Share on Facebook

Main News Page

ਮਾਮਲਾ ਨਗਰ ਕੀਰਤਨ ਵਿਚ ਛਤਰ ਲਾਕੇ ਸ਼ਾਮਿਲ ਹੋਏ ਬਾਬੇ ਦਾ

ਨਗਰ ਕੀਰਤਨ ਦੌਰਾਨ ਹੋਈ ਮਰਿਆਦਾ ਦੀ ਉਲੰਘਣਾ ਬਾਰੇ ਅਕਾਲ ਤਖਤ ਸਾਹਿਬ ਨੂੰ ਫੈਡਰੇਸ਼ਨ ਵਲੋਂ ਖਤ

ਸਤਿਕਾਰਯੋਗ ਜੱਥੇਦਾਰ ਗੁਰਬਚਨ ਸਿੰਘ ਜੀ,
ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
ਸ਼੍ਰੀ ਅੰਮ੍ਰਿਤਸਰ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

ਵਿਸ਼ਾ: ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ਼ ਪਿਆਰਿਆਂ ਦੇ ਅਦਬ ਸਤਿਕਾਰ ਨੂੰ ਸੱਟ

ਮਾਰਨ ਵਾਲੀ ਕਾਰਵਾਈ ਵਿਰੁੱਧ ਸ਼ਿਕਾਇਤ ਪੱਤਰ ਅਤੇ ਜਾਂਚ ਰਿਪੋਰਟ

ਸਿੰਘ ਸਾਹਿਬ ਜੀਓ,

ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਬੀਤੀ 10 ਜਨਵਰੀ ਨੂੰ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ, ਲੰਬਿਆ ਫੇਸ-8 ਦੇ ਗੁਰਦੁਆਰਾ ਸਾਹਿਬ ਤੋਂ ਇੱਕ ਨਗਰ ਕੀਰਤਨ ਸ਼ਰੂ ਹੋਇਆ ਸੀ, ਜੋ ਕਿ ਅਜੀਤਗੜ੍ਹ (ਮੋਹਾਲੀ) ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ, ਸਿੰਘ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਢੱਕੀ ਸਾਹਿਬ ਪਿੰਡ ਮਨੌਲੀ ਸੈਕਟਰ 82 ਵਿਖੇ ਸਮਾਪਤ ਹੋਇਆ ਸੀ। ਇਸ ਨਗਰ ਕੀਰਤਨ ਦੀ ਸਮੁੱਚੀ ਦੇਖ-ਰੇਖ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਲੰਬਿਆਵਾਲਾ ਨੇ ਕੀਤੀ ਸੀ, ਲੇਕਿਨ ਬਾਬਾ ਮਹਿੰਦਰ ਸਿੰਘ ਨੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਗਰ ਚੱਲਣ ਦੀ ਬਜਾਏ, ਆਪ ਇੱਕ ਸੁਨਿਹਰੀ ਰੱਥ ਆਪਣੇ ਲਈ ਤਿਆਰ ਕੀਤਾ ਉਸ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਤੋਂ ਅੱਗੇ ਲਗਾਕੇ, ਉਸ ਰੱਥ ਵਿੱਚ ਜੁੱਤੀਆਂ ਸਮੇਤ ਬੈਠਕੇ, ਸਿਰ ਉੱਪਰ ਛੱਤਰ ਝੁਲਾਕੇ, ਹਾਜ਼ਰੀਨ ਸੰਗਤਾਂ ਪਾਸੋਂ ਮੱਥਾ ਟਿਕਾ ਕੇ, ਆਪਣੀ ਹਉਮੈ ਹੰਕਾਰ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ, ਜੋ ਕਿ ਸੰਪੂਰਨ ਗੁਰਮਰਯਾਦਾ ਦੀ ਘੋਰ ਉਲੰਘਣਾ ਹੈ।

ਬਾਬਾ ਮਹਿੰਦਰ ਸਿੰਘ ਨੇ ਡੇਰਾ ਸੌਦਾ ਸਾਧ ਸੰਤ ਗੁਰਮੀਤ ਰਾਮ ਰਹੀਮ ਵਾਂਗ ਹੀ ਆਪਣੇ ਆਪ ਨੂੰ ਦੇਹਧਾਰੀ ਗੁਰੁ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਇਸ ਸਾਰੇ ਮਾਮਲੇ ਦੀ ਘੋਖ ਕਰਨ ਲਈ ਪੰਜ਼ ਮੈਬਰੀ ਕਮੇਟੀ ਬਣਾਈ ਸੀ, ਉਸ ਕਮੇਟੀ ਨੇ ਸਬੂਤ ਹਾਸਿਲ ਕਰਕੇ ਜੋ ਕਿ ਸ਼ਿਕਾਇਤ ਪੱਤਰ ਦੇ ਨਾਲ ਨੱਥੀ ਹਨ ਨੇ ਇਹ ਸਿੱਟਾ ਕੱਢਿਆ ਹੈ, ਕਿ ਬਾਬਾ ਮਹਿੰਦਰ ਸਿੰਘ ਨੇ ਇਸ ਸਭ ਜਾਣ ਬੁੱਝ ਕੇ ਕੀਤਾ ਹੈ।

ਆਪ ਜੀ ਪਾਸੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਜ਼ੋਰਦਾਰ ਮੰਗ ਹੈ ਕਿ ਆਪ ਜੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਸ ਘੋਰ ਅਵੱਗਿਆ ਖਿਲਾਫ ਸਖਤ ਤੋਂ ਸਖਤ ਨੋਟਿਸ ਲੈ ਕੇ, ਬਾਬਾ ਮਹਿੰਦਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਲਬ ਕਰਕੇ, ਧਾਰਮਿਕ ਸਜ਼ਾ ਲਗਾਉਣ ਦਾ ਫੈਸਲਾ ਕਰੋ, ਤਾਂ ਜੋ ਅੱਗੇ ਤੋਂ ਗੁਰੁ ਮਰਯਾਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੰਨ ਹੋ ਸਕਣ। ਸਾਨੂੰ ਪੂਰਨ ਆਸ ਹੈ ਕਿ ਆਪ ਜੀ ਸਾਡੇ ਬੇਨਤੀ ਪੱਤਰ ਨੂੰ ਪੂਰੀ ਤਰਾਂ ਘੋਖ ਕੇ ਇਸ ਦਾ ਨੋਟਿਸ ਲਵੋਗੇ।

ਗੁਰੁ ਪੰਥ ਦੇ ਦਾਸ

ਡਾਕਟਰ ਕਾਰਜ਼ ਸਿੰਘ ਧਰਮ ਸਿੰਘ ਵਾਲਾ

ਕਰਨੈਲ਼ ਸਿੰਘ ਪੀਰ ਮੁਹੰਮਦ ਪ੍ਰਧਾਨ

ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸੋਢੀ

ਸਕੱਤਰ ਜਨਰਲ ਗੁਰਮੁੱਖ ਸਿੰਘ ਸੰਧੂ

ਐਡਵੋਕੇਟ ਜਗਰੂਪ ਸਿੰਘ ਚੀਮਾ ਜਨਰਲ ਸਕੱਤਰ


ਟਿੱਪਣੀ: ਸਿੱਖਾਂ ਨੂੰ ਪਤਾ ਨਹੀਂ ਕਦੋਂ ਸਮਝ ਆਏਗੀ, ਕਿ ਇਹ ਅਖੌਤੀ ਜਥੇਦਾਰ ਜਿਨ੍ਹਾਂ ਅਗੇ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ, ਉਹ ਆਪ ਇਸ ਦੇ ਜ਼ਿੰਮੇਵਾਰ ਹਨ। ਇਹ ਸਾਰੇ ਆਪ ਗੁਰੂ ਸਾਹਿਬ ਦੇ ਅਪਮਾਨ ਦੇ ਦੋਸ਼ੀ ਹਨ, ਇਨ੍ਹਾਂ ਗੁਲਾਮਾਂ ਸਾਹਮਣੇ ਬੇਨਤੀਆਂ ਕਰਨੀਆਂ, ਝੋਟੇ ਸਾਹਮਣੇ ਬੀਨ ਵਜਾਉਣ ਵਾਲੀ ਗੱਲ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top