Share on Facebook

Main News Page

ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ
-
ਨਿਰਮਲ ਸਿੰਘ ਕੰਧਾਲਵੀ

ਵਿਆਹ ਦੀ ਪਾਰਟੀ ਦਾ ਇੰਤਜ਼ਾਮ ਇਲਾਕੇ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਸੀ। ਮੁੰਡੇ ਵਾਲਿਆਂ ਨੇ ਵਿਚੋਲੇ ਰਾਹੀਂ ਪਹਿਲਾਂ ਹੀ ਕੁੜੀ ਵਾਲਿਆਂ ਨੂੰ ਸੁਨੇਹਾ ਪਹੁੰਚਾ ਦਿੱਤਾ ਸੀ ਕਿ ਉਨ੍ਹਾਂ ਦੀ ਰੋਟੀ ਦਾ ਇੰਤਜ਼ਾਮ ਫ਼ਲਾਣੇ ਹੋਟਲ ਵਿਚ ਹੋਣਾ ਚਾਹੀਦਾ ਹੈ। ਦੋਨੋਂ ਧਿਰਾਂ ਦੇ ਵਧੀਆ ਕਾਰੋਬਾਰ ਚਲਦੇ ਸਨ ਤੇ ਪੈਸੇ ਵਿਚ ਖੇਡਦੇ ਸਨ।

ਸਵੇਰੇ ਆਨੰਦ ਕਾਰਜ ਵੇਲੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਦੋਨੋਂ ਧਿਰਾਂ ਨੇ ਹੀ ਸੂਲ਼ੀ ‘ਤੇ ਟੰਗਿਆ ਹੋਇਆ ਸੀ ਕਿ ਲਾਵਾਂ ਛੇਤੀ ਛੇਤੀ ਕਰਵਾ ਦਿੱਤੀਆਂ ਜਾਣ ਤਾਂ ਕਿ ਹੋਟਲ ਵਿਚ ਜਲਦੀ ਪਹੁੰਚਿਆ ਜਾ ਸਕੇ।

ਤੇ ਹੁਣ ਵਿਆਹ ਦੀ ਪਾਰਟੀ ਪੂਰੇ ਜ਼ੋਰਾਂ ‘ਤੇ ਸੀ। ਡੀ.ਜੇ. ਦੀ ਕੰਨ ਪਾੜਵੀਂ ਆਵਾਜ਼ ਵਿਚ ਕਿਸੇ ਨੂੰ ਵੀ ਇਕ ਦੂਸਰੇ ਦੀ ਗੱਲ ਸੁਣਾਈ ਨਹੀਂ ਸੀ ਦੇ ਰਹੀ। ਲੋਕ ਇਕ ਦੂਜੇ ਦੇ ਹਿਲਦੇ ਬੁੱਲ੍ਹਾਂ ਤੋਂ ਹੀ ਅੰਦਾਜ਼ਾ ਲਾ ਕੇ ਹੂੰ ਹਾਂ ਕਰੀ ਜਾ ਰਹੇ ਸਨ। ਨੱਚਣ ਵਾਲੇ ਪਿੜ ਵਿਚ ਤਿਲ ਸੁੱਟਣ ਦੀ ਥਾਂ ਨਹੀਂ ਸੀ। ਵਿਸ਼ੇਸ਼ ਖਿੱਚ ਦਾ ਕਾਰਨ ਸਨ ਤਿੰਨ ਚਾਰ ਗੋਰੀਆਂ ਜੋ ਪੰਜਾਬੀ ਸੂਟਾਂ ਵਿਚ ਸਜੀਆਂ ਗਿੱਧੇ ਵਿਚ ਧੂੜਾਂ ਪੁੱਟ ਰਹੀਆਂ ਸਨ। ਲਗਦਾ ਸੀ ਜਿਵੇਂ ਪੰਜਾਬੀ ਵਿਆਹਾਂ ‘ਤੇ ਜਾਣ ਦਾ ਉਨ੍ਹਾਂ ਦਾ ਵਾਹਵਾ ਤਜਰਬਾ ਹੋ ਚੁੱਕਾ ਸੀ।

ਤਦੇ ਹੀ ਡੀ.ਜੇ. ਵਾਲੇ ਮੁੰਡੇ ਨੇ ਕੇਕ ਕੱਟਣ ਦੀ ਰਸਮ ਦੀ ਅਨਾਊਂਸਮੈਂਟ ਕੀਤੀ ਤੇ ਗਿੱਧਾ ਪੈਣਾ ਰੁਕ ਗਿਆ। ਪਿੜ ਦਾ ਉਹ ਪਾਸਾ ਖ਼ਾਲੀ ਕਰਵਾ ਲਿਆ ਗਿਆ ਜਿੱਧਰ ਕੇਕ ਵਾਲਾ ਟੇਬਲ ਰੱਖਿਆ ਹੋਇਆ ਸੀ। ਸਾਰੇ ਲੋਕ ਉਸ ਪਾਸੇ ਦੇਖਣ ਲੱਗੇ। ਕੁੱਝ ਵਿਸ਼ੇਸ਼ ਮਹਿਮਾਨਾਂ ਦੇ ਨਾਮ ਅਨਾਊਂਸ ਕਰ ਕੇ ਉਨ੍ਹਾਂ ਨੂੰ ਕੇਕ ਦੀ ਰਸਮ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਵਿਆਂਦ੍ਹੜ ਜੋੜੀ ਹੁਣ ਕੇਕ ਦੇ ਕੋਲ ਵੱਡੀ ਸਾਰੀ ਛੁਰੀ ਫੜੀ ਖੜ੍ਹੀ ਸੀ।

ਕੇਕ ਕੱਟਣ ਤੋਂ ਬਾਅਦ ਵਿਆਂਦ੍ਹੜ ਮੁੰਡੇ ਦੇ ਭਰਾ ਨੇ ਟੇਬਲ ‘ਤੇ ਪਈ ਸ਼ੈਂਪੇਨ ਦੀ ਬੋਤਲ ਚੁੱਕੀ ਤੇ ਸਟੇਜ ਤੋਂ ਸਪੈਸ਼ਲ ਅਨਾਊਂਸਮੈਂਟ ਕਰਵਾਈ ਕਿ ਲਾੜੇ ਦੀ ਮਾਤਾ ਵਲੋਂ ਸ਼ੈਂਪੇਨ ਦੀ ਬੋਤਲ ਖ੍ਹੋਲਣ ਦੀ ਰਸਮ ਕੀਤੀ ਜਾਵੇਗੀ। ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਦੋ ਜਣੇ ਬੋਤਲ ਖੋਲ੍ਹਣ ਵਿਚ ਮਾਈ ਦੀ ਸਹਾਇਤਾ ਕਰ ਰਹੇ ਸਨ। ਮਾਈ ਨੂੰ ਦੱਸਿਆ ਗਿਆ ਕਿ ਕਿਵੇਂ ਬੋਤਲ ਦੇ ਮੂੰਹ ‘ਤੇ ਜ਼ੋਰ ਨਾਲ ਦਬਾਅ ਕੇ ਅੰਗੂਠਾ ਰੱਖਣਾ ਹੈ। ਮਾਈ ਵਿਚਾਰੀ ਉਨ੍ਹਾਂ ਦੇ ਕਹਿਣ ਮੁਤਾਬਿਕ ਕਰਦੀ ਰਹੀ। ਆਲੇ ਦੁਆਲੇ ਖੜ੍ਹੇ ਲੋਕ ਬੜੀ ਉਤਸੁਕਤਾ ਨਾਲ ਸਾਰਾ ਕੁਝ ਦੇਖ ਰਹੇ ਸਨ। ਵੀਡੀਓ ਕੈਮਰਿਆਂ ਵਾਲੇ ਹਰ ਇਕ ਪਲ ਨੂੰ ਸਾਂਭ ਲੈਣਾ ਚਾਹੁੰਦੇ ਸਨ, ਸੋ ਉਨ੍ਹੀਂ ਵੀ ਕੈਮਰੇ ਮਾਈ ਉੱਪਰ ਟਿਕਾਏ ਹੋਏ ਸਨ। ਮਾਈ ਦੇ ਹੱਥਾਂ ‘ਚ ਫੜੀ ਹੋਈ ਬੋਤਲ ਨੂੰ ਮੁੰਡਿਆਂ ਨੇ ਜਦੋਂ ਜ਼ੋਰ ਜ਼ੋਰ ਨਾਲ ਹਿਲਾਇਆ ਗਿਆ ਤਾਂ ਸ਼ੈਂਪੇਨ ਦੇ ਪ੍ਰੈਸ਼ਰ ਨੇ ਮਾਈ ਦਾ ਅੰਗੂਠਾ ਚੁੱਕ ਕੇ ਔਹ ਮਾਰਿਆ ਤੇ ਬੰਬੀ ਦੀ ਧਾਰ ਵਾਂਗ ਸ਼ੈਂਪੇਨ ਵਿਆਂਦ੍ਹੜ ਕੁੜੀ ਦੇ ਲਹਿੰਗੇ ਉੱਪਰ ਜਾ ਪਈ ਤੇ ਲਹਿੰਗਾ ਸ਼ੈਂਪੇਨ ਨਾਲ ਗੜੁੱਚ ਹੋ ਗਿਆ।

ਕੁੜੀ ਦਾ ਪਾਰਾ ਸੱਤਵੇਂ ਆਸਮਾਨ ‘ਤੇ ਜਾ ਚੜ੍ਹਿਆ। ਉਹ ਸ਼ੀਹਣੀ ਵਾਂਗ ਬਿਫ਼ਰੀ ਤੇ ਉਹਨੇ ਅੰਗਰੇਜ਼ੀ ਵਿਚ ਗਾਲ੍ਹਾਂ ਦੀ ਬੁਛਾੜ ਮਾਈ ਵਲ ਕਰ ਦਿੱਤੀ ਜਿਸ ਵਿਚ ਉਹਨੇ ਬਲਾਈਂਡ ਬਿੱਚ, ਓਲਡ ਕਾਉ, ਬਾਸਟਰਡ ਆਦਿ ਲਫ਼ਜ਼ਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ। ਕਿਉਂਕਿ ਇਸ ਸਮੇਂ ਡੀ.ਜੇ. ਬੰਦ ਸੀ ਜਿਸ ਕਰ ਕੇ ਲੋਕਾਂ ਨੂੰ ਦੂਰ ਦੂਰ ਤੱਕ ਇਹ ਗਾਲ੍ਹਾਂ ਸੁਣਾਈ ਦਿੱਤੀਆਂ ਤੇ ਦੂਰ ਬੈਠੇ ਲੋਕ ਉਠ ਕੇ ਨੇੜੇ ਆ ਗਏ ਤਾਂ ਕਿ ਦੇਖ ਸਕਣ ਕਿ ਮਾਜਰਾ ਕੀ ਸੀ।

ਤੂੰ ਤੂੰ ਮੈਂ ਮੈਂ ਦਾ ਬਾਜ਼ਾਰ ਗਰਮ ਹੋ ਚੁੱਕਾ ਸੀ। ਹਰ ਪਾਸੇ ਕਾਵਾਂ-ਰੌਲ਼ੀ ਪਈ ਹੋਈ ਸੀ। ਵਿਆਂਦ੍ਹੜ ਮੁੰਡਾ ਇਕੋ ਗੱਲ ‘ਤੇ ਅੜਿਆ ਹੋਇਆ ਸੀ ਕਿ ਕੁੜੀ ਨੇ ਉਹਦੀ ਮਾਂ ਦੀ ਬੇਇਜ਼ਤੀ ਕੀਤੀ ਸੀ ਤੇ ਉਹ ਉਹਦੀ ਮਾਂ ਕੋਲੋਂ ਮੁਆਫ਼ੀ ਮੰਗੇ, ਇਸ ਤੋਂ ਘੱਟ ਕੋਈ ਗੱਲ ਵੀ ਉਸ ਨੂੰ ਪਰਵਾਨ ਨਹੀਂ ਸੀ। ਕੁੜੀ ਆਪਣੇ ਥਾਂ ਅੜੀ ਹੋਈ ਸੀ ਕਿ ਉਹ ਮੁਆਫ਼ੀ ਨਹੀਂ ਮੰਗੇਗੀ, ਉਹਦਾ ਹਜ਼ਾਰਾਂ ਪੌਂਡਾਂ ਦਾ ਲਹਿੰਗਾ ਮਾਈ ਨੇ ਖ਼ਰਾਬ ਕਰ ਦਿੱਤਾ ਸੀ ਤੇ ਉਹਦੇ ‘ਡੇਅ’ ਦਾ ਸਤਿਆਨਾਸ ਹੋ ਗਿਆ ਸੀ। ਕੁੜੀ ਸਗੋਂ ਹੁਣ ਕਹਿ ਰਹੀ ਸੀ ਕਿ ਮਾਈ ਉਹਦੇ ਕੋਲੋਂ ਮੁਆਫ਼ੀ ਮੰਗੇ।

ਪੀੜ੍ਹੀ ਪਾੜੇ ਦੀਆਂ ਕਦਰਾਂ- ਕੀਮਤਾਂ ਦਾ ਆਪਸ ਵਿਚ ਯੁੱਧ ਹੋ ਰਿਹਾ ਸੀ।

ਸਿਆਣੇ ਬੰਦੇ ਪੂਰੀ ਵਾਹ ਲਾ ਕੇ ਇਸ ਘਟਨਾ ਨੂੰ ਮਹਿਜ਼ ਇਕ ਹਾਦਸਾ ਦੱਸ ਰਹੇ ਸਨ ਪਰ ਕੁੜੀ ਅਤੇ ਮੁੰਡਾ ਦੋਵੇਂ ਮੈਂ ਨਾ ਮਾਨੂੰ ਵਾਂਗ ਕਿਸੇ ਤਰ੍ਹਾਂ ਵੀ ਝੁਕਣ ਲਈ ਤਿਆਰ ਨਹੀਂ ਸਨ। ਸਾਰੇ ਹਾਲ ਵਿਚ ਘੈਂਸ ਘੈਂਸ ਹੋ ਰਹੀ ਸੀ। ਕੋਈ ਕਿਸੇ ਨੂੰ ਕਸੂਰਵਾਰ ਠਹਿਰਾ ਰਿਹਾ ਸੀ ਤੇ ਕੋਈ ਕਿਸੇ ਨੂੰ। ਵਿਚੋਲੇ ਨੇ ਵਿਚ ਪੈ ਕੇ ਆਪਣੀ ਪੂਰੀ ਵਾਹ ਲਾ ਲਈ ਸੀ ਪਰ ਊਠ ਕਿਸੇ ਕਰਵਟ ਵੀ ਬੈਠਦਾ ਨਜ਼ਰ ਨਹੀਂ ਸੀ ਆ ਰਿਹਾ। ਸਗੋਂ ਹੁਣ ਮੁੰਡੇ ਦੇ ਰਿਸ਼ਤੇਦਾਰ ਮੁੰਡੇ ਦਾ ਪੱਖ ਪੂਰ ਰਹੇ ਸਨ ਅਤੇ ਉਧਰ ਕੁੜੀ ਵਾਲੇ ਕੁੜੀ ਦੀ ਹਿਮਾਇਤ ‘ਤੇ ਉੱਤਰ ਆਏ ਸਨ। ਜ਼ਾਹਰਾ ਤੌਰ ‘ਤੇ ਦੋ ਧੜੇ ਬਣ ਗਏ ਸਨ। ਏਨਾ ਸ਼ੁਕਰ ਸੀ ਕਿ ਅਜੇ ਤਾਈਂ ਕਿਸੇ ਨੇ ਘਸੁੰਨ-ਮੁੱਕੀ ਸ਼ੁਰੂ ਨਹੀਂ ਸੀ ਕੀਤੀ।

ਬਿਨਾਂ ਕੋਈ ਗੱਲ ਸਿਰੇ ਲੱਗਿਆਂ ਦੋਨੋਂ ਧਿਰਾਂ ਹਾਲ ਵਿਚੋਂ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ।

ਹਾਲ ਦੇ ਦਰਵਾਜ਼ੇ ਕੋਲ ਖੜ੍ਹਾ, ਸ਼ਾਇਦ ਪੰਜਾਬ ਤੋਂ ਵਿਆਹ ਦੇਖਣ ਆਇਆ ਹੋਇਆ, ਇਕ ਬਜ਼ੁਰਗ਼ ਉਚੀ ਉਚੀ ਕਹਿ ਰਿਹਾ ਸੀ, “ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ”।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top