Share on Facebook

Main News Page

ਖਾਲੜਾ ਮਿਸ਼ਨ ਆਰਗੋਨਾਈਜੇਸ਼ਨ ਨੇ ਦਿੱਲੀ ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਦੇ ਸਿੱਖਾਂ ਨੂੰ ਸੁਚੇਤ ਕੀਤਾ

ਅੰਮ੍ਰਿਤਸਰ 20 ਜਨਵਰੀ (ਜਸਬੀਰ ਸਿੰਘ) ਖਾਲੜਾ ਮਿਸ਼ਨ ਆਰਗੋਨਾਈਜੇਸ਼ਨ ਨੇ ਦਿੱਲੀ ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਦੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੋਣਾਂ ਲੜ ਰਹੀਆ ਦੋਵੇਂ ਹੀ ਮੁੱਖ ਧਿਰਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ, ਸਗੋਂ ਗੁਰੂ ਦੀ ਗੋਲਕ ‘ਤੇ ਅਧਿਕਾਰ ਜਮਾਉਣਾ ਦੋਵੇਂ ਧਿਰਾਂ ਹੀ ਆਪਣਾ ਆਪਣਾ ਹੱਕ ਸਮਝਦੀਆਂ ਹਨ, ਜਦ ਕਿ ਦੋਵੇਂ ਧਿਰਾਂ ਹੀ ਇੱਕ ਉਸ ਖੋਟੇ ਸਿੱਕੇ ਦੇ ਦੋ ਪਹਿਲੂ ਹਨ ਜਿਹਨਾਂ ਦੀ ਸਿੱਖ ਪੰਥ ਨੂੰ ਕੋਈ ਦੇਣ ਨਹੀਂ ਹੈ।

ਜਾਰੀ ਇੱਕ ਬਿਆਨ ਰਾਹੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ੍ਰੀ ਹਰਮਨਬੀਰ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਪ੍ਰਚਾਰ ਸਕੱਤਰ ਡਾਂ ਕਾਬਲ ਸਿੰਘ ਅਤੇ ਬੁਲਾਰੇ ਸਤਵਿੰਦਰ ਸਿੰਘ ਨੇ ਕਿਹਾ ਕਿ 27 ਜਨਵਰੀ ਨੂੰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਹੋਣ ਵਾਲੀਆ ਚੋਣਾਂ ਤੋ ਪਹਿਲਾਂ ਦਿੱਲੀ ਦੇ ਸਿੱਖਾਂ ਨੂੰ ਸੁਚੇਤ ਕਰਨਾ ਉਹ ਆਪਣਾ ਫਰਜ਼ ਸਮਝਦੇ ਹਨ ਕਿਉਕਿ ਦਿੱਲੀ ਦੇ ਗੁਰਧਾਮਾਂ ਤੇ ਕਬਜਾ ਕਰਨ ਲਈ ਬਾਦਲਕਿਆਂ ਤੇ ਸਰਨੇਕਿਆਂ ਵੱਲੋ ਜੋਰ ਅਜਮਾਈ ਚਲ ਰਹੀ ਹੈ। ਸੰਖੇਪ ਵਿੱਚ ਪਹਿਲਾਂ ਬਾਦਲਕਿਆਂ ਤੇ ਫਿਰ ਕਾਂਗਰਸ ਵੱਲੋਂ ਕੀਤੀ ਪੰਜਾਬ ਦੀ ਬਰਬਾਦੀ ਤੇ ਸਿੱਖੀ ਦੀ ਬੇਹੁਰਮਤੀ ਦੀ ਦਾਸਤਾਨ ਤੋ ਜਾਣੂ ਕਰਵਾਉਣਾ ਚਾਹੁੰਦੇ ਹਾਂ। ਪੰਥ ਦੀ ਰਾਜਨੀਤੀ ਤੇ ਗੁਰਧਾਮਾਂ ‘ਤੇ ਦੰਭੀ ਅਤੇ ਪੰਥ ਦੋਖੀਆਂ ਦਾ ਕਬਜਾ ਚਲ ਰਿਹਾ ਹੈ। ਇਹ ਕਾਇਰਤਾ ਦਾ ਰਾਹ ਫੜ ਕੇ ਪੰਥ ਤੇ ਪੰਜਾਬ ਸਰਕਾਰ ਤੇ ਪੱਕਾ ਜੱਫਾ ਪਾਈ ਰੱਖਣ ਵਿੱਚ ਕਾਮਯਾਬ ਹੋ ਗਏ ਹਨ। ਪੰਥ ਦੀ ਅਧੋਗਤੀ ਤੇ ਅਪਮਾਨ ਜੋ ਅੱਜ ਹੋ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ, ਆਉ ਵਿਚਾਰੀਏ ਦਿਲੀ ਤਖ਼ਤ ਦੇ ਗੁਲਾਮਾਂ ਬਾਦਲਕਿਆਂ ਨੇ ਕਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਰੋਲਿਆ ਹੈ ਅਤੇ ਸਿੱਖੀ ਦੀ ਬੇਹੁਰਮਤੀ ਕੀਤੀ ਹੈ।

  1. ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਹਾਦਤ ਤੇ ਪਰਦਾ ਪਾ ਕੇ ਉਹਨਾਂ ਦੇ ਕਾਤਲ ਸਵਰਨ ਸਿੰਘ ਘੋਟਣੇ ਨੂੰ ਤਰੱਕੀਆਂ ਤੇ ਮਾਨ ਸਨਮਾਨ ਦਿੱਤਾ ਗਿਆ ਸਗੋਂ ਉਸਦੇ ਮੁੰਡੇ ਨੂੰ ਪੁਲੀਸ ਵਿੱਚ ਅਫਸਰ ਭਰਤੀ ਕੀਤਾ ਗਿਆ ਤਾਂ ਕਿ ਉਹ ਸਿੱਖਾਂ ਤੇ ਤਸ਼ੱਦਦ ਕਰਨ ਦੀ ਬਾਕੀ ਦੀ ਰਹਿੰਦੀ ਕਸਰ ਵੀ ਪੂਰੀ ਕਰ ਸਕੇ।

  2. ਨਿਰੰਕਾਰੀ ਕਾਂਡ ਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੋਏ ਹੁਕਮਨਾਮੇ ਬਾਰੇ ਬਾਦਲਕਿਆ ਦਾ ਕਹਿਣਾ ਸੀ ਕਿ ਇਹ ਹੁਕਮਨਾਮਾ ਪੰਜਾਬ ਸਰਕਾਰ ਤੇ ਲਾਗੂ ਨਹੀਂ ਹੁੰਦਾ।

  3. ਨਵੰਬਰ 84 ਦੇ ਸਿੱਖ ਕਤਲੇਆਮ ਸਮੇ ਰੁਲੀਆਂ ਲਾਸ਼ਾਂ ਤੇ ਇੱਜਤਾਂ ਦਾ ਇਹਨਾਂ ਨੇ ਸੌਦਾ ਕਰ ਲਿਆ, ਕਾਂਗਰਸੀ ਆਗੂਆਂ ਪੀ.ਚਿੰਦਬਰਮ, ਕਮਲ ਨਾਥ ਵਰਗਿਆਂ ਦਾ ਇਹਨਾਂ ਵੱਲੋਂ ਸਨਮਾਨ ਤੇ ਉਹਨਾਂ ਨੂੰ ਗੁਲਦਸਤੇ ਭੇਟ ਕੀਤੇ ਜਾ ਰਹੇ ਹਨ। ਕਾਂਗਰਸ ਨੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਤਰੱਕੀਆਂ ਅਤੇ ਸਨਮਾਨ ਦਿੱਤੇ। ਇਹਨਾਂ ਪੰਜਾਬ ਅੰਦਰ 25000 ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਸੈਣੀਆਂ, ਆਲਮਾਂ, ਘੋਟਣਿਆਂ ਨੂੰ ਤਰੱਕੀਆਂ ਦਿੱਤੀਆਂ। ਮੌਦੀ ਵਰਗੇ ਕੱਟੜ ਫਿਰਕਾਪ੍ਰਸਤ ਦਾ ਸਨਮਾਨ ਤਾਂ ਭਵਿੱਖ ਦੇ ਪ੍ਰਧਾਨ ਮੰਤਰੀ ਸਮਝ ਕੇ ਇਹਨਾਂ ਨੇ ਕਰਨਾ ਹੀ ਸੀ।

  4. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਦਾ ਸੱਚ ਪੁੱਛਣਾ ਹੈ ਤਾਂ ਪੁੱਛ ਲਓ ਭਾਈ ਰਣਜੀਤ ਸਿੰਘ ਨੂੰ, ਪ੍ਰੋ: ਦਰਸ਼ਨ ਸਿੰਘ ਨੂੰ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਪ੍ਰੋ: ਮਨਜੀਤ ਸਿੰਘ ਨੂੰ।

  5. ਇਹਨਾ ਨੇ ਸ੍ਰ: ਕਪੂਰ ਸਿੰਘ ਦਾ ਕਹਿਣਾ ਸੱਚ ਕਰ ਵਿਖਾਇਆ ਹੈ ਕਿ ‘ਇਹਨਾਂ ਅਕਾਲੀਆਂ ਨੇ ਸਰਕਾਰ ਨਾਲ ਮਿਲ ਕੇ ਭਿੰਡਰਾਂ ਵਾਲੇ ਨੂੰ ਮਰਵਾ ਦੇਣਾ ਹੈ।’ ਸਾਕਾ ਨੀਲਾ ਤਾਰਾ ਸਮੇ ਇੰਦਰਾ ਗਾਂਧੀ, ਅਡਵਾਨੀਕਿਆਂ ਨਾਲ ਰਲ ਕੇ ਫੌਜੀ ਹਮਲੇ ਨੂੰ ਹਰੀ ਝੰਡੀ ਦੇਣਾ ਇਹਨਾਂ ਅਕ੍ਰਿਤਘਣਾਂ ਦੇ ਹਿੱਸੇ ਹੀ ਆਇਆ । ਅੰਮ੍ਰਿਤਸਰ ਦੇ ਸਾਬਕਾ ਡੀ.ਸੀ ਰਮੇਸ਼ ਇੰਦਰ ਸਿੰਘ ਨੇ ਫੌਜ ਦੇ ਦਾਖਲੇ ਲਈ ਦਸਤਖਤ ਕੀਤੇ ਸਨ ਜਿਸ ਨੂੰ ਇਹਨਾਂ ਇਕ ਤੋ ਬਾਅਦ ਦੂਸਰੀ ਤਰੱਕੀ ਦਿੱਤੀ। ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚੋ ਫੌਜੀ ਹਮਲੇ ਦੇ ਨਿਸ਼ਾਨ ਮਿਟਾ ਕੇ ਇਹਨਾਂ ਫੌਜੀ ਹਮਲੇ ਨੂੰ ਜਾਇਜ ਠਹਿਰਾਇਆ ਹੈ।

  6. ਸੁਣ ਲਓ 6 ਜੂਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲੇ ਦਾ ਦਿਹਾੜਾ ਹੁੰਦਾ ਹੈ, ਉਸ ਦਿਨ ਪੰਜਾਬ ਸਰਕਾਰ ਦਾ ਝੰਡਾ ਨੀਵਾਂ ਨਹੀਂ ਹੋਇਆ, ਸਗੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਸਾਬਕਾ ਗਵਰਨਰ ਐਸ.ਐਸ.ਰੇਅ ਦੀ ਮੌਤ ਤੋ ਬਾਅਦ ਬਾਦਲ ਸਰਕਾਰ ਨੇ ਝੰਡਾ ਨੀਵਾਂ ਕਰਕੇ ਸਾਬਤ ਕਰ ਦਿੱਤਾ ਕਿ ਇਹਨਾਂ ਬਹੂਰੂਪੀਆ ਕੋਲੋ ਪੰਥ ਦੀ ਭਲਾਈ ਨਹੀਂ ਕੀਤੀ ਜਾ ਸਕਦੀ। ਜਦ ਕਿ ਅਮਰੀਕਾ ਵਿੱਚ ਜਦੋਂ ਇੱਕ ਗੁਰੂਦੁਆਰੇ ਵਿੱਚ ਛੇ ਸਿੱਖਾਂ ਨੂੰ ਇੱਕ ਫਿਰਕਾਪ੍ਰਸਤ ਗੋਰੇ ਵੱਲੋਂ ਗੋਲੀ ਦਾ ਨਿਸ਼ਾਨਾ ਬਣਾ ਕੇ ਕਤਲ ਕੀਤੇ ਗਏ ਤਾਂ ਦੁਨੀਆ ਦੇ ਅਲੰਬਦਾਰ ਅਖਵਾਉਦੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਗ ਵਜੋਂ ਉਥੋਂ ਦਾ ਝੰਡਾ ਨੀਵਾਂ ਕਰਕੇ ਸਿੱਖਾਂ ਦੀ ਹੋਂਦ ਹਸਤੀ ਨੂੰ ਉਪਰ ਚੁੱਕਿਆ।

  7. ਸਮੁੱਚਾ ਪੰਜਾਬ ਇਹਨਾਂ ਨਸ਼ਿਆਂ ਦੇ ਸਮੁੰਦਰ ਵਿੱਚ ਡੋਬ ਦਿੱਤਾ ਤੇ ਪਿੰਡ ਪਿੰਡ, ਹਰ ਗਲੀ ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਹਨ, ਕੇਰਲਾ ਤੋ ਬਾਅਦ ਪੰਜਾਬ ਦੂਜਾ ਸਭ ਤੋਂ ਵੱਧ ਸ਼ਰਾਬ ਪੀਣ ਵਾਲਾ ਸੂਬਾ ਬਣਾ ਦਿੱਤਾ ਗਿਆ ਹੈ, ਗੈਰ ਸਰਕਾਰੀ ਅੰਕੜੇ ਬੋਲਦੇ ਹਨ ਕਿ ਪੰਜਾਬ ਇੱਕ ਸਾਲ ਵਿੱਚ 50 ਕਰੋੜ ਬੋਤਲਾਂ ਖਾਲੀ ਕਰ ਦਿੰਦਾ ਹੈ।

  8. ਸਿੱਖ ਜਵਾਨੀ ਨੂੰ ਜੇਲਾਂ ਵਿੱਚ ਰੋਲਣਾ, ਪੁਲਿਸ ਹਿਰਾਸਤ ਵਿੱਚ ਸਿੱਖਾਂ ਦੇ ਕਤਲ, ਝੂਠੇ ਕੇਸਾਂ ਵਿੱਚ ਫਸਾਉਣਾ ਵੀ ਇਹਨਾਂ ਦੇ ਹਿੱਸੇ ਆਇਆ ਹੈ। ਬਲਾਤਕਾਰ ਕਰਨ ਵਾਲਾ ਹੋਵੇ ਤਾਂ ਭਾਵੇ ਕਾਤਲ ਵੀ ਹੋਵੇ ਪੰਜਾਬ ਸਰਕਾਰ ਦੇ ਸਰਕਲ ਮੁਤਾਬਿਕ 9 ਸਾਲ ਜੇਲ ਕੱਟ ਕੇ ਘਰ ਆ ਜਾਂਦਾ ਹੈ, ਪਰ 1995 ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਉਮਰ ਕੈਦ ਭੁਗਤ ਰਹੇ ਅਜੇ ਤੱਕ ਜੇਲਾਂ• ਵਿੱਚ ਬੰਦ ਹਨ। ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਜੇਲ ਵਿੱਚ ਰੱਖਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਉਹ ਖਤਰਨਾਕ ਅੱਤਵਾਦੀ ਹੈ ਅਤੇ ਪੰਜਾਬ ਸਰਕਾਰ ਅਜਿਹੇ ਅੱਤਵਾਦੀ ਨੂੰ ਪੰਜਾਬ ਦੀ ਜੇਲ• ਨਹੀਂ ਰੱਖ ਸਕਦੀ। ਐਨ.ਆਰ.ਆਈ ਪਾਲ ਸਿੰਘ ਫਰਾਂਸ, ਜਸਵੰਤ ਸਿੰਘ ਅਜ਼ਾਦ ਝੂਠੇ ਕੇਸਾਂ ਵਿੱਚ ਜੇਲ ਵਿੱਚ ਬੰਦ ਕਰ ਦਿੱਤੇ ਗਏ ਹਨ, ਭਾਈ ਕੁਲਵੰਤ ਸਿੰਘ ਵਰਪਾਲ, ਭਾਈ ਸੋਹਣਜੀਤ ਸਿੰਘ ਫੌਜੀ, ਭਾਈ ਜਸਪਾਲ ਸਿੰਘ ਪੁਲਿਸ ਦੁਆਰਾ ਕਤਲ ਕਰ ਦਿੱਤੇ ਗਏ ਹਨ। ਸ਼ਰੂਤੀ ਵਰਗੀਆਂ ਬੇਟੀਆਂ ਦੀਆਂ ਇੱਜਤਾਂ ਰੋਲੀਆਂ ਜਾ ਰਹੀਆਂ ਹਨ, ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਆਏ ਏ.ਐਸ.ਆਈ ਰਵਿੰਦਰਪਾਲ ਸਿੰਘ ਨੂੰ ਬਾਦਲ ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਨੇ ਚਿੱਟੇ ਦਿਨ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।

  9. ਆਰਥਿਕ ਵਿਕਾਸ ਦਾ ਸੁਣ ਲਵੋ ਹਾਲ, 40 ਕਰੋੜ ਦਾ ਹੈਲੀਕਾਪਟਰ ਪਿਉ ਪੁੱਤਰਾਂ ਵੱਲੋ ਝੂਟੇ ਲੈਣ ਲਈ ਖ੍ਰੀਦਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਵੱਲੋ 3 ਲੱਖ ਰੁਪਏ ਇਕ ਦੰਦ ਲਗਾਉਣ ਲਈ ਖਰਚ ਕਰ ਦਿੱਤੇ ਗਏ, 39 ਲੱਖ ਰੁਪਏ ਵਿਦੇਸ਼ੀ ਟੂਰ ਤੇ ਖਰਚ ਕਰ ਦਿੱਤਾ ਗਿਆ, 10 ਲੱਖ ਰੁਪਏ ਮਨ ਪ੍ਰਚਾਵੇ ਤੇ ਖਰਚ ਚੁੱਕਾ ਹੈ। ਪੰਜਾਬ ਸੂਬੇ ਨੂੰ ਵੱਡੇ ਵੱਡੇ ਹੋਟਲ ਖੋਲ ਕੇ ਗੋਆ ਵਰਗੀ ਤਰੱਕੀ ਦਿੱਤੀ ਜਾ ਰਹੀ ਹੈ। ਅੱਧ ਨੰਗੀਆਂ ਐਕਟਰਾਂ ਕਰੋੜਾਂ ਰੁਪਏ ਦੇ ਕੇ ਸਟੇਜਾਂ ਤੇ ਨਚਾਈਆਂ ਜਾ ਰਹੀਆਂ ਜੇ। ਦੂਜੇ ਪਾਸੇ ਕਿਸਾਨ, ਮਜਦੂਰ ਭੁੱਖ ਮਰਦੇ ਰੋਜ਼ਾਨਾ ਖੁਦਕਸ਼ੀਆ ਕਰ ਰਹੇ ਹਨ।

  10. ਖਾਲੀ ਪਏ ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਟੀਚਰਾਂ ਤੇ ਡਾਕਟਰਾਂ ਨੂੰ ਅਵਾਜਾਂ ਮਾਰ ਰਹੇ ਹਨ। ਬੇਜੁਰਗਾਰ ਨੌਜਵਾਨਾਂ ਦੀ ਵੱਡੀ ਫੌਜ ਰੋਜਗਾਰ ਲੱਭ ਰਹੀ ਹੈ ਅਤੇ ਰੁਜਗਾਰ ਮੰਗਦੀਆ ਧੀਆ ਨੂੰ ਮਰਦ ਪੁਲੀਸ ਵੱਲੋ ਹੀ ਸੜਕਾਂ ਕੇ ਘਸੀਟਿਆ ਜਾ ਰਿਹਾ ਹੈ ਅਤੇ ਨੰਨੀ ਛਾਂ ਮੁਹਿੰਮ ਦੀ ਸਰਪ੍ਰਸਤ ਬੀਬੀ ਹਰਮਿਸਰਤ ਕੌਰ ਬਾਦਲ ਸਟੇਜ ਤੇ ਬੈਠੀ ਵੇਖ ਕੇ ਦੁੱਖੀ ਹੋਣ ਦੀ ਬਜਾਏ ਮੁਸਕਰਾ ਰਹੀ ਹੁੰਦੀ ਹੈ।

  11. ਸਿੱਖਾਂ ਦੀ ਯੂਨੀਵਰਸਿਟੀ ਵਜੋਂ ਜਾਣੇ ਖਾਲਸਾ ਕਾਲਜ ਜਿਥੇ ਇੱਕ ਵਿਦਿਅਕ ਅਦਾਰਾ ਹੈ ਉਥੇ ਸਿੱਖਾਂ ਲਈ ਧਾਰਮਿਕ ਕੇਂਦਰ ਵੀ ਹੈ ਜਿਥੇ ਅੱਜ ਕਲ ਸਿਖਿਆ ਘੱਟ ਲੱਚਰ ਪ੍ਰੋਗਰਾਮ ਵੱਧ ਪੇਸ਼ ਕੀਤੇ ਜਾਂਦੇ ਹਨ। ਬੀਬੀ 17 ਜਨਵਰੀ ਨੂੰ ਇੱਕ ਪਾਸੇ ਤਾਂ ਖਾਲਸਾ ਕਾਲਜ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਅਖੰਡ ਪਾਠ ਚੱਲ ਰਿਹਾ ਸੀ ਤੇ ਦੂਸਰੇ ਪਾਸੇ ਉਸੇ ਹੀ ਕੰਪਲੈਕਸ ਵਿੱਚ ਅੱਧ ਨੰਗੀਆ ਲੜਕੀਆ ਦਾ ਨਾਚ ਕਾਲਜ ਦੇ ਪ੍ਰਿੰਸੀਪਲ ਡਾਂ ਦਲਜੀਤ ਸਿੰਘ ਤੇ ਆਨਰੇਰੀ ਸਕੱਤਰ ਸ੍ਰੀ ਰਾਜਿੰਦਰ ਸਿੰਘ ਛੀਨਾ ਵੇਖ ਕੇ ਮੰਦ ਮੰਦ ਮੁਸਕਰਾ ਰਹੇ ਸਨ ਕਿਉਕਿ ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪਰਧਾਨ ਅੱਜ ਕਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਤੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸ੍ਰੀ ਸਤਿਆਜੀਤ ਸਿੰਘ ਮਜੀਠੀਆ ਹਨ ਅਤੇ ਪ੍ਰੋਗਰਾਮ ਪੇਸ਼ ਕਰਨ ਵਾਲਾ ਵੀ ਕੋਈ ਹੋਰ ਨਹੀਂ ਸਗੋਂ ਪ੍ਰਕਾਸ ਟੀ.ਵੀ. ਬਨਾਮ ਸਰਕਾਰ ਟੀ.ਵੀ ਸੀ।

ਰਹੀ ਗੱਲ ਸਰਨਿਆਂ ਦੀ :- ਖਾਲਸਾ ਜੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ, ਪਰ ਇਹਨਾਂ ਗੁਰਧਾਮਾਂ ਨੂੰ ਸੋਨੇ ਵਿੱਚ ਮੜ ਕੇ ਗੁਰੂ ਸਾਹਿਬਾਂ ਦੀ ਸੋਚ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਕਾਂਗਰਸੀਆਂ ਨੂੰ ਐਲਾਨੀਆਂ ਸਨਮਾਨਤ ਕਰਕੇ ਨਵੰਬਰ 84 ਦੇ ਸਿੱਖ ਕਤਲੇਆਮ ਨੂੰ ਜਾਇਜ ਠਹਿਰਾਇਆ ਹੈ। ਕੇ.ਪੀ.ਐਸ ਗਿੱਲ ਵਰਗੇ ਦੁਸ਼ਟਾਂ ਨੂੰ ਵਿਆਹਾਂ ਸ਼ਾਦੀਆਂ ਤੇ ਸੱਦ ਕੇ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਹੇ ਹਨ। ਸੋ ਆਓ ਇਹਨਾ ਦੰਭੀਆਂ ਤੇ ਪਖੰਡੀਆਂ ਕੋਲੋ ਪੰਥ ਦੀ ਕਚਿਹਰੀ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਮੰਗੀਏ ਅਤੇ ਗੁਰੂ ਸਾਹਿਬਾਨਾਂ ਦੀ ਸੋਚ ਦੇ ਪਹਿਰੇਦਾਰ ਬਣੀਏ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top