Share on Facebook

Main News Page

ਪਿਛਲੇ ਡੇੜ ਦਹਾਕੇ ਤੋਂ ਅਕਾਲ ਤਖ਼ਤ ਦੇ ਹੁਕਮਨਾਮੇ ਨਹੀਂ, ਸਿਆਸੀ ਧਿਰ ਦੇ ਹੁਕਮਨਾਮੇ ਹਨ ਜਿਨ੍ਹਾਂ ਨੂੰ ਮੈਂ ਕੋਈ ਅਹਿਮੀਅਤ ਨਹੀਂ ਦਿੰਦਾ

* ਅਖੌਤੀ ਹੁਕਮਨਾਮਾ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਪ੍ਰੋ: ਦਰਸ਼ਨ ਸਿੰਘ ਦਾ ਜੰਮੂ ਦੇ ਗੁਰਦੁਆਰਿਆਂ ਵਿੱਚ ਹੋਇਆ ਨਿੱਘਾ ਸੁਆਗਤ
* ਅਖਵਾਉਂਦਾ ਹੋਵੇ ਗੁਰੂ ਦਾ ਸਿੱਖ, ਪਰ ਕੁੰਭ ਦੇ ਮੇਲੇ ’ਤੇ ਜਾਣ ਸਮੇਂ ਗੁਰੂ ਕੋਲ ਨਾ ਪੁੱਛੇ ਉਸੇ ਲਈ ਤਾਂ ਗੁਰੂ ਨੇ ਕਿਹਾ ਹੈ : ‘ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥’

ਬਠਿੰਡਾ, 16 ਜਨਵਰੀ (ਕਿਰਪਾਲ ਸਿੰਘ): ਹੁਣ ਤੱਕ ਜਾਰੀ ਹੋਏ ਅਖੌਤੀ ਹੁਕਮਨਾਮੇ ਲਾਗੂ ਕਰਵਾਉਣ ਲਈ ਜਿੰਨਾਂ ਜੋਰ ਨਿਜੀ ਤੌਰ ’ਤੇ ਦਿਲਚਸਪੀ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲ ਤਖ਼ਤ ਦੇ ਸਾਬਕਾ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੈ ਇੰਨਾਂ ਜੋਰ ਸ਼ਾਇਦ ਹੀ ਹੋਰ ਕਿਸੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੋਵੇ। ਪਰ ਇਸ ਦੇ ਬਾਵਯੂਦ ਜੋ ਹਸ਼ਰ ਇਸ ਹੁਕਮਨਾਮੇ ਦਾ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਬੇਸ਼ੱਕ ਇਨ੍ਹਾਂ ਦੀ ਸਹਿ ’ਤੇ ਕਾਲਕਾ ਪੰਥੀਆਂ ਨੇ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗਰਾਮ ਰੁਕਵਾਉਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਪਰੋਗਰਾਮ ਕਰਵਾਉਣ ਵਾਲੇ ਗੁਰਦੁਆਰਿਆਂ ’ਤੇ ਹਮਲੇ ਕਰਕੇ ਆਪਣਾ ਔਰੰਗਜ਼ੇਬੀ ਚਿਹਰਾ ਧਾਰਨ ਕੀਤਾ ਹੋਇਆ ਹੈ, ਪਰ ਇਸ ਦੇ ਬਾਵਯੂਦ ਦੇਸ਼ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ, ਜਿਨ੍ਹਾਂ ਨੂੰ ਸੁਣਨ ਲਈ ਸੰਗਤਾਂ ਬੜੇ ਉਤਸ਼ਾਹ ਨਾਲ ਪਹੁੰਚ ਰਹੀਆਂ ਹਨ।

ਪ੍ਰੋ: ਦਰਸ਼ਨ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ 12-13 ਜਨਵਰੀ ਨੂੰ ਜੰਮੂ ਵਿੱਚ ਉਨ੍ਹਾਂ ਨੇ ਪਹਿਲਾਂ ਮਿਥੇ ਗਏ ਦੋ ਪ੍ਰੋਗਰਾਮ ਕਰਨ ਲਈ ਜਾਣਾ ਸੀ, ਪਰ ਸੰਗਤਾਂ ਦੇ ਪਿਆਰ ਅਤੇ ਉਤਸ਼ਾਹ ਨੂੰ ਵੇਖਦੇ ਹੋਏ ਚਾਰ ਗੁਰਦੁਆਰਿਆਂ- ਗੁਰਦੁਆਰਾ ਗੁਰੂ ਸਿੰਘ ਸਭਾ ਸੰਜੇ ਨਗਰ, ਗੁਰਦੁਆਰਾ ਗੁਰੂ ਸਿੰਘ ਸਭਾ ਆਰਐੱਸ ਪੁਰਾ, ਗੁਰਦੁਆਰਾ ਗੁਰੂ ਸਿੰਘ ਸਭਾ ਪ੍ਰੀਤਨਗਰ, ਅਤੇ ਗੁਰਦੁਆਰਾ ਗੁਰੂ ਸਿੰਘ ਸਭਾ ਤ੍ਰਿਕੁਟਾ ਨਗਰ ਵਿਖੇ ਚਾਰ ਪ੍ਰੋਗਰਾਮ ਕੀਤੇ ਗਏ। ਸਾਰੇ ਹੀ ਪ੍ਰੋਗਰਾਮਾਂ ਵਿੱਚ ਸੰਗਤਾਂ ਦਾ ਉਤਸ਼ਾਹ ਤੇ ਇਕੱਠ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਤੇ ਪ੍ਰਬੰਧਕਾਂ ਦੀ ਉਮੀਦ ਤੋਂ ਵੀ ਵੱਧ ਰਿਹਾ ਜਿਸ ਦਾ ਸਬੂਤ ਤੁਸੀਂ ਇੰਟਰਨੈੱਟ ’ਤੇ ਪਈਆਂ ਫੋਟੋ ਤੋਂ ਲਾ ਸਕਦੇ ਹੋ। ਉਨ੍ਹਾਂ ਕਿਹਾ ਹਰ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਲਈ ਪਹੁੰਚਣ ’ਤੇ ਪ੍ਰਬੰਧਕਾਂ ਤੇ ਸੰਗਤਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਤੇ ਪਿਅਰ ਨਾਲ ਨਿੱਘਾ ਸੁਆਗਤ ਕੀਤਾ ਤੇ ਹੋਰ ਪ੍ਰੋਗਰਾਮਾਂ ਦੀ ਮੰਗ ਕੀਤੀ। ਪਰ ਮੇਰੀ ਸਿਹਤ ਅਤੇ ਮੇਰੇ ਨਾਲ ਗਏ ਸਾਥੀਆਂ ਕੋਲ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਹੋਰ ਪ੍ਰੋਗਰਾਮ ਨਹੀ ਦੇ ਸਕੇ। ਪ੍ਰੋ: ਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਤਾਂ ਪਹਿਲਾਂ ਹੀ ਉਨ੍ਹਾਂ ਦੇ ਲਗਾਤਾਰ ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਹੋ ਰਹੇ ਸਨ, ਪਰ ਪੰਜਾਬ ਵਿੱਚ ਬਾਦਲ ਸਰਕਾਰ ਹੋਣ ਕਰਕੇ ਪੰਜਾਬ ਵਿੱਚ ਪ੍ਰੋਗਰਾਮ ਕਰਵਾਉਣ ਤੋਂ ਸੰਗਤਾਂ ਕੁਝ ਝਿਜਕਦੀਆਂ ਸਨ, ਕਿਉਂਕਿ ਉਹ ਮਹਿਸੂਸ ਕਰਦੀਆਂ ਸਨ ਕਿ ਸਰਕਾਰ ਦੀ ਸ਼ਹਿ ਨਾਲ ਹੁਲੜਬਾਜ਼ ਹੁਲੜਬਾਜ਼ੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਬੇਅਦਬੀ ਨਾ ਕਰ ਜਾਣ, ਪਰ ਸਮਾਂ ਲੰਘਣ ਨਾਲ ਇੱਥੋਂ ਦੀਆਂ ਸੰਗਤਾਂ ਵੀ ਉਤਸ਼ਾਹ ਵਿੱਚ ਹਨ ਤੇ ਪੰਜਾਬ ਵਿੱਚੋਂ ਵੀ ਪ੍ਰੋਗਰਾਮਾਂ ਦੀ ਭਾਰੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਪਿੱਛੇ ਜਿਹੇ ਉਨ੍ਹਾਂ ਦਾ ਕੀਰਤਨ ਸਮਗਮ ਮੋਗਾ ਜਿਲ੍ਹੇ ਦੇ ਪਿੰਡ ਚੁੱਪਕੀਤੀ ਵਿਖੇ ਹੋਇਆ ਜਿੱਥੇ 4-5 ਪਿੰਡਾਂ ਦੀ ਪੰਚਾਇਤਾਂ ਤੇ ਸੰਗਤ ਪਹੁੰਚੀ ਹੋਈ ਸੀ। ਕੱਲ੍ਹ 17 ਜਨਵਰੀ ਨੂੰ ਨਕੋਦਰ ਵਿਖੇ ਹੋ ਰਿਹਾ ਹੈ ਤੇ 19 ਤਰੀਕ ਨੂੰ ਮਲਸੀਹਾਂ ਵਿਖੇ ਹੋਵੇਗਾ। ਫਰਵਰੀ ਮਹੀਨੇ ਵਿੱਚ ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਹੋ ਰਿਹਾ ਜਿਸ ਵਿੱਚ ਉਨ੍ਹਾਂ ਨੂੰ ਸੱਦਾ ਮਿਲ ਚੁੱਕਾ ਹੈ ਤੇ ਉਹ ਉਸ ਵਿੱਚ ਵੀ ਹਾਜਰੀ ਭਰਨਗੇ।

ਜਿਸ ਸਮੇ ਉਨ੍ਹਾਂ ਨੂੰ ਉਨ੍ਹਾਂ ਅਤੇ ਸਪੋਕਸਮੈਨ ਵਿਰੁੱਧ ਜਾਰੀ ਹੋਏ ਹੁਕਮਨਾਮਿਆਂ ਦੀ ਹੋਣੀ ਸਬੰਧੀ ਪੁੱਛਿਆ ਤਾਂ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਪਿਛਲੇ ਡੇੜ ਦਹਾਕੇ ਤੋਂ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਨਾਮਿਆਂ ਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦੇ ਕਿਉਂਕਿ ਉਹ ਅਕਾਲ ਤਖ਼ਤ ਦੇ ਨਹੀਂ ਬਲਕਿ ਸਿਆਸੀ ਧਿਰ ਦੇ ਹੁਕਮਨਾਮੇ ਹਨ। ਜਿਹੜੇ ਕੁਝ ਗੁਰਮਤਿ ਅਨੁਸਾਰੀ ਹੁਕਮਨਾਮੇ ਜਾਰੀ ਹੋਏ ਵੀ ਹਨ ਜਿਵੇਂ ਕਿ ਜੂਨ 2006 ਵਿੱਚ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਗੁਰਿਆਈ ਪਦ ਦੇ ਅਧਿਕਾਰੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਲਈ ਇਨ੍ਹਾਂ ਦੇ ਬਰਾਬਰ ਦਸਮ ਗ੍ਰੰਥ ਸਮੇਤ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ। ਇਸ ਹੁਕਮਨਾਮੇ ’ਤੇ ਗਿਆਨੀ ਗੁਰਬਚਨ ਸਿੰਘ ਦੇ ਵੀ ਦਰਬਾਰ ਸਾਹਿਬ ਦੈ ਹੈੱਡ ਗ੍ਰੰਥੀ ਵਜੋਂ ਦਸਤਖ਼ਤ ਹਨ। ਪਰ ਇਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਤੋਂ ਇਹ ਖ਼ੁਦ ਹੀ ਇਨਕਾਰੀ ਹਨ। ਜਿਹੜੇ ਹੁਕਨਮੇ ਗੁਰਮਤਿ ਅਨੁਸਾਰੀ ਹਨ ਉਨ੍ਹਾਂ ਨੂੰ ਇਹ ਹੁਕਮਨਾਮੇ ਜਾਰੀ ਕਰਨ ਤੇ ਕਰਵਾਉਣ ਵਾਲੇ ਖ਼ੁਦ ਨਹੀਂ ਮੰਨਦੇ ਤੇ ਜਿਹੜੇ ਸਿਆਸੀ ਹੁਕਮਨਾਮੇ ਦੇ ਤੌਰ ’ਤੇ ਜਾਰੀ ਕੀਤੇ ਗਏ ਸਨ ਉਨ੍ਹਾਂ ਦੀ ਸੰਗਤਾਂ ਪ੍ਰਵਾਹ ਨਹੀਂ ਮੰਨਦੀਆਂ ਇਸ ਲਈ ਇਨ੍ਹਾਂ ਹੁਕਨਾਮਿਆਂ ਦੀ ਹੁਣ ਕੋਈ ਅਹਿਮੀਅਤ ਨਹੀਂ ਰਹਿ ਗਈ।

ਸ਼੍ਰੋਮਣੀ ਕਮੇਟੀ ਵੱਲੋਂ ਕੁੰਭ ਦੇ ਮੇਲੇ ’ਤੇ ਜਾਣ ਦੇ ਫੈਸਲੇ ਸਬੰਧੀ ਪੁੱਛੇ ਜਾਣ ’ਤੇ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਜਿਹੜਾ ਅਖਵਾਉਂਦਾ ਹੋਵੇ ਗੁਰੂ ਦਾ ਸਿੱਖ ਪਰ ਕੁੰਭ ਦੇ ਮੇਲੇ ’ਤੇ ਜਾਣ ਸਮੇਂ ਗੁਰੂ ਕੋਲੋਂ ਨਾ ਪੁੱਛੇ ਉਸੇ ਲਈ ਤਾਂ ਗੁਰੂ ਨੇ ਕਿਹਾ ਹੈ : ‘ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥’ ਤੀਰਥਾਂ ’ਤੇ ਨਹਾਉਣ ਸਬੰਧੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ? ਇਹ ਪੁੱਛਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 1109 ’ਤੇ ਦਰਜ ਗੁਰੂ ਨਾਨਕ ਸਾਹਿਬ ਜੀ ਵੱਲੋਂ ਤੁਖਾਰੀ ਰਾਗੁ ਵਿੱਚ ਉਚਾਰਣ ਕੀਤੇ ਬਾਰਹਮਾਹਾ ਵਿੱਚੋਂ ਮਾਘ ਮਹੀਨੇ ਦਾ ਸ਼ਬਦ ਪੜ੍ਹ ਕੇ ਵੇਖਿਆ ਜਾ ਸਕਦਾ ਹੈ: ‘ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥ ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥ ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥ ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥15॥’ ਭਾਵ - ਮਾਘ (ਮਹੀਨੇ) ਵਿਚ (ਲੋਕ ਪ੍ਰਯਾਗ ਆਦਿਕ ਉਤੇ ਇਸ਼ਨਾਨ ਕਰਨ ਵਿਚ ਪਵਿਤ੍ਰਤਾ ਮੰਨਦੇ ਹਨ ਪਰ) ਜਿਸ ਜੀਵ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ। ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਕੇ ਉਸ ਦੇ ਚਰਨਾਂ ਵਿਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ। ਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿਚ ਵਸਾ ਕੇ ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ (ਸਮਝਦਾ ਹਾਂ)। ਤੇਰੇ ਚਰਨਾਂ ਵਿਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸ੍ਵਤੀ ਤਿੰਨਾਂ ਨਦੀਆਂ ਦਾ ਮਿਲਾਪ-ਥਾਂ ਹੈ ਤ੍ਰਿਬੇਣੀ ਹੈ, ਉਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ। ਜਿਸ ਮਨੁੱਖ ਨੇ ਹਰੇਕ ਜੁਗ ਵਿਚ ਵਿਆਪਕ ਪਰਮੇਸਰ ਨਾਲ ਸਾਂਝ ਪਾ ਲਈ ਉਸ ਨੇ (ਤੀਰਥ-ਇਸ਼ਨਾਨ ਆਦਿਕ) ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ। ਹੇ ਨਾਨਕ! ਮਾਘ ਮਹੀਨੇ ਵਿਚ (ਤੀਰਥ-ਇਸ਼ਨਾਨ ਆਦਿਕ ਦੇ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ-ਨਾਮ ਦਾ ਮਹਾ ਰਸ ਪੀ ਲਿਆ, ਉਸ ਨੇ ਮਾਨੋਂ ਅਠਾਹਠ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ॥15॥

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿਹਾ ਹਿੰਦੂ ਮਤ ਦੇ ਮੰਨੇ ਗਏ 68 ਤੀਰਥਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ: ‘ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 473)। ਗੁਰੂ ਸਾਹਿਬ ਤੀਰਥ ’ਤੇ ਨਹਾਉਣ ਤੋਂ ਨਹੀਂ ਰੋਕਦੇ ਪਰ ਉਹ ਦਸਦੇ ਹਨ ਕਿ ਉਹ ਕਿਹੜਾ ਤੀਰਥ ਹੈ ਜਿਥੇ ਸਿੱਖ ਨੇ ਹਰ ਰੋਜ ਹੀ ਅੰਤਰਗਤ ਹੋ ਕੇ ਇਸ਼ਨਾਨ ਕਰਨਾ ਹੈ:
ਧਨਾਸਰੀ ਮਹਲਾ 1 ਛੰਤ ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥’- ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ।

ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥’- ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! (ਮੈਨੂੰ ਆਪਣਾ ਨਾਮ) ਦੇਹ।

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥1॥’ ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ ॥1॥

ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥’ (ਗੁਰੂ ਗ੍ਰੰਥ ਸਾਹਿਬ – ਪੰਨਾ 688) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ।

ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਪਿਛਲੇ ਦੋ ਹਫਤੇ ਤੋਂ ਜਦੋਂ ਤੋਂ ਮੀਡੀਏ ਵਿੱਚ ਖ਼ਬਰਾ ਛਪ ਰਹੀਆਂ ਹਨ ਅਨੇਕ ਗੁਰਮੁਖਾਂ ਨੇ ਸਲਾਹ ਦਿੱਤੀ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਵੋ ਕਿ ਕੁੰਭ ’ਤੇ ਜਾਣਾ ਹੈ ਜਾਂ ਨਹੀਂ ਪਰ ਉਹ ਕਹਿੰਦੇ ਨਹੀਂ ਸਾਨੂੰ ਨਹੀਂ ਪੁੱਛਣ ਦੀ ਲੋੜ ਅਸੀਂ ਤਾਂ ਮਾਘੀ ’ਤੇ ਕੁੰਭ ’ਤੇ ਹੀ ਨਹਾ ਕੇ ਆਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਪਰ ਉਸ ਦੀ ਸਿਖਿਆ ਦੀ ਪ੍ਰਵਾਹ ਨਾ ਕਰਨ ਵਾਲੇ ਇਹੋ ਜਿਹੇ ਲੋਕਾਂ ਲਈ ਹੀ ਗੁਰੂ ਸਾਹਿਬ ਜੀ ਨੇ ਲਿਖਿਆ ਹੈ: ‘ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥1॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 470)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top