Share on Facebook

Main News Page

ਦਸਮ ਗ੍ਰੰਥ ਦਾ ਲਿਖਾਰੀ ਏਨਾ ਭੁਲੱਕੜ ਕਿ...
- ਪ੍ਰੇਮ ਸਿੰਘ ਕਲਸੀ

ਕਈ ਭੁੱਲੜ ਸਿੱਖ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਕਹਿ ਕੇ ਗੁਰੂ ਜੀ ਦੀ ਘੋਰ ਬੇਅਦਬੀ ਕਰਦੇ ਹਨ। ਦਸਮ ਗ੍ਰੰਥ ਵਿਚ ਏਨੀਆਂ ਗ਼ਲਤੀਆਂ ਹਨ ਜਿਨ੍ਹਾਂ ਨੂੰ ਕੋਈ ਮਾਮੂਲੀ ਜਿਹੀ ਬੁੱਧੀ ਰਖਣ ਵਾਲਾ ਲਿਖਾਰੀ ਵੀ ਨਹੀਂ ਕਰ ਸਕਦਾ। ਕਿਸੇ ਖਾਸ ਗਿਣੀ ਮਿੱਥੀ ਸਾਜਸ਼ ਅਧੀਨ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜ ਕੇ ਜ਼ਬਰਦਸਤੀ ਸਿੱਖ ਕੌਮ ਦੇ ਗਲ਼ ਮੜ੍ਹਿਆ ਜਾ ਰਿਹਾ ਹੈ।

ਮੈਂ ਭਾਵੇਂ ਕੋਈ ਲਿਖਾਰੀ ਤਾਂ ਨਹੀਂ ਹਾਂ, ਪਰ ਜਦ ਮੈਂ ਦਸਮ ਗ੍ਰੰਥ ਪੜ੍ਹਿਆ ਤਾਂ ਪਤਾ ਲੱਗਾ ਕਿ ਇਹ ਤਾਂ ਬ੍ਰਾਹਮਣ, ਜਿਸ ਨੂੰ ਗੁਰੂ ਸਾਹਿਬ ਬਿਪਰ ਕਹਿੰਦੇ ਹਨ, ਦੇ ਪੌਰਾਣਿਕ ਗ੍ਰੰਥਾਂ ਦਾ ਉਲੱਥਾ ਹੀ ਹੈ। ਦਸਮ ਗ੍ਰੰਥ ਦਾ ਪਹਿਲਾ ਨਾਂ ਬਚਿੱਤ੍ਰ ਨਾਟਕ ਸੀ। ਇਸ ਗ੍ਰੰਥ ਦੇ ਹਰ ਅਧਿਆਏ ਜਾਂ ਹਰ ਲੇਖ ਦੇ ਅਖੀਰ ਤੇ ਲਿਖਿਆ ਹੋਇਆ ਹੈ, "ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ..(ਅਧਿਆਏ ਦਾ ਨਾਂ).. ਸੰਪੂਰਨ ਸੁਭਮਸਤ"। ਸਾਰੇ ਗ੍ਰੰਥ ਵਿਚ ਕਿਤੇ ਵੀ ਦਸਮ ਗ੍ਰੰਥ ਲਿਖਿਆ ਨਹੀਂ ਮਿਲਦਾ। ਹਿੰਦੂਤਵਾ ਦੀਆਂ ਕੂਟ ਨੀਤੀਆਂ ਸਦਕਾ ਇਸ ਦਾ ਨਾਂ ਦਸਮ ਗ੍ਰੰਥ ਤੇ ਇਸ ਦਾ ਹੁਣ ਦਾ ਅਖੀਰਲਾ ਨਾਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ ਹੈ। ਇਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੀ ਪ੍ਰੇਰਨਾ ਕਰਨ ਵਾਲੇ ਮਾਰਕੰਡੇ ਪੁਰਾਣ, ਸ਼ਿਵ ਪੁਰਾਣ, ਸ੍ਰੀ ਮਦ ਭਗਵਤ ਪੁਰਾਣ ਅਤੇ ਕੁਝ ਹੋਰ ਪੌਰਾਣਿਕ ਗ੍ਰੰਥਾਂ ਦਾ ਮਿਲਗੋਭਾ ਹੈ।

ਜਿਵੇਂ ਉਪਰ ਦਸਿਆ ਗਿਆ ਹੈ ਕਿ ਦਸਮ ਗ੍ਰੰਥ ਦਾ ਪਹਿਲਾ ਨਾਂ ਬਚਿਤ੍ਰ ਨਾਟਕ ਸੀ, ਉਸ ਤੋਂ ਬਾਅਦ ਹੁਣ ਤਕ ਹੇਠ ਲਿਖੇ 7 (ਸੱਤ) ਨਾਂ ਬਦਲ ਚੁੱਕੇ ਹਨ;

  1. ਬਚਿੱਤ੍ਰ ਨਾਟਕ ਗ੍ਰੰਥ

  2. ਸਮੁੰਦ ਸਾਗਰ ਗ੍ਰੰਥ

  3. ਵਿਦਿਆ ਸਾਗਰ ਗ੍ਰੰਥ

  4. ਦਸਮ ਗ੍ਰੰਥ

  5. ਦਸਮ ਪਾਤਸ਼ਾਹ ਕਾ ਗ੍ਰੰਥ

  6. ਸ੍ਰੀ ਦਸਮ ਗ੍ਰੰਥ

  7. ਦਸਮ "ਸ੍ਰੀ ਗੁਰੂ ਗ੍ਰੰਥ ਸਾਹਿਬ"

"ਦਸਮ" ਛੋਟਾ ਜਿਹਾ ਬੇਲ ਬੂਟਿਆਂ ਵਿਚ ਲੁਕਾ ਕੇ ਰਖਿਆ ਗਿਆ ਹੈ ਤੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਭੁਲੇਖਾ ਪਾਊ "ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ" ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੈ।ਬਚਿੱਤ੍ਰ ਨਾਟਕ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਗਾਥਾ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਵੀ ਇਸੇ ਦਾ ਇਕ ਛੋਟਾ ਜਿਹਾ ਹਿੱਸਾ ਹੈ ।ਇਸ ਪੁਸਤਕ ਦਾ ਸਭ ਨਾਲੋਂ ਵੱਡਾ ਹਿੱਸਾ ਚਰਿਤ੍ਰੋ ਪਖਿਆਨ ਹੈ, ਜਿਸ ਦੇ 580 ਪੰਨੇ ਹਨ। ਸਾਰੇ ਗ੍ਰੰਥ ਦਾ ਤਕਰੀਬਨ ਤੀਜਾ ਹਿੱਸਾ ਥਾਂ ਚਰਿਤ੍ਰੋ ਪਖਿਆਨ ਰੋਕੀ ਬੈਠਾ ਹੈ।

ਚਰਿਤ੍ਰੋ ਪਖਿਆਨ ਦੀਆਂ 404 ਅਸ਼ਲੀਲ ਕਹਾਣੀਆਂ ਹਨ, ਜਿਸ ਵਿਚ ਨਸ਼ੇ (ਡਰੱਗ) ਅਤੇ ਕਾਮ (ਸੈਕਸ) ਦੀਆਂ ਗੰਦੀਆਂ ਕਹਾਣੀਆਂ ਹਨ ਜੋ ਪੜ੍ਹਨ ਲਗਿਆਂ ਵੀ ਘ੍ਰਿਣਾ ਆਉਂਦੀ ਹੈ।

  1. ਇਸ ਗ੍ਰੰਥ ਦੀ 19ਵੀਂ ਕਹਾਣੀ ਵਿਚ ਮਾਂ ਨੇ ਪੁੱਤ ਬਣਾ ਕੇ ਸੰਭੋਗ ਕੀਤਾ।

  2. ਕਹਾਣੀ ਨੰਬਰ 21, 22 ਤੇ 23 ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੂਪ ਕੁੰਵਰ ਨਾਂ ਦੀ ਇਕ ਵੇਸਵਾ ਦਾ ਮਗਨ ਨਾਂ ਦਾ ਨੌਕਰ ਮੰਤ੍ਰ ਸਿਖਾਉਣ ਦਾ ਝਾਂਸਾ ਦੇ ਕੇ ਉਸ ਵੇਸਵਾ ਕੋਲ ਲੈ ਜਾਂਦਾ ਹੈ। ਅਗੋਂ ਜੋ ਕੁਝ ਇਸ ਕਹਾਣੀ ਵਿਚ ਲਿਖਿਆ ਹੈ ਉਹ ਏਨਾ ਗ਼ਲਤ ਤੇ ਘਿਰਣਾ ਯੋਗ ਹੈ ਕਿ ਇਥੇ ਬਿਆਨ ਕਰਨ ਦਾ ਹੀਆ ਦਾਸ ਨਹੀਂ ਕਰ ਸਕਦਾ।

  3. ਕਹਾਣੀ ਨੰਬਰ 40 ਵਿਚ ਅਨੰਦਪੁਰ ਸਾਹਿਬ ਦੀ ਇਕ ਹੋਰ ਗੰਦੀ ਕਹਾਣੀ ਗੁਰਸਿੱਖਾਂ ਦਾ ਅਪਮਾਨ ਕਰਨ ਵਾਲੀ ਹੈ।

  4. ਕਹਾਣੀ ਨੰਬਰ 60 ਧਰਮ ਦੀ ਭੈਣ ਬਣਾ ਕੇ ਇਸ਼ਕ ਕਰਨਾ ਸਿਖਾਉਣ ਵਾਲੀ ਹੈ।

  5. ਕਹਾਣੀ ਨੰਬਰ 71 ਵਿਚ ਦੋਖੀਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਹੋਇਆ ਹੈ। ਰਾਧਾ ਤੇ ਕ੍ਰਿਸ਼ਨ ਦੇ ਪ੍ਰਸੰਗ ਨੂੰ ਅਤਿ ਦੀ ਅਸ਼ਲੀਲ ਕਹਾਣੀ ਬਣਾ ਕੇ ਚਰਿਤ੍ਰ ਨੰ: 80 ਵਿਚ ਵਜੋਂ ਪੇਸ਼ ਕੀਤਾ ਗਿਆ ਹੈ ।

  6. ਕਹਾਣੀ ਨੰਬਰ 183 ਵਿਚ ਸ਼ਰਾਬ ਪੀ ਕੇ ਆਪਣੀ ਹੀ ਧੀ ਨਾਲ ਮੂੰਹ ਕਾਲ਼ਾ ਕਰਨ ਵਾਲਾ ਕਾਰਾ ਬਿਆਨਿਆ ਗਿਆ ਹੈ।

  7. ਕਹਾਣੀ ਨੰਬਰ 138 ਵਿਚ, ਮਿਤ੍ਰ ਨੂੰ ਭੈਣ ਬਣਾ ਕੇ ਭੋਗ ਕਰਨ ਦੀ ਕਹਾਣੀ ਹੈ।

  8. ਕਹਾਣੀ ਨੰਬਰ 142 ਬਾਪ ਨੂੰ ਮਾਰ ਕੇ ਯਾਰ ਦੇ ਘਰ ਵੱਸਣ ਦੀ ਸਿੱਖਿਆ ਦਿੰਦੀ ਹੈ।

  9. ਚਰਿਤ੍ਰੋ ਪਖਿਆਨ ਦੀ ਕਹਾਣੀ ਨੰਬਰ 212 ਸਕੀ ਭੈਣ ਨਾਲ ਸੰਭੋਗ ਕਰਨ ਦੀ ਸਿੱਖਿਆ ਦਿੰਦੀ ਹੈ।

  10. ਕਹਾਣੀ ਨੰਬਰ 245 ਵਿਚ ਦੱਸਿਆ ਗਿਆ ਹੈ ਕਿ ਭਾਰੀ ਨਸ਼ੇ ਕਰ ਕੇ ਔਰਤਾਂ ਭੋਗੋ, ਜੇ ਨਸ਼ੇ ਨਹੀਂ ਕਰੋਗੇ ਤਾਂ ਕੁੱਤੇ ਦੀ ਮੌਤ ਮਰੋਗੇ।

  11. ਕਹਾਣੀ ਨੰਬਰ 276 ਵਿਚ ਗੁਪਤ ਥਾਂ ‘ਤੋਂ ਵਾਲ਼ ਸਾਫ਼ ਕਰਨ ਅਤੇ ਭੰਗ ਪੀਣ ਦੀ ਸਿੱਖਿਆ ਹੈ।

  12. ਕਹਾਣੀ ਨੰਬਰ 357 ਵਿਚ ਭੰਗ, ਅਫ਼ੀਮ ਤੇ ਪੋਸਤ ਖਾ ਕੇ ਔਰਤਾਂ ਨਾਲ਼ ਕਾਮ-ਕ੍ਰੀੜਾ ਰਚਾਉਣ ਦੀ ਸਿੱਖਿਆ ਹੈ। ਚਰਿਤ੍ਰੋ ਪਖਿਆਨ ਦੀਆਂ ਅਸ਼ਲ਼ੀਲ ਕਹਾਣੀਆਂ ਦਾ ਵੇਰਵਾ ਬਹੁਤ ਲੰਮਾ ਹੈ ਜੋ ਇਸ ਲੇਖ ਦਾ ਵਿਸ਼ਾ ਨਹੀਂ ਹੈ। ਇਹ ਆਪਣੇ ਆਪ ਵਿਚ ਇਕ ਪੂਰਾ ਵਿਸ਼ਾ ਹੈ, ਜੋ ਕਿਸੇ ਹੋਰ ਸਮੇਂ ਆਪ ਜੀ ਦੀ ਸੇਵਾ ਵਿਚ ਪੇਸ਼ ਕੀਤਾ ਜਾਏਗਾ।

    ਦੋਖੀਆਂ ਵਲੋਂ ਦਸਮ ਗ੍ਰੰਥ ਨੂੰ ਇਲਾਹੀ ਬਾਣੀ ਦੀ ਬਰਾਬਰਤਾ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਕਿਸੇ ਦੀ ਜ਼ੁਰਅਤ ਨਹੀਂ ਕਿ ਕੋਈ ਗ਼ਲਤੀ ਕੱਢ ਸਕੇ ਜਾਂ ਕੋਈ ਲਗ ਮਾਤਰ ਹੀ ਬਦਲ ਸਕੇ। ਪਰ ਦਸਮ ਗ੍ਰੰਥ ਵਿਚ ਥਾਂ ਥਾਂ ਤੇ ਲਿਖਾਰੀ ਨੇ ਲਿਖਿਆ ਹੋਇਆ ਹੈ ਕਿ ਜੇ ਕੋਈ ਗ਼ਲਤੀ ਹੋਵੇ ਤਾਂ ਪਾਠਕ ਜਨ ਆਪ ਹੀ ਸੁਧਾਰ ਕਰ ਲੈਣ। "ਭੂਲ ਪਰੀ ਲਹੁ ਲੇਹੁ ਸੁਧਾਰਾ" ਵਰਗੀਆਂ ਹਿਦਾਇਤਾਂ ਬਹੁਤ ਥਾਈਂ ਲਿਖੀਆਂ ਮਿਲਦੀਆਂ ਹਨ।

    ਹੁਣ ਆਪਾਂ ਅਸਲੀ ਮੁੱਦੇ ਵਲ ਆਈਏ ਕਿ ਦਸਮ ਗ੍ਰੰਥ ਦੇ ਲਿਖਾਰੀ ਨੇ ਕਿਵੇਂ ਕਿਵੇਂ ਗ਼ਲਤੀਆਂ ਕੀਤੀਆਂ ਹਨ।ਇਸ ਤੋਂ ਪਹਿਲਾਂ ਸਾਨੂੰ ਇਹ ਚੰਗੀ ਤਰ੍ਹਾਂ ਮਨ ਵਿਚ ਬਿਠਾ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਕੋ ਜੋਤਿ ਹੈ ਤੇ ਉਹੀ ਜੋਤਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਰਾਜਮਾਨ ਹੈ।"ਏਕਾ ਬਾਣੀ ਇਕ ਗੁਰ ਏਕੋ ਸ਼ਬਦ ਵਿਚਾਰ"। ਦਸਾਂ ਹੀ ਗੁਰੂ ਸਾਹਿਬਾਂ ਵਿਚ ਇਕ ਹੀ ਜੋਤਿ ਹੈ ਤੇ ਅਕਾਲ ਪੁਰਖ ਦੇ ਮਿਲਾਪ ਦੀ ਜੁਗਤੀ ਵੀ ਇਕੋ ਹੀ ਹੈ।

-2-

ਗੁਰੂ ਬਾਣੀ ਦਾ ਫੁਰਮਾਨ ਹੈ ਕਿ ਕਰਤਾਰ ਦੀ ਥਾਂ ਉਸ ਦੇ ਕੀਤੇ ਹੋਏ ਕਿਸੇ ਮਨੁੱਖ, ਕਿਸੇ ਦੇਵੀ ਦੇਵਤੇ ਜਾਂ ਬਾਕੀ ਜੀਵਾਂ ਸਮੇਤ ਕਿਸੇ ਪ੍ਰਕਾਰ ਦੇ ਪਦਾਰਥ ਦੀ ਪੂਜਾ ਨਹੀਂ ਕਰਨੀ।ਕੁਝ ਕੁ ਹੇਠ ਲਿਖੀਆਂ ਤੁਕਾਂ ਨੂੰ ਮਨ ਬਿਰਤੀ ਵਿਚ ਧਾਰਨ ਕਰ ਲੈਣਾ ਚਾਹੀਦਾ ਹੈ:

  1. ਕੀਤਾ ਕਿਆ ਸਾਲਾਹੀਐ, ਕਰਿ ਵੇਖੈ ਸੋਈ॥ ਜਿਨਿ ਕੀਆ ਸੋ ਮਨਿ ਵਸੈ ਮੈ ਅਵਰ ਨ ਕੋਈ॥ ਸੋ ਸਾਚਾ ਸਾਲਾਹੀਐ ਸਾਚੀ ਪਤਿ ਸੋਈ॥ (ਪੰਨਾ 1012)
  2. ਕੀਤਾ ਕਿਆ ਸਾਲਾਹੀਐ, ਕਰੇ ਸੋਇ ਸਾਲਾਹਿ॥ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ॥ (ਪੰਨਾ 1239)
  3. ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ॥ ਨਿਹਚਲੁ ਸਚਾ ਏਕ ਹੈ ਗੁਰਮੁਖਿ ਬੂਝੈ ਸੁ ਨਿਹਚਲ ਹੋਈ॥(ਪੰਨਾ 1088)
  4. ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ॥ਲੋਕਾਂ ਨ ਸਾਲਾਹਿ ਜੋ ਮਰਿ ਖਾਕੁ ਥੀਈ॥1॥ ਵਾਹੁ ਮੇਰੇ ਸਾਹਿਬਾ ਵਾਹੁ॥ ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ॥1॥ਰਹਾਉ॥(ਪੰਨਾ 755)
  5. ਮੀਤ ਹਮਾਰਾ ਸੋਈ ਸੁਆਮੀ॥ ਥਾਨ ਥਨੰਤਇ ਅੰਤਰਜਾਮੀ॥ ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ॥ (ਪੰਨਾ 1071/72)
  6. ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ
  7. ਨਾਨਕ, ਪਿਤਾ ਮਾਤਾ ਹੈ ਪ੍ਰਭ, ਹਮ ਬਾਰਿਕ ਹਰਿ ਪ੍ਰਤਿਪਾਰੇ॥ (ਪੰਨਾ 882)

ਦਸਮ ਗ੍ਰੰਥ ਦੇ ਲਿਖਾਰੀ ਦਾ ਕਰਤਾ ਅਕਾਲ ਪੁਰਖ ਨਹੀਂ ਹੈ, ਸਗੋਂ ਮਹਾਂਕਾਲ ਹੈ। ਦੇਖੋ ਹੇਠ ਲਿਖੇ ਕੁਝ ਕੁ ਵੇਰਵੇ:-

  1. "ਸਰਬ ਕਾਲ ਹੈ ਪਿਤਾ ਹਮਾਰਾ, ਦੇਵੀ ਕਾਲਕਾ ਹੈ ਮਾਤ ਹਮਾਰਾ"॥ ਤਥਾ

  2. "ਹਮਰਾ ਮਾਤ ਪਿਤਾ ਇਹ ਦੋਊ, ਪੁਰਖ ਅਕਾਲ ਚੰਡਕਾ ਜੋਊ"॥ ਅਤੇ

  3. "ਧੰਨ ਚੰਡਕਾ ਮਾਤ ਹਮੈ ਬਰ ਇਹ ਦਯੋ॥ ਧੰਨਿ ਦਯੋਸ (ਦਿੰਨ) ਹੈ ਆਜ ਕਾਨ ਹਮ ਮਿਤ ਭਯੋ"॥

  4. "ਇਨ ਕੀ ਹਮਹੁ ਉਪਾਸਨਾ ਭਾਵੇ, ਅਪਰਨਿ ਤੇ ਕਯਾ ਕਰ ਮਹਿਂ ਪਾਵੈਂ॥ ਕਰਾਮਾਤ ਤੇ ਜਗ ਬਿਦਤਾਵੋਂ, ਇਕ ਦਿਨ ਕਾਨ ਤੁਰਕਨ ਬਿਨਸਾਵੋਂ"॥ (547/37)

  5. "ਦੁਰਗਾ ਅਬ ਇਹ ਕਿਰਪਾ ਹਮ ਪਰ ਕੀਜੀਐ॥ ਹਮ ਕਾਨ੍ਹਨ ਕੋ ਬਹੁ ਦਿਵਸੁ ਦੇਖਨ ਦੀਜੀਐ"॥

  6. "ਇਕ ਦਿਨ ਕਾਲ ਭੋਜਨ ਕਰੰਤਿ, ਹੁਇ ਸੁਚ ਸ਼ਰੀਰ ਦੁਰਗਾ ਜਪੰਤਿ। ਇਸ ਰੀਤਿ ਜਤਨ ਬਹੁ ਕਰਤਿ ਗੰਗ, ਦ੍ਰਿਗ ਮੁਂਦੇ ਅਰੁ ਸੋਜ ਅੰਗ"॥ (39)

  7. "ਸਰਬਕਾਲ ਜੀ ਦੀ ਰਛਿਆ ਹਮਨੈ॥ ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ"॥ (ਪੰਨਾ 11)

  8. "ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਫੇਰ ਨਾ ਜੂਨੀ ਆਇਆ ਜਿਨਿ ਇਹ ਗਾਇਆ"॥55॥ (ਵਾਰ ਦੁਰਗਾ)

  9. "ਦੋਹਰਾ - ਮਹਾ ਕਾਲ ਕੀ ਸਰਨ ਜੋ ਪਰੇ ਸੁ ਲਏ ਬਚਾਇ, ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ"।

  10. "ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ, ਤਿਨ ਪਰ ਆਨੇ ਹਾਥ ਦੈ ਅਸਿਧੁਜ ਲੇਤ ਬਚਾਇ"।

ਇਹ ਦਸਮ ਗ੍ਰੰਥ ਦਾ ਇਸ਼ਟ ਕਾਲ/ ਮਹਾਂਕਾਲ ਤੇ ਦੁਰਗਾ/ ਚੰਡੀ (ਦੇਵੀ ਦੇ 700 ਨਾਵਾਂ ਵਾਲੀ) ਹੈ। ਗੁਰੂ ਸਾਹਿਬਾਂ ਨੇ ਸਿੱਖਾਂ ‘ਤੇ ਅਤਿ ਦਾ ਪਰਉਪਕਾਰ ਕਰ ਕੇ ਸਾਨੂੰ ਬ੍ਰਾਹਮਣੀ ਕਰਮ ਕਾਂਡਾਂ ਅਤੇ ਦੇਵੀ-ਵਾਦ ਵਿਚੋਂ ਕੱਢ ਕੇ ਇਕ ਅਕਾਲ ਪੁਰਖ ਨਾਲ ਜੋੜਿਆ।ਪਰ ਮੁੜ ਦੇਵੀਆਂ ਤੇ ਦੇਵਤਿਆਂ ਦੇ ਚੁੰਗਲ ਵਿਚ ਫ਼ਸਣ ਦਾ ਮਤਲਬ ਬਦਕਿਸਮਤੀ ਹੀ ਹੋਵੇਗੀ ਤੇ ਗੁਰੂ ਸਾਹਿਬਾਨ ਦੀਆਂ ਬੇਹੱਦ ਕੁਰਬਾਨੀਆਂ ਨੂੰ ਪਿੱਠ ਦੇਣੀ ਹੋਵੇਗੀ।ਅਖੌਤੀ ਦਸਮ ਗ੍ਰੰਥ ਦੇ ਕਵੀਆਂ ਦੀਆਂ ਅਸ਼ਲੀਲ਼ ਰਚਨਾਵਾਂ ਨੂੰ ਪੜ੍ਹਨ ਨਾਲ ਬੁੱਧੀ ਭਰਿਸ਼ਟ ਹੋਵੇਗੀ। ਕਿਉਂਕਿ ਅਧੂਰੇ ਪੁਰਸ਼ ਪੂਰੇ ਨਾਲ ਨਹੀਂ ਜੋੜ ਸਕਦੇ।ਜਿਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਵਿਚ ਤਾਂ ਅਨੇਕਾਂ ਗ਼ਲਤੀਆਂ ਹਨ। ਲਿਖਾਰੀ ਆਪ ਮੰਨਦਾ ਹੈ:-

ਪੰਨਾ 254 'ਤੇ ਦਸਮ ਗ੍ਰੰਥ ਦਾ ਲਿਖਾਰੀ ਲਿਖਦਾ ਹੈ, "ਤਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ। ਭੂਲ ਪਰੀ ਲਹੁ ਲੇਹੁ ਸੁਧਾਰਾ"॥
ਪੰਨਾ 310 'ਤੇ ਲਿਖਿਆ ਹੈ, "ਕ੍ਰਿਸਨ ਜਥਾ ਮਾ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ॥(ਗ਼ਲਤੀ ਹੋਵੇ ਤਾਂ ਕਵਿਤਾ ਨੂੰ ਸੋਧ ਲਿਓ)
ਪੰਨਾ 354 'ਤੇ ਲਿਖਿਆ ਹੈ, "ਸਤ੍ਰਹ ਸੋ ਪੈਤਾਲ ਮਹਿ, ਕੀਨੀ ਕਥਾ ਸੁਧਾਰ॥ਚੂਕ ਹੋਇ ਜਹ ਤਹ, ਕਬਿ ਲੀਜਹੁ ਸੁਧਾਰ॥
ਪੰਨਾ 386 'ਤੇ ਲਿਖਿਆ ਮਿਲਦਾ ਹੈ, "ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ।ਭੂਲ ਹੋਇ ਜਹਾਂ ਤਹਾਂ ਸੁ ਕਬਿ ਪੜ੍ਹੀਅਹੁ ਸਭੈ ਸੁਧਾਰ॥
ਪੰਨਾ 570 'ਤੇ ਲਿਖਿਆ ਹੈ, "ਤਾਂ ਤੇ ਥੋਰੀ ਕਥਾ ਉਚਾਰੀ। ਭੂਲ ਦੇਖ ਕਬਿ ਲੇਹੁ ਭਨਾਈ॥
ਪੰਨਾ 1273 'ਤੇ ਕਵੀ ਸਿਆਮ ਲਿਖਦਾ ਹੈ, "ਤਾਂ ਤੇ ਥੋਰੀ ਕਥਾ ਉਚਾਰੀ। ਚੂਕ ਹੋਇ ਕਬਿ ਲੇਹੁ ਸੁਧਾਰੀ॥
ਪੰਨਾ 571 'ਤੇ ਲਿਖਾਰੀ ਮੰਨਦਾ ਹੈ ਕਿ ਉਸ ਦੀ ਮਤ ਹਰ ਸਮੇ ਟਿਕਾਣੇ ਹੋਵੇ, ਜ਼ਰੂਰੀ ਨਹੀਂ ਤੇ ਲਿਖਦਾ ਹੈ:-
"ਅਬ ਮੈ ਮਹਾ ਸ਼ੁਧ ਮਤਿ ਕਰਿ ਕੈ। ਕਹੌਂ ਕਥਾ ਚਿਤ ਲਾਇ ਬਿਚਾਰ ਕੈ"॥
ਤ੍ਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥ ਭੂਲ ਪਰੀ ਲਹੁ ਲੇਹੁ ਸੁਧਾਰਾ॥
ਇਹੋ ਜਿਹੇ ਅਨੇਕਾਂ ਹੋਰ ਸੰਕੇਤ ਮਿਲਦੇ ਹਨ।

ਦੁਨੀਆਂ ਦਾ ਮੂਰਖ ਤੋਂ ਮੂਰਖ ਬੰਦਾ ਵੀ ਕਦੇ ਨਹੀਂ ਮੰਨੇਗਾ ਕਿ ਭੁਲਣਹਾਰ ਦੀ ਕ੍ਰਿਤ ਅਭੁੱਲ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਦੀ ਧੁਰ ਕੀ ਬਾਣੀ ਵਿਚ ਬ੍ਰਿਹਮੰਡ ਦੀ ਰਚਨਾ ਬਾਰੇ ਲਿਖਦੇ ਹਨ,"ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ"॥(ਪੰਨਾ 19)। ਪਰ ਬਚਿੱਤ੍ਰ ਨਾਟਕ, ਜਿਸ ਨੂੰ ਅਣਜਾਣ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਕਹਿੰਦੇ ਹਨ, ਵਿਚ ਸ੍ਰਿਸ਼ਟੀ ਦੀ ਹੋਂਦ ਵਾਰੇ ਲਿਖ਼ਾਰੀ ਲਿਖਦਾ ਹੈ ਕਿ "ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਕ ਤਨ ਧਾਰਾ॥ ਦੁਤੀਆ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ"॥(ਭਾਵ ਮਹਾਕਾਲ ਨੇ ਇਕ ਕੰਨ ਵਿਚੋਂ ਮੈਲ਼ ਕੱਢੀ ਤਾਂ ਮਧੂ ਕੀਟਕ ਨੇ ਸਰੀਰ ਧਾਰਿਆ ਤੇ ਦੂਜੇ ਕੰਨ ਵਿਚੋਂ ਮੈਲ ਕੱਢੀ ਤਾਂ ਇਹ ਸਾਰੀ ਸ੍ਰਿਸ਼ਟੀ ਬਣ ਗਈ।ਕੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਨਾਨਕ ਜੀ ਨਾਲੋਂ ਬਹੁਤਾ ਸਿਆਣਾ ਹੋ ਗਿਆ? ਕੀ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਸਕਦੀ ਹੈ? ਕੰਨਾਂ ਵਿਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਹੋਈ ਦੱਸਣੀ ਸੱਚ ਹੈ ਕਿ ਜਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਇਲਾਹੀ ਸੱਚ ਹੈ? ਸੂਝਵਾਨ ਪਾਠਕ ਆਪ ਨਿਰਣਾ ਕਰ ਸਕਦੇ ਹਨ।

ਸਾਰੇ ਜਾਗਰੂਕ ਸਿੱਖ ਜਾਣਦੇ ਹਨ ਕਿ ਰਾਮਾ ਨੰਦ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਸ਼ੋਭਤ ਹੈ, ਦਾ ਜਨਮ ਸੰਮਤ 1423 ਵਿਚ ਪ੍ਰਯਾਗ ਵਿਖੇ ਅਤੇ ਦੇਹਾਂਤ ਸੰਮਤ 1524 ਨੂੰ ਬਨਾਰਸ ਵਿਖੇ ਹੋਇਆ। ਇਸਲਾਮੀ ਮੱਤ ਦੇ ਮੋਢੀ ਹਜ਼ਰਤ ਮੁਹੰਮਦ ਦਾ ਜਨਮ 20 ਅਪ੍ਰੈਲ ਸੰਨ 571, ਪਿਤਾ ਅਬਦੁੱਲਾ ਤੇ ਮਾਤਾ ਆਮਿਨਾ ਦੇ ਘਰ ਮੱਕੇ ਵਿਚ ਹੋਇਆ ਸੀ ਪਰ ਦਸਮ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਰਾਮਾਨੰਦ ਜੀ ਦਾ ਜਨਮ ਪਹਿਲਾਂ ਤੇ ਮੁਹੰਮਦ ਸਾਹਿਬ ਦਾ ਪਿਛੋਂ ਹੋਇਆ ਸੀ, ਜਦ ਕਿ ਰਾਮਾ ਨੰਦ ਜੀ ਮੁਹੰਮਦ ਸਾਹਿਬ ਤੋਂ ਤਕਰੀਬਨ 794/95 ਸਾਲ ਬਾਦ ਹੋਏ ਹਨ।

ਚਰਿਤ੍ਰੋ ਪਖਿਆਨ ਦੇ ਨੰਬਰ 404 ਚਰਿਤ੍ਰ ਦੇ ਬੰਦ ਨੰਬਰ ਇਕ ਤੋਂ ਲੈ ਕੇ 405 ਤਕ ਮਹਾਂਕਾਲ ਤੇ ਦੁਰਗਾ/ਕਾਲਕਾ ਇਕ ਪਾਸੇ ਤੇ ਰਾਖਸ਼ਸ਼ ਦੂਜੇ ਪਾਸੇ, ਇਨ੍ਹਾਂ ਦੀ ਭਿਆਨਕ ਲੜਾਈ ਦਾ ਵਖਿਆਨ ਹੈ। ਭਾਵ ਸਤਿਯੁਗ ਦਾ ਮਿਥਿਹਾਸ ਹੈ। ਇਸ ਰਚਨਾ ਦੇ ਬੰਦ ਨੰਬਰ 198 ਵਿਚ ਲਿਖਿਆ ਮਿਲਦਾ ਹੈ:

"ਕਵਾਲਾ ਤਜੀ ਕਰਿ ਨਿਸਾਚਰ।ਤਿਨ ਤੇ ਭਏ ਪਠਾਨ ਧਨੁਖ ਧਾਰ। ਪੁਨਿ ਮੁਖ ਤੇ ਉਲਕਾ ਜੇ ਕਾਦੇ। ਤਾ ਤੇ ਮੁਗਲ ਉਪਜਿ ਭੇ ਠਾਢੇ। (198)

ਭਾਵ:- ਦੈਂਤਾਂ ਨੇ ਕ੍ਰੋਧਿਤ ਹੋ ਕੇ (ਮੂੰਹਾਂ ਵਿਚੋਂ) ਅਗਨੀ ਉਗਲੀ ਉਸ ਤੋਂ ਧਨੁੱਖਧਾਰੀ ਪਠਾਣ ਪੈਦਾ ਹੋ ਗਏ। (ਉਨ੍ਹਾਂ ਨੇ) ਫਿਰ ਮੂੰਹ ਤੋਂ ਅੱਗ (ਅੰਗਾਰੇ) ਕੱਢੀ, ਉਸ ਤੋਂ ਮੁਗ਼ਲ ਪੈਦਾ ਹੋ ਕੇ ਡਟ ਗਏ।(ਮੁਗ਼ਲ, ਮੰਗੋਲੀਆ ਤੋਂ ਨਹੀਂ ਆਏ ਸਗੋਂ ਰਾਖਸ਼ਾਂ ਦੇ ਮੂੰਹਾਂ ਵਿਚੋਂ ਨਿਕਲੇ)

ਪੁਨਿ ਰਿਸਿ ਤਨ ਤਿਨ ਸਵਾਸ ਨਿਕਾਰੇ।ਸੈਯਦ ਸੇਖ ਭਏ ਰਿਸ ਵਾਰੇ। ਧਾਏ ਸਸਤ੍ਰ ਅਸਤ੍ਰ ਕਰ ਲੈ ਕੈ। ਤਮਕਿ ਤੇਜ ਰਨ ਤੁਰੀ ਨਚੈ ਕੈ। (199)

ਭਾਵ:- ਉਨ੍ਹਾਂ ਨੇ ਫਿਰ ਰੋਹ ਵਿਚ ਆ ਕੇ ਸੁਆਸ ਕੱਢੇ, ਉਨ੍ਹਾਂ ਤੋਂ ਕ੍ਰੋਧੀ ਸੱਯਦ ਅਤੇ ਸ਼ੇਖ ਪੈਦਾ ਹੋ ਗਏ। ਉਹ ਅਸਤ੍ਰ ਅਤੇ ਸ਼ਸਤ੍ਰ ਹੱਥਾਂ ਵਿਚ ਲੈ ਕੇ ਅਤੇ ਘੋੜਿਆਂ ਨੂੰ ਉਕਸਾ ਕੇ ਨਚਾਉਂਦੇ ਹੋਏ ਰਣ-ਭੂਮੀ ਵਿਚ ਧਾਅ ਕੇ ਪੈ ਗਏ।

ਖਾਨ ਪਠਾਨ ਢੁਕੇ ਰਿਸਿ ਕੈ ਕੈ।ਕੋਪਿ ਕ੍ਰਿਪਾਨ ਨਗਨ ਕਰ ਲੈ ਕੈ। ਮਹਾਂ ਕਾਲ ਕੌ ਕਰਤ ਪ੍ਰਹਾਰਾ।ਏਕ ਨ ਉਪਰਤ ਰੋਮ ਉਪਾਰਾ। (200)
ਖਾਨ ਅਤੇ ਪਠਾਨ ਕ੍ਰੋਧਵਾਨ ਹੋ ਕੇ ਅਤੇ ਹੱਥ ਵਿਚ ਤਲਵਾਰਾਂ ਲੈ ਕੇ ਆਣ ਢੁੱਕੇ। ਉਹ ਮਹਾ ਕਾਲ ਉਤੇ ਵਾਰ ਕਰਦੇ ਸਨ, ਪਰ ਉਸ ਦਾ ਇਕ ਵਾਲ ਵੀ ਉਖਾੜ ਨਹੀਂ ਸਕਦੇ ਸਨ।

ਅਮਿਤ ਖਾਨ ਕਰਿ ਕੋਪ ਸਿਧਾਰੇ। ਮਦ ਕਰਿ ਭਏ ਸਕਲ ਮਤਵਾਰੇ। ਉਮਡੇ ਅਮਿਤ ਮਲੇਛਨ ਕੇ ਗਨ। ਤਿਨ ਕੇ ਨਾਮ ਕਹਾ ਤੁਮ ਸੌ ਭਨਿ। (201)
ਨਾਹਰ ਖਾਨ ਝੜਾਝੜ ਖਾਨਾ। ਖਾਨ ਨਿਹੰਗ ਭੜੰਗ ਜੁਆਨਾ। ਔਰ ਝੜੰਗ ਖਾਨ ਰਨ ਧਾਯੋ। ਅਮਿਤ ਸਸਤ੍ਰ ਕਰ ਲਏ ਸਿਧਾਯੋ। (202)
ਬੈਰਮ ਖਾਨ ਬਹਾਦੁਰ ਖਾਨਾ। ਬਲਵੰਡ ਖਾਨ ਬਡੋ ਸੁਰ ਗਯਾਨਾ। ਰੁਸਤਮ ਖਾਨ ਕੋਪ ਕਰਿ ਚਲੋ। ਲੀਨੇ ਅਮਿਤ ਸੈਨ ਸੰਗ ਭਲੋ। (203)
ਹਸਨ ਖਾਨ ਹੁਸੈਨ ਖਾਨ ਭਨ। ਖਾਨ ਮੁਹੰਮਦ ਲੈ ਮਲੇਛ ਗਨ। ਸਮਸ ਖਾਨ ਸਮਸਰੋ ਖਾਨਾ। ਚਲੇ ਪੀਸ ਕਰਿ ਦਾਤ ਜੁਆਨਾ। (204)

ਭਾਵ:- ਹਸਨ ਖਾਨ, ਹੁਸੈਨ ਖਾਨ, ਮੁਹੰਮਦ ਖਾਨ, ਸ਼ਮਸ ਖਾਨ ਅਤੇ ਸਮਸਰੋ ਖਾਨ ਬਹੁਤ ਸਾਰੀ ਸੈਨਾ ਲੈ ਕੇ ਦੰਦ ਪੀਂਹਦੇ ਹੋਏ ਚਲ ਪਏ।

ਬੰਦ ਨੰਬਰ 121 ਵਿਚ ਕਵੀ ਲਿਖਦਾ ਹੈ, “ ਇਕ ਅੱਖ ਤੇ ਇਕ ਪੈਰ ਤੇ 2000 (ਦੋ ਹਜ਼ਾਰ) ਬਾਹਵਾਂ ਵਾਲੇ ਦੈਂਤ, ਕਈਆਂ ਦੇ ਪੰਜ ਪੰਜ ਸੌ ਭੁਜਾਵਾਂ ਸਨ ਤੇ ਹੱਥਾਂ ਵਿਚ ਸ਼ਸਤ੍ਰ ਫੜੇ ਹੋਏ ਸਨ"।

ਬੰਦ ਨੰਬਰ 123, " ਸ਼ਰਾਬ ਦਾ ਇਕ ਇਕ ਸਰੋਵਰ ਪੀਣ ਵਾਲੇ ਸਨ, ਭੰਗ ਦੇ ਦਸ ਦਸ ਹਜ਼ਾਰ ਘੜੇ ਪੀ ਕੇ ਯੁੱਧ ਵਿਚ ਆਉਂਦੇ ਸਨ।

ਕੋਈ ਮਹਾਂ ਮੂਰਖ ਵੀ ਇਹੋ ਜਿਹੀ ਗ਼ਲਤੀ ਕਦੀ ਨਾ ਕਰੇ ਕਿ ਸਤਿਯੁਗ ਦੀ ਲੜਾਈ ਵਿਚ ਪਠਾਣਾਂ ਅਤੇ ਮੁਗ਼ਲਾਂ ਨੂੰ ਵੀ ਲੜਾਵੇ।ਇਥੇ ਹੀ ਬਸ ਨਹੀਂ ਖਾਨਾਂ ਦੇ 14 ਅਖਾਉਤੀ ਨਾਂ ਵੀ ਲਿਖੇ ਹੋਏ ਹਨ। ਅਜਿਹੇ ਊਟ ਪਟਾਂਗ ਨੂੰ ਗੁਰੂ ਜੀ ਦੀ ਲਿਖਤ ਨਾਲ ਜੋੜਨਾ ਗੁਰੂ ਜੀ ਦੀ ਬੇਅਦਬੀ ਨਹੀਂ ਤਾਂ ਹੋਰ ਕੀ ਹੈ? ਇਸ ਅਖਾਉਤੀ ਗ੍ਰੰਥ ਵਿਚ ਅਨੇਕਾਂ ਬੱਜਰ ਗ਼ਲਤੀਆਂ ਹੀ ਨਹੀਂ ਹਨ ਸਗੋਂ ਅਸ਼ਲੀਲਤਾ ਨਾਲ਼ ਵੀ ਭਰਿਆ ਪਿਆ ਹੈ।

ਦਸਮ ਗ੍ਰੰਥ, ਇਕ ਗ੍ਰੰਥ ਨਹੀਂ ਹੈ। ਇਹ ਕਈ ਪੁਸਤਕਾਂ/ਗ੍ਰੰਥਾਂ ਦਾ ਇਕ ਜਿਲਦ ਵਿਚ ਬੰਨ੍ਹਿਆ ਹੋਇਆ ਸੰਗ੍ਰਹਿ ਹੈ ਤੇ ਇਹ ਕੰਮ ਕਾਰਜ ਸੋਧਕ ਕਮੇਟੀ ਨੇ 1897 ਵਿਚ ਕੀਤਾ ਸੀ।ਇਸ ਤੋਂ ਪਹਿਲਾਂ ਕਦੀ ਵੀ ਇਹ ਇਕ ਜਿਲਦ ਵਿਚ ਨਹੀਂ ਸੀ, ਬਲਕਿ ਅਲੱਗ ਅਲੱਗ ਪੋਥੀਆਂ ਸਨ।ਇਸ ਦਾ ਲਿਖਾਰੀ ਖੜਗਕੇਤ/ਮਹਾਂਕਾਲ ਦਾ ਪੁਜਾਰੀ ਹੈ ਤੇ ਉਹ ਲਿਖਦਾ ਹੈ ਕਿ ਉਸੇ ਦੀ ਕਿਰਪਾ ਸਦਕਾ ਇਹ ਗ੍ਰੰਥ ਉਸ ਨੇ ਲਿਖਿਆ ਹੈ। ਮਹਾਂਕਾਲ, ਸਰਬਕਾਲ, ਖੜਗਪਾਨ, ਖੜਗਕੇਤ, ਅਸਿਕੇਤ, ਅਸਿਧੁਜ ਆਦਿਕ ਇਕੋ ਹੀ ਦੇਵਤੇ ਦੇ ਕਈ ਨਾਮ ਹਨ ਜਿਸ ਦੀ ਕਥਾ ਸ਼ਿਵ ਪੁਰਾਣ ਵਿਚ ਦਵਾਦਸ਼ਲ਼ਿੰਗਮ ਦੀ (ਸ਼ਿਵ ਦੇ 12 ਲਿੰਗਾਂ ਦੀ ਹੋਂਦ ਸੰਬੰਧੀ ਅਸ਼ਲੀਲ) ਕਥਾ ਕਰ ਕੇ ਮਸ਼ਹੂਰ ਹੈ।ਮਹਾਂਕਾਲ ਦਾ ਮੰਦਰ ਉਜੈਨ ਸ਼ਹਿਰ (ਮੱਧ ਪ੍ਰਦੇਸ਼) ਵਿਚ ਹੈ।ਇਸ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਲਿਖਾਰੀਆਂ ਦੇ ਨਾਂ ਕਵਿ ਸ਼ਯਾਮ, ਕਵਿ ਰਾਮ, ਕਵਿ ਕਾਲ ਆਦਿਕ ਹਨ। ਮਹਾਂਕਾਲ ਦੇ ਪੁਜਾਰੀ (ਤਾਂਤ੍ਰਿਕ ਮੱਤ ਦੇ ਧਾਰਨੀ) ਭੰਗ, ਸ਼ਰਾਬ, ਅਫ਼ੀਮ ਤੇ ਪੋਸਤ ਆਦਿਕ ਦੀ ਵਰਤੋਂ ਰੱਜ ਕੇ ਕਰਦੇ ਹਨ, ਕਿਉਂਕਿ ਮਹਾਂਕਾਲ ਦੇ ਮੰਦਰ ਵਿਚੋਂ ਪਰਸ਼ਾਦ ਵੀ ਇਹੀ ਮਿਲਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੈਸਲਾ ਹੈ:- ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥(ਅੰਗ 61) ਮਨੁੱਖ ਭੁੱਲਣਹਾਰ ਹੈ ਪਰ ਗੂਰੂ ਗੋਬਿੰਦ ਸਿੰਘ ਜੀ ਭੁੱਲਣਹਾਰ ਨਹੀਂ। ਸ੍ਰਿਸ਼ਟੀ ਦੀ ਰਚਨਾ ਬਾਰੇ, ਇਸਤ੍ਰੀ ਦੇ ਅਪਮਾਨ ਬਾਰੇ, ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ, ਗ਼ਲਤ ਇਤਿਹਾਸਕ ਤੱਥਾਂ, "ਭਗਤ ਰਾਮਾ ਨੰਦ ਜੀ ਪਹਿਲੋਂ ਤੇ ਹਜ਼ਰਤ ਮੁਹੰਮਦ ਬਾਦ ਵਿਚ ਆਏ” ਆਦਿ ਵਰਗੀਆਂ ਬੱਜਰ ਗ਼ਲਤੀਆਂ ਨਾਲ਼ ਲਬਰੇਜ਼ ਕਿਤਾਬ ਨੂੰ ਗ੍ਰੰਥ ਦਾ ਦਰਜਾ ਕਿਵੇਂ ਦਿੱਤਾ ਜਾ ਸਕਦਾ ਹੈ। ਮਿਥਿਹਾਸਕ ਗਪੌੜ ਅਤੇ ਗੁਰਮਤਿ ਸਿਧਾਂਤ ਦੇ ਉਲਟ ਲਿਖ ਕੇ ਲਿਖਾਰੀ-ਕਵੀਆਂ ਨੇ ਭੁੱਲਣਹਾਰ ਹੋਣ ਦਾ ਪੂਰਾ ਸਬੂਤ ਦਿਤਾ ਹੈ। ਇਸ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰਨ ਦੀ ਮਾੜੀ ਨੀਯਤ ਨਾਲ ਪੰਥ-ਦੋਖੀਆਂ ਨੇ ਕੀਤੀ ਹੈ। ਸਾਡੇ ਸਮਰੱਥ ਗੁਰੂ ਦਾ ਫੁਰਮਾਨ ਹੈ,

"ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ, ਝੂਠੁ ਕਹੁ ਕਿਆ ਗਨੀ"॥ (P. 723)

ਧਰਮ ਦੀ ਨੇਮਾਵਲੀ ਅਤੇ ਧਾਰਮਕ ਰੀਤੀਆਂ ਰੱਬੀ-ਮਿਲਾਪ ਦਾ ਸਾਧਨ ਹੁੰਦੀਆਂ ਹਨ, ਤਾਂ ਕਿ ਹਰ ਇਕ ਇਨਸਾਨ ਸੁਖ ਸ਼ਾਂਤੀ ਦਾ ਜੀਵਨ ਬਤੀਤ ਕਰਦਾ ਹੋਇਆ, ਆਪਣੇ ਮੂਲ਼ ਸੋਮੇ ਵਿਚ ਲੀਨਤਾ ਪ੍ਰਾਪਤ ਕਰ ਸਕੇ। ਪਰੰਤੂ ਦਸਮ ਗ੍ਰੰਥ ਰਾਹੀਂ ਧਰਮ ਦੀ ਇਤਨੀ ਦੁਰਵਰਤੋਂ ਕੀਤੀ ਗਈ ਹੈ ਕਿ ਧਰਮ ਦੀ ਫੱਟੀ ਗਲ਼ੇ ਵਿਚ ਲਟਕਾ ਕੇ ਨਕਲੀ ਕਥਾ ਕਹਾਣੀਆਂ ਦੁਆਰਾ ਭੋਲ਼ੇ-ਭਾਲ਼ੇ ਜੀਵਨ ਬਤੀਤ ਕਰਨ ਵਾਲੇ ਸਾਧਾਰਨ ਵਿਅਕਤੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਵਿਸ਼ੇਸ਼ ਕਰ ਕੇ ਪੱਛਮੀ ਦੁਨੀਆਂ ਵਿਚ ਨੌਜੁਆਨ ਵਰਗ ਨੂੰ ਜੋ ਕਿ ਪੱਛਮੀ ਦੁਨੀਆਂ ਦੀ ਚਕਾਚੌਂਧ ਵਿਚ ਆਪਣੀਆਂ ਜੜ੍ਹਾਂ ਨਾਲ਼ ਜੁੜਨਾ ਚਾਹੁੰਦਾ ਹੈ ਪਰ ਕੁਝ ਲੋਕ ਉਨ੍ਹਾਂ ਨੂੰ ਗੁਮਰਾਹ ਕਰ ਕੇ ਅੰਨ੍ਹੀ ਖੱਡ ਵਿਚ ਸੁੱਟ ਰਹੇ ਹਨ।

ਅਗਿਆਨੀ ਲੋਕ ਪੌਰਾਣਕ ਕਹਾਣੀਆਂ ਦੇ ਪ੍ਰਭਾਵ ਦੁਆਰਾ ਰਸਾਤਲ ਦੀਆਂ ਅਵਰੋਹੀ ਖੰਦਕਾਂ ਵਿਚ ਇਤਨੇ ਗ਼ਰਕ ਹੋ ਜਾਂਦੇ ਹਨ ਕਿ ਉਹ ਗੁਰਮਤਿ ਦੀਆਂ ਆਸਮਾਨੀ ਪੌੜੀਆਂ ਤੋਂ ਖਿਸਕਦੇ ਖਿਸਕਦੇ ਗ਼ਰਕ ਹੋ ਜਾਂਦੇ ਹਨ। ਚਾਤਰ ਲੋਕ ਕਲਪਿਤ ਕਥਾ ਕਹਾਣੀਆਂ ਦੁਆਰਾ ਸਾਧਾਰਨ ਲੋਕਾਂ ਦਾ ਦੀਨ ਭ੍ਰਿਸ਼ਟ ਕਰਨ ਹਿਤ ਧਰਮ ਦੀ ਦੁਰਵਰਤੋਂ ਕਰਦੇ ਹਨ।ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਉਲਟ ਇਹ ਰਚਨਾ ਰਚ ਕੇ ਦੋਖੀਆਂ ਵਲੋਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਦੱਸ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਨ ਦੀ ਕੋਝੀ ਚਾਲ ਖੇਲੀ ਜਾ ਰਹੀ ਹੈ। ਗੁਰੂ ਕੇ ਸਿੱਖਾਂ ਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਸੋਰਠਿ ਮ: 1 ਅੰਗ 596 ਤੇ ਫੁਰਮਾਉਂਦੇ ਹਨ;

ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ॥ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ॥ (ਅੰਗ 597)
ਅਤੇ
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥ 2 ॥
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥ 3॥
596॥

ਜਿਸ ਸਮਰੱਥ ਗੁਰੂ ਨੇ ਬ੍ਰਾਹਮਣੀ ਚੁੰਗਲ ਵਿਚੋਂ ਅਨੇਕਾਂ ਕੁਰਬਾਨੀਆਂ ਦੇ ਕੇ ਸਾਨੂੰ ਕੱਢਿਆ ਸੀ, ਉਸ ਨੂੰ ਵਿਸਾਰ ਕੇ ਮੁੜ ਉਸੇ ਰਸਾਤਲ ਵਿਚ ਨਾ ਫ਼ਸੀਏ। ਸਮਰੱਥ ਗੁਰੂ ਦਾ ਲੜ ਘੁੱਟ ਕੇ ਫੜੀਏ ਜੋ ਹਲਤ ਪਲਤ ਵਿਚ ਸਹਾਈ ਹੈ। ਅਖਾਉਤੀ ਦਸਮ ਗ੍ਰੰਥ ਦੀਆਂ ਅਸ਼ਲੀਲ ਕਹਾਣੀਆਂ, ਇਸਤ੍ਰੀ ਦੇ ਅਪਮਾਨ ਬਾਰੇ, ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ, ਗਲਤ ਇਤਿਹਾਸਕ ਤੱਥ, ਮਿਥਿਹਾਸਕ ਗਪੌੜ ਅਤੇ ਗੁਰਮਤਿ ਸਿਧਾਂਤ ਦੇ ਉਲਟ ਰਚਨਾਵਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰਨਾ ਤੇ "ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ" ਦੇ ਸਿਧਾਂਤ ਦੇ ਉਲਟ ਗੁਰੂ ਗ੍ਰੰਥ ਦਾ ਸ਼ਰੀਕ ਬਣਾਉਣ ਵਰਗੀਆਂ ਖੋਟੀਆਂ ਨੀਯਤਾਂ ਵਾਲਿਆਂ ਤੋਂ ਬਚੋ।ਇਕ ਗ੍ਰੰਥ ਇਕ ਪੰਥ ਦੇ ਸਿਧਾਂਤ ਤੇ ਪਹਿਰਾ ਦਿਓ।

ਮੇਰਾ ਗੁਰੁ ਪੂਰਾ ਸੁਖਦਾਤਾ ॥ ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ॥ਰਹਾਉ ॥
ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ॥ ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥
(P 619)

ਭੁੱਲ ਚੁੱਕ ਦੀ ਖਿਮਾਂ ਦਾ ਜਾਚਕ
ਸੰਗਤਾਂ ਦਾ ਚਰਨ ਸੇਵਕ
ਪ੍ਰੇਮ ਸਿੰਘ ਕਲਸੀ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top