Share on Facebook

Main News Page

ਦਿੱਲੀ ਗੁਰਦੁਆਰਾ ਚੋਣਾਂ
-
ਸਤਿੰਦਰ ਸਿੰਘ ਮੀਤ , 98913 40024

ਇਕ ਬੇਸੁਰਾ ਗਾਇਕ ਗਾ ਰਿਹਾ ਸੀ ਤੇ ਗਾਉਂਦਾ ਹੀ ਜਾ ਰਿਹਾ ਸੀ, ਇਹ ਵੇਖਕੇ ਇਕ ਬਜੁਰਗ ਕੋਲੋਂ ਰਿਹਾ ਨਾ ਗਿਆ ਉਹ ਡਾਂਗ ਲੈ ਕੇ ਸਟੇਜ ਸਾਹਮਣੇ ਵਾਰ ਵਾਰ ਇਧਰ ਉਧਰ ਜਾਣ ਲਗਾ, ਇਹ ਵੇਖ ਕੇ ਉਹ ਗਾਇਕ ਉਸ ਬਜੁਰਗ ਨੂੰ ਕਹਿਣ ਲਗਾ ਬਾਬਾ ਕੀ ਢੂੰਡ ਰਿਹਾ ਹੈਂ, ਬਾਬਾ ਕਹਿੰਦਾ ਤੂੰ ਲੱਗਾ ਰਹਿ ਮੈਂ ਉਸ ਨੂੰ ਲੱਭ ਰਿਹਾਂ ਜਿਸ ਨੇ ਤੈਨੂੰ ਸਟੇਜ ‘ਤੇ ਚੜਾਇਆ ਹੈ।

ਇਹ ਘਟਨਾ ਅੱਜ ਹੋ ਰਹੇ ਦਿੱਲੀ ਗੁਰਦੁਆਰਾ ਚੋਣਾਂ ਤੇ ਫਿੱਟ ਬੈਠਦੀ ਹੈ, ਜੋ ਪ੍ਰਬੰਧ ਤੇ ਕਾਬਿਜ ਹੈ ਉਹ ਛੱਡਣ ਨੂੰ ਰਾਜੀ ਨਹੀਂ, ਜੋ ਬਾਹਰ ਹੈ ਉਹ ਕਬਜੇ ਲਈ ਕੁੱਝ ਵੀ ਕਰਣ ਨੂੰ ਤਿਆਰ ਹੈ। ਮੈਂ ਉਸ ਕੰਮਬਖਤ ਨੂੰ ਲੱਭ ਰਿਹਾਂ ਜਿਸ ਗੁਰਦੁਆਰਿਆਂ ਵਿੱਚ ਚੋਣਾਂ ਸ਼ੁਰੂ ਕਰਵਾ ਕੇ ਸਿੱਖੀ ਨੂੰ ਫਰਸ਼ ਤੇ ਲਿਆਉਣ ਦੀ ਹਿਮਾਕਤ ਕੀਤੀ।

ਗੁਰਦੁਆਰਾਂ ਚੋਣਾਂ ਦਾ ਡਗਾ ਵਜਦਿਆਂ ਹੀ ਕਿਵੇਂ ਲੋਕ ਮੈਦਾਨ ਵਿੱਚ ਆ ਵੜੇ, ਜਿਵੇਂ ਪੈਸਾ ਰੋਹੜਿਆ ਜਾ ਰਿਹਾ ਹੈ,ਵੋਟ ਲੈਣ ਲਈ ਨਸ਼ੇ ਕਿਵੇ ਵਰਤਾਏ ਜਾਂਦੇ ਰਹੇ ਨੇ, ਹੁਣ ਵੀ ਇਹੀ ਕੁੱਝ ਹੋਵੇਗਾ। ਉਸਤੋਂ ਅੰਦਾਜਾ ਲਾਉਣਾਂ ਔਖਾ ਨਹੀਂ ਕਿ ਇਹ ਲੋਕ ਕਿਵੇਂ ਦੀ ਸੇਵਾ ਕਰਨਗੇ। ਕੰਧਾਂ, ਕੋਠਿਆਂ ਅਤੇ ਖੰਬਿਆਂ ਉਤੇ ਪੋਸਟਰਾਂ, ਬੈਨਰਾਂ ਤੇ ਹੋਰਡਿਗਾਂ ਨੇ ਹਨੇਰੀ ਲਿਆਂਦੀ ਹੋਈ ਹੈ। ਦੂਜੇ ਫਿਰਕਿਆਂ ਦੇ ਲੋਕ ਵੀ ਹੈਰਾਨ ਨੇ ਕਿ ਕਿੰਨਾ ਚਾਅ ਹੈ ਇਨਾਂ ਲੋਕਾਂ ਚ ਸੇਵਾ ਦਾ, ਇਹ ਮਜ਼ਾਕ ਨਹੀਂ ਲਗਦਾ? ਕਿਉਂਕਿ ਲੋਕੀਂ ਅਕਸਰ ਹੀ ਵੇਖਦੇ ਰਹਿਂਦੇ ਨੇ ਤੇ ਪਿਛਲੇ ਦਿਨੀਂ ਵੀ ਵੇਖ ਚੁੱਕੇ ਨੇ ਕਿ ਕਿਵੇਂ ਰਕਾਬ ਗੰਜ ਸਾਹਿਬ, ਪੱਗਾਂ ਰੋਲੀਆਂ ਗਈਆਂ, ਕੇਸ ਖਿੱਲਰੇ, ਡਾਂਗਾਂ, ਕਿਰਪਾਨਾਂ ਚੱਲੀਆਂ, ਗਾਹਲਾਂ ਵਾਹੀਆਂ ਤੇ ਆਪਸ ਵਿੱਚ ਮਾਰਕੁਟਾਈ ਹੋਈ। ਕਿੰਨੀ ਬੇਸ਼ਰਮੀ ਤੇ ਬੇਹਯਾਈ ਵਾਲੀ ਗੱਲ ਹੈ ਕਿ ਸਾਨੂੰ ਸਿੱਖਾਂ ਨੂੰ ਅਜੇ ਤਕ ਇਹੀ ਪਤਾ ਨਹੀ ਲੱਗ ਸਕਿਆਂ ਕਿ ਇਹ ਜੋ ਤੁਸੀਂ ਪੱਗਾਂ ਰੋਲਦੇ ਹੋ ਇਹ ਗੁਰੂ ਦੀ ਪੱਗ ਹੈ। ਫਰਾਂਸ ਵਾਲਾ ਮਸਲਾ ਕਿਵੇਂ ਹੱਲ ਹੋਵੇਗਾ, ਦਸਤਾਰ ਦੀ ਕਦਰ ਅਹਮੀਅਤ ਤਾਂ ਸਾਨੂੰ ਅਜੇ ਤਕ ਖੁਦ ਨੂੰ ਪਤਾ ਨਹੀਂ ਲੱਗੀ।

ਪੁਰਾਣੇ ਸਮੇਂ ਵੀਂ ਗੁਰਦੁਆਰਾ ਪ੍ਰਬੰਧ ਚਲਦਾ ਸੀ, ਕੌਮ ਨੂੰ ਕੋਈ ਦੂਜਾ ਰਸਤਾ ਲੱਭਣਾ ਪਵੇਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਾਪਦਾ, ਜਦ ਸਾਡੇ ਗੁਰਦੁਆਰੇ ਸਰਕਾਰੀ ਪ੍ਰਬੰਧ ਹੇਠ ਹੋਣਗੇ, ਵੇਲਾ ਹੈ ਕੁੱਝ ਕਰਨ ਦਾ। ਮੇਰੇ ਅਕਾਲੀ ਵੀਰਾਂ ਤੇ ਜੱਥੇਦਾਰਾਂ ਨੂੰ ਵੀ ਖਾਕੀ ਨਿੱਕਰਾਂ ਉਤਾਰਣੀਆਂ ਪੈਣੀਆਂ ਨੇ ਪੰਥ ਦਾ ਤਦ ਹੀ ਕੁੱਝ ਸੰਵਰ ਸਕੇਗਾ। ਸਰਬਸੰਮਤੀ ਨਾਲ ਵੀ ਪ੍ਰਬੰਧ ਦੀ ਸੇਵਾ ਹੋ ਸਕਦੀ ਹੈ, ਕਦੀ ਸਿੱਖ, ਨਵਾਬੀ ਨੂੰ ਵੀ ਠੋਕਰ ਮਾਰ ਦਿਆ ਕਰਦੇ ਸਨ, ਨਵਾਬ ਕਪੂਰ ਜੀ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਨ੍ਹਾਂ ਪੰਥਕ ਵਲੋਂ ਜੋਰ ਦੇਣ ਤੇ ਪੰਜ ਪਿਆਰਿਆਂ ਦੇ ਜੋੜਿਆਂ ਨੂੰ ਛੁਹਾ ਕੇ ਇਸ ਸ਼ਰਤ ਤੇ ਨਵਾਬੀ ਦੀ ਖਿੱਲਤ ਕਬੂਲ ਕੀਤੀ ਕਿ ਉਨ੍ਹਾਂ ਨੂੰ ਗੁਰੂਘਰ ਦੇ ਘੋੜਿਆਂ ਦੀ ਸੇਵਾ ਇਸੇ ਤਰ੍ਹਾਂ ਹੀ ਕਰਨ ਦਿੱਤੀ ਜਾਵੇਗੀ। ਅੱਜ ਅਸੀਂ ਇਸ ਸੇਵਾ ਲਈ ਇਕ ਦੂਜੇ ਦਾ ਸਿਰ ਪਾੜਣ ਲਈ ਤਿਆਰ ਹਾਂ,ਕਿੱਥੇ ਖੜੇ ਹਾਂ ਅਸੀਂ।

ਸਾਰੇ ਦਾਵੇਦਾਰ, ਉਮੀਦਵਾਰ ਇਕੋ ਜਿਹੇ ਵੀ ਨਹੀਂ, ਸੇਵਾ ਭਾਵਨਾਂ ਵਾਲੇ ਵੀ ਬਹੁਤ ਹਨ ਇੱਥੇ ਗੱਲ ਉਨ੍ਹਾਂ ਦੀ ਹੋ ਰਹੀ ਹੈ ਜਿਨ੍ਹਾਂ ਨੂੰ ਗੁਰਮਰਿਯਾਦਾ, ਗੁਰਇਤਿਹਾਸ ਤੇ ਸਿੱਖ ਇਤਿਹਾਸ ਦਾ ਊੜਾ ਐੜਾ ਵੀ ਨਹੀਂ ਪਤਾ। ਕਿਵੇਂ ਦਾ ਹੋਵੇ ਉਮੀਦਵਾਰ? ਜਾਹਿਰ ਹੈ ਨਿਤਨੇਮੀ, ਅੰਮ੍ਰਿਤਧਾਰੀ, ਪੰਥਕ ਰਹਿਣੀ ਬਹਿਣੀ ਦਾ ਮਾਲਿਕ ਹੋਵੇ, ਦਾੜ੍ਹੀ ਕਾਲੀ ਨਾ ਕਰਦਾ ਹੋਵੇ, ਸ਼ਰਾਬ ਨਾ ਪੀਂਦਾ ਹੋਵੇ (ਇਹ ਲਿਖਦੇ ਹੋਏ ਸ਼ਰਮ ਆ ਰਹੀ ਹੈ ਕਿ ਸਾਡੇ ਪ੍ਰਬੰਧਕ ਵੀ ਸ਼ਰਾਬ ਪੀਂਦੇ ਤੇ ਪਿਆਂਉਦੇ ਹਨ) ਜਾਨ ਚਲੀ ਜਾਵੇ ਪਰ ਵਿਕੇ ਨਾ, ਜਿਸ ਤੇ ਕੋਈ ਠੱਗੀ ਫਰੇਬ ਦਾ ਕੇਸ ਨਾ ਚੱਲਦਾ ਹੋਵੇ।

ਅੱਜ ਬਹੁਤ ਲੋਕ ਇਸੇ ਰਸਤੇ ਹੀ ਰਾਜਨੀਤੀ ਚ ਦਾਖਿਲ ਹੁੰਦੇ ਹਨ, ਪਹਿਲਾਂ ਪੋਸ਼ਟਰ ਲਾ ਕੇ ਸੰਗਤ ਦਾ ਸਵਾਗਤ, ਅਗਲੀ ਵਾਰੀ ਸਮਾਜ ਸੇਵਕ,ਫਿਰ ਪ੍ਰਮੁਖ ਸਮਾਜ ਸੇਵਕ ਇਨੇ ਨੂੰ ਕਿਸੇ ਪਾਰਟੀ ਨਾਲ ਗੰਢਤੁੱਪ ਕਰ, ਜਾਂ ਆਜ਼ਾਦ ਹੀ, ਗੁਰਦੁਆਰਾ ਚੋਣਾਂ ਚ ਨਿੱਤਰ ਪੈਂਦੇ ਹਨ।ਪਤਾ ਹੁੰਦਾ ਹੈ ਕਿ ਇਹੀ ਰਸਤਾ ਕਦੇ, ਮੈਂਬਰੀ, ਚੇਅਰਮੈਨੀ, ਪ੍ਰਧਾਨਗੀ, ਦਾਅ ਵੱਜੱੇ ਤਾਂ ਨਿਗਮ ਚੋਂ ਹੁੰਦੇ ਹੋਏ ਵਿਧਾਇਕ ਤੇ ਸੰਸਦ ਨੂੰ ਵੀ ਲਿਜਾ ਸਕਦਾ ਹੈ।

ਬੁਧੀਜੀਵੀ ਵਰਗ ਅੱਗੇ ਨਹੀਂ ਆਉਂਦਾ, ਸ਼ਾਇਦ ਉਹ ਜਾਣਦਾ ਹੈ ਕਿ ਮਿੰਟਾਂ ਵਿੱਚ ਲੱਥੀ ਲੁਹਾਈ ਕਰ ਦਿਤੀ ਜਾਂਦੀ ਹੈ। ਮੂੰਹ ਬੰਦ ਰੱਖਣ ਨੂੰ ਕਿਹਾ ਜਾਂਦਾ ਹੈ, ਸਤਿਕਾਰ ਨਹੀਂ ਮਿਲਦਾ ਜਿਸਦੇ ਉਹ ਹੱਕਦਾਰ ਨੇ। ਪਾਰਟੀਆਂ ਨੂੰ ਵੀ ਵੇਖਣਾਂ ਚਾਹੀਦਾ ਹੈ ਕਿ ਉਮੀਦਵਾਰ ਯੋਗ ਵੀ ਨੇ, ਪੰਥ ਪ੍ਰਤੀ ਕੀ ਯੋਗਦਾਨ ਹੈ, ਜੋ ਘਰ ਠੀਕ ਢੰਗ ਨਾਲ ਨਾ ਚਲਾ ਸਕੇ ਉਹ ਗੁਰਦੁਆਰੇ ਸਿੱਖੀ ਦੇ ਅਦਾਰੇ ਕਿਵੇਂ ਚਲਾਵੇਗਾ, ਉਂਗਲੀ ਨੂੰ ਲਹੂ ਲਗਾ ਕੇ ਸ਼ਹੀਦ ਨਹੀਂ ਅਖਵਾਇਆ ਜਾ ਸਕਦਾ, ਅੱਜ ਇਹ ਲੋਕ ਵੇਖੋ ਵੇਖੀ ਅੰਮ੍ਰਿਤ ਵੀ ਰਾਤੋ ਰਾਤ ਛੱਕ ਲੈਂਦੇ ਨੇ ਸ਼ਰਤ ਪੂਰੀ ਕਰਨ ਲਈ। ਇਤਿਹਾਸ ਤੋਂ ਕੋਰੇ ਸਿੱਖੀ ਤੇ ਭਾਸ਼ਣ ਵੀ ਝਾੜ ਲੈਂਦੇ ਨੇ ਪੁੱਠਾ ਸਿੱਧਾ ਬੋਲ ਕੇ।

ਵੈਸੇ ਵੀ ਨੇ ਜਿਹਨਾਂ ਨਾਜਾਇਜ ਤਰੀਕੇ ਨਾਲ ਪੈਸਾ ਬਣਾਇਆ ਹੈ ਆਪਣਿਆਂ ਲੋਕਾਂ ਨੂੰ ਹੀ ਜ਼ਖਮ ਦਿੱਤੇ, ਇਹੀ ਵੇਖ ਪਿਛਲੇ ਦਿਨੀ ਮੈਂ ਪਿਛਲੇ ਦਿਨੀ ਵੀਰ ਜਸਜੀਤ ਸਿੰਘ ਟੋਨੀ (ਦਿੱਲੀ ਯੂ.ਕੇ) ਹੁਰਾਂ ਨਾਲ ਗੱਲ ਕੀਤੀ ਕਿ ਉਮੀਦਵਾਰੀ ਲਈ ਤੁਹਾਡਾ ਪੈਮਾਨਾ ਕੀ ਹੈ, ਉਹਨਾਂ ਕਿਹਾ ਕਿ ਸੰਗਤ ਹੀ ਤੈਅ ਕਰਦੀ ਹੈ, ਮੇਰਾ ਅਗਲਾ ਪ੍ਰਸ਼ਨ ਸੀ ਕਿ ਅਸ਼ੋਕ ਨਗਰ (ਤਿਲਕ ਨਗਰ) ਤੋ ਤੁਹਾਡੀ ਪਾਰਟੀ ਦੇ ਅਹੁਦੇਦਾਰ ਤੇ ਆਉਣ ਵਾਲੇ ਉਮੀਦਵਾਰ ਬਾਰੇ ਰਾਇ ਦੇਣ ਵਾਲੀ ਸੰਗਤ ਕਿਹੜੀ ਹੈ? ਉਹ ਚੁੱਪ ਕਰ ਗਏ ਜਦ ਮੈਂ ਪੂਰੀ ਕਹਾਣੀ ਦੱਸੀ ਕਿ ਟਰਾਂਸਪਟਰ ਹੁੰਦੇ ਹੋਏ, ਤੁਹਾਡੇ ਅਹੁਦੇਦਾਰ ਨੇ ਲੋਕਾਂ ਨੂੰ ਕਿਵੇਂ ਚੂਨਾਂ ਲਾਇਆ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਵਿਚਾਰਾਂਗਾ, ਪਰ ਵਿਚਾਰਿਆ ਨਹੀਂ ਟੋਨੀ ਜੀ ਨੇ, ਸ਼ਾਇਦ ਉਸ ਤੋਂ ਤਕੜਾ (ਇਮਾਨਦਾਰ) ਕੋਈ ਮਿਲਿਆ ਹੀ ਨਹੀਂ। ਮੈਂ ਖੁਦ ਵੀ ਸ਼ਿਕਾਰ ਹੋਇਆ ਹਾਂ, ਪੂਰਾ ਵੇਰਵਾ ਮੈਥੋਂ ਲਿਆ ਜਾ ਸਕਦਾ ਹੈ, ਐੇਸੇ ਲੋਕ ਗੁਰਦੁਆਰਾ ਪ੍ਰਬੰਧ ਵਿਚ ਆ ਕੇ ਕੌਮ ਦਾ ਕੀ ਸਵਾਰਣਗੇ। ਕਿਹੜੀ ਰਸਾਤਲ ‘ਚ ਧੱਕਣਗੇ। ਗੁਰੂ ਇਤਿਹਾਸ ਹੈ ਕਿਵੇਂ ਗੁਰੂ ਨਾਨਕ ਸਾਹਿਬ ਨੇ, ਭਾਈ ਲਾਲੋ ਜੀ ਦੀ ਰੋਟੀ ਦੁੱਧ ਵਰਗੀ ਪਵਿਤੱਰ ਤੇ ਮਲਿਕ ਭਾਗੋ ਦੀ ਰੋਟੀ ਲੋਕਾਂ ਦੇ ਲਹੂ ਨਾਲ ਭਿੱਜੀ ਹੋਈ ਦਿਖਾਈ ਸੀ। ਕਿੰਨਾ ਚੰਗਾ ਹੋਵੇ ਕੇ ਚਾਹਵਾਨ ਘੱਟੋ ਘੱਟ 5 ਸਾਲ ਗੁਰਦੁਆਰੇ ਝਾੜੂ ਲਾਵੇ, ਲੰਗਰ ਦੇ ਭਾਂਡੇ ਸਾਫ ਕਰੇ ਤੇ ਫਿਰ ਸੰਗਤ ਚਾਹੇ ਤਾਂ ਸੋਚੇ ਕਿ ਮੈਂ ਇਹ ਸੇਵਾ ਲਵਾਂ।

ਗੁਰਵਾਕ ਹੈ,

ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top