਗਾ ਨਾ, ਕਿਸੇ ਗੁਰੂ ਸ੍ਹਾਬ ਦਾ ਹੋਇਆ, ਕੀ ਫ਼ਰਕ ਪੈਂਦੈ, ਸਾਰੇ ਗੁਰੂ ਸ੍ਹਾਬਾਂ ‘ਚ ਇਕੋ ਈ ਜੋਤ ਵਰਤਦੀ ਐ”।

ਗੰਡਾ ਸਿੰਘ, ਗੇਜਾ ਸਿੰਘ ਦੀ ਦਲੀਲ ਨਾਲ ਸਹਿਮਤ ਨਾ ਹੋਇਆ ਤੇ ਕਹਿਣ ਲੱਗਾ, “ਆਹ ਤਾਂ ਉਹ ਗੱਲ ਹੋਈ ਪਈ ਤੇਲੀ ਨੇ ਕਿਹਾ ਜਾਟ ਰੇ ਜਾਟ ਤੇਰੇ ਸਰ ਪੇ ਖਾਟ ਤੇ ਜੱਟ ਕਹਿੰਦਾ ਤੇਲੀ ਰੇ ਤੇਲੀ ਤੇਰੇ ਸਿਰ ‘ਤੇ ਕੋਹਲੂ, ਤਾਂ ਲਾਗੇ ਖੜ੍ਹਾ ਕੋਈ ਬੰਦਾ ਜੱਟ ਨੂੰ ਕਹਿਣ ਲੱਗਾ ਕਿ ਕਾਫ਼ੀਆ ਨਹੀਂ ਰਲ਼ਿਆ ਤਾਂ ਜੱਟ ਕਹਿੰਦਾ, “ਕਾਫ਼ੀਏ ਨੂੰ ਮਾਰ ਗੋਲ਼ੀ, ਸਾਲ਼ਾ ਤੇਲੀ ਭਾਰ ਨਾਲ ਤਾਂ ਮਰੂ”
“ਐਂਵੇਂ ਟਿੱਚਰਾਂ ਨਾ ਕਰ ਤੂੰ ਗੰਡਾ ਸਿਆਂ, ਤੈਨੂੰ ਇਹੋ ਗੱਲ ਲੱਭੀ ਸਾਡੇ ਗੁਰਦੁਆਰੇ ਦੀ, ਸਾਡੇ ਗੁਰਦੁਆਰੇ ਵਰਗਾ ਲੰਗਰ ਛਕਿਆ ਤੈਂ ਕਿਧਰੇ ਹੋਰਥੇ, ਵੇਲ ਨਾਲੋਂ ਟੁੱਟਦੀਆਂ ਟੁੱਟਦੀਆਂ ਸਬਜ਼ੀਆਂ ਬਣਦੀਆਂ ਰੋਜ਼, ਕਿਤੇ ਜਲੇਬੀਆਂ ਦੇਖੀਂ ਖਾ ਕੇ, ਨਾਲ਼ੇ ਹੋਰ ਸੁਣ ਸਾਡੇ ਗੁਰਦੁਆਰੇ ਵਰਗਾ ਪੀਜ਼ਾ ਤੈਨੂੰ ਸਾਰੀ ਵਲੈਤ ‘ਚ ਨੀਂ ਮਿਲਣਾ। ਐਸ ਐਤਵਾਰੀਂ ਅਦਰਕ ਤੇ ਧਨੀਏ ਵਾਲਾ ਪੀਜ਼ਾ ਬਣਨੈ, ਜਰੂਰ ਆਈਂ। ਨਾਲੇ ਹੁਣ ਤਾਂ ਤੇਰੇ ਕੋਲ ਬੱਸ ਪਾਸ ਵੀ ਹੈਗਾ, ਘੌਲ਼ ਨਾ ਕਰੀਂ” ਗੇਜਾ ਸਿੰਘ ਨੇ ਹੁਣ ਟੋਨ ਬਦਲ ਲਈ ਸੀ। ਉਹਦਾ ਬੱਸ ਸਟਾਪ ਵੀ ਆ ਗਿਆ ਸੀ। ਉਹ ਬੱਸ ‘ਚੋਂ ਉਤਰਦਿਆਂ ਵੀ ਉੱਚੀ ਉੱਚੀ ਬੋਲ ਕੇ ਗੰਡਾ ਸਿੰਘ ਨੂੰ ਐਤਵਾਰ ਸ਼ਾਮੀਂ ਗੁਰਦੁਆਰੇ ਬਣਨ ਵਾਲੇ ਪੀਜ਼ੇ ਦੀ ਦਾਅਵਤ ਦੇ ਰਿਹਾ ਸੀ।

ਅੰਗਰੇਜ਼ ਸਵਾਰੀਆਂ ਗੁਆਚੀ ਹੋਈ ਗਾਂ ਵਾਂਗ ਉਨ੍ਹਾਂ ਦੇ ਮੂੰਹਾਂ ਵਲ ਡੌਰ-ਭੌਰ ਹੋਈਆਂ ਦੇਖ਼ ਰਹੀਆਂ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top