Share on Facebook

Main News Page

ਸਿੱਖ ਅਤੇ ਅਖੌਤੀ ਸਿੱਖ ਮੀਡੀਆ ਯੂਕੇ
-
ਗੁਰਮਤਿ ਸੰਚਾਰ ਸਭਾ ਜਰਮਨੀ

ਜਾਣੇ ਅਣਜਾਣੇ ਵਿਚ ਸਿੱਖ ਸੰਸਥਾਵਾਂ ਦੇ ਪ੍ਰਬੰਧਕ ਅਤੇ ਗ੍ਰੰਥੀ ਸ਼੍ਰੇਣੀ ਵਲੋਂ ਸਿੱਖ ਜਗਤ ਵਿਚ ਭਾਵੇਂ ਹਰ ਰੋਜ਼ ਨਵੀਆਂ ਨਵੀਆਂ ਮਨੌਤਾਂ ਜਾਣ ਬੁਝ ਕੇ ਪੰਥ ਦੋਖੀਆਂ ਦੀ ਸ਼ੈਹ ਉੱਪਰ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਿੱਖੀ ਦੀਆਂ ਮੁੰਢਲੀਆਂ ਕਦਰਾਂ ਕੀਮਤਾਂ ਅਤੇ ਅਦਰਸ਼ ਅਸੂਲਾਂ ਨੂੰ ਨੇਸਤੋ-ਨਾਬੂਤ ਕੀਤਾ ਜਾ ਸਕੇ। ਇਹ ਵਰਤਾਰਾ ਹੋਰ ਭੀ ਦੁਖਦਾਈ ਮਹਿਸੂਸ ਹੁੰਦਾ ਹੈ ਜਦ ਇਸਦਾ ਸਿੱਧਾ ਸਬੰਧ ਸਿੱਖੀ ਦੇ ਰਹਿਬਰ ਗੁਰੂ ਗ੍ਰੰਥ ਸਹਿਬ ਜੀ ਨਾਲ ਹੋਵੇ। ਯੂਕੇ ਦਾ ਕਹਿਣ ਨੂੰ ਸਿੱਖ ਮੀਡੀਆ ਜੋ ਆਪਣੇ ਆਪ ਨੂੰ ਗੁਰੂ ਗ੍ਰੰਥ ਸਹਿਬ ਜੀ ਨੂੰ ਸਮਰਪਿਤ ਹੋਣ ਦਾ ਇਕਰਾਰ ਕਰਦਾ ਹੈ, ਜਦੋਂ ਉਹ ਹੀ ਗੁਰੂ ਗ੍ਰੰਥ ਸਹਿਬ ਜੀ ਨੂੰ ਨੀਵਾਂ ਵਿਖੌਣ ਵਾਲੀ ਕਿਸੇ ਭੀ ਹਰਕਤ ਦਾ ਪ੍ਰਚਾਰ ਕਰੇ ਤਾਂ ਕਿਸ ਮੂੰਹ ਨਾਲ ਇਸਨੂੰ ਸਿੱਖ ਮੀਡੀਆ ਕਿਹਾ ਜਾਵੇ? ਕੀ ਕਿਸੇ ਵੀ ਮੀਡੀਏ ਦਾ ਐਸਾ ਵਰਤਾਰਾ ਨੌਟੰਕੀ ਸਾਧ ਰਾਮ ਰਹੀਮ ਵਲੋਂ ਕੀਤੇ ਗੁਨਾਹ ਨਾਲੋਂ ਘੱਟ ਕਿਹਾ ਜਾ ਸਕਦਾ ਹੈ? ਗੁਰੂ ਗ੍ਰੰਥ ਸਹਿਬ ਜੀ ਦੀ ਤਰਜ਼ ਉੱਤੇ ਹੋਰ ਕਿਸੇ ਭੀ ਕਿਤਾਬ ਜਾਂ ਲਿਖਤ ਦਾ ਪਾਠ ਜਾਂ ਪ੍ਰਕਾਸ਼ ਕਰਨ ਦੀ ਪੰਥ ਇਜਾਜ਼ਤ ਨਹੀਂ ਦਿੰਦਾ, ਸਿੱਖ ਰਹਿਤ ਮਰਿਯਾਦਾ ਵਿਚ ਇਸ ਵਾਰੇ ਸਪਸ਼ਟ ਲਿਖਿਆ ਹੋਇਆ ਹੈ। ਫਿਰ ਗੁਰਬਾਣੀ ਦੇ ਪਾਠ ਦੀ ਤਰਜ਼ ਤੇ ਬਚਿੱਤਰ ਨਾਟਕ ਦੇ ਪਾਠ ਅਤੇ ਇਸਦੇ ਭੋਗ ਪੈਣ ਵਾਰੇ ਮਸ਼ਹੂਰੀ ਕਰਨ ਵਾਲੇ ਮੀਡੀਆ ਚੈਨਲ ਨੇ ਕੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਵੀ ਨਹੀਂ ਕੀਤੀ? ਕੀ ਇਸਨੇ ਇਹ ਕੁਕਰਮ ਕਰਨ ਦੀ ਸਿੱਖ ਪੰਥ ਤੋਂ ਮੁਆਫੀ ਮੰਗੀ ਹੈ? ਹਾਂ ਇਹ ਮਸ਼ਹੂਰੀ ਵਿਰੁਧ ਟਾਈਗਰ ਜਥਾ ਯੂੁਕੇ ਵਲੋਂ ਆਵਾਜ਼ ਉਠਾਉਣ ਉਪ੍ਰੰਤ ਚੁੱਪਚਪੀਤੇ ਮਸ਼ਹੂਰੀ ਕਰਨੀ ਬੰਦ ਜ਼ਰੂਰ ਕਰ ਦਿੱਤੀ ਗਈ ਸੀ।

ਨਿਮਰਤਾ ਸਹਿਤ ਸਮੁੰਹ ਸਿੱਖ ਮੀਡੀਏ ਨੂੰ ਅਪੀਲ ਕਰਦੇ ਹੋਏ ਆਸ ਕਰਦੇ ਹਾਂ ਕਿ ਇਸ ਹੋਈ ਭੁਲ ਤੋਂ ਸਬਕ ਸਿੱਖ ਕੇ ਅੱਗੋਂ ਭਵਿੱਖ ਵਿਚ ਸਾਰਾ ਹੀ ਸਿੱਖ ਮੀਡੀਆ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਹਿਬ ਜੀ ਦੀ ਪਵਿਤ੍ਰ ਬਾਣੀ, ਜਿਸਨੂੰ ਦਸਮ ਗੁਰੂ ਨਾਨਕ ਵਲੋਂ ਵਿਅਕਤੀ ਗੁਰਿਆਈ ਪ੍ਰਥਾ ਖਤਮ ਕਰਕੇ ਆਪ ਖ਼ੁਦ ਗੁਰਿਆਈ ਬਖਸ਼ੀ ਸੀ, ਦਾ ਪ੍ਰਚਾਰ ਕਰਨ ਵਾਲੇ ਪ੍ਰੋਗਰਾਮ ਹੀ ਨਸ਼ਰ ਕਰਨ ਦਾ ਪ੍ਰਣ ਲੈਣਗੇ। ਰੱਬ ਭਲੀ ਕਰੇ!

ਸਿੱਖ ਅਖੌਣ ਵਾਲੇ ਮੀਡੀਏ ਤੋਂ ਇਲਾਵਾ ਹੋਰ ਜਿੰਨੇ ਵੀ ਮੀਡੀਏ ਵਾਲੇ ਹਨ ਕੋਈ ਵੀ ਆਪਣੇ ਚੈਨਲਾਂ ਨੂੰ ਚਲਾਉਣ ਲਈ ਇਸ ਤਰਾਂ ਪੈਸੇ ਦੀ ਸਰੋਤਿਆਂ ਤੋਂ ਮੰਗ ਨਹੀਂ ਕਰਦਾ ਭਾਵੇਂ ਉਹ ਮੁਸਲਮਾਨਾਂ, ਹਿੰਦੂਆਂ ਜਾਂ ਕਿਸੇ ਹੋਰ ਦਾ ਹੋਵੇ। ਜਦ ਉਹ ਬਿਨ ਪੈਸੇ ਮੰਗਿਆਂ ਚੈਨਲ ਚਲਾ ਸਕਦੇ ਹਨ ਤਾਂ ਆਪਣੇ ਆਪਨੂੰ ਸਿੱਖ ਮੀਡੀਆ ਆਖਣ ਵਾਲੇ ਉਹਨਾਂ ਵਾਲੇ ਦਾਅ-ਪੇਚ ਅਪਣਾ ਕੇ ਕਿਉਂ ਨਹੀਂ ਚਲਾ ਸਕਦੇ? ਐਡਵਰਟਾਈਜ਼ਮੈਂਟਾਂ ਜਿਵੇਂ ਉਹ ਕਰਦੇ ਹਨ ਓਵੇਂ ਇਹ ਭੀ ਕਰਦੇ ਹਨ। ਸਾਫ ਜ਼ਾਹਿਰ ਹੈ ਕਿ ਅਖੌਤੀ ਸਿੱਖ ਮੀਡੀਏ ਵਾਲੇ ਮਾਇਕ ਲਾਲਚ ਵਿਚ ਕਿੰਨੇ ਗੜੁਚ ਹਨ।

ਸਿੱਖ ਟੀਵੀ ਮੀਡੀਆ ਦੇ ਕਰਿੰਦੇ ਕਿਤਨੇ ਅਵੇਸਲੇ ਹਨ ਇਹ ਉਹਨਾਂ ਦੇ ਪ੍ਰੋਗਰਾਮ ਦੇਖਣ ਤੋਂ ਪਤਾ ਲੱਗਦਾ ਹੈ। ਇਸ ਮੀਡੀਏ ਦੀ ਗੁਰੂ ਗ੍ਰੰਥ ਸਹਿਬ ਪ੍ਰਤੀ ਦਿਆਨਤਦਾਰੀ ਦਾ ਤਾਂ ਇਥੋਂ ਹੀ ਪਤਾ ਲੱਗ ਜਾਂਦਾ ਹੈ ਜਦ ਇਹ ਗੁਰਬਾਣੀ ਦੀ ਬਜਾਏ ਵ੍ਹੇਲੜ ਸਾਧਾਂ ਵਲੋਂ ਆਪੂ ਘੜੀਆਂ ਧਾਰਨਾ ਵਾਲੇ ਅਖੌਤੀ ਕੀਰਤਨ ਦੀਆਂ ਵੀਡੀਓ ਲਗਾਈ ਰੱਖਦੇ ਹਨ, ਜਿਸਤੋਂ ਸਿੱਖ ਰਹਿਤ ਮਰਿਯਾਦਾ ਵਰਜਦੀ ਹੈ। ਸਿੱਖ ਰਹਿਤ ਮਰਿਯਾਦਾ ਵਿਚ ਇਹ ਸਾਫ ਲਿਖਿਆ ਹੋਇਆ ਹੈ ਕਿ (1) ਗੁਰੂ ਗ੍ਰੰਥ ਸਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ, ਇਸਦਾ ਮਤਲਬ ਹੋਇਆ ਕਿ ਕਿਸੇ ਪੁਸਤਕ ਦਾ (ਗੁਰੂ ਗ੍ਰੰਥ ਸਹਿਬ ਤੋਂ ਬਿਨਾਂ) ਪ੍ਰਚਾਰ ਭੀ ਨਹੀਂ ਹੋ ਸਕਦਾ, (2) ਕੀਰਤਨ ਕੇਵਲ ਗੁਰਬਾਣੀ ਦਾ ਹੋਵੇ ਹਾਂ ਇਸਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਰਾਹੀਂ ਹੋ ਸਕਦੀ ਹੈ। ਏਨੀ ਸਪਸ਼ਟ ਅਗਵਾਈ ਦੇ ਖਿਲਾਫ ਜਿੱਥੇ ਜੋ ਕੁਝ ਭੀ ਇਸਦੇ ਉਲਟ ਹੋ ਰਿਹਾ ਹੈ, ਭਾਵੇਂ ਉਹ ਗੁਰਦੁਆਰਾ ਹੋਵੇ ਜਾਂ ਸਿੱਖ ਮੀਡੀਆ ਸਮਝੋ ਸਭ ਪੰਥ ਦੋਖੀਆਂ ਵਲੋਂ ਪੰਥ ਨੂੰ ਨੀਵਾਂ ਦਿਖਾਉਣ ਅਤੇ ਗੁਰੂ ਗ੍ਰੰਥ ਸਹਿਬ ਜੀ ਦਾ ਨਿਰਾਦਰ ਕਰਨ ਲਈ ਜਾਣਬੁਝ ਕੇ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਜਿਸ ਮੀਡੀਏ ਨੇ ਐਸੇ ਪ੍ਰੈਜ਼ੈਟਰ ਰੱਖੇ ਹੋਏ ਹੋਣ ਜਿਹਨਾਂ ਵਾਰੇ ਪ੍ਰੈਸ ਵਿਚ ਕਈ ਵੇਰ ਆ ਚੁੱਕਾ ਹੋਵੇ ਕਿ ਉਹ ਆਰ. ਐਸ. ਐਸ. ਦੇ ਕਾਰਜ ਕਰਤਾ ਹਨ, ਜਾਣੀ ਸਿੱਖੀ ਭੇਖ ਵਿਚ ਗੰਗੂ ਦੀ ਔਲਾਦ ਸਿੱਖੀ ਦਾ ਭੋਗ ਪਾਉਣ ਲਈ ਤੈਨਾਤ ਕੀਤੇ ਹੋਏ ਏਜੰਟ, ਤਾਂ ਸਮਝਣਾ ਚਾਹੀਦਾ ਹੈ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ। ਹੋ ਸਕਦਾ ਹੈ ਕਿ ਸਿੱਖ ਚੈਨਲ ਤੇ ਜੋ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਪਾਠ ਵਾਰੇ ਐਡ ਹੋਈ ਸੀ ਇਹਨਾਂ ਅੰਨਸਰਾਂ ਦੀ ਮਿਲੀਭੁਗਤ ਦਾ ਨਤੀਜਾ ਹੋਵੇ, ਜਿਸਦੇ ਜ਼ਿਆਦਾ ਆਸਾਰ ਹਨ! ਹਾਂ ਇਸ ਵਾਰੇ ਇਹਨਾਂ ਚੈਨਲਾਂ ਨਾਲ਼ ਸਬੰਧਤ ਸੁਹਿਰਦ ਗੁਰਸਿੱਖਾਂ (ਜੇ ਹੋਣ?) ਨੂੰ ਜ਼ਰੂਰ ਘੋਖ ਪੜਤਾਲ ਕਰਨੀ ਬਣਦੀ ਹੈ ਅਤੇ ਐਸੀ ਘੁਸਪੈਠ ਤੋਂ ਬਚਣ ਦਾ ਠੋਸ ਉਪਰਾਲਾ ਭੀ ਕਰਨਾ ਚਾਹੀਦਾ ਹੈ। ਕਿਉਂ ਕਿ ਇਹਨਾਂ ਦੀ ਮੌਜੂਦਗੀ ਕਰਕੇ ਇਹ ਚੈਨਲ ਕਈ ਐਸੇ ਪ੍ਰੋਗਰਾਮ ਪ੍ਰਸਾਰਤ ਕਰ ਜਾਂਦੇ ਹਨ ਜਿਸ ਨਾਲ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੋਣ ਨਾਲ - ਅਪਨੀ ਪਰਤੀਤਿ ਆਪ ਹੀ ਖੋਵੈ। ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ॥(268) ਵਾਲੀ ਸਥਿਤੀ ਬਣਨ ਤੋਂ ਬਚਿਆ ਜਾਏ।

ਕਾਸ਼ ਆਪਣੇ ਆਪ ਨੂੰ ਸਿੱਖ ਮੀਡੀਆ ਅਖਵੌਣ ਵਾਲੇ ਪ੍ਰੋਗਰਾਮ ਪ੍ਰਸਾਰਤ ਕਰਨ ਤੋਂ ਪਹਿਲਾਂ ਉਹਨਾਂ ਗੁਰਸਿੱਖਾਂ ਨੂੰ ਚੇਤੇ ਵਿਚ ਜ਼ਰੂਰ ਰੱਖਿਆ ਕਰਨ ਹਿਜਨਾਂ ਨੇ ਗੁਰੂ ਗ੍ਰੰਥ ਸਹਿਬ ਜੀ ਦਾ ਸਤਿਕਾਰ ਅਤੇ ਰਹਿਤ ਦੀ ਖਾਤਿਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਜਾਂ ਪੀਰ ਬੁਧੂ ਸ਼ਾਹ ਜੀ ਨੂੰ ਯਾਦ ਕਰ ਲਿਆ ਕਰਨ। ਜਿਹਨਾਂ ਮੁਸਲਮਾਨ ਹੁੰਦੇ ਹੋਏ ਭੀ ਆਪਣੇ ਪੁਤਰਾਂ ਅਤੇ ਮੁਰੀਦਾਂ ਨਾਲ ਗੁਰੂ ਦਸਮ ਪਿਤਾ ਜੀ ਦੀ ਈਰਖਾਲੂ ਹਿੰਦੂ ਰਾਜਿਆਂ ਨਾਲ ਲੜਾਈ ਵੇਲੇ ਆ ਮਦਦ ਕੀਤੀ ਅਤੇ ਸ਼ਹੀਦੀਆਂ ਵੀ ਪਾਈਆਂ। ਉਹ ਤਾਂ ਸਿਰਫ ਖ਼ੁਦਾ ਪ੍ਰਸਤ ਸਨ ਫਿਰ ਵੀ ਉਹਨਾਂ ਗੁਰੂ ਜੀ ਦੀ ਮਦਦ ਕੀਤੀ ਕਿਉਂ ਕਿ ਗੁਰੂ ਜੀ ਵੀ ਇੱਕ ਰੱਬ (ਅਕਾਲ) ਪ੍ਰਸਤ ਸਨ ਜਦ ਕਿ ਹਿੰਦੂ ਸਾਕਤ ਰਾਜੇ ਬੁੱਤ ਪ੍ਰਸਤ। ਪਰ ਇਹ ਮੀਡੀਏ ਵਾਲੇ ਤਾਂ ਸਿਰਫ ਮਾਇਆ ਪ੍ਰਸਤ ਲੱਗ ਰਹੇ ਹਨ ਪੰਥ ਪ੍ਰਸਤ ਨਹੀਂ। ਯਾਦ ਰਹੇ ਗੁਰਬਾਣੀ ਜਿਹਨਾਂ ਵਿਕਾਰਾਂ ਤੋਂ ਸਖ਼ਤੀ ਨਾਲ ਵਰਜਦੀ ਹੈ ਉਹਨਾਂ ਵਿਚ ਮਾਇਆ ਅਤੇ ਲਾਲਚ ਭੀ ਆਉਂਦੇ ਹਨ, ਕੀ ਪੂਰਾ ਸਿੱਖ ਮੀਡੀਆ ਇਸ ਵਲ ਧਿਆਨ ਦੇਵੇਗਾ? ਹਮ ਮਰਦ ਏ ਖ਼ਾਲਸਾ ਬੇਦਾਰ ਹਸਤੀ।

ਕਾਸ਼ ਸੂਝਵਾਨ ਸਿੱਖ ਖ਼ਾਲਸ ਸਿੱਖ ਮੀਡੀਆ ਕਾਇਮ ਕਰਨ ਲਈ ਉਦਮ ਕਰ ਸਕਣ ਜੋ ਮੁਸਲਮਾਨਾਂ ਦੇ "ਪੀਸ ਟੀ.ਵੀ." ਵਾਂਗ ਗੁਰਮਤਿ ਬਾਰੇ ਦੁਨੀਆਂ ਨੂੰ ਜਾਣੂ ਕਰਾ ਸਕੇ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top