Share on Facebook

Main News Page

ਦਿੱਲੀ ਦੀਆਂ ਗੋਲਕਾਂ ਲੁੱਟਣ ਲਈ ਪੰਜਾਬ 'ਚੋਂ ਨਸ਼ੇ ਦੀਆਂ ਬਾਲਟੀਆਂ ਭਰ ਕੇ ਲਿਆਈਆਂ ਜਾ ਰਹੀਆਂ ਹਨ
- ਬਲਜੀਤ ਸਿਘ ਦਾਦੂਵਾਲ

* ਪੰਜਾਬ ਵਿੱਚ ਨਸ਼ੇ ਵੰਡ ਕੇ ਵੋਟਾਂ ਲੈਣ ਵਾਲਿਆਂ ਨੇ ਗੁਰਮਤਿ ਦਾ ਪ੍ਰਚਾਰ ਕਰਨ 'ਤੇ ਪਾਬੰਦੀ ਲਾਈ ਹੋਈ ਹੈ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਜੇ ਸੰਗਤਾਂ ਨੂੰ ਗੁਰਮਤਿ ਦੇ ਗਿਆਨ ਦੀ ਸੋਝੀ ਹੋ ਗਈ ਤਾਂ ਉਨ੍ਹਾਂ ਨੂੰ ਨਸ਼ੇ ਵੰਡਣ ਨਾਲ ਵੋਟਾਂ ਨਹੀਂ ਮਿਲਣੀਆਂ
* ਪੰਜਾਬ 'ਚ ਗੁਰਦੁਆਰਿਆਂ ਦੀ ਤਾਂ ਕੋਈ ਸੁਰੱਖਿਆ ਨਹੀਂ ਪਰ ਦੇਹਧਾਰੀ ਗੁਰੂਡੰਮੀਆਂ ਦੇ ਡੇਰਿਆਂ ਦੀ ਸੁਰੱਖਿਆ ਲਈ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਹੈ

ਬਠਿੰਡਾ, ੨੩ ਜਨਵਰੀ (ਕਿਰਪਾਲ ਸਿੰਘ): ਦਿੱਲੀ ਦੀਆਂ ਗੋਲਕਾਂ ਲੁੱਟਣ ਲਈ ਪੰਜਾਬ 'ਚੋਂ ਨਸ਼ੇ ਦੀਆਂ ਬਾਲਟੀਆਂ ਭਰ ਕੇ ਲਿਆਈਆਂ ਜਾ ਰਹੀਆਂ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੬੬੫-੬੬ 'ਤੇ ਦਰਜ 'ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥' ਦੀ ਵਿਆਖਿਆ ਕਰਦੇ ਸਮੇਂ, ਬਿਨਾਂ ਨਾਮ ਲਿਆਂ ਬਾਦਲ ਦਲ ਦੇ ਚੋਣ ਨਿਸ਼ਾਨ ਬਾਲਟੀ 'ਤੇ ਵਿਅੰਗ ਕਸਦੇ ਹੋਏ ਬਾਬਾ ਬਲਜੀਤ ਸਿਘ ਜੀ ਖ਼ਾਲਸਾ ਦਾਦੂਵਾਲ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਵੀਚਾਰ ਅਧੀਨ ਇਸ ਸ਼ਬਦ ਦੇ ਪਹਿਲੇ ਬੰਦ ਦੇ ਅੱਖਰੀ ਅਰਥ ਕਰਦੇ ਹੋਏ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਸੇਧ ਦੇ ਰਹੇ ਹਨ ਕਿ ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ ॥੧॥


ਕਬਰਾਂ ਪੁਟਵਾ ਕੇ ਮੁਰਦੇ ਦੇ ਮੂੰਹ ਵਿੱਚੋਂ ਰੁਪਈਏ ਕਢਵਾਉਣ ਵਾਲੇ ਕਾਰੋਂ ਬਾਦਸ਼ਾਹ, ਜਿਸ ਨੂੰ ਅੰਤ ਸਮੇਂ ਸੋਝੀ ਆਉਣ 'ਤੇ ਉਸ ਨੇ ਕਿਹਾ ਸੀ ਕਿ ਮਰਨ ਉਪ੍ਰੰਤ ਉਸ ਦਾ ਜਨਾਜ਼ਾ ਕੱਢੇ ਜਾਣ ਮੌਕੇ ਉਸ ਦੇ ਦੋਵੇਂ ਹੱਥ ਤੇ ਦੋਵੇਂ ਪੈਰ ਨੰਗੇ ਰੱਖੇ ਜਾਣ ਤਾਂ ਕਿ ਦੁਨੀਆਂ ਦੇ ਲੋਕਾਂ ਨੂੰ ਇਹ ਪ੍ਰੇਰਣਾ ਮਿਲ ਸਕੇ ਕਿ ਅਨੇਕਾਂ ਪਾਪ ਤੇ ਅਨਰਥ ਕਰਕੇ ਮਾਇਆ ਦੇ ਅੰਬਾਰ ਲਾਉਣ ਵਾਲਾ ਕਾਰੋਂ ਬਾਦਸ਼ਾਹ ਵੀ ਇੱਥੋਂ ਨੰਗੇ ਪੈਰੀਂ ਤੇ ਖਾਲ੍ਹੀ ਹੱਥੀਂ ਗਿਆ ਸੀ, ਦੀ ਸਾਖੀ ਸੁਣਾਉਂਦਿਆਂ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਜਿਸ ਮਨੁੱਖ ਦੇ ਮਨ ਵਿੱਚ ਮਾਇਆ ਇਕੱਠੀ ਕਰਨ ਦੀ ਭੁੱਖ ਵਸ ਜਾਵੇ ਉਹ ਕਦੀ ਵੀ ਤ੍ਰਿਪਤ ਨਹੀਂ ਹੁੰਦਾ; ਜਿਸ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਕਿ ਪੰਜਾਬ ਦੇ ਗੁਰੂ ਘਰਾਂ ਦੀਆਂ ਗੋਲਕਾਂ ਅਤੇ ਪੰਜਾਬ ਸਰਕਾਰ ਦਾ ਖ਼ਜ਼ਾਨਾ ਲੁੱਟਣ ਤੋਂ ਬਾਅਦ ਵੀ ਉਨ੍ਹਾਂ ਦੀ ਤ੍ਰਿਪਤੀ ਨਹੀਂ ਹੋ ਰਹੀ ਇਸ ਲਈ ਦਿੱਲੀ ਦੀਆਂ ਗੋਲਕਾਂ ਲੁੱਟਣ ਲਈ ਪੰਜਾਬ 'ਚੋਂ ਨਸ਼ੇ ਦੀਆਂ ਬਾਲਟੀਆਂ ਭਰ ਕੇ ਲਿਆਈਆਂ ਜਾ ਰਹੀਆਂ ਹਨ ਤਾ ਕਿ ਵੋਟਰਾਂ ਨੂੰ ਵੰਡ ਕੇ ਗੋਲਕਾਂ 'ਤੇ ਕਬਜ਼ੇ ਕੀਤੇ ਜਾ ਸਕਣ ਤੇ ਜਾਂਦੇ ਹੋਏ ਇਨ੍ਹਾਂ ਹੀ ਬਾਲਟੀਆਂ ਵਿੱਚ ਲੁੱਟੀ ਹੋਈ ਗੋਲਕ ਭਰ ਕੇ ਲਿਜਾਈ ਜਾ ਸਕੇ।

ਸੇਵਾ ਦੇ ਨਾਮ 'ਤੇ ਗੁਰੂ ਕੀਆਂ ਗੋਲਕਾਂ ਲੁੱਟਣ ਵਾਲਿਆਂ ਨੂੰ ਸੁਚੇਤ ਕਰਦੇ ਹੋਏ ਬਾਬਾ ਬਲਜੀਤ ਸਿੰਘ ਨੇ ਇਸ ਸ਼ਬਦ ਦੇ ਰਹਾਉ ਦੇ ਬੰਦ ਦੇ ਅਰਥ ਕਰਦੇ ਹੋਏ ਕਿਹਾ: 'ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥' ਭਾਵ ਜੇਹੜਾ ਮਨੁੱਖ ਗੁਰੂ ਦੀ ਮਤ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਤੇ ਕਦੇ ਹੱਥੋਂ ਨਿਕਲ ਜਾਂਦਾ ਹੈ ॥ਰਹਾਉ॥ ਪਰ ਇਸ ਸਮੇਂ ਗੁਰੂ ਦੀ ਹਜੂਰੀ ਵਿੱਚ ਰਹਿੰਦੇ ਹੋਏ ਤੇ ਗੁਰੂ ਘਰਾਂ ਦੀ ਸੇਵਾ ਦੇ ਨਾਮ 'ਤੇ ਗੋਲਕਾਂ ਲੁੱਟਣ ਵਾਲੇ ਨਾ ਆਪ ਗੁਰਮਤਿ ਗ੍ਰਹਿਣ ਕਰਨ ਲਈ ਤਿਆਰ ਹਨ ਤੇ ਨਾ ਹੀ ਗੁਰਮਤ ਦਾ ਪ੍ਰਚਾਰ ਕਰਨ ਦੀ ਇਜਾਜਾਤ ਦਿੰਦੇ ਕਿੳਂਕਿ ਇਨ੍ਹਾਂ ਨੂੰ ਪਤਾ ਹੈ ਕਿ ਜੇ ਵੋਟਰਾਂ ਨੂੰ ਗੁਰਮਤਿ ਦੀ ਸੋਝੀ ਆ ਗਈ ਤਾਂ ਉਨ੍ਹਾਂ ਨੇ ਨਸ਼ਿਆਂ ਬਦਲੇ ਇਨ੍ਹਾਂ ਨੂੰ ਵੋਟਾਂ ਨਹੀਂ ਦੇਣੀਆਂ। ਇਨ੍ਹਾਂ ਨੂੰ ਨਸ਼ਿਆਂ ਬਦਲੇ ਵੋਟਾਂ ਲੈਣੀਆਂ ਹੀ ਸੌਖੀਆਂ ਲਗਦੀਆਂ ਹਨ ਇਸ ਲਈ ਪੰਜਾਬ 'ਚ ਇਕ ਤਰ੍ਹਾਂ ਗੁਰਮਤਿ ਦੇ ਪ੍ਰਚਾਰ 'ਤੇ ਪਾਬੰਦੀ ਲਾਈ ਹੋਈ ਹੈ ਤੇ ਜੇ ਮੇਰੇ ਵਰਗਾ ਕੋਈ ਪ੍ਰਚਾਰ ਕਰਦਾ ਹੈ ਤਾਂ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੇ ਹਨ।

ਉਨ੍ਹਾਂ ਦੱਸਿਆ ਕਿ ੧੦ ਦਸੰਬਰ ਨੂੰ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਉਨ੍ਹਾਂ ਨੇ ਸਿੱਖ ਸੰਗਤਾਂ ਨਾਲ ਮਿਲ ਕੇ ੧੯੮੪ ਦੇ ਸਿੱਖ ਪੀੜਤਾਂ ਨੂੰ ਇਨਸਾਫ਼ ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦੀ ਮੰਗ ਕਰਨ ਲਈ ਵੱਡੀ ਗਿਣਤੀ ਵਿੱਚ ਦਸਖ਼ਤਾਂ ਵਾਲੀ ਪਟੀਸ਼ਨ ਇੰਗਲੈਂਡ ਦੀ ਪਾਰਲੀਮੈਂਟ ਜਾ ਕੇ ਸੌਂਪੀ। ਪਰ ਇਹ ਸੱਚ ਦੀ ਅਵਾਜ਼ ਪੰਜਾਬ ਦੇ ਸਤਾਧਾਰੀਆਂ ਨੂੰ ਪਸੰਦ ਨਾ ਆਈ ਤੇ ਪੰਜਾਬ ਵਾਪਸੀ ਸਮੇਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਉਤਰਦਿਆਂ ਹੀ ਗ੍ਰਿਫ਼ਤਾਰ ਕਰਕੇ ਹਰਿਆਣਾ ਸਰਕਾਰ ਨੂੰ ਸੌਂਪ ਦਿੱਤਾ ਜਿਸ ਕਾਰਣ ਉਨ੍ਹਾਂ ਨੂੰ ੪-੫ ਦਿਨ ਹਿਸਾਰ ਜੇਲ੍ਹ 'ਚ ਬਿਤਾਉਣੇ ਪਏ।ਇਸ ਤੋਂ ਪਹਿਲਾਂ ਵੀ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਉਤਾਰਨ ਵਾਲੇ ਦੰਭੀ ਸਿਰਸੇ ਵਾਲੇ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸੱਚ ਦੀ ਅਵਾਜ਼ ਕਿਸੇ ਨੂੰ ਵੀ, ਖਾਸ ਕਰਕੇ ਰਾਜਸਤਾ ਦੀ ਤਾਕਤ ਦੇ ਨਸ਼ੇ 'ਚ ਚੂਰ ਲੋਕਾਂ ਨੂੰ ਚੰਗੀ ਨਹੀਂ ਲਗਦੀ: 'ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥' (ਸੋਰਠਿ ਕੀ ਵਾਰ ਮ: ੪, ਗੁਰੂ ਗ੍ਰੰਥ ਸਾਹਿਬ ਪਾਵਨ ਪੰਨਾ ੬੪੬) ਭਾਵ ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ; ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ; ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ)।

ਇਸੇ ਕਾਰਣ ਬਾਬਰ ਨੇ ਸੱਚ ਦੀ ਅਵਾਜ਼ ਰੋਕਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਜੇਲ੍ਹ ਵਿੱਚ ਬੰਦ ਕੀਤਾ; ਜਹਾਂਗੀਰ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਕੀਤਾ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਸੀ ਤੇ ਅੰਤ ਸ਼ਹੀਦ ਕਰ ਦਿੱਤਾ ਸੀ ਇੱਥੋਂ ਤੱਕ ਕਿ ੬ ਤੇ ੮ ਸਾਲ ਦੇ ਛੋਟੇ ਸਾਹਿਬਜ਼ਾਦੇ ਵੀ ਸੂਬਾ ਸਰਹਿੰਦ ਨੇ ਸ਼ਹੀਦ ਕਰਵਾ ਦਿੱਤੇ ਸਨ। ਜੇ ਅੱਜ ਦੀ ਸਰਕਾਰ ਦਾ ਹਾਲ ਵੇਖੀਏ ਤਾਂ ਇਨ੍ਹਾਂ ਦਾ ਹਾਲ ਵੀ ਜਹਾਂਗੀਰ ਤੇ ਔਰੰਗਜ਼ੇਬ ਨਾਲੋਂ ਕੋਈ ਵੱਖਰਾ ਨਹੀਂ ਹੈ; ਇਸੇ ਲਈ ਲੁਧਿਆਣਾ ਵਿਖੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਡੇਰਾਵਾਦ ਵਿਰੁੱਧ ਅਵਾਜ਼ ਉਠਾਉਣ 'ਤੇ ਦਿਨ ਦਿਹਾੜੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਤੇ ਅਨੇਕਾਂ ਸਿੰਘ ਸਖ਼ਤ ਜਖ਼ਮੀ ਕਰ ਦਿੱਤੇ ਸਨ। ਪੰਜਾਬ 'ਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਦਿਹਾੜੇ ਅਗਨ ਭੇਟ ਕੀਤਾ ਜਾ ਰਿਹਾ ਹੈ ਉਥੇ ਗੁਰਦੁਆਰਿਆਂ ਦੀ ਤਾਂ ਕੋਈ ਸੁਰੱਖਿਆ ਨਹੀਂ ਹੈ ਪਰ ਦੇਹਧਾਰੀ ਗੁਰੂਡੰਮੀਆਂ ਦੇ ਡੇਰਿਆਂ ਦੀਆਂ ਕੰਧਾਂ ਤੇ ਇੱਟਾਂ ਦੀ ਸੁਰੱਖਿਆ ਲਈ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਹੈ। ਬਾਬਾ ਬਲਜੀਤ ਸਿੰਘ ਜੀ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਰਾਜਨੀਤਕ ਪਾਰਟੀਆਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ ਇਸ ਲਈ ਰਾਜਨੀਤਕ ਚੋਣਾਂ ਲੜਨ ਵਾਲਿਆਂ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਿਆ ਜਾਵੇ ਨਹੀਂ ਤਾਂ ਪੰਜਾਬ ਦਾ ਹਾਲ ਤੁਸੀਂ ਵੇਖ ਸਕਦੇ ਹੋ ਉਥੇ ਨਸ਼ਿਆਂ ਤੇ ਪਤਿਤਪੁਣੇ ਦਾ ਪਸਾਰਾ ਹੋ ਗਿਆ ਹੈ; ਕਿਉਂਕਿ ਰਾਜਨੀਤੀ ਕਾਰਣ ਗੁਰਮਤਿ ਦੇ ਪ੍ਰਚਾਰ 'ਤੇ ਪਬੰਦੀ ਲੱਗ ਚੁੱਕੀ ਹੈ ਤੇ ਜੇ ਉਹ ਦਿੱਲੀ ਵਿੱਚ ਕਾਬਜ਼ ਹੋ ਗਏ ਤਾਂ ਇਥੇ ਵੀ ਪਾਬੰਦੀ ਲੱਗ ਜਾਣੀ ਹੈ।

ਸ਼ਬਦ ਦੇ ਦੂਸਰੇ ਬੰਦ ਦੀ ਵਿਆਖਿਆ ਕਰਦੇ ਹੋਏ ਬਾਬਾ ਲਜੀਤ ਸਿੰਘ ਨੇ ਕਿਹਾ: 'ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥' ਗੁਰ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਹਨ ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ)।

ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ ॥੨॥

'ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥' ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ), ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੩॥

'ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥' ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ ॥੪॥੭॥

ਕਥਾ ਦੇ ਅੰਤ ਵਿੱਚ ਬਾਬਾ ਬਲਜੀਤ ਸਿੰਘ ਨੇ ਕਿਹਾ ਗੁਰੂ ਸ਼ਬਦ ਤੋਂ ਸੇਧ ਲੈ ਕੇ ਸਾਨੂੰ ਗੁਰਦੁਆਰਿਆਂ ਦੇ ਚੰਗੇ ਪ੍ਰਬੰਧਕ ਚੁਣਨ ਲਈ ਨਸ਼ੇ ਵੰਡ ਕੇ ਵੋਟਾਂ ਲੈਣ ਵਾਲੀ ਪਾਰਟੀ ਦਾ ਵਿਰੋਧ ਕਰਨਾ ਚਾਹੀਦਾ ਹੈ। ਚੰਗੀ ਗੱਲ ਹੈ ਕਿ ਵੋਟ ਪਰਚੀ ਦੇ ਅਧਾਰ 'ਤੇ ਇਲੈਕਸ਼ਨ ਦੀ ਥਾਂ 'ਤੇ ਗੁਣਾਂ ਦੇ ਅਧਾਰ 'ਤੇ ਸਿਲੈਕਟਸ਼ਨ ਕਰਨ ਦਾ ਢੰਗ ਅਪਨਾਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top