Share on Facebook

Main News Page

ਪੰਥ-ਦਰਦੀ ਨੌਜਵਾਨ ਭਾਈ ਦਲਜੀਤ ਸਿੰਘ ਨੌਇਡਾ ਨੇ ਪੰਥਕ ਜਥੇਬੰਦੀਆਂ ਨੂੰ ਦਿੱਤਾ ਹਲੂਣਾ

* ‘ਸਚੁ ਸੁਣਾਇਸੀ, ਸਚ ਕੀ ਬੇਲਾ’ ਦਾ ਹੋਕਾ ਦੇਣ ਵਾਲੀਆਂ ਜਾਗਰੂਕ ਜਥੇਬੰਦੀਆਂ ਤੇ ਪ੍ਰਚਾਰਕਾਂ ਨੂੰ ਹੁਣ ਬਾਦਲਕਿਆਂ ਦਾ ਸੱਚ, ਲੋਕਾਂ ਸਾਹਮਣੇ ਪ੍ਰਗਟ ਕਰਨਾ ਚਾਹੀਦਾ ਹੈ

ਬਠਿੰਡਾ, 24 ਜਨਵਰੀ (ਕਿਰਪਾਲ ਸਿੰਘ): ਇੱਕ ਪੰਥ-ਦਰਦੀ ਨੌਜਵਾਨ ਭਾਈ ਦਲਜੀਤ ਸਿੰਘ ਨੌਇਡਾ ਜਿਹੜੇ ਆਪਣੇ ਸਾਥੀਆਂ ਨਾਲ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧ ਅਤੇ ਚੋਣਾਂ ਪੱਖੋਂ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹਨ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਅਤੇ ਇਸ ਪੱਤਰਕਾਰ ਨੂੰ ਨਿਜੀ ਤੌਰ ’ਤੇ ਫ਼ੋਨ ਰਾਹੀਂ ਸੰਪਰਕ ਕਰਕੇ ਕਿਹਾ ਕਿ 27 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ। ਅਕਾਲੀ ਦਲ ਦੇ ਨਾਮ ਦੀ ਦੁਰਵਰਤੋਂ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੀ ਪੰਜਾਬ ਦੀ ਸੱਤਾਧਾਰੀ ਤੇ ਆਰ.ਆਰ.ਐੱਸ. ਦਾ ਹੱਥ-ਠੋਕਾ ਬਣ ਚੁੱਕੀ ਬਾਦਲ ਪੰਜਾਬੀ ਪਾਰਟੀ, ਦਿੱਲੀ ਦੇ ਗੁਰਦੁਆਰਿਆਂ ’ਤੇ ਕਾਬਜ਼ ਹੋਣ ਲਈ ਪੱਬਾਂ ਭਾਰ ਹੋਈ ਪਈ ਹੈ।

‘ਸਚੁ ਸੁਣਾਇਸੀ, ਸਚ ਕੀ ਬੇਲਾ’ ਦਾ ਹੋਕਾ ਦੇਣ ਵਾਲੀਆਂ ਜਾਗਰੂਕ ਜਥੇਬੰਦੀਆਂ ਤੇ ਪ੍ਰਚਾਰਕਾਂ ਲਈ ਹੁਣ ਮੌਕਾ ਹੈ ਕਿ ਬਾਦਲ ਕਿਆਂ ਦਾ ਸੱਚ, ਲੋਕਾਂ ਸਾਹਮਣੇ ਪ੍ਰਗਟ ਕਰਨ ਤਾਂ ਕਿ ਉਹ ਦਿੱਲੀ ਦੇ ਗੁਰਦੁਆਰਿਆਂ ’ਤੇ ਕਾਬਜ਼ ਹੋ ਕੇ ਪੰਥ ਦੀ ਅਵਾਜ਼ ਨੂੰ ਬੰਦ ਨਾ ਕਰ ਸਕਣ। ਪਰ ਹੈਰਾਨੀ ਦੀ ਗੱਲ ਹੈ ਕਿ ਬਾਦਲਕਿਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੀਆਂ ਧਾਰਮਿਕ ਤੇ ਰਾਜਨੀਤਕ ਪੰਥਕ ਜਥੇਬੰਦੀਆਂ ਤੇ ਪ੍ਰਚਾਰਕ ਆਪਣੇ ਆਪਣੇ ਘੁਰਨਿਆਂ ਵਿੱਚ ਵੜੇ ਬੈਠੇ ਹਨ।

ਭਾਈ ਨੌਇਡਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਧਾਰਮਿਕ ਹਨ, ਰਾਜਨੀਤਕ ਨਹੀਂ। ਇਸ ਲਈ ਲਈ ਪੰਥਕ ਖੇਤਰ ਦੇ ਧਰਮ ਪ੍ਰਚਾਰਕਾਂ ਅਤੇ ‘ਸਚੁ ਸੁਣਾਇਸੀ, ਸਚ ਕੀ ਬੇਲਾ’ ਦਾ ਹੋਕਾ ਦੇਣ ਵਾਲੀਆਂ ਜਾਗਰੂਕ ਜਥੇਬੰਦੀਆਂ ਤੇ ਸਿੱਖ ਮਿਸ਼ਨਰੀ ਕਾਲਜਾਂ ਨੂੰ ਹੁਣ ਖੁੱਲ ਕੇ ਓਵੇਂ ਹੀ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ, ਜਿਵੇਂ ਗਿਆਨੀ ਜਗਤਾਰ ਸਿੰਘ ਜਾਚਕ, ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਦਿੱਲੀ ਦੇ ਟਿਕਾਣਾ ਸਾਹਿਬ ਵਾਲੇ ਮਹੰਤ ਨੇ ਦਲੇਰੀ ਦਿਖਾਈ ਹੈ। ਭਾਈ ਨੌਇਡਾ ਨੇ ਕਿਹਾ ਕਿ ਪੰਥਕ ਖੇਤਰ ਵਿੱਚ ਜਥਬੰਦੀਆਂ ਤਾਂ ਨਿੱਤ ਨਵੀਆਂ ਬਣ ਰਹੀਆਂ ਹਨ, ਪਰ ਉਨ੍ਹਾਂ ਵਿੱਚੋਂ ਦਿੱਲੀ ਵਿੱਚ ਇਸ ਵੇਲੇ ਕੋਈ ਵੀ ਸਰਗਰਮ ਨਹੀਂ ਹੈ। ਨਾ ਕੋਈ ਮਾਨ ਦਲ ਤੇ ਨਾ ਕੋਈ ਦਲ ਖ਼ਾਲਸਾ ਲੱਭਦਾ ਹੈ, ਜਿਹੜੇ ਆਪਣੇ ਆਪ ਨੂੰ ਬਾਦਲ ਵਿਰੋਧੀ ਸਿੱਧ ਕਰਦੇ ਹਨ। ਉਨ੍ਹਾਂ ਕਿਹਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇ ਬਾਦਲ ਕੇ ਦਿੱਲੀ ’ਤੇ ਕਾਬਜ਼ ਹੋ ਗਏ ਤਾਂ ਕੋਈ ਵੀ ਹੋਰ ਸ਼ਕਤੀ ਅਤੇ ਸਟੇਜ ਨਹੀਂ, ਜਿਸ ਨੂੰ ਭਾਈ ਰਾਜੋਆਣਾ ਦੇ ਕੇਸ ਵਰਗੇ ਪੰਥਕ ਸਘੰਰਸ਼ ਲਈ ਵਰਤਿਆ ਜਾ ਸਕੇ। ਹੁਣ ਇਹੀ ਇੱਕ ਸਿੱਖੀ ਆਖ਼ਰੀ ਕਿਲਾ ਹੈ, ਜਿਸ ਨੂੰ ਪੰਥ ਵਿਰੋਧੀ ਹਿੰਦੂ ਜਥੇਬੰਦੀਆਂ ਬਾਦਲ ਕਿਆਂ ਰਾਹੀਂ ਢਾਹੁਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ । ਇਸ ਲਈ ਜਾਗੋ ਅਤੇ ਸਿੱਧੇ ਰੂਪ ਵਿੱਚ ਮੈਦਾਨ ਵਿੱਚ ਆਓ। ਨਹੀਂ ਤਾਂ ਫਿਰ ਪਛਤਾਏ ਕਿਆ ਹੋਗਾ, ਜਬ ਚਿੜੀਆਂ ਚੁਗ ਗਈ ਖੇਤ ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top