Share on Facebook

Main News Page

ਦਿੱਲੀ ਕਮੇਟੀ ਦੀਆ ਚੋਣਾਂ ਦੌਰਾਨ ਵਾਰਡ ਨੰਬਰ 25 ਤੋਂ ਸਰਨਾ ਤੇ ਸਿਰਸਾ ਵਿੱਚਕਾਰ ਹੋਵੇਗੀ ਕਾਂਟੇ ਦੀ ਟੱਕਰ
- ਜਸਬੀਰ ਸਿੰਘ ਪੱਟੀ 09356024684

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਜਨਰਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਚੋਣ ਪ੍ਰਚਾਰ ਚਰਮ ਸੀਮਾ ਤੇ ਪੁੱਜ ਗਿਆ ਹੈ ਅਤੇ ਦੋਹਾਂ ਧਿਰਾਂ ਦੇ ਲੀਡਰਾਂ ਵਿੱਚ ਵਧੇਰੇ ਤੇ ਉਮੀਦਵਾਰਾਂ ਵਿੱਚ ਘੱਟ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਫਿਰ ਵੀ ਦਿਨ ਪ੍ਰਤੀ ਦਿਨ ਦੋਹਾਂ ਦਲਾਂ ਵਿਚਕਾਰ ਨਿੱਜੀ ਤੇ ਸਿਆਸੀ ਤਣਾ ਵੱਧਦਾ ਜਾ ਰਿਹਾ ਹੈ ਅਤੇ ਸਭ ਤੋ ਰੌਚਕ ਮੁਕਾਬਲਾ ਪੰਜਾਬੀ ਬਾਗ ਵਾਰਡ ਤੋ ਹੋਵੇਗਾ ਜਿਥੋਂ ਦੋ ਮਹਾਂਰੱਥੀ ਦਿੱਲੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਸ਼ੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਦਿੱਲੀ ਐਸਟੇਟ ਦੋ ਮੁੱਖੀ ਸ੍ਰੀ ਮਨਜਿੰਦਰ ਸਿੰਘ ਸਿਰਸਾ ਚੋਣ ਮੈਦਾਨ ਵਿੱਚ ਹਨ।

ਦਿੱਲੀ ਦਾ ਪੰਜਾਬੀ ਬਾਗ ਦਾ ਇਲਾਕਾ ਕਾਫੀ ਅਮੀਰ ਲੋਕਾਂ ਦਾ ਮੰਨਿਆ ਗਿਆ ਹੈ ਅਤੇ ਇਥੋ ਦੇ ਲੋਕਾਂ ਵਿੱਚ ਸ੍ਰੀ ਪਰਮਜੀਤ ਸਿੰਘ ਸਰਨਾ ਕਾਫੀ ਸਤਿਕਾਰਤ ਵਿਅਕਤੀ ਹਨ ਅਤੇ ਇਸ ਹਲਕੇ ਤੋਂ ਕਈ ਵਾਰੀ ਜਿੱਤ ਚੁੱਕੇ ਹਨ। ਇਸ ਵਾਰੀ ਉਹਨਾਂ ਦੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੀ ਦਿੱਲੀ ਇਕਾਈ ਦੇ ਪਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨਾਲ ਸਿੱਧੀ ਟੱਕਰ ਹੈ। ਸ੍ਰੀ ਸਰਨਾ ਦਾ ਪੰਜਾਬੀ ਬਾਗ ਇਲਾਕੇ ਨਾਲ ਨਾਤਾ ਕੋਈ ਨਵਾਂ ਨਹੀ ਸਗੋ ਉਹਨਾਂ ਪਿਤਾ ਸ੍ਰੀ ਤਰਲੋਚਨ ਸਿੰਘ ਨੇ ਇਥੇ ਹੀ ਆ ਕੇ ਮਹੱਲਨੁੰਮਾ ਕੋਠੀ ਦੀ ਉਸਾਰੀ ਕੀਤੀ ਹੈ ਜਿਸਦੀ ਕੀਮਤ ਅੱਜ ਦੀ ਤਰੀਕ ਵਿੱਚ ਕਰੋੜਾਂ ਵਿੱਚ ਮੰਨੀ ਜਾਂਦੀ ਹੈ।
ਸ੍ਰੀ ਸਿਰਸਾ ਭਾਂਵੇ ਇਸ ਇਲਾਕੇ ਵਿੱਚ ਨਵੇਂ ਉਮੀਦਵਾਰ ਹਨ ਪਰ ਉਹਨਾਂ ਨੇ ਆਪਣੀ ਕੜੀ ਮਿਹਨਤ ਨਾਲ ਇਸ ਇਲਾਕੇ ਤੋ ਆਪਣੀ ਧਰਮ ਪਤਨੀ ਨੂੰ ਭਾਜਪਾ ਦੀ ਸੀਟ ਤੋਂ ਕੌਸਲਰ ਬਣਾਇਆ ਹੋਇਆ ਹੈ ਪਰ ਸਿਰਸੇ ਨਾਲੋ ਸ੍ਰੀ ਸਰਨਾ ਦਾ ਦਬ ਦਬਾ ਇਸ ਇਲਾਕੇ ਵਿੱਚ ਵਧੇਰੇ ਮੰਨਿਆ ਜਾਂਦਾ ਹੈ। ਸ੍ਰੀ ਸਿਰਸਾ ਨਾਲ ਜਿਥੇ ਭਜਪਾ ਵਾਲੇ ਕੰਧੇ ਨਾਲ ਕੰਧਾ ਜੋੜ ਕੇ ਮਦਦ ਕਰ ਰਹੇ ਹਨ ਉਥੇ ਕਾਂਗਰਸੀ ਵੀ ਸ੍ਰੀ ਸਰਨਾ ਨਾਲ ਫੈਵੀਕਾਲ ਦੇ ਪੱਕੇ ਜੋੜ ਵਾਂਗ ਮੁਹਿੰਮ ਵਿੱਚ ਲੱਗੇ ਹੋਏ ਹਨ ਪਰ ਉਹਨਾਂ ਨੂੰ ਥੋੜਾ ਗਿਲਾ ਜਰੂਰ ਹੈ ਕਿ ਜੇਕਰ ਸ੍ਰੀ ਸਰਨਾ ਨਗਰ ਨਿਗਮ ਦੀਆ ਚੋਣਾਂ ਵਿੱਚ ਉਹਨਾਂ ਦੀ ਮਦਦ ਕਰਦੇ ਤਾਂ ਉਹਨਾਂ ਦਾ ਉਮੀਦਵਾਰ ਕਦੇ ਨਾ ਹਾਰਦਾ ਫਿਰ ਵੀ ਦਿੱਲੀ ਵਿਧਾਨ ਸਭਾ ਦੀਆ ਚੋਣਾਂ ਸਿਰ ਤੇ ਹੋਣ ਕਾਰਨ ਕਾਂਗਰਸੀਆ ਦੀ ਇਹ ਮਜਬੂਰੀ ਬਣ ਚੁੱਕੀ ਹੈ ਕਿ ਉਹ ਸ੍ਰੀ ਸਰਨਾ ਦੀ ਮਦਦ ਕਰਨ। ਦਿੱਲੀ ਵਿਧਾਨ ਸਭਾ ਦੀਆ ਚੋਣਾਂ ਵਿੱਚ ਵੀ ਕੇਵਲ ਉਹਨਾਂ ਉਮੀਦਵਾਰਾਂ ਨੂੰ ਸਿੱਖਾਂ ਦੀਆ ਵੋਟਾਂ ਵੱਧ ਚੜ ਕੇ ਮਿਲਣਗੀਆ ਜਿਸ ਧਿਰ ਦਾ ਦਿੱਲੀ ਕਮੇਟੀ ਤੇ ਕਬਜਾ ਹੋਵੇਗਾ। ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੇ ਤਾਂ ਆਪਣੇ ਸਾਰੇਮੰਤਰੀਆ ਸੰਤਰੀਆ ਤੇ ਕਾਂਗਰਸੀ ਵਰਕਰਾਂ ਨੂੰ ਨਿਰਦੇਸ਼ ਦੇ ਰੱਖੇ ਹਨ ਕਿ ਉਹ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇਉਮੀਦਵਾਰਾਂ ਦੀ ਡੱਟ ਕੇ ਹਮਾਇਤ ਕਰਨ ਤੇ ਸ੍ਰੀ ਸਰਨਾ ਦੇ ਪ੍ਰਧਾਨ ਬਨਣ ਦਾ ਰਾਹ ਪੱਧਰਾ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡਣ। ਵੈਸੇ ਆਮ ਤੌਰ ਤੇ ਅੱਜ ਦੇ ਜ਼ਮਾਨੇ ਵਿੱਚ ਹੁੰਦਾ ਵੀ ਇਹ ਹੀ ਕਿ ਸੂਬਾ ਸਰਕਾਰ ਜਿਸ ਵੀ ਪਾਰਟੀ ਦੀ ਮਦਦ ਕਰਦੀ ਹੈ ਉਹੋਂ ਹੀ ਜਿੱਤ ਸਕਦੀ ਹੈ ਜਦ ਕਿ ਦੂਜੇ ਪੱਲੇ ਤਾਂ ਨਮੋਸ਼ੀ ਹੀ ਪੈਦੀ ਹੈ।

ਦਿੱਲੀ ਨਗਰ ਨਿਗਮ ਤੇ ਇਸ ਵੇਲੇ ਕਬਜਾ ਭਾਜਪਾ ਦਾ ਹੈ ਅਤੇ ਭਾਜਪਾ ਆਪਣਾ ਰਸੂਖ ਵਰਤ ਕੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਰ ਡਾਹ ਕੇ ਮਦਦ ਕਰ ਰਹੀ ਹੈ ਅਤੇ ਉਸ ਨੂੰ ਵੀ ਪਤਾ ਹੈ ਕਿ ਜੇਕਰ ਦਿੱਲੀ ਕਮੇਟੀ ਤੇ ਬਾਦਲ ਦਲ ਦਾ ਕਬਜਾ ਹੁੰਦਾ ਹੈ ਤਾਂ ਉਹ ਚੋਣਾਂ ਵਿੱਚ ਸਿੱਖ ਗੁਰਧਾਮਾਂ ਦੀ ਵਰਤੋਂ ਕਰ ਸਕਦੇ ਹਨ ਅਤੇ ਦਿੱਲੀ ਦੇ ਸਿੱਖਾਂ ਵੋਟਾਂ ਵੀ ਉਹਨਾਂ ਨੂੰ ਤਾਂ ਹੀ ਮਲ ਸਕਦੀਆ ਹਨ। ਬਾਦਲਕਿਆ ਤੇ ਸਰਨੇਕਿਆ ਤੋਂ ਵੱਧ ਜੋਰ ਇਸ ਵੇਲੇ ਦਿੱਲੀ ਵਿੱਚ ਭਾਜਪਾ ਤੇ ਕਾਂਗਰਸ ਦਾ ਹੀ ਲੱਗ ਰਿਹਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਵੇਖਣ ਨੂੰ ਮਿਲੀ ਹੈ ਕਿ ਜਿਸ ਯੂਥ ਬਿਰਗੇਡ ਦੇ ਮੁੱਖੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਸਰਨਾ ਨੇ ਅੰਮ੍ਰਿਤਸਰ ਆ ਕੇ ਦਬਕਾ ਮਾਰਦਿਆ ਕਿਹਾ ਸੀ ਕਿ ‘‘ਜੇਕਰ ਮਜੀਠਾ ਬਿਰਗੇਡ ਨੇ ਦਿੱਲੀ ਵਿੱਚ ਜਾ ਕੇ ਚੋਣਾਂ ਦੌਰਾਨ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬੰਦੇ ਤੋ ਦੂੰਬਾ ਬਣਾ ਕੇ ਪੰਜਾਬ ਵੱਲ ਨੂੰ ਤੋਰ ਦਿੱਤਾ ਜਾਵੇਗਾ।’’ ਉਹ ਜਰਨੈਲ ਭਾਂਵੇ ਦਿੱਲੀ ਵਿੱਚ ਹੀ ਹੈ ਪਰ ਹਾਲੇ ਤੱਕ ਕਿਤੇ ਵੀ ਰੜਕਿਆ ਨਹੀ। ਦਿੱਲੀ ਸਰਕਾਰ ਵੀ ਉਸ ਦੀਆ ਸਰਗਰਮੀਆ ਤੇ ਕੜੀ ਨਿਗਾਹ ਰੱਖ ਰਹੀ ਹੈ ਅਤੇ ਥੋੜੀ ਜਿਹੀ ਵੀ ਗੜਬੜ ਹੋਣ ਤੇ ਕੋਈ ਵੀ ਭਾਣਾ ਵਰਤ ਸਕਦਾ ਹੈ ਜਿਹੜਾ ਅਕਾਲੀ ਦਲ ਤੇ ਇਸ ਜਰਨੈਲ ਲਈ ਅਸਹਿ ਹੋ ਸਕਦਾ ਹੈ।

ਦਿੱਲੀ ਦੇ ਇਸ ਵਾਰਡ ਨੰਬਰ 25 ਤੋਂ ਇਸ ਤੋਂ ਪਹਿਲਾਂ ਸ੍ਰੀ ਮਨਮੋਹਨ ਸਿੰਘ ਸਚਦੇਵਾ ਸ੍ਰੀ ਸਰਨਾ ਦੇ ਮੁਕਾਬਲੇ ਚੋਣ ਲੜਦੇ ਰਹੇ ਸਨ ਪਰ ਉਹਨਾਂ ਨੂੰ ਜਿੱਤ ਦਾ ਮੂੰਹ ਤਾਂ ਵੇਖਣਾ ਤਾਂ ਨਹੀ ਨਸੀਬ ਹੋਇਆ ਪਰ ਉਹ ਸ੍ਰੀ ਸਰਨਾ ਵਿਰੁੱਧ ਵਿੱਢਿਆ ਸੰਘਰਸ਼ ਵਿਚਾਲੇ ਛੱਡ ਕੇ ਹੀ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ। ਨਾਮ ਤੋਂ ਪੰਜਾਬੀ ਬਾਗ ਵਾਰਡ ਹੋਣ ਕਾਰਨ ਇਸ ਵਾਰਡ ਤੋਂ ਵੋਟਾਂ ਵੀ 30 ਹਜਾਰ ਦੇ ਕਰੀਬ ਹਨ ਜਿਸ ਵਿੱਚੋਂ 50 ਫੀਸਦੀ ਵੋਟਾਂ ਪੋਲ ਹੋਣ ਦੀ ਆਸ ਕੀਤੀ ਜਾ ਰਹੀ ਹੈ। ਇਥੇ ਇੱਕ ਉਦਾਹਰਣ ਦੇਣਾ ਜਰੂਰੀ ਹੈ ਕਿ ਜਦੋਂ ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਵੱਲੋਂ ਜਥੇਦਾਰ ਮੋਹਨ ਸਿੰਘ ਤੁੜ ਤੱਤਕਾਲੀ ਕਾਂਗਰਸ ਦੇ ਉਮੀਦਵਾਰ ਸ੍ਰੀ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਚੋਣ ਲੜਦੇ ਸਨ ਤਾਂ ਸ੍ਰ. ਪ੍ਰਤਾਪ ਸਿੰਘ ਕੈਰੋਂ ਕਿਹਾ ਕਰਦੇ ਸਨ ਕਿ ਜੇਕਰ ਉਹ ਚੋਣ ਜਿੱਤ ਗਏ ਤਾਂ ਉਹ ਮੁੱਖ ਮੰਤਰੀ ਬਣ ਕੇ ਇਲਾਕੇ ਦੀ ਸੇਵਾ ਕਰਨਗੇ ਤੇ ਜੇ ਤੁੜ ਜਿੱਤ ਗਏ ਤਾਂ ਉਹ ਸਿਰਫ ਐਸੰਬਲੀ ਵਿੱਚ ਹੱਥ ਹਿਲਾਉਣ ਜੋਗੇ ਹੀ ਰਹਿ ਜਾਣਗੇ। ਲੋਕ ਸ੍ਰ. ਪਰਤਾਪ ਸਿੰਘ ਕੈਰੋਂ ਨੂੰ ਇਸੇ ਕਰਕੇ ਹੀ ਵੋਟਾਂ ਪਾ ਕੇ ਕਾਮਯਾਬ ਕਰ ਦਿੰਦੇ ਸਨ। ਵਾਰਡ ਨੰਬਰ 25 ਪੰਜਾਬੀ ਬਾਗ ਵਿੱਚ ਵੀ ਅਜਿਹੀ ਸਥਿਤੀ ਬਣੀ ਹੋਈ ਹੈ ਕਿਉਕਿ ਵੋਟਰ ਸਮਝਦੇ ਹਨ ਕਿ ਜੇਕਰ ਸ੍ਰੀ ਸਰਨਾ ਜਿੱਤਦੇ ਹਨ ਤਾਂ ਉਹ ਇਲਾਕੇ ਦਾ ਨਾਮ ਰੋਸ਼ਨ ਪ੍ਰਧਾਨ ਬਣ ਕੇ ਕਰਨਗੇ ਜੇਕਰ ਸ੍ਰੀ ਸਿਰਸਾ ਜਿੱਤਦੇ ਹਨ ਤਾਂ ਫਿਰ ਉਹਨਾਂ ਤੋਂ ਪਹਿਲਾਂ ਬਾਦਲ ਅਕਾਲੀ ਵੱਲੋਂ ਪ੍ਰਧਾਨਗੀ ਦਾ ਤਾਜ ਪਹਿਨਣ ਲਈ ਸ੍ਰੀ ਅਵਤਾਰ ਸਿੰਘ ਹਿੱਤ ਤੇ ਮਨਜੀਤ ਸਿੰਘ ਜੀ. ਕੇ. ਪਹਿਲੇ ਤੇ ਦੂਜੇ ਨੰਬਰ ਤੋ ਹੋਣਗੇ ਕਿਉਕਿ ਉਹ ਵੀ ਚੋਣਾਂ ਲੜ ਰਹੇ ਹਨ।

Êਪੰਜਾਬੀ ਬਾਗ ਦਾ ਸਾਰਾ ਇਲਾਕਾ ਪੂਰੀ ਤਰਾ ਹੋਰਡਿੰਗਜ ਨਾਲ ਸ਼ਿੰਗਾਰਿਆ ਜਾ ਚੁੱਕਾ ਹੈ। ਇੰਜ ਜਾਪਦਾ ਹੈ ਦੋਹਾਂ ਧਿਰਾਂ ਦੇ ਬੈਨਰ ਤੋ ਹੋਰਡਿੰਗਜ ਪੋਲ ਹੋਣ ਵਾਲੀਆ ਵੋਟਾਂ ਨਾਲੋ ਵਧੇਰੇ ਲੱਗੇ ਹੋਏ ਹਨ। ਦੋਹਾਂ ਧਿਰਾਂ ਨੇ ਆਪਣਾ ਆਪਣਾ ਰੁਤਬਾ ਤੇ ਆਪਣੀ ਆਪਣੀ ਸ਼ਾਨ ਵਿੱਚ ਬਹੁਤ ਕੁਝ ਹੋਰਡਿੰਗਜ ਤੇ ਬੈਨਰਾਂ ਤੇ ਲਿਖਿਆ ਹੈ। ਸ੍ਰੀ ਸਿਰਸਾ ਪੰਜ ਸਾਲ ਇਲਾਕੇ ਦੇ ਕੋਸ਼ਲਰ ਵੀ ਰਹੇ ਹਨ ਅਤੇ ਇਸ ਵੇਲੇ ਉਹਨਾਂ ਪਤਨੀ ਇਸ ਆਹੁਦੇ ਤੇ ਬਿਰਾਜਮਾਨ ਹੈ ਫਿਰ ਵੀ ਉਹ ਇਸ ਵਾਰਡ ਤੋ ਚੋਣ ਲੜਣ ਦੇ ਇਛੁੱਕ ਨਹੀ ਸਨ ਸਗੋਂ ਉਹਨਾਂ ਦੇ ਗਲ ਵਿੱਚ ਤਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ੍ਰ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜਾਣ ਬੁੱਝ ਕੇ ਹੱਤਿਆ ਪਾ ਦਿੱਤੀ ਕਿਉਕਿ ਇਸ ਹਲਕੇ ਤੋ ਇੱਕ ਹੋਰ ਉਮੀਦਵਾਰ ਚੋਣ ਲੜਣ ਦੇ ਚਾਹਵਾਨ ਸਨ ਜਿਹਨਾਂ ਨੂੰ ਕਿਸੇ ਹੋਰ ਵਾਰਡ ਤੋ ਟਿਕਟ ਦੇ ਕੇ ਸ੍ਰੀ ਸਿਰਸਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਸਰਨਾ ਤੇ ਸਿਰਸਾ ਵਿੱਚਕਰਾ ਕਾਂਟੇ ਦੀ ਟੱਕਰ ਹੋਵੇਗੀ ਦੋਹਾਂ ਦੀ ਕਿਸਮਤ ਦਾ ਫੈਸਲਾ 27 ਜਨਵਰੀ ਨੂੰ ਵੋਟਰ ਵੋਟਾਂ ਪਾ ਕੇ ਕਰਨਗੇ ਤੇ ਜਿੱਤ ਹਾਰ ਦਾ ਐਲਾਨ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਵਾਲੇ ਦਿਨ ਹੋਵੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top