Share on Facebook

Main News Page

ਹੁਕਮਨਾਮਿਆਂ ਦੀ ਹੋ ਰਹੀ ਕਿਰਕਰੀ ਤੋਂ ਬਚਣ ਲਈ, ਜਥੇਦਾਰ ਆਪਣੇ ਜਾਰੀ ਕੀਤੇ ਹੁਕਨਾਮੇ ਵਾਪਸ ਲੈ ਲੈਣ ਤੇ ਅੱਗੇ ਤੋਂ ਸਿਆਸੀ ਅਧਾਰ 'ਤੇ ਹੁਕਮਨਾਮੇ ਜਾਰੀ ਕਰਨ ਤੋਂ ਤੌਬਾ ਕਰ ਲੈਣ
- ਕਿਰਪਾਲ ਸਿੰਘ ਬਠਿੰਡਾ
ਮੋਬ: 98554 80797

ਇਸ ਸਮੇਂ ਅਕਾਲ ਤਖ਼ਤ ਤੋਂ ਹੁਕਮਨਾਮੇ ਵਾਪਸ ਲੈਣ ਜਾਂ ਨਾ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਪਹਿਲਾਂ ਹੀ ਬੇਅਸਰ ਹੋ ਚੁੱਕੇ ਹਨ। ਇਨ੍ਹਾਂ ਦੇ ਹੁਕਮਨਾਮੇ ਵਿਰੋਧੀਆਂ ਨੇ ਤਾਂ ਕੀ ਮੰਨਣੇ ਸਨ ਇਹ ਜਾਰੀ ਕਰਨ ਤੇ ਕਰਵਾਉਣ ਵਾਲੇ ਖੁਦ ਹੀ ਨਹੀਂ ਮੰਨਦੇ। ਮਿਸਾਲ ਦੇ ਤੌਰ 'ਤੇ ਸਪੋਕਸਮੈਨ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਇਸ ਹੁਕਮਨਾਮੇ ਨੂੰ ਜਾਰੀ ਕਰਵਾਉਣ ਵਾਲੇ ਖੁਦ ਕਿਸੇ ਨੇ ਨਹੀਂ ਮੰਨਿਆਂ ਤੇ ਸਾਰੇ ਇਸ ਨੂੰ ਪੜ੍ਹ ਵੀ ਰਹੇ ਹਨ ਤੇ ਇਸ਼ਤਿਹਾਰ ਵੀ ਦੇ ਰਹੇ ਹਨ। ਹੁਣ ਤਾਂ ਜਥੇਦਾਰ ਤੇ ਪ੍ਰਧਾਨ ਦੇ ਨਾਵਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਦੇ ਕੇ ਇਸ ਦੀਆਂ ਖੁਦ ਹੀ ਧੱਜੀਆਂ ਉਡਾ ਦਿੱਤੀਆਂ ਹਨ। ਹੈਰਾਨੀ ਇਹ ਹੈ ਕਿ ਇਹ ਮੁੱਕਰ ਵੀ ਰਹੇ ਹਨ ਕਿ ਇਹ ਇਸ਼ਤਿਹਾਰ ਇਨ੍ਹਾਂ ਨੇ ਨਹੀਂ ਦਿੱਤਾ ਪਰ ਜਨਤਕ ਤੌਰ 'ਤੇ ਇਸ ਦਾ ਖੰਡਨ ਵੀ ਨਹੀਂ ਕਰ ਰਹੇ ਕਿਉਂਕਿ ਇਹ ਉਨ੍ਹਾਂ ਦੇ ਸਿਆਸੀ ਆਕਾ ਦੇ ਕਹਿਣ 'ਤੇ ਦਿੱਤਾ ਗਿਆ ਹੈ। ਇਸ ਤਰ੍ਹਾਂ ਅਕਾਲ ਤਖ਼ਤ 'ਤੇ ਬੈਠ ਕੇ ਇਹ ਸ਼ਰੇਆਮ ਨੰਗਾ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਨੇ ਇਸ਼ਤਿਹਾਰ ਨਹੀਂ ਦਿੱਤਾ।

ਦੂਸਰੀ ਮਿਸਾਲ ਹੈ ਕਿ ਜੂਨ 2006 ਵਿੱਚ ਹੁਕਮਨਾਮਾ ਜਾਰੀ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ,ਜਿਸ ’ਤੇ ਗਿਆਨੀ ਗੁਰਬਚਨ ਸਿੰਘ ਦੇ ਵੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਦਸਖਤ ਹਨ ਪਰ ਉਸ ਨੂੰ ਲਾਗੂ ਕਰਨ ਲਈ ਇਨ੍ਹਾਂ ਨੇ ਅੱਜ ਤੱਕ ਅਵਾਜ਼ ਨਹੀਂ ਕੱਢੀ ਤੇ ਪੁੱਛੇ ਜਾਣ 'ਤੇ ਵੀ ਕੁਝ ਬੋਲਣ ਤੋਂ ਘੇਸਲ ਵੱਟ ਜਾਂਦੇ ਹਨ।

ਤੀਸਰੀ ਉਦਾਰਹਣ ਪ੍ਰੋ: ਸਰਬਜੀਤ ਸਿੰਘ ਧੂੰਦਾ ਦੀ ਹੈ। ਉਹ ਅਕਾਲ ਤਖ਼ਤ 'ਤੇ ਆਪਣਾ ਸਪਸ਼ਟਕਰਨ ਦੇ ਵੀ ਗਏ ਜਿਸ ਤੋਂ ਸਤੁੰਸ਼ਟ ਹੋ ਕੇ ਉਸ ਨੂੰ ਮੁਆਫ ਕਰ ਦਿੱਤਾ ਤੇ ਪ੍ਰਚਾਰ ਕਰਨ ਦੀ ਖੁਲ੍ਹ ਦੇ ਦਿੱਤੀ। ਪਰ ਇਸ ਦੇ ਬਾਵਯੂਦ ਜਿਨ੍ਹਾਂ ਡੇਰੇਦਾਰਾਂ ਨੂੰ ਉਸ ਦਾ ਪ੍ਰਚਾਰ ਚੁੱਭਦਾ ਹੈ ਉਸ ਦਾ ਵਿਰੋਧ ਕਰਦੇ ਹੋਏ ਗੁਰਦੁਆਰਿਆਂ 'ਤੇ ਹਮਲਾਵਰ ਹੋ ਰਹੇ। ਇਸ ਦਾ ਭਾਵ ਹੈ ਕਿ ਸਭ ਤੋਂ ਵੱਧ ਹੁਕਨਾਮੇ ਦੀ ਦੁਹਾਈ ਦੇਣ ਵਾਲ ਖੁਦ ਵੀ ਹੁਕਮਨਾਮੇ ਨਹੀਂ ਮੰਨ ਰਹੇ।ਪਰ ਜਿਨ੍ਹਾਂ ਨੂੰ ਉਸ ਦਾ ਪ੍ਰਚਾਰ ਗੁਰਮਤਿ ਅਨੁਸਾਰੀ ਲੱਗ ਰਿਹਾ ਹੈ ਉਹ ਪਹਿਲਾਂ ਦੀ ਤਰ੍ਹਾਂ ਲਗਾਤਰ ਉਸ ਦੇ ਪ੍ਰੋਗਰਾਮ ਕਰਵਾ ਰਹੇ ਹਨ ਤੇ ਸਨਮਾਨਤ ਕਰ ਰਹੇ ਹਨ।

ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਮਨਾਮੇ ਦੀਆਂ ਸਤਾਧਾਰੀ ਅਕਾਲੀ ਪੂਰੀ ਤਰ੍ਹਾਂ ਧੱਜੀਆਂ ਉਡਾ ਰਹੇ ਪਰ ਕੁਝ ਗੁਰਸਿੱਖ ਹੁਕਨਮਾ ਲਾਗੂ ਕਰਵਾਉਣ ਲਈ ਹੱਥ ਪੱਲਾ ਮਾਰਦੇ ਪੁਲਿਸ ਤੇ ਪ੍ਰੇਮੀਆਂ ਦੋਵਾਂ ਦੀਆਂ ਲਾਠੀਆਂ ਦਾ ਸ਼ਿਕਾਰ ਹੋ ਰਹੇ ਤੇ ਕੁਝ ਜੇਲ੍ਹ ਦੀਆਂ ਰੋਟੀਆਂ ਛਕ ਰਹੇ ਹਨ।

ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਲਕਾ ਪੰਥੀਆਂ ਨੇ ਸਭ ਤੋਂ ਸਭ ਤੋਂ ਵੱਧ ਜੋਰ ਪ੍ਰੋ: ਦਰਸ਼ਨ ਸਿੰਘ ਦੀ ਆਵਾਜ਼ ਬੰਦ ਕਰਵਾਉਣ ਲਈ ਜਾਰੀ ਕੀਤੇ ਅਖੌਤੀ ਹੁਕਮਾਨਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੈ। ਪਰ ਉਸ ਹੁਕਮਾਨਮੇ ਦਾ ਜੋ ਹਾਲ ਹੈ ਉਹ ਉਸ ਦੇ ਦੇਸ਼ ਵਿਦੇਸ਼ਾਂ ਵਿੱਚ ਲਗਾਤਾਰ ਹੋ ਰਹੇ ਸਮਾਗਮਾਂ ਤੋਂ ਪਤਾ ਲਗ ਰਿਹਾ ਹੈ ਕਿ ਉਸ ਦਾ ਸਤਿਕਾਰ ਗੁਰਮਤਿ ਦੀ ਸੋਝੀ ਵਾਲੀਆਂ ਸੰਗਤਾਂ ਉਸੇ ਤਰ੍ਹਾਂ ਕਰ ਰਹੀਆਂ ਹਨ। ਤਾਜਾ ਮਿਸਾਲ ਜੰਮੂ ਵਿਖੇ ਹੋਏ ਪ੍ਰੋਗਰਾਮਾਂ ਵਿੱਚ ਪਹੁੰਚਣ 'ਤੇ ਉਸ ਦਾ ਗਰਮ ਜੋਸ਼ੀ ਨਾਲ ਕੀਤਾ ਸੁਆਗਤ ਤੇ ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਤੋਂ ਲਗਦਾ ਹੈ। ਪਤਾ ਲੱਗਾ ਹੈ ਕਿ ਹੁਣ ਉਨ੍ਹਾਂ ਦੇ ਪੰਜਾਬ ਵਿੱਚ ਵੀ ਪ੍ਰੋਗਰਾਮ ਕਰਵਾਉਣ ਲਈ ਸੰਗਤਾਂ ਉਤਾਵਲੀਆਂ ਹਨ। ਉਨ੍ਹਾਂ ਦਾ ਇੱਕ ਪ੍ਰੋਗਰਾਮ ਮੋਗੇ ਜਿਲ੍ਹੇ 'ਚ ਪਿੰਡ ਚੁੱਪਕੀਤੀ ਵਿਖੇ ਸਫਲਤਾ ਪੂਰਬਕ ਹੋ ਚੁੱਕਾ ਹੈ, ਕੱਲ੍ਹ ਨੂੰ ਨਕੋਦਰ ਵਿਖੇ, 19 ਜਨਵਰੀ ਨੂੰ ਮਲਸੀਹਾਂ ਤੇ ਫਰਵਰੀ ਮਹੀਨੇ ਵਿੱਚ ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਵਿੱਚ ਭਾਗ ਲੈਣ ਲਈ ਜਾ ਰਹੇ ਹਨ।

ਸੋ, ਇਸ ਸੂਰਤ ਵਿੱਚ ਹੁਕਨਾਮਾ ਵਾਪਸ ਲੈਣ ਦੀ ਮੰਗ ਤਾਂ ਕੋਈ ਮਾਅਨਾ ਨਹੀਂ ਰਖਦੀ ਪਰ ਜਥੇਦਾਰਾਂ ਨੂੰ ਖੁਦ ਹੀ ਚਾਹੀਦਾ ਹੈ ਕਿ ਹੁਕਨਾਮਿਆਂ ਦੀ ਹੋ ਰਹੀ ਕਿਰਕਰੀ ਤੋਂ ਬਚਾਉਣ ਲਈ ਆਪਣੇ ਜਾਰੀ ਕੀਤੇ ਹੁਕਨਾਮੇ ਵਾਪਸ ਲੈ ਲੈਣ ਤੇ ਅੱਗੇ ਤੋਂ ਸਿਆਸੀ ਅਧਾਰ 'ਤੇ ਹੁਕਨਾਮੇ ਜਾਰੀ ਕਰਨ ਤੋਂ ਤੋਬਾ ਕਰ ਲੈਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top