Share on Facebook

Main News Page

ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਣਾ ਕੌਮ ਵਿੱਚ ਭੰਬਲਭੂਸਾ
-
ਜਸਵਿੰਦਰ ਸਿੰਘ ਭੁੱਲਰ ਨਿਊ ਜਰਸੀ

ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪੌਣ ਤੋਂ ਇਨਕਾਰ ਕਰ ਦਿੱਤਾ ਸੀ, ਉਦੋਂ ਤੋਂ ਹੀ ਬ੍ਰਾਹਮਣ ਚੈਣ ਦੀ ਨੀਂਦ ਨਹੀਂ ਸੁੱਤਾ, ਪਰ ਪਿਛਲੇ ਕੁਝ ਸਮੇ ਤੋਂ ਉਸਨੇ ਸਿੱਖ ਵਿਰੋਧੀ ਨੀਤੀ ਦੇ ਢੰਗ ਤਰੀਕੇ ਜਰੂਰ ਬਦਲ ਲਏ ਹਨ, ਖਾਸ ਕਰਕੇ 1984 ਤੋਂ ਬਾਅਦ ‘ਚ। ਹੁਣ ਉਹ ਸਿੱਖਾਂ ਵਿੱਚੋਂ ਹੀ ਅਜਿਹੇ ਵਿਅਕਤੀ ਲੱਭਦਾ ਹੈ ਜਿਹੜੇ ਉਸਦੇ ਏਜੰਡੇ ਮਤਲਬ ਘਟਗਿਣਤੀ ਵਿਰੋਧੀ ਨੀਤੀ 'ਤੇ ਅਮਲ ਕਰਨ। ਉਸ ਉਨ੍ਹਾਂ ਘੱਟਗਿਣਤੀਆਂ, ਭਾਈਚਾਰਿਆਂ ਜਾਂ ਧਰਮਾ ਵਿੱਚੋਂ ਹੀ ਵਿਅਕਤੀ ਆਪਣੇ ਮਕਸਦ ਲਈ ਚੁਣਦਾ ਹੈ, ਅਤੇ ਫਿਰ ਬੜੀ ਸਫਾਈ ਨਾਲ ਆਪਣਾ ਕੰਮ ਕਰਵਾਉਂਦਾ ਹੈ। ਇਸ ਮਕਸਦ ਲਈ ਉਨ੍ਹਾਂ ਨੇ ਇੱਕ ਪਾਸੇ ਬਾਦਲਾਂ ਨਾਲ ਆਪਣੀ ਸਾਂਝ ਪਾ ਰਖੀ ਹੈ ਅਤੇ ਦੂਜੇ ਪਾਸੇ ਡੇਰੇਦਾਰਾਂ ਨਾਲ।

ਸਿੱਖ ਕੌਮ ਦੀਆਂ ਦੋ ਮਹੱਤਵ ਪੂਰਨ ਸੰਸਥਾਵਾਂ ਸਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਨਵੰਬਰ 1920 ਵਿੱਚ ਸ਼੍ਰੋਮਣੀ ਕਮੇਟੀ ਹੋਂਦ ‘ਚ ਲਿਆਂਦੀ ਗਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਿਸੰਬਰ 1920 ਨੂੰ ਬਣਾਇਆ ਗਿਆ ਸੀ। ਸ਼ੁਰੂ ਦੇ ਦਿਨਾ ਵਿੱਚ ਸਿੱਖ ਕੌਮ ਦਾ ਧਾਰਮਿਕ ਪੱਖ ਉਪਰ ਸੀ ਅਤੇ ਸਿਆਸਤ ਇਸ ਦੇ ਅਧੀਨ ਹੀ ਚਲਾਈ ਜਾਂਦੀ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਬਿਨਾਂ ਕਿਸੇ ਡਰ ਭੈ ਤੋਂ ਆਪਣੀ ਅਵਾਜ਼ ਸ਼੍ਰੋਮਣੀ ਕਮੇਟੀ ਦੇ ਜਰਨਲ ਇਜਲਾਸ ‘ਚ ਉਠੌਂਦੇ ਸਨ, ਜਿਹੜੇ ਹਰ ਸਾਲ ਮਾਰਚ ਅਤੇ ਨਵੰਬਰ ‘ਚ ਬੁਲਾਏ ਜਾਂਦੇ ਸਨ। ਇਸ ਤੋਂ ਇਲਾਵਾ ਸਪੇਸ਼ਲ ਇਜਲਾਸ ਵੀ ਸਮੇਂ ਸਮੇਂ 'ਤੇ ਬੁਲਾਏ ਜਾਂਦੇ ਰਹੇ ਹਨ। ਸਾਡੇ ਪੁਰਾਣੇ ਟਕਸਾਲੀ ਸਿੱਖ ਤਾਂ ਅਜ਼ਾਦ ਰਾਜ ਦਾ ਮੱਤਾ ਪਾਸ ਕਰਨ ਦੀ ਜੁਅਰਤ ਵੀ ਰੱਖਦੇ ਸਨ, ਸ਼੍ਰੋਮਣੀ ਕਮੇਟੀ ਦੇ 9 ਮਾਰਚ 1946 ਈ. ਮੁਤਾਬਿਕ 26 ਫੱਗਣ ਨਾਨਕ ਸ਼ਾਹੀ ਸ਼ਨੀਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸਿੱਖ ਸਟੇਟ ਦੀ ਕਾਇਮੀ ਦਾ ਬਕਾਇਦਾ ਮਤਾ ਪਾਸ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਥਾਂ ਤੇ 1995 ਵਿੱਚ ਸ੍ਰ. ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਪੰਜਾਬੀ ਪਾਰਟੀ ਬਣ ਚੁੱਕੀ ਹੈ, ਜਿਸ ਨਾਲ ਅਕਾਲੀ ਸ਼ਬਦ ਵੀ ਲਾਹ ਦੇਣਾ ਚਾਹੀਦਾ ਕਿਉਂਕਿ ਜੋ ਕੁਝ ਇਹ ਪਾਰਟੀ ਕਰ ਰਹੀ ਹੈ, ਉਸ ਨਾਲ ਟਕਸਾਲੀ ਅਕਾਲੀਆਂ ਦਾ ਅਪਮਾਨ ਹੁੰਦਾ ਹੈ, ਜਿਨ੍ਹਾਂ ਨੇ ਇਹ ਪਾਰਟੀ ਬਣਾਈ ਸੀ ਅਤੇ ਕੌਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਸਨ। ਭਾਵੇਂ ਸ਼ੁਰੂ ਦੇ ਦਿਨਾ ‘ਚ ਸਿੱਖ ਧਾਰਮਿਕ ਪੱਖ ਦਾ ਸਿੱਖ ਸਿਆਸਤ ਤੇ ਕੁੰਡਾ ਸੀ, ਪਰ ਪੰਜਾਬ ‘ਚ ਅਕਾਲੀ ਸਰਕਾਰਾਂ ਬਨਣ ਲੱਗੀਆਂ ਤਾਂ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਸਿੱਖ ਸਿਆਸਤ ਦੇ ਅਧੀਨ ਹੁੰਦੀ ਹੁੰਦੀ ਬਾਦਲ ਦੇ ਲਿਫਾਫੇ ਦੇ ਅਧੀਨ ਹੋ ਚੁੱਕੀ ਹੈ। ਜਿਹੜਾ ਸੁਨੇਹਾ ਬਾਦਲ ਵਲੋਂ ਇਸ ਦੇ ਪਪਟ ਪ੍ਰਧਾਨ ਕੋਲ ਪੁੱਜਦਾ ਹੈ, ਉਸੇ ਅਨੁਸਾਰ ਹੀ ਉਹ ਅੱਗੇ ਕਾਰਵਾਈ ਕਰਦਿਆਂ ਮਤੇ ਪਾਸ ਕਰਦੇ ਹਨ।

ਪਹਿਲੇ ਦਿਨਾਂ ਵਿੱਚ ਮੈਂਬਰ ਖੁੱਲ ਕੇ ਆਪਣੀ ਰਾਇ ਦਿੰਦੇ ਸਨ ਅਤੇ ਜੇਕਰ ਮਤੇ ਨਾਲ ਸਾਹਿਮਤ ਨਹੀਂ ਸੀ ਹੁੰਦੇ ਤਾਂ ਬਾਕਾਇਦਾ ਆਪਣਾ ਵਿਰੋਧ ਦਰਜ਼ ਕਰਾਉਂਦੇ ਸਨ। ਹੁਣ ਸ਼੍ਰੋਮਣੀ ਕਮੇਟੀ ਵਿੱਚ ਮੈਂਬਰ ਆਪਣੀ ਅਵਾਜ਼ ਉਠਾਉਣ ਤੋਂ ਵੀ ਡਰਦੇ ਹਨ, ਕਿਉਂਕਿ ਕਿਸੇ ਮਤੇ ਦਾ ਵਿਰੋਧ ਕਰਨ ਦਾ ਮਤਲਬ ਹੁੰਦਾ ਹੈ ਸ੍ਰ. ਬਾਦਲ ਨੂੰ ਨਾਰਾਜ਼ ਕਰਨਾ ਕਿਉਂਕਿ ਹੁਣ ਮੈਂਬਰ ਆਪਣੀ ਮਰਜ਼ੀ ਦਾ ਪ੍ਰਧਾਨ ਜਾਂ ਅੰਤਿਰਿੰਗ ਕਮੇਟੀ ਵੀ ਨਹੀਂ ਚੁਣ ਸਕਦੇ। ਸ਼੍ਰੋਮਣੀ ਕਮੇਟੀ ਦੇ ਜਰਨਲ ਇਜਲਾਸ ‘ਚ ਸ੍ਰ. ਬਾਦਲ ਵਲੋਂ ਭੇਜਿਆ ਗਿਆ ਲਿਫਾਫਾ ਖੁੱਲ੍ਹਦਾ ਹੈ ਅਤੇ ਉਸ ਵਿੱਚੋਂ ਹੀ ਪ੍ਰਧਾਨ ਨਿਕਲਦਾ ਹੈ। ਫਿਰ ਲਿਫਾਫੇ ਵਿੱਚੋਂ ਨਿਕਲਿਆ ਪ੍ਰਧਾਨ ਸ੍ਰ. ਬਾਦਲ ਦੇ ਹਰ ਜਾਇਜ਼ ਅਤੇ ਨਿਜਾਇਜ਼ ਹੁਕਮ ਤੇ ਫੁੱਲ ਚੜਾਉਂਦਾ ਹੈ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਨੇ ਨਹੀਂ ਬਾਦਲ ਨੇ ਚੁਣਿਆਂ ਹੈ।

ਕੇਂਦਰ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਚੱਲਦੀ ਹੋਵੇ ਉਸਨੂੰ ਵੀ ਹਿੰਦੁਤਵ ਦਾ ਏਜੰਡਾ ਲਾਗੂ ਕਰਨਾ ਹੀ ਪੈਂਦਾ ਹੈ। ਜਿਹੜੇ ਲੋਕ ਹਿੰਦੋਸਤਾਨ ‘ਚ ਹਿੰਦੂਤਵ ਹੀ ਲਾਗੂ ਕਰਨਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੇ ਸਵਿਧਾਨ ਦੀ ਧਾਰਾ 25 ਵਿੱਚ ਹਿੰਦੂਆਂ ਦੀਆਂ ਧਾਰਵਾਂ ਥੱਲੇ ਸਿੱਖ ਕੌਮ ਨੂੰ ਨਰੜ ਕੇ ਰੱਖਿਆ ਹੈ, ਉਹ ਕਿਵੇਂ ਜ਼ਰ ਸਕਦੇ ਸਨ ਕਿ ਸਿੱਖ ਕੌਮ ਦਾ ਆਪਣਾ ਕੈਲੰਡਰ ਲਾਗੂ ਹੋ ਜਾਵੇ। ਰਾਸ਼ਟਰੀਆ ਸਵੈਮ ਸੰਘ ਦੀ ਅਗਵਾਈ ਹੇਠ ਉਹ ਲੋਕ ਜਥੇਦਾਰ ਵੇਦਾਂਤੀ ਕੋਲ ਵਫਦ ਲੈ ਕੇ ਜਾਂਦੇ ਰਹੇ ਸਨ ਕਿ ਨਾਨਕਸ਼ਾਹੀ ਕੈਲੰਡਰ ਨਾ ਜਾਰੀ ਕੀਤਾ ਜਾਵੇ। ਇਹ ਤਾਂ ਬੀਬੀ ਜਾਗੀਰ ਕੌਰ ਅਤੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਹਿੰਮਤ ਸੀ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਮਤਾ ਲਿਆਂਦਾ ਹੈ ਅਤੇ ਪਾਸ ਕਰਵਾ ਕੇ ਅਕਾਲ ਤਖਤ ਦੀ ਮੋਹਰ ਹੇਠ 14 ਅਪ੍ਰੈਲ 2003 ਨੂੰ ਨਾਨਕਸ਼ਾਹੀ ਕੈਲੰਡਰ ਜਥੇਦਾਰ ਸਾਹਿਬ ਨੇ ਜਾਰੀ ਕਰ ਦਿੱਤਾ ਸੀ। ਇਸ ਕੈਲੰਡਰ ਨੂੰ ਪੰਜਾਬ ਦੀ ਕਾਂਗਰਸ ਸਰਕਾਰ, ਹਿੰਦੋਸਤਾਨ ਦੀ ਸਰਕਾਰ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਖਾਸ ਕਰਕੇ ਇੰਗਲੈਂਡ /ਕਨੇਡਾ ਦੀ ਸਰਕਾਰ ਅਤੇ ਵਿਦੇਸ਼ਾਂ ਦੇ ਐਜ਼ੂਕੇਸ਼ਨ ਬੋਰਡਾਂ ਨੇ ਵੀ ਮਾਨਤਾ ਦੇ ਦਿੱਤੀ ਸੀ। ਬ੍ਰਾਹਮਣ ਦੀ ਫਿਰ ਨੀਂਦ ਉੱਡ ਚੁੱਕੀ ਸੀ ਕਿਉਂਕਿ ਸੰਨ 2000 ਵਿੱਚ ਉਨ੍ਹਾਂ ਵਲੋਂ ਉਲੀਕੇ ਗਏ ਪ੍ਰੋਗਰਾਮ ਕਿ ਮੰਦਰਾਂ ਵਿੱਚ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣੇ ਸਨ, ਉਹ ਵੀ ਸੁਚੇਤ ਸਿੱਖਾਂ ਅਤੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਉਨ੍ਹਾਂ ਦੇ ਯਤਨ ਠੁੱਸ ਕਰ ਦਿੱਤੇ ਸਨ। ਹੁਣ ਬ੍ਰਾਹਮਣ ਨੇ ਆਪਣੀ ਚਾਣਕੀਆ ਨੀਤੀ ਵਰਤਦਿਆਂ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਤੇ ਦਬਾਅ ਬਚਾਇਆ ਜਿਸ ਦੇ ਹੱਥ ਵਿੱਚ ਸਿੱਖਾਂ ਦੀ ਰਾਜਨੀਤਕ ਅਤੇ ਧਾਰਮਿਕ ਸ਼ਕਤੀ ਸੀ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੁਆਇਆ ਜਾਵੇ। ਬਾਦਲ ਸਾਹਿਬ ਦੀ ਤਾਂ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ ਕੌਮ ਪਵੇ ਖੂਹ ’ਚ। ਉਧਰ ਪਿਛਲੇ ਦੋ ਦਹਾਕਿਆਂ ਤੋਂ ਆਰ.ਐਸ.ਐਸ ਨੇ ਡੇਰੇਦਾਰਾਂ ਨਾਲ ਬੜੀ ਗੂੜੀ ਸਾਂਝ ਪਾ ਰਖੀ ਹੈ, ਅਤੇ ਇਸ ਦੇ ਲੀਡਰ ਬਕਾਇਦਾ ਪੰਜਾਬ ਵਿਚਲੇ ਡੇਰਿਆਂ ਤੇ ਹਾਜ਼ਰੀਆਂ ਭਰਦੇ ਹਨ ਅਤੇ ਕੁਝ ਡੇਰੇਦਾਰਵੀ ਨਿੱਕਰਧਾਰੀਆਂ ਦੀਆਂ ਗੁਪਤ ਮੀਟਿੰਗਾਂ ‘ਚ ਹਾਜ਼ਰੀਆਂ ਭਰਦੇ ਹਨ।

ਇਨ੍ਹਾਂ ਡੇਰੇਦਾਰਾਂ ਅਤੇ ਬਾਦਲਾਂ ਰਾਹੀਂ ਹੀ ਬ੍ਰਾਹਮਣ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਉਣ ਦੀ ਸਕੀਮ ਚੁੱਪ ਚੁਪੀਤੇ ਹੀ ਸਿਰੇ ਚਾੜ ਦੇਣੀ ਸੀ, ਜੇਕਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਿੱਚ ਅੜਿਕਾ ਨਾ ਬਣਦੇ ਤਾਂ 2009 ਨੂੰ ਦੀਵਾਲੀ ਨੂੰ ਹੀ ਇਹ ਕਾਰਜ਼ ਸਿਰੇ ਚੜ੍ਹ ਜਾਣਾ ਸੀ, ਪਰ ਜਥੇਦਾਰ ਨੰਦਗੜ੍ਹ ਨੇ ਇਨ੍ਹਾਂ ਦੀਆਂ ਆਸਾਂ ਤੇ ਇੱਕ ਵਾਰ ਪਾਣੀ ਫੇਰ ਦਿੱਤਾ ਸੀ। ਇਸ ਕੈਲੰਡਰ ਨੂੰ ਵਿਗਾੜਣ ਲਈ ਜਦ ਪੰਜ ਜਥੇਦਾਰਾਂ ਦੀ ਸਹਿਮਤੀ ਨਾ ਮਿਲ ਸਕੀ ਤਾਂ ਉਸ ਵੇਲੇ ਗੈਰ ਵਿਧਾਨਿਕ ਤਰੀਕਾ ਵਰਤਿਆ ਗਿਆ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਵਲੋਂ ਪਾਸ ਕੀਤਾ ਗਿਆ ਮਤਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਰਾਹੀਂ ਬਦਲਣ ਦਾ ਯਤਨ ਕੀਤਾ ਗਿਆ। ਅੰਤਰਿੰਗ ਕਮੇਟੀ ਵਿੱਚ ਵੀ ਇਸ ਦਾ ਤਿੱਖਾ ਵਿਰੋਧ ਹੋਇਆ ਜਦ ਪ੍ਰਧਾਨ ਅਵਤਾਰ ਸਿੰਘ ਨੇ ਇਹ ਕਹਿ ਦਿੱਤਾ ਕਿ ਇਹ ਮਤਾ ਤਾਂ ਪਾਸ ਕਰਨਾ ਹੀ ਪੈਣਾ ਹੈ, ਉੱਪਰੋਂ ਹੁਕਮ (ਬਾਦਲਾਂ ਦਾ ਹੁਕਮ) ਆਇਆ ਹੈ ਤਾਂ ਕੁਝ ਵਿਰੋਧੀ ਅਵਾਜ਼ਾਂ ਬਾਦਲਾਂ ਤੋਂ ਦਰਦੀਆਂ ਸ਼ਾਤ ਹੋ ਗਈਆਂ ਅਤੇ 12 ਮੈਂਬਰਾਂ ਨੇ ਮਤਾ ਪਾਸ ਕਰ ਦਿੱਤਾ ਜਦ ਕਿ ਤਿੰਨ ਮੈਂਬਰ ਰੋਸ ਵਜੋਂ ਵਾਕਆਊਟ ਕਰ ਗਏ ਜਿੰਨਾਂ ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਹਰਿਆਣੇ ਤੋਂ ਅੰਤਰਿੰਗ ਕਮੇਟੀ ਮੈਂਬਰ ਬੀਬੀ ਰਵਿੰਦਰ ਕੌਰ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ।

2003 ਨੂੰ ਜਦ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ, ਉਸ ਸਮੇ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਮਤਾ ਪਾਸ ਕੀਤਾ ਸੀ, ਫਿਰ ਪੰਜ ਸਿੰਘ ਸਾਹਿਬਾਨਾ ਨੇ ਵੀ ਇੱਕ ਰਾਇ ਨਾਲ ਮਨਜ਼ੂਰੀ ਦੇ ਦਿੱਤੀ ਸੀ। ਵਿਸ਼ਾਖੀ ਵਾਲੇ ਦਿਨ ਜਦ ਅਕਾਲ ਤਖਤ ਵਲੋਂ ਬਾਕਾਇਦਾ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ ਤਾਂ ਸਿੱਖ ਵਿਰੋਧੀ ਤਾਕਤਾਂ ਫਿਰ ਹਰਕਤ ‘ਚ ਆਈਆਂ ਅਤੇ ਉਨ੍ਹਾਂ ਨੇ ਆਪਣੇ ਖਾਸ ਵਿਅਕਤੀ ਜਿਹੜਾ ਉਨ੍ਹਾਂ ਦੀਆਂ ਗੁਪਤ ਮੀਟਿੰਗਾਂ ‘ਚ ਵੀ ਸ਼ਾਮਿਲ ਹੁੰਦਾ ਸੀ, ਗਿਆਨੀ ਪੂਰਨ ਸਿੰਘ (ਉਸ ਸਮੇ ਦਾ ਅਕਾਲ ਤਖਤ ਦਾ ਜਥੇਦਾਰ) ਤੋਂ ਹੁਕਮਨਾਮਾ ਜਾਰੀ ਕਰਵਾ ਕੇ ਬੀਬੀ ਜਗੀਰ ਕੌਰ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮ ਜਾਰੀ ਕਰਵਾ ਦਿੱਤਾ ਸੀ। ਇਹ ਹੁਕਮਨਾਮਾ ਵੀ ਆਰ.ਐਸ.ਐਸ ਦੇ ਹੈਡਕੁਆਟਰ ਦੇ ਨੇੜੇ ਗੁਨਾ ਤੋਂ ਜਾਰੀ ਕਰਵਾਇਆ ਗਿਆ ਸੀ। ਭਾਵੇਂ ਉਸ ਸਮੇਂ ਸਿੱਖ ਵਿਰੋਧੀ ਤਾਕਤਾਂ ਦੀ ਦਾਲ ਨਹੀਂ ਸੀ ਗਲ ਸਕੀ, ਪਰ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਲੱਗੇ ਰਹੇ ਅੰਦਰਖਾਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਤੇ ਉਨ੍ਹਾਂ ਚਿਰ ਚੈਨ ਨਾਲ ਨਹੀਂ ਬੈਠੇ ਜਿਨਾ ਚਿਰ ਨਾਨਕਸ਼ਾਹੀ ਕੈਲੰਡਰ ਦਾ ਸ੍ਰ. ਬਾਦਲ ਤੋਂ ਭੋਗ ਨਹੀਂ ਪੁਵਾ ਦਿੱਤਾ।

2009 ਵਿੱਚ ਸਿੱਖ ਵਿਰੋਧੀ ਸ਼ਕਤੀਆਂ ਨੇ ਸਿੱਖ ਕੈਲੰਡਰ ਦਾ ਬਿਕਰਮੀਕਰਨ ਕਰ ਦਿੱਤਾ ਜਿਸ ਨੇ ਕੌਮ ਨੂੰ ਦੋ ਧੜਿਆਂ ‘ਚ ਵੰਡ ਕੇ ਰੱਖ ਦਿੱਤਾ। ਇੱਕ ਪਾਸੇ ਅੱਧੀ ਕੁ ਸਿੱਖ ਵਸੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ ਦਿਹਾੜੇ ਮਨਾ ਰਹੀ ਹੈ ਅਤੇ ਬਾਕੀ ਅੱਧੀ ਵਿਗਾੜੇ ਹੋਏ ਕੈਲੰਡਰ ਅਨੁਸਾਰ। ਸਿੱਖ ਲੀਡਰਾਂ ਨੇ ਆਪਣੇ ਰਾਜਸੀ ਲਾਭਾ ਖਾਤਰ ਸਿੱਖ ਕੌਮ ਦੀ ਹਾਲਤ ਕਿੰਨੀ ਹਾਸੋਹੀਣੀ ਜਿਹੀ ਬਣਾ ਦਿੱਤੀ ਗਈ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਨਪੁਰ, ਫਰੀਦਾਬਾਦ, ਮੁਹਾਲੀ, ਲੁਧਿਆਣਾ, ਕੋਟਕਪੂਰਾ ਥਾਂ ਥਾਂ 'ਤੇ 5 ਜਨਵਰੀ ਨੂੰ ਕੌਮ ਨੇ ਦਸ਼ਮੇਸ਼ ਪਿਤਾ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਅਤੇ ਬਾਕੀ ਹੋਰ ਥਾਵਾਂ ਤੇ 18 ਜਨਵਰੀ ਨੂੰ ਮਨਾਇਆ ਜਾਣਾ ਹੈ। ਵਿਗਾੜੇ ਹੋਏ ਕੈਲੰਡਰ ਅਨੁਸਾਰ ਅਗਲੇ 100 ਸਾਲਾਂ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 27 ਵਾਰ ਸਾਲ ਵਿੱਚ ਦੋ ਵਾਰ ਆਵੇਗਾ ਅਤੇ 27 ਸਾਲ ਇੱਕ ਵਾਰ ਵੀ ਨਹੀਂ। ਖਾਲਸਾ ਜੀ ਕੈਲੰਡਰ ਦਾ ਮਾਮਲਾ ਕੋਈ ਗੁੱਡੀ ਗੁੱਡੇ ਦਾ ਖੇਲ ਨਹੀਂ ਜਿਸ ਨੂੰ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਪ੍ਰਧਾਨ ਅਵਤਾਰ ਸਿੰਘ ਸਮਝਣ ਦੀ ਯੋਗਤਾ ਰੱਖਦੇ ਹਨ। ਕਿਸੇ ਚੀਜ਼ ਨੂੰ ਬਣਾਉਣ ਲਈ ਤਾਂ ਸਿਆਣਪ ਜਾਂ ਯੋਗਤਾ ਚਾਹੀਦੀ ਹੈ ਪਰ ਵਿਗਾੜ ਤਾਂ ਕੋਈ ਵੀ ਸਕਦਾ ਹੈ ਪਰ ਉਸ ਵਿਗਾੜ ਦੇ ਸਿੱਟੇ ਅੱਗੇ ਜਾ ਕੇ ਭੁਗਤਣੇ ਪੈਂਦੇ ਹਨ।

ਦੁਨੀਆਂ ਦੇ ਸਭ ਤੋਂ ਵੱਡੇ ਧਰਮ ਈਸਾਈ ਧਰਮ ਦੇ ਮੁਖੀ ਦੇ ਜਨਮ ਬਾਰੇ ਕਿਸੇ ਨੂੰ ਪੱਕਾ ਪਤਾ ਨਹੀਂ ਸੀ, ਉਨ੍ਹਾਂ ਨੇ 25 ਦਿਸੰਬਰ ਅਪਣਾ ਲਿਆ ਅਤੇ ਹਰ ਸਾਲ ਇੱਕ ਹੀ ਤਰੀਕ ਨੂੰ ਮਨਾਉਂਦੇ ਆ ਰਹੇ ਹਨ। ਦੁਨੀਆਂ ਦਾ ਪੰਜਵਾਂ ਵੱਡਾ ਧਰਮ ਜਿਸ ਸਮੇ ਹੋਂਦ ‘ਚ ਇਸ ਧਰਮ ਦੇ ਮੋਢੀ ਨੇ ਸਮੇਂ ਦੀਆਂ ਚਲਤ ਧਾਰਨਾਵਾਂ ਨੂੰ ਰੱਦ ਕਰਕੇ ਨਵੇਂ ਨਿਰਮਲ ਧਰਮ ਦੀ ਨੀਂਹ ਰੱਖੀ ਸੀ। ਇੱਕ ਵੱਖਰਾ ਤੇ ਅਜ਼ਾਦ ਧਰਮ ਇੱਕ ਵੱਖਰੀ ਅਤੇ ਅਜ਼ਾਦ ਸੋਚ ਵਾਲੀ ਕੌਮ -ਸਿੱਖ ਕੌਮ ਜਿਸ ਦਾ ਇਤਿਹਾਸ ਅਤੇ ਵਿਰਸਾ ਮਿਥਿਆਸਿਕ ਨਹੀਂ ਹੈ, ਬੜਾ ਗੌਰਵਮਈ ਹੈ ਪਰ ਬਰਾਹਮਣ ਦੀਆਂ ਚਾਣਕੀਆ ਚਾਲਾਂ ਇਸ ਧਰਮ ਨੂੰ ਵੀ ਬੁੱਧ ਅਤੇ ਜੈਨ ਧਰਮ ਵਾਂਗ ਆਪਣੇ ਕਲਾਵੇ ‘ਚ ਲੈ ਜਾਣਾ ਲੋੜਦੀਆਂ ਹਨ। ਸਿੱਖ ਕੌਮ ਨੂੰ ਸੁਚੇਤ ਹੋਣਾ ਪਵੇਗਾ ਅਤੇ ਚਾਣਕੀਆਂ ਚਾਲਾਂ ਨੂੰ ਸਮਝ ਕੇ ਨਕਾਰਨ ਦੀ ਲੋੜ ਹੈ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਆਪਣੇ ਧਰਮ ਵਿੱਚ ਜ਼ਜ਼ਬ ਕਰਨ ਲਈ ਸਭ ਹੀਲੇ ਵਸੀਲੇ ਵਰਤਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਚਾਲਾਂ ਵਿੱਚ ਕੌਮ ਦੇ ਪ੍ਰਭਾਵਸ਼ਾਲੀ ਆਗੂ ਫਸ ਕੇ ਕੌਮ ਦਾ ਨੁਕਸਾਨ ਕਰਵਾ ਰਹੇ ਹਨ। ਸਿੱਖ ਕੌਮ ਦੀ ਪੜੀ ਲਿਖੀ ਨਵੀਂ ਪਨੀਰੀ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਹਰ ਪਾਸੇ ਬਹੁਤ ਸਾਰਿਆਂ ਗੁਰਦੁਆਰਿਆਂ ਦੇ ਕੇਸ ਅਦਾਲਤਾਂ ‘ਚ ਚੱਲ ਰਹੇ ਹਨ ਕੌਮ ਦਾ ਸਰਮਾਇਆ ਅਦਾਲਤਾਂ ਦੀ ਭੇਟ ਚੜ੍ਹ ਰਿਹਾ ਹੈ, ਜਿਹੜਾ ਲੋੜਵੰਦਾਂ ਦੇ ਭਲੇ ਲਈ ਵਰਤਿਆ ਜਾਣਾ ਚਾਹੀਦਾ ਸੀ। ਗੁਰਦੁਆਰਿਆਂ ਦੇ ਲੜਾਈਆਂ ਝਗੜੇ ਉਸ ਸਮੇਂ ਹੀ ਘਟ ਸਕਣਗੇ ਜਦ ਨਵੀਂ ਪੜੀ ਸਿੱਖ ਪਨੀਰੀ ਅੱਗੇ ਆਵੇਗੀ।

ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਬਾਰੇ ਭੰਬਲਭੂਸਾ ਵਿਗਾੜੇ ਹੋਏ ਕੈਲੰਡਰ ਦੀ ਦੇਣ ਹਨ ਕਿਉਂਕਿ ਵਿਗਾੜੇ ਹੋਏ ਕੈਲੰਡਰ ਅਨੁਸਾਰ 2010 ਵਿੱਚ ਦੋ ਵਾਰ ਮਨਾਇਆ ਗਿਆ ਅਤੇ 2012 ਵਿੱਚ ਇੱਕ ਵਾਰ ਵੀ ਨਹੀਂ। ਜਿਹੜੇ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ ਅਪਣਾ ਚੁੱਕੇ ਹਨ ਉਨ੍ਹਾਂ ਨੇ ਤਾਂ ਹਰ ਸਾਲ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਹੀ ਮਨਾਉਣਾ ਹੁੰਦਾ ਹੈ। ਵਿਗਾੜੇ ਹੋਏ ਕੈਲੰਡਰ ਦੇ ਭੰਬਲਭੂਸੇ ਬਾਰੇ ਜੇਕਰ ਤੁਸੀਂ ਆਪਣੇ ਵਿਦੇਸ਼ ਜੰਮਪਲ ਬੱਚਿਆਂ ਨਾਲ ਗੱਲ ਕਰੋਗੇ ਤਾਂ ਉਹ ਵੀ ਨਹੀਂ ਮੰਨਣਗੇ। ਜੇਕਰ ਤੁਹਾਡੇ ਕਹਿਣ ਤੇ ਉਪਰੋਂ ਮੰਨ ਵੀ ਲੈਣਗੇ ਪਰ ਉਨ੍ਹਾਂ ਦੀ ਤਸੱਲੀ ਕਦੇ ਨਹੀਂ ਹੋਵੇਗੀ ਕਿ ਇਹ ਭੰਬਲਭੂਸਾ ਉਨ੍ਹਾਂ ਦੀ ਸਮਝ ‘ਚ ਨਹੀਂ ਆਵੇਗਾ। ਜਿਹੜੀ ਨਵੀਂ ਪਨੀਰੀ ਸਿੱਖਾਂ ਦੀ ਪਹਿਲਾਂ ਹੀ ਗੁਰਦੁਆਰਿਆਂ ਵਿੱਚ ਲੜਾਈਆਂ ਤੋਂ ਤੰਗ ਹੋ ਕੇ ਸਿੱਖੀ ਤੋਂ ਦੂਰ ਹੋ ਰਹੀ ਹੈ ਇਹ ਨਾਨਕਸ਼ਾਹੀ ਕੈਲੰਡਰ ਅਤੇ ਸੁਦੀਆਂ ਵਦੀਆਂ ਦੇ ਨਾਮ 'ਤੇ ਸਿੱਖ ਕੌਮ ਵਿਚਲਾ ਵਿਵਾਦ ਉਸ ਨੂੰ ਗੁਰਦੁਆਰਿਆਂ ਤੋਂ ਹੋਰ ਵੀ ਦੂਰ ਕਰ ਸਕਦਾ ਹੈ, ਜਿਸ ਦੇ ਜ਼ਿੰਮੇਵਾਰ ਡੇਰੇਦਾਰ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਣ ਵਾਲੇ ਹੀ ਹੋਣਗੇ, ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਕਰਵਾ ਕੇ ਨਵੇਂ ਨਵੇਂ ਮਸਲੇ ਖੜੇ ਕੀਤੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top