Share on Facebook

Main News Page

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ
- ਅਮਰਜੀਤ ਸਿੰਘ ਚੰਦੀ

ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ, ਸਿਰ ਤੇ ਆ ਗਈਆਂ ਹਨ, ਇਸ ਬਾਰੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਅੱਜ-ਕਲ ਪੰਥਿਕ ਹਲਕਿਆਂ ਵਿਚ, ਇਹ ਵਿਚਾਰ ਦਾ ਵਿਸ਼ਾ ਬਣਿਆ ਹੋਇਆ ਹੈ। ਹਕੀਕਤ ਇਹ ਹੈ ਕਿ ਇਸ ਨਾਲ ਪੰਥ ਦਾ ਭਵਿੱਖ ਜੁੜਿਆ ਹੋਇਆ ਹੈ। ਆਉ ਆਪਾਂ ਵੀ ਇਸ ਬਾਰੇ ਕੁਝ ਵਿਚਾਰ-ਸਾਂਝ ਕਰਦੇ ਹਾਂ।

ਪੰਜਾਬ ਵਿਚ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਕੁਝ ਭੁੱਲਾਂ ਹੋਈਆਂ ਸਨ, ਜਿਨ੍ਹਾਂ ਬਾਰੇ ਸਿੱਖ ਸੁਚੇਤ ਨਹੀਂ ਸਨ, ਇਸ ਲਈ ਉਨ੍ਹਾਂ ਨੇ ਮਾਰ ਖਾਧੀ, ਪਰ ਜੇ ਇਸ ਵਾਰ ਵੀ ਸਿੱਖ ਸੁਚੇਤ ਨਾ ਹੋਏ ਤਾਂ ਉਨ੍ਹਾਂ ਦਾ ਅਜਿਹਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਉਹ ਕਦੇ ਵੀ ਨਹੀਂ ਕਰ ਸਕਣਗੇ। ਪਹਿਲਾਂ ਤਾਂ ਕਾਂਗਰਸ ਨੇ ਇਹ ਐਲਾਨ ਕਰ ਕੇ ਕਿ ‘ਕਾਂਗਰਸ ਗੁਰਦੁਆਰਾ ਚੋਣਾਂ ਵਿਚ ਦਖਲ ਨਹੀਂ ਦੇਵੇਗੀ’ ਕਾਂਗਰਸੀ ਸਿੱਖਾਂ ਨੂੰ ਅਜਿਹਾ ਭੰਬਲ-ਭੁਸੇ ਵਿਚ ਪਾਇਆ ਕਿ ਉਹ ਇਸ ਚਾਲ ਨੂੰ ਸਮਝ ਹੀ ਨਹੀਂ ਸਕੇ, ਅਤੇ ਕਾਂਗਰਸ ਨੇ ਗੁਰਦੁਆਰਿਆਂ ਤੇ ਕਬਜ਼ੇ ਲਈ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਦਾ ਬਾਨ੍ਹਣੂ ਬੱਨ੍ਹ ਦਿੱਤਾ, ਫਿਰ ਮਨਪ੍ਰੀਤ ਸਿੰਘ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨਾਲੋਂ ਅਲੱਗ ਹੋ ਕੇ, ਆਪਣੇ ਉਮੀਦਵਾਰ ਖੜੇ ਕਰ ਕੇ ਬਾਦਲ ਵਿਰੁੱਧ ਪੈਣ ਵਾਲੀਆਂ ਵੋਟਾਂ ਨੂੰ, ਇਕ ਥਾਂ ਨਾ ਪੈਣ ਦੇ ਕੇ, ਬਾਦਲ ਦੀ ਜਿੱਤ ਨੂੰ ਸੁਨਿਸਚਿਤ ਕੀਤਾ। ਬਾਦਲ ਨੇ ਵੀ ਸੰਤ ਸਮਾਜ ਨੂੰ ਗੁਰਦੁਆਰਾ ਪ੍ਰਬੰਧ ਵਿਚ ਵਾੜਦਿਆਂ, 30 ਤੋਂ ਵਾਧੂ ਟਿਕਟਾਂ ਦੇ ਕੇ ਆਪਣੀ ਜਿੱਤ ਯਕੀਨੀ ਬਣਾਈ। ਸਰਕਾਰੀ ਹੱਥ-ਕੰਡੇ ਤਾਂ ਅਲੱਗ ਹੀ ਵਰਤੇ ਗਏ।

ਵਿਧਾਨ-ਸਭਾ ਦੀਆਂ ਚੋਣਾਂ ਵਿਚ ਵੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਚਾਚੇ ਦਾ ਪੂਰਾ ਸਾਥ ਦਿੰਦਿਆਂ, ਜੋ ਵੋਟਾਂ ਪਕਾਸ਼ ਸਿੰਘ ਬਾਦਲ ਦੇ ਵਿਰੁੱਧ ਪੈ ਕੇ, ਉਸ ਦੀ ਹਾਰ ਦਾ ਕਾਰਨ ਬਣਨੀਆਂ ਸਨ, ਉਨ੍ਹਾਂ ਨੂੰ ਬਾਦਲ ਵਿਰੁੱਧ ਪੈਣ ਤੋਂ ਰੋਕ ਕੇ, ਬਾਦਲ ਲਈ ਦੂਜੀ ਪਾਰੀ ਖੇਢਣ ਦਾ ਰਾਹ ਸਾਫ ਕੀਤਾ। ਬਾਕੀ ਕਹੇ ਜਾਂਦੇ ਅਕਾਲੀ ਦਲ ਤਾਂ ਪਲਦੇ ਹੀ ਬਾਦਲ ਦੇ ਸਿਰ ਤੇ ਹਨ, ਉਹ ਤਾਂ ਹਮੇਸ਼ਾ ਹੀ, ਬਾਦਲ ਵਿਰੋਧੀ ਵੋਟਾਂ ਨੂੰ ਉਸ ਦੇ ਵਿਰੁੱਧ ਪੈਣੋ ਰੋਕ ਕੇ, ਉਸ ਦਾ ਹੀ ਭਲਾ ਕਰਦੇ ਹਨ, ਬੀ. ਜੇ. ਪੀ. ਅਤੇ ਕਾਂਗਰਸ ਲਈ ਸਿੱਖਾਂ ਵਿਚ, ਪ੍ਰਕਾਸ਼ ਸਿੰਘ ਬਾਦਲ ਤੋਂ ਚੰਗਾ ਕੋਈ ਲੀਡਰ ਹੋ ਹੀ ਨਹੀਂ ਸਕਦਾ, ਕਿਉਂਕਿ ਉਨ੍ਹਾਂ ਨੇ ਵੇਖ ਲਿਆ ਹੈ ਕਿ, ਬਾਦਲ ਦੀ ਲੀਡਰੀ ਥੱਲੇ ਹੀ, ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾ ਕੇ, ਸਿੱਖੀ ਨੂੰ ਸੌਖਿਆਂ ਹੀ ਖਤਮ ਕੀਤਾ ਜਾ ਸਕਦਾ ਹੈ। ਇਹੀ ਡਰਾਮਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ ਵਿਚ ਦੁਹਰਾ ਕੇ, ਬੰਗਲਾ ਸਾਹਿਬ ਤੋਂ ਹੋ ਰਹੇ ਸਿੱਖੀ ਦੇ ਪਰਚਾਰ ਨੂੰ ਸੌਖਿਆਂ ਹੀ ਰੋਕਿਆ ਜਾ ਸਕਦਾ ਹੈ।

ਮੈਂ ਇਹ ਮੰਨਦਾ ਹਾਂ ਕਿ ਜੇ ਬਾਦਲ, ਸਿੱਖੀ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾ ਰਿਹਾ ਹੈ, ਤਾਂ ਸਰਨਾ ਭਰਾ ਵੀ ਸਿੱਖੀ ਸਿਧਾਂਤਾਂ ਤੇ ਪੂਰਾ ਪਹਿਰਾ ਨਹੀਂ ਦੇ ਰਹੇ। ਹੁਣ ਤਾਂ ਪੰਜਾਬ ਵਾਂਙ, ਦਿੱਲੀ ਦੇ ਗੁਰਦੁਆਰਿਆਂ ਤੇ, ਬਾਦਲ ਦਾ ਕਬਜ਼ਾ ਕਰਵਾਉਣ ਲਈ, ਕੁਝ ਅਜਿਹੀਆਂ ਸੁਰਾਂ ਨਿਕਲ ਰਹੀਆਂ ਹਨ, ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਲਈ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਸਿੱਖੀ ਨੂੰ ਪਰਣਾਏ ਹੋਣ।

ਮੇਰੇ ਪਿਆਰੇ ਵੀਰੋ, ਹਾਲੀ ਤਾਂ ਇਹ ਭੁੱਲ ਹੀ ਜਾਵੋ ਕਿ ਦਿੱਲੀ ਵਿਚੋਂ ਕੋਈ ਚਾਰ-ਛੇ ਵੀ ਸਿੱਖੀ ਨੂੰ ਪਰਣਾਏ ਜਿੱਤ ਸਕਦੇ ਹਨ। (ਇਕ-ਦੋ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਇਸ ਲਈ ਫਿਲ਼-ਹਾਲ, ਸਿਰਫ ਇਨ੍ਹਾਂ ਦੋਹਾਂ ਤੇ ਹੀ ਧਿਆਨ ਕੇਂਦਰਤ ਕਰੋ, ਸਿੱਖੀ ਨੂੰ ਪਰਣਾਏ ਹੋਇਆਂ ਦੀ ਮਿਰਗ-ਮਰੀਚਕਾ ਦੇ ਚੱਕਰ ਵਿਚ, ਅਮੁੱਲ ਵੋਟਾਂ (ਜਿਨ੍ਹਾਂ ਨੇ ਬਾਦਲ ਨੂੰ ਹਰਾਉਣਾ ਹੈ) ਗਵਾ ਕੇ ਏਨਾ ਵੱਡਾ ਨੁਕਸਾਨ ਕਰ ਲਵੋਗੇ, ਜਿਸ ਦੀ ਭਰ-ਪਾਈ ਕਦੇ ਵੀ ਨਹੀਂ ਹੋ ਸਕੇਗੀ।

ਸਿਰਫ ਤੇ ਸਿਰਫ ਸਰਨਾ ਪਾਰਟੀ ਹੀ, ਬਾਦਲ ਨੂੰ ਟੱਕਰ ਦੇ ਸਕਦੀ ਹੈ, ਤੁਹਾਡੀਆਂ ਉਸ ਨੂੰ ਪਈਆਂ ਵੋਟਾਂ ਹੀ ਬਾਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਤੇ ਕਬਜ਼ਾ ਕਰਨ ਤੋਂ ਰੋਕ ਕੇ ਬੰਗਲਾ ਸਾਹਿਬ ਤੋਂ ਚਲ ਰਹੇ, ਸਿੱਖੀ ਦੇ ਪਰਚਾਰ ਨੂੰ ਕਾਇਮ ਰੱਖ ਸਕਦੀਆਂ ਹਨ।

ਜੇ ਬਾਦਲ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਤੇ ਵੀ ਕਬਜ਼ਾ ਹੋ ਗਿਆ ਤਾਂ ਯਕੀਨ ਜਾਣੋ, 2014 ਵਾਲੀਆਂ ਲੋਕ-ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਤੁਹਾਡੇ ਨਾਲ 84 ਜਿਹਾ ਇਕ ਕਾਰਾ ਹੋਰ ਵਾਪਰੇਗਾ, ਅਤੇ ਇਸ ਵਾਰ ਇਹ ਇੰਦਰਾ-ਰਾਜੀਵ ਦੀ ਛਤਰ-ਛਾਇਆ ਹੇਠ, ਕਾਂਗਰਸ ਵਲੋਂ ਨਾ ਹੋ ਕੇ, ਮੋਦੀ-ਅਡਵਾਨੀ ਦੀ ਛਤਰ-ਛਾਇਆ ਹੇਠ ਬੀ. ਜੇ. ਪੀ. ਵਲੋਂ ਹੋਵੇਗਾ। ਮੇਰੀ ਸਲਾਹ ਤਾਂ ਇਹ ਹੈ ਕਿ ਫਿਲਹਾਲ ਸਰਨਾ ਪਾਰਟੀ ਨੂੰ ਵੋਟਾਂ ਪਾ ਕੇ, ਇਸ ਹੋਣੀ ਨੂੰ ਕੁਝ ਘਟਾਇਆ ਜਾ ਸਕਦਾ ਹੈ, ਮੋਦੀ ਕੋਲ ਪ੍ਰਧਾਨ-ਮੰਤਰੀ ਬਣਨ ਦਾ ਇਹੋ ਇਕ ਰਾਹ ਹੈ। ਬਾਕੀ ਤੁਸੀਂ ਮੇਰੇ ਨਾਲੋਂ ਬਹੁਤ ਵੱਧ ਸਿਆਣੇ ਹੋ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top