ਇੱਕ ਗੁਰਦੁਆਰਾ ਸਾਹਿਬ ਇੱਕ ਸਮਾਗਮ ਵਿੱਚ ਪ੍ਰਬੰਧਕਾਂ ਨੇ
ਦੋ ਵੱਖ ਵੱਖ ਵਿਚਾਰਧਾਰਾ ਵਾਲੇ ਪ੍ਰਚਾਰਕ ਮੰਗਵਾ ਲਏ। ਸਮਾਗਮ ਮਗਰੋਂ ਸਾਰੀ ਸੰਗਤ ਚਲੀ ਗਈ, ਪਰ
ਇੱਕ ਸਿੱਖ ਦਰਵਾਜੇ ਮੂਹਰੇ ਨੰਗੇ ਪੈਰੀਂ ਤਿੰਨ ਖੂੰਜਾ ਜਿਹਾ ਮੂੰਹ ਬਣਾ ਕੇ ਬੈਠਾ ਸੀ। ਕਾਫੀ
ਦੇਰ ਤੋਂ, ਕਿਸੇ ਨੇ ਪੁੱਛਿਆ ਭਾਈ ਘਰ ਕਿਉਂ ਨਹੀਂ ਜਾਂਦਾ, ਅੱਗੋਂ ਕਹਿਣ ਲੱਗਾ ਕਿਵੇਂ
ਜਾਵਾਂ ਮੇਰੀ ਇੱਕ ਜੁੱਤੀ ਇੱਕ ਵਿਦਵਾਨ ਦੇ ਹੱਥ ਵਿੱਚ ਹੈ,
ਦੂਜੀ ਦੂਜੇ ਦੇ ਹੱਥ।
ਕੁਛ ਵਿਦਵਾਨ ਤਾਂ ਇਹ ਸਮਝਣ ਲੱਗ ਗਏ ਨੇ ਕਿ ਇਤਿਹਾਸ ਨਾਂ ਦੇ ਕਿਟਾਣੂ ਸਿਰਫ ਉਹਨਾਂ ਦੇ ਖੂਨ
ਵਿੱਚ ਹੀ ਪਾਏ ਜਾਂਦੇ ਨੇ। ਰਮਾਇਣ ਉੱਤੇ ਕਿਸੇ ਨੇ ਫਿਲਮ ਬਣਾਉਣੀ ਸੀ, ਹੀਰੋ ਨੂੰ ਕਿਹਾ ਕਿ
ਭਾਈ ਸਟੋਰੀ ਸੁਣ ਲੈ,
ਅੱਗੋਂ ਉਹ ਕਹਿੰਦਾ, ਕੀ ਸੁਣਨੀ ਆ
ਇੰਨੀ ਵਾਰ ਰਾਮ ਲੀਲਾ ਦੇਖੀ ਆ, ਕਹਾਣੀਕਾਰ ਕਹਿੱਣ ਲੱਗਾ ਕਿ ਸੁਣ ਲਾ ਭਰਾਵਾ ਲੰਕਾ ਨੂੰ ਅੱਗ ਹਨੂੰਮਾਨ ਨੇ
ਲਾਉਣੀ ਆ, ਮਗਰੋਂ ਨਾ ਆਖੀ
ਕਿ ਮੈਂ ਹੀਰੋ ਹਾਂ, ਹਨੂੰਮਾਨ
ਕਿਵੇਂ ਲਾ ਗਿਆ ਦੇ ‘ਟੁਚਕਲੇ’
ਵਾਂਗ, ਉਹ ਹਮੇਸ਼ਾ ਵੱਖਰਾ ਕਰਨ
ਜਾਂ ਲਿਖਣ ਦੀ “ਠਰਕ-ਫਹਿਮੀ” ਵਿੱਚ ਰਹਿੰਦੇ, ਤਾਂ ਕਿ ਲੋਕ ਸਮਝਣ ਕਿ ਗੁਰੂ ਨਾਨਕ ਸਾਹਿਬ ਜੀ
ਦੇ ਵੇਈਂ ਵਿੱਚ ਨਹਾਉਣ ਵੇਲੇ
ਉਨ੍ਹਾਂ ਦੇ ਕੱਪੜਿਆਂ ਦੀ ਰਖਵਾਲੀ ਦਾ ਠੇਕਾ
ਉਨ੍ਹਾਂ ਨੇ ਹੀ ਲਿਆ
ਹੁੰਦਾ।
ਇੱਕ ਇਤਿਹਾਸਕਾਰ, ਜਿਸ ਬਾਰੇ ਨਾਸਾ ਦੇ ਉੱਚ ਅਧਿਕਾਰੀ ਵੀ ਹੈਰਾਨ-ਓ-ਪਰੇਸ਼ਾਨ ਹਨ ਕਿ ਉਸ
ਦੀ ਪੂਛ ਵਿੱਚੋਂ ਚੰਗਿਆੜੀਆਂ ਉਤਪੰਨ ਕਿਵੇਂ ਹੁੰਦੀਆਂ ਨੇ, ਹਮੇਸ਼ਾ ਇਸ ਤਾਕ ਵਿੱਚ ਰਹਿੰਦਾ
ਹੈ, ਕਿ ਸਾਰੀਆਂ ਇਤਿਹਾਸਕ ਤਰੀਕਾਂ ਉਸ ਦੀ ਕਲਮ ਦੀ ਪੂਛ ਵਿੱਚੋਂ ਹੀ ਅਵਤਾਰ ਧਾਰਨ ਕਰਨ, ਪਰ
ਉਂਝ ਅਜਿਹਾ ਭੜਾਸਕਾਰ ਦੂਜੇ ਦੀਆਂ ਬਣਾਈਆਂ ਯੰਤਰੀਆਂ ਕੱਛੇ ਮਾਰੀ ਕਿਸੇ ਜਿਲਦਸਾਜ਼ ਦੇ ਦਰ
ਮੂਹਰੇ ਧਰਨਾ ਮਾਰੀ ਤੇ ‘ਰਸੋਈ ਸਿੱਖਿਆ’ ਦੇ ਲੇਖਕ ਨੂੰ “ਖਿਆਲੀ ਪੁਲਾਓ” ਦੀ ਰੈਸਪੀ ਨਾ
ਲਿਖਣ 'ਤੇ ਲਾਹਨਤ ਪਉਂਦਾ ਆਮ ਨਜ਼ਰ ਅਉਂਦਾ ਹੈ।
..ਤੇ ਕੁਝ ਇਤਿਹਾਸਕਾਰ ਉਸ ਢਾਡੀ ਵਰਗੇ ਹੁੰਦੇ ਨੇ, ਜੋ
ਉਤਾਂਹ ਨੂੰ ਹੱਥ ਕਰਕੇ “ਜਲ ਵਿੱਚ ਕੰਬੀਆਂ ਮੱਛੀਆਂ” ਤੇ ਥੱਲੇ ਨੂੰ ਹੱਥ ਕਰਕੇ “ਅਸਮਾਨੀ
ਤਾਰੇ” ਕਹਿਣ ਦੀ ਮੁਹਾਰਤ ਰੱਖਦਾ ਹੈ।
‘ਇੱਕ-ਅੱਧ-ਵਾਕ’ ਲਿਖ ਕੇ ਆਪਣੇ ਆਪ ਨੂੰ ਬੀਬੀ ਰਜਨੀ
ਦੇ ਪਿਤਾ ਸ੍ਰੀ ਦੇ ਇਲਾਕੇ ਦਾ ਵਾਰਿਸ ਸਮਝ, ਦੂਜਿਆਂ ਦੇ ਨਾਂ ਥੱਲੇ ਯੰਤਰੀ ਜਾਰੀ ਕਰ ਕੇ
ਇਤਿਹਾਸ ਨੂੰ “ਚੌਰਸ ਗੇੜਾ” ਦੇਣ ਵਾਲਿਆਂ ਨੂੰ ਦੇਖ ਕੇ ਉਹ ਡਾਕਟਰ ਯਾਦ ਆ ਜਾਂਦਾ ਹੈ, ਜੋ ਆਪਣੀ ਪ੍ਰੇਮਕਾ ਨੂੰ ਮੁਫਤ ਪੋਸਟ ਮਾਰਟਮ ਦਾ ਤੋਹਫਾ ਦੇ ਕੇ ਖੁਸ਼ ਕਰਨ ਦਾ ਯਤਨ ਕਰਦਾ ਹੈ।
ਬੱਲੇ ਉਏ ਤਾਰੀਖਦਾਨੋ .....ਨਹੀਂ ਸੱਚ ਤਾਰੀਖ-ਭਿਖਾਰੀਓ !!