Share on Facebook

Main News Page

ਪੰਥ ਵਿੱਚੋਂ ਛੇਕਣ ਦੀ ਰਵਾਇਤ ਖਤਮ ਕੀਤੀ ਜਾਵੇਗੀ ?
-
ਜਸਬੀਰ ਸਿੰਘ ਪੱਟੀ  093560 24684

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਕਸਰ ਹੀ ਨਿਮਾਣੋ ਜਿਹੇ ਬਣ ਕੇ ਆਪਣੀਆਂ ਊਣਤਾਈਆਂ ਨੂੰ ਛੁਪਾਉਣ ਲਈ ਸਿੱਖਾਂ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਧੌਂਸ ਦਾ ਨਜਾਇਜ ਫਾਇਦਾ ਉਠਾ ਕੇ, ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਾਬਤ ਕਰਵਾਉਣ ਵਿੱਚ ਕਾਫੀ ਮੁਹਾਰਤ ਰੱਖਦੇ ਹਨ, ਜਦੋਂ ਕਿ ਸ੍ਰੋਮਣੀ ਕਮੇਟੀ ਤੇ ਕਾਬਜ ਧਿਰ ਨੇ ਜਥੇਦਾਰ ਅਕਾਲ ਤਖਤ ਨੂੰ ਹਮੇਸ਼ਾਂ ਹੀ ਰਬੜ ਦੀ ਮੋਹਰ ਵਾਂਗ ਹੀ ਵਰਤਿਆ ਹੈ ਅਤੇ ਆਪਣੇ ਸੁਆਰਥ ਲਈ ਗਲਤ ਫੈਸਲੇ ਕਰਵਾਏ ਹਨ, ਜਦ ਕਿ ਕਈ ਵਾਰੀ ਤਾਂ ਆਪਣੇ ਵਿਰੋਧੀਆਂ ਨੂੰ ਪੰਥ ਵਿੱਚੋਂ ਛੇਕਣ ਦਾ ਡਰਾਮਾ ਵੀ ਕੀਤਾ ਜਾਂਦਾ ਰਿਹਾ ਹੈ। ਜਿਸ ਬਾਰੇ ਅੱਜ ਦਾ ਸਿੱਖ ਪੂਰੀ ਤਰ੍ਹਾਂ ਜਾਗਰੂਕ ਹੋ ਗਿਆ ਹੈ ਅਤੇ ਹੁਣ ਸਿੱਖ ਅਕਾਲ ਤਖਤ ਦੇ ਆਦੇਸ਼ਾਂ ਨੂੰ ਧਾਰਮਿਕ ਦੀ ਬਜਾਏ ਸਿਆਸੀ ਪ੍ਰਭੂਆਂ ਦੇ ਆਦੇਸ਼ ਮੰਨ ਕੇ ਅੱਖੋਂ ਪਰੋਖੇ ਕਰ ਰਹੇ ਹਨ, ਜੋ ਅਤੀ ਮੰਦਭਾਗਾ ਹੀ ਨਹੀਂ, ਸਗੋਂ ਸ੍ਰੀ ਅਕਾਲ ਤਖਤ ਦੀ ਸਰਵਉ¤ਚਤਾ ਨੂੰ ਵੀ ਚੁਨੌਤੀ ਹੈ।

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਧਾਮਾਂ ਦੇ ਵਿਕਾਸ ਤੇ ਵਿਸਥਾਰ ਲਈ ਹੀ ਉਸ ਵੇਲੇ ਹੋਂਦ ਆਈ ਸੀ ਜਦੋਂ ਮਹੰਤਗਿਰੀ ਵਿੱਚ ਭਾਰੀ ਗਿਰਾਵਟ ਆਈ ਤੇ ਉਹ ਸਿੱਖ ਗੁਰਧਾਮਾਂ ਵਿੱਚ ਹੀ ਬਦਫੈਲੀਆਂ ਕਰਨ ਲੱਗ ਪਏ ਸਨ। ਜਿਹੜਾ ਗੁਰੂ ਘਰਾਂ ਨਾਲ ਪਿਆਰ ਰੱਖਣ ਵਾਲੇ ਸਿੱਖਾਂ ਕੋਲੋ ਬਰਦਾਸ਼ਤ ਨਾ ਹੋਇਆ ਤੇ ਉਹਨਾਂ ਨੇ ਮਹੰਤਾਂ ਕੋਲੋਂ ਗੁਰਧਾਮ ਅਾਜ਼ਾਦ ਕਰਾਉਣ ਦੀ ਮੁਹਿੰਮ ਵਿੱਢ ਦਿੱਤੀ। ਇਸ ਮੁਹਿੰਮ ਦੌਰਾਨ ਸਿੱਖਾਂ ਨੂੰ ਕਈ ਕੁਰਬਾਨੀਆਂ ਵੀ ਦੇਣੀਆਂ ਪਈਆਂ, ਪਰ ਅਖੀਰ ਜਿੱਤ ਪੰਥ ਨੂੰ ਹੀ ਹੋਈ। ਇਤਿਹਾਸ ਵਿੱਚ ਨਨਕਾਣਾ ਸਾਹਿਬ ਸਾਕੇ ਦੀ ਇਬਾਬਤ ਪੂਰੀ ਤਰ੍ਹਾਂ ਸੁਨਿਹਰੀ ਅੱਖਰਾਂ ਵਿੱਚ ਲਿਖੀ ਗਈ ਹੈ ਅਤੇ ਜਿਹੜਾ ਵੀ ਇਨਸਾਨ ਇਸ ਦਾ ਮੰਥਨ ਕਰਦਾ ਹੈ, ਉਸ ਦਾ ਸਿਰ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਨਮਾਨ ਨਾਲ ਆਪਣੇ ਆਪ ਹੀ ਝੁੱਕ ਜਾਂਦਾ ਹੈ।

ਸਿੱਖ ਕੌਮ ਵਿੱਚ ਪੰਥ ਵਿੱਚੋਂ ਛੇਕਣ ਦੀ ਰਵਾਇਤ ਕਦੇ ਵੀ ਨਹੀਂ ਰਹੀ, ਸਗੋਂ ਸੰਗਤਾਂ ਨੂੰ ਗਲਵਕੜੀ ਵਿੱਚ ਲੈ ਕੇ ਨਾਲ ਜੋੜਣ ਦੀ ਹੀ ਪਰੰਪਰਾ ਹੀ ਰਹੀ ਹੈ। ਪੰਥ ਵਿੱਚੋਂ ਛੇਕਣ ਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਕਈ ਸੱਤਾ ਦੇ ਹੰਕਾਰ ਵਿੱਚ ਸਿੱਖਾਂ ਨੇ ਪੰਥਕ ਰਵਾਇਤਾਂ ਨੂੰ ਤਿਲਾਂਜਲੀ ਦੇ ਕੇ ਸੱਤਾ ਦੀ ਧੌਂਸ਼ ਜੰਮਾਉਦਿਆਂ ਮਨਮਾਨੀਆਂ ਕੀਤੀਆਂ ਪਰ ਕਿਸੇ ਵੀ ਅਖਬਾਰ ਨਵੀਸ ਜਾਂ ਫਿਰ ਰਾਗੀ ਢਾਡੀ ਜਾਂ ਫਿਰ ਪੰਥਕ ਸਫਾਂ ਵਿੱਚ ਪੰਥ ਦੀ ਭਲਾਈ ਲਈ ਵਿਚਰਣ ਵਾਲੇ ਨੂੰ ਕਦੇ ਵੀ ਪੰਥ ਵਿੱਚੋਂ ਛੇਕਣ ਦੀ ਕਾਰਜ ਨਹੀਂ ਕੀਤਾ ਗਿਆ। ਪਰ ਇਹ ਨਾਮੁਰਾਦ ਬੀਮਾਰੀ ਪਿਛਲੇ ਕੁਝ ਅਰਸੇ ਤੋ ਹੀ ਸ਼ੁਰੂ ਹੋਈ ਹੈ, ਜਿਹੜੀ ਪੰਥ ਵਿੱਚ ਦੁਬਿੱਧਾ ਦੇ ਨਾਲ ਨਾਲ ਕਈ ਪ੍ਰਕਾਰ ਦੇ ਬਿਖੇੜੇ ਵੀ ਖੜੇ ਕਰ ਰਹੀ ਹੈ। ਪੱਤਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ, ਸਗੋਂ ਉਹ ਤਾਂ ਸਮੁੱਚੀ ਮਾਨਵਤਾ ਦਾ ਸਾਂਝਾ ਤੇ ਧਰਮ ਨਿਰਪੱਖ ਹੁੰਦਾ ਹੈ ਅਤੇ ਜਿਹੜਾ ਪੱਤਰਕਾਰ ਆਪਣੀ ਕੌਮ ਦੀ ਜਾਂ ਜਾਤ ਦੀ ਧੌਂਸ ਪੱਤਰਕਾਰਤਾ ਵਿੱਚ ਰੱਖਦਾ ਹੈ, ਉਹ ਨਾ ਤਾਂ ਆਪਣੀ ਕੌਮ ਦਾ ਕੁੱਝ ਸੰਵਾਰ ਸਕਦਾ ਹੈ ਅਤੇ ਨਾ ਹੀ ਸਮੁੱਚੀ ਮਾਨਵਤਾ ਦੀ ਕੋਈ ਭਲਾਈ ਕਰ ਸਕਦਾ ਹੈ, ਸਗੋਂ ਅੱਤਵਾਦੀ ਤੇ ਵੱਖਵਾਦੀ ਤਾਕਤਾਂ ਦਾ ਹੱਥ ਠੋਕਾ ਹੀ ਬਣ ਕੇ ਰਹਿ ਜਾਂਦਾ ਹੈ। ਸੱਚਾਈ ਲਿਖਣਾ ਪੱਤਰਕਾਰ ਦਾ ਇਖਲਾਕੀ ਫਰਜ਼ ਹੈ, ਪਰ ਸੱਚਾਈ ਦੇ ਬਹਾਨੇ ਗੁੰਮਰਾਹਕੁੰਨ ਲੇਖ ਲਿਖਣਾ ਪੱਤਰਕਾਰਤਾ ਦੇ ਕਾਇਦੇ ਕਨੂੰਨ ਤੋ ਬਾਹਰ ਨਹੀਂ, ਸਗੋਂ ਸਮਾਜ ਨਾਲ ਬੇਇਨਸਾਫੀ ਹੈ। ਪੱਤਰਕਾਰ ਦਾ ਕੋਈ ਧਰਮ ਨਾ ਹੋਣ ਕਾਰਨ ਉਹ ਧਰਮ ਦੇ ਗਲਿਆਰਿਆਂ ਵਿੱਚੋਂ ਵੀ ਬਾਹਰ ਹੁੰਦਾ ਹੈ ਅਤੇ ਕਿਸੇ ਵੀ ਪੱਤਰਕਾਰ ਨੂੰ ਧਰਮ ਦੀ ਆੜ ਹੇਠ ਸ੍ਰੀ ਅਕਾਲ ਤਖਤ ਤੇ ਤਲਬ ਨਹੀਂ ਕੀਤਾ ਜਾ ਸਕਦਾ, ਜੇਕਰ ਉਸ ਦੀ ਕਿਸੇ ਖਬਰ ਜਾਂ ਲੇਖ ਨੂੰ ਲੈ ਕੇ ਕੋਈ ਬਿਖੇੜਾ ਖੜਾ ਹੁੰਦਾ ਹੈ, ਤਾਂ ਉਸ ਦੀ ਕਾਰਵਾਈ ਆਪਣਾ ਸਪੱਸ਼ਟੀਕਰਨ ਦੇ ਕੇ ਕੀਤੀ ਜਾ ਸਕਦੀ ਹੈ ਜਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ। ਜਥੇਦਾਰ ਅਕਾਲ ਤਖਤ ਨੂੰ ਵੀ ਕਿਸੇ ਖਬਰ ਨੂੰ ਲੈ ਕੇ ਇਤਰਾਜ ਹੈ ਤਾਂ ਉਹ ਸਬੰਧਿਤ ਪੱਤਰਕਾ ਨੂੰ ਆਪਣੇ ਘਰ ਚਾਹ 'ਤੇ ਬੁਲਾ ਕੇ ਗੱਲਬਾਤ ਕਰਕੇ ਲੇਖ ਦੀ ਜਾਣਕਾਰੀ ਲੈ ਕੇ, ਉਸ ਦੇ ਵਿਚਾਰ ਸੁਣ ਸਕਦਾ ਹੈ ਅਤੇ ਆਪਣੇ ਦੱਸ ਸਕਦਾ ਹੈ ਪਰ ਇਸੇ ਵੇਲੇ ਤਾਂ ਛੇਵੇ ਪਾਤਸਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਉਸਾਰੇ ਅਕਾਲ ਦਾ ਤਖਤ ਨੂੰ ਤਖਤ ਦਾ ਦਰਜਾ ਘੱਟ ਤੇ ਥਾਣੇ ਦਾ ਬਹੁਤਾ ਦਿੱਤਾ ਜਾ ਰਿਹਾ ਹੈ, ਜੋ ਸਿੱਖ ਪੰਥ ਲਈ ਮੰਦਭਾਗਾ ਹੈ।

1999 ਦੇ ਆਰੰਭ ਵਿੱਚ ਇੱਕ ਲੇਖ ਜਲੰਧਰ ਤੋਂ ਛੱਪਦੇ ਪੰਜਾਬੀ ਅਖਬਾਰ ਰੋਜ਼ਾਨਾ ਅਜੀਤ ਵਿੱਚ ਛੱਪਿਆ ਸੀ ਜਿਸ ਤੇ ਤੱਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਤਰਾਜ ਜ਼ਾਹਿਰ ਕਰਦਿਆਂ ਅਖਬਾਰ ਦੇ ਐਡੀਟਰ ਬਰਜਿੰਦਰ ਸਿੰਘ ਤੇ ਪੱਤਰਕਾਰ ਮੇਜਰ ਸਿੰਘ ਨੂੰ 11 ਫਰਵਰੀ 1999 ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਆਦੇਸ਼ ਜਾਰੀ ਕੀਤੇ ਸਨ। ਅਖਬਾਰ ਦਾ ਅਦਾਰਾ ਵੱਡਾ ਤੇ ਸਿਆਸੀ ਪਹੁੰਚ ਵਾਲਾ ਹੋਣ ਕਾਰਨ ਐਡੀਟਰ ਤੇ ਪੱਤਰਕਾਰ ਦੇ ਪੇਸ਼ ਹੋਣ ਤੋ ਇੱਕ ਦਿਨ ਪਹਿਲਾਂ ਹੀ ਭਾਈ ਰਣਜੀਤ ਸਿੰਘ ਦੀ ਛੁੱਟੀ ਕਰ ਦਿੱਤੀ ਗਈ ਤੇ ਅਗਲੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੀ ਤਾਜਪੋਸ਼ੀ ਤੋ ਪਹਿਲਾਂ ਹੀ ਭਾਈ ਰਣਜੀਤ ਸਿੰਘ ਦੁਆਰਾ ਜਾਰੀ ਕੀਤੇ ਗਏ ਹੁਕਮ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਐਡੀਟਰ ਤੇ ਪੱਤਰਕਾਰ ਵਾਲ ਵਾਲ ਬੱਚ ਗਏ।

ਇਸੇ ਤਰ੍ਹਾਂ ਬੁੱਧੀਜੀਵੀ ਵਰਗ ਨਾਲ ਸਬੰਧਿਤ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਵੀ ਕੁਝ ਵਿਵਾਦਤ ਲਿਖਤਾਂ ਕਾਰਨ ਸ੍ਰੀ ਅਕਾਲ ਤਖਤ ਤੇ ਤਲਬ ਕੀਤਾ ਗਿਆ ਤੇ ਉਹਨਾਂ ਨ ਵਿਦੇਸ਼ ਵਿੱਚੋਂ ਹੀ ਆਪਣਾ ਸਪੱਸ਼ਟੀਕਰਨ ਭੇਜ ਦਿੱਤਾ ਅਤੇ ਬਿਰਧ ਅਵਸਥਾ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਬੇਬਸੀ ਜਾਹਿਰ ਕੀਤੀ, ਤਾਂ ਉਹਨਾਂ ਨੂੰ ਪੰਥ ਵਿੱਚੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਨੇ ਜਥੇਦਾਰਾਂ ਦੇ ਹੁਕਮਾਂ ਦੀ ਕੋਈ ਪਰਵਾਹ ਨਾ ਕੀਤੀ ਤੇ ਆਪਣਾ ਲਿਖਣ ਦਾ ਕਾਰਜ ਜਾਰੀ ਰੱਖਿਆ।

ਇਸੇ ਤਰ੍ਹਾਂ ਮੋਹਾਲੀ ਤੋਂ ਛੱਪਦੇ ਅਖਬਾਰ ਸਪੋਕਸਮੈਨ ਦੇ ਐਡੀਟਰ ਸ੍ਰ. ਜੋਗਿੰਦਰ ਸਿੰਘ ਨੂੰ ਉਹਨਾਂ ਦੀਆ ਲਿਖਤਾਂ ਕਾਰਨ ਸ੍ਰੀ ਅਕਾਲ ਤਖਤ 'ਤੇ ਤਲਬ ਕੀਤਾ ਗਿਆ ਤੇ ਉਹਨਾਂ ਨੇ ਆਪਣਾ ਸਪੱਸ਼ਟੀਕਰਨ ਭੇਜ ਦਿੱਤਾ ਤੇ ਖੁਦ ਨਾ ਆਏ ਤਾਂ ਜਥੇਦਾਰਾਂ ਨੇ ਆਪਣੀ ਕਥਿਤ ਤੌਰ ਤੇ ‘‘ਹਉਮੈ’’ ਨੂੰ ਪੱਠੇ ਪਾਉਣ ਲਈ ਉਹਨਾਂ ਨੂੰ ਅਕਾਲ ਤਖਤ 'ਤੇ ਜਾਤੀ ਤੌਰ 'ਤੇ ਪੇਸ਼ ਹੋਣ ਲਈ ਆਦੇਸ਼ ਜਾਰੀ ਕਰ ਦਿੱਤੇ, ਜਿਹਨਾਂ ਦੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਤਾਂ ਉਹਨਾਂ ਨੂੰ ਵੀ ਸਿਆਸੀ ਦਬਾ ਹੇਠ ਪੰਥ ਵਿੱਚੋਂ ਮੱਖਣ ਦੇ ਵਾਲ ਵਾਂਗ ਬਾਹਰ ਕੱਢਣ ਦਾ ਡਰਾਮਾ ਕਰ ਦਿੱਤਾ ਗਿਆ ਅਤੇ ਸਿੱਖ ਸੰਗਤਾਂ ਨਾਮ ਆਦੇਸ਼ ਜਾਰੀ ਕਰ ਦਿੱਤਾ ਕਿ ‘‘ਸਪੋਕਸਮੈਨ ਅਖਬਾਰ ਦਾ ਨਾ ਕੋਈ ਸਿੱਖ ਪੱਤਰਕਾਰ ਬਣੇ ਤੇ ਨਾ ਹੀ ਉਸ ਕੋਈ ਅਖਬਾਰ ਪੜੇ ਅਤੇ ਨਾ ਹੀ ਕੋਈ ਆਪਣਾ ਇਸ਼ਤਿਹਾਰ ਛਪਵਾਏ’’, ਜਦ ਕਿ ਅੱਜ ਇਹ ਅਖਬਾਰ ਸਭ ਤੋ ਵੱਧ ਉਹਨਾਂ ਲੋਕਾਂ ਵਿੱਚ ਹੀ ਪੜ੍ਹਿਆ ਜਾਂਦਾ ਹੈ, ਜਿਹਨਾਂ ਨੇ ਸ੍ਰ. ਜੋਗਿੰਦਰ ਸਿੰਘ ਨੂੰ ਛੇਕਣ ਲਈ ਪੱਬਾਂ ਭਾਰ ਹੋ ਕੋ ਜੋਰ ਲਗਾਇਆ ਸੀ। ਅੱਜ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਤੇ ਸ੍ਰੋਮਣੀ ਕਮੇਟੀ ਵਿੱਚ ਵੀ ਇਹ ਅਖਬਾਰ ਪੜ੍ਹਿਆ ਜਾਂਦਾ ਹੈ ਅਤੇ ਇਸ ਵਿਚਲੀਆਂ ਪੰਥਕ ਖਬਰਾਂ ‘‘ਪੰਥਕ ਖਜਾਨੇ’’ ਵਾਂਗ ਸੰਭਾਲ ਕੇ ਰੱਖੀਆਂ ਜਾਂਦੀਆਂ ਹਨ।

ਇਥੇ ਹੀ ਬੱਸ ਨਹੀਂ, ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਵੀ ਵਿਵਾਦਤ ਦਸਮ ਗ੍ਰੰਥ ਬਾਰੇ ਟਿੱਪਣੀ ਕਰਨ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖਤ ‘ਤੇ ਤਲਬ ਕੀਤਾ ਗਿਆ ਤੇ ਉਹਨਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ। ਸਪੱਸ਼ਟੀਕਰਨ ਮਿਲਣ ਦੇ ਬਾਵਜੂਦ ਵੀ ਤਖਤਾਂ ਦੇ ਸਿਆਸੀ ਜਥੇਦਾਰਾਂ ਦੀ ਤਸੱਲੀ ਨਾ ਹੋਈ ਤੇ ਉਹਨਾਂ ਨੂੰ ਜਾਤੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ। ਜਦੋਂ ਉਹ ਤਖਤਾਂ ਦੇ ਜਥੇਦਾਰਾਂ ਦੇ ਹੁਕਮ ਮੰਨ ਕੇ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਤੇ ਪੇਸ਼ ਹੋਏ ਤਾਂ ਜਥੇਦਾਰਾਂ ਨੇ ਅੱਖਾਂ ਮੀਟ ਲਈਆਂ ਤੇ ਕਿਸੇ ਨੇ ਵੀ ਉਹਨਾਂ ਕੋਲੋ ਕੋਈ ਵੀ ਪੁੱਛ ਪੜਤਾਲ ਨਾ ਕੀਤੀ। ਕੁੱਝ ਸਮਾਂ ਉਡੀਕ ਕਰਨ ਤੋਂ ਬਾਅਦ ਜਦੋ ਉਹ ਸੰਗਤਾਂ ਵਿੱਚ "ਵਾਹਿਗੂਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ" ਬੁਲਾ ਕੇ ਆਪਣੀ ਹਾਜਰੀ ਲਗਵਾ ਕੇ ਵਾਪਸ ਚਲੇ ਗਏ ਤਾਂ ਉਹਨਾਂ ਦੀ ਗੈਰ ਹਾਜਰੀ ਵਿੱਚ ਹੀ ਤਖਤਾਂ ਦੇ ਜਥੇਦਾਰਾਂ ਨੇ ਆਪਣੇ ਸਿਆਸੀ ਪ੍ਰਭੂਆਂ ਦੁਆਰਾ ਲਿਖ ਕੇ ਭੇਜੇ ਗਏ ਆਦੇਸ਼ , ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਦੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਬੈਠੀ ਫੌਜ ਨੂੰ ਹੀ ਸੁਣਾ ਕੇ ਕੰਮ ਸਾਰ ਲਿਆ ਕਿ, "ਰਾਗੀ ਦਰਸ਼ਨ ਸਿੰਘ ਸ੍ਰੀ ਅਕਾਲ ਤਖਤ 'ਤੇ ਪੇਸ਼ ਨਹੀਂ ਹੋਇਆ, ਇਸ ਲਈ ਉਸ ਨੂੰ ਪੰਥ ਵਿੱਚੋਂ ਛੇਕਣ ਦੇ ਐਲਾਨ ਕੀਤਾ ਜਾਂਦਾ ਹੈ ਤੇ ਉਸ ਨਾਲ ਕੋਈ ਵੀ ਸਿੱਖ ਰੋਟੀ ਬੇਟੀ ਦੀ ਸਾਂਝ ਨਾ ਰੱਖੇ"। ਜਥੇਦਾਰਾਂ ਦਾ ਇਹ ਡਰਾਮਾ ਵੀ ਇਲੈਕਟਰੋਨਿਕ ਮੀਡੀਏ ਰਾਹੀ ਸੰਗਤਾਂ ਨੇ ਵੇਖਿਆ ਤੇ ਇਸ ਦਾ ਅਸਰ ਵੀ ਸੰਗਤਾਂ ਤੇ ਉਲਟਾ ਹੀ ਹੋਇਆ। ਕਈ ਦਿਨ ਨਿਰਪੱਖ ਅਖਬਾਰਾਂ ਨੇ ਵਿੱਚ ਇਸ ਕਾਂਡ ਨੂੰ ਮੰਦਭਾਗਾ ਹੀ ਨਹੀਂ ਦੱਸਿਆ ਸਗੋਂ ਤਖਤਾਂ ਦੇ ਜਥੇਦਾਰਾਂ 'ਤੇ ਵੀ ਕਈ ਪ੍ਰਕਾਰ ਦੇ ਵਿਅੰਗ ਕੱਸੇ। ਸੰਗਤਾਂ ਵਿੱਚ ਵਿਚਰ ਕੇ ਪ੍ਰੋ.ਦਰਸਨ ਸਿੰਘ ਅੱਜ ਵੀ ਧਰਮ ਪ੍ਰਚਾਰ ਕਰ ਰਹੇ ਹਨ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਉਹਨਾਂ ਨੂੰ ਦੇਸਾਂ ਵਿਦੇਸ਼ਾਂ ਵਿੱਚ ਸੰਗਤਾਂ ਸੁਨਣ ਲਈ ਜੁੜਦੀਆ ਹਨ। ਅੱਜ ਕਲ ਉਹਨਾਂ ਨੇ ਇੱਕ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਮੀ ਇੱਕ ਧਾਰਮਿਕ ਜਥੇਬੰਦੀ ਦਾ ਵੀ ਗਠਨ ਕੀਤਾ ਹੈ, ਜਿਸ ਦਾ ਕਾਰਜ ਕੋਈ ਸਿਆਸੀ ਨਹੀਂ ਸਗੋਂ ਧਰਮ ਪ੍ਰਚਾਰ ਕਰਨ ਤੱਕ ਹੀ ਸੀਮਤ ਹੈ।

ਜਿਸ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਸ ਦੇ ਆਕਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰਿਆਂ 'ਤੇ ਹੀ ਸ੍ਰ. ਜੋਗਿੰਦਰ ਸਿੰਘ ਨੂੰ ਪੰਥ ਵਿੱਚੋਂ ਕੱਢਣਾ ਦਾ ਡਰਾਮਾ ਕੀਤਾ ਗਿਆ ਅਤੇ ਕਿਹਾ ਗਿਆ ਸੀ ਕਿ ‘‘ਜੋਗਿੰਦਰ ਸਿੰਘ ਦੀ ਸਪੋਕਸਮੈਨ ਅਖਬਰ ਕੋਈ ਵੀ ਸਿੱਖ ਨਾ ਪੜੇ ਅਤੇ ਨਾ ਹੀ ਉਸ ਦਾ ਕੋਈ ਪੱਤਰਕਾਰ ਬਣੇ ਤੇ ਨਾ ਹੀ ਉਸ ਨਾਲ ਕੋਈ ਸਿੱਖ ਰੋਟੀ ਬੇਟੀ ਦੀ ਸਾਂਝ ਰੱਖੇ’’ ਦੀ ਉਸ ਅਖਬਾਰ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦਾ ਜਿਹੜਾ ਇਸ਼ਤਿਹਾਰ ਦੇ ਕੇ ਸੁਲਾਹੁਣਯੋਗ ਕਾਰਜ ਕੀਤਾ ਗਿਆ ਹੈ, ਉਸ ਦਾ ਪੱਤਰਕਾਰ ਭਾਈਚਾਰਾ ਸੁਆਗਤ ਕਰਦਾ ਹੈ ਅਤੇ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੋ ਮੰਗ ਕਰਦਾ ਹੈ, ਜਿਹੜੇ ਹੋਰ ਵੀ ਸਿੱਖਾਂ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ ਉਹਨਾਂ ਨੂੰ ਆਮ ਮੁਆਫੀ ਦੇ ਕੇ ਪੰਥ ਵਿੱਚ ਏਕਤਾ ਤੇ ਇੱਕਜੁੱਟਤਾ ਪੈਦਾ ਕਰਨ ਲਈ ਮੁੜ ਸ਼ਾਮਲ ਦਾ ਐਲਾਨ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਸਿੱਖ ਨੂੰ ਪੰਥ ਵਿੱਚੋਂ ਛੇਕਣ ਦੀ ਰਵਾਇਤ ਖਤਮ ਕੀਤੀ ਜਾਵੇ।

ਆਮੀਨ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top