Share on Facebook

Main News Page

ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਆਈ ਸੌਂਪੀ ਤਾਂ ਬ੍ਰਾਹਮਣ ਦਾ ਇਕਦਮ ਦਿਮਾਗ ਠੰਣਕਿਆ, ਕਿ ਪਹਿਲਾਂ ਤਾਂ ਦੇਹ ਦੇ ਮੁਕਾਬਲੇ ਦੇਹ ਖੜੀ ਕਰ ਦਿੰਦਾ ਸੀ, ਪਰ ਹੁਣ ਜਰੂਰੀ ਹੈ ਗ੍ਰੰਥ ਦੇ ਮੁਕਾਬਲੇ ਗ੍ਰੰਥ ਖੜਾ ਕਰਾਂ
-
ਪ੍ਰੋ. ਦਰਸ਼ਨ ਸਿੰਘ ਖਾਲਸਾ

ਇਸ ਸਮਾਗਮ ਦੀ ਵੀਡੀਓ, ਖ਼ਾਲਸਾ ਨਿਊਜ਼ ਨੂੰ ਹੁਣ ਮਿਲੀ ਹੈ, ਇਸ ਲਈ ਇਹ ਖਬਰ ਦੋਬਾਰਾ ਲਗਾਈ ਜਾ ਰਹੀ ਹੈ: ਸੰਪਾਦਕ ਖ਼ਾਲਸਾ ਨਿਊਜ਼

ਜੇ ਸਿੱਖ ਅਤੇ ਸਿੱਖੀ ਨੂੰ ਖਤਮ ਕਰਨਾ ਹੈ ਤਾਂ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨਾਲੋਂ ਤੋੜ ਦਿੱਤਾ ਜਾਏ। ਆਪਣੇ ਮੂਲ ਨਾਲੋਂ ਟੁੱਟ ਕੇ ਸਿੱਖੀ ਦੀ ਇਹ ਟਾਹਣੀ ਮੁਰਝਾਅ ਕੇ ਸੁੱਕ ਜਾਏਗੀ।

  • "ਸੋਢੀ ਪ੍ਰਿਥੀਚੰਦ ਦੀ ਰਚਨਾ" ਦਾ ਖੁਲਾਸਾ

 

(ਮਨਜੀਤ ਸਿੰਘ ਖਾਲਸਾ, ਮੋਹਾਲੀ) ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਵਲੋਂ ਮਿਤੀ 23 ਜਨਵਰੀ 2013 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ, ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 46 ਚੰਡੀਗੜ੍ਹ ਵਿੱਖੇ ਕੀਤਾ ਗਿਆ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਜੀ ਨੇ ਗੁਰਬਾਣੀ ਫੁਰਮਾਣ “ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥” ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਕੌਮ ਦੇ ਸਾਮ੍ਹਣੇ ਮਸਲਾ ਹੀ ਇਹ ਹੈ ਕਿ ਰੋਗ ਕੀ ਹੈ? ਕਈ ਵਾਰ ਰੋਗ ਸ਼ਰੀਰਕ ਅੰਗਾਂ ਦੇ ਵੱਖ- ਵੱਖ ਹਿੱਸਿਆਂ ਉੱਤੇ ਅਸਰਦਾਰ ਹੁੰਦਾ ਹੈ। ਜੇਕਰ ਲੱਤਾਂ ਵਿੱਚ ਦਰਦ ਸ਼ੁਰੂ ਹੋ ਜਾਏ, ਤਾਂ ਚੱਲ ਨਹੀਂ ਸਕੀਦਾ, ਅੱਖਾਂ ਰੋਗੀ ਹੋ ਜਾਣ, ਤਾਂ ਠੀਕ ਤਰ੍ਹਾਂ ਦੇਖ ਨਹੀਂ ਸਕੀਦਾ, ਹੱਥ ਰੋਗੀ ਹੋ ਜਾਣ ਤਾਂ ਕੁੱਝ ਕਰ ਨਹੀਂ ਸਕੀਦਾ। ਜੁਬਾਨ ਰੋਗੀ ਹੋ ਜਾਏ, ਤਾਂ ਬੋਲ ਨਹੀਂ ਸਕੀਦਾ। ਜੇਕਰ ਇਨ੍ਹਾਂ ਵਿੱਚੋਂ ਕੋਈ ਤਨ ਦਾ ਰੋਗ ਨਾ ਵੀ ਹੋਵੇ ਤੱਦ ਵੀ ਮਨੁੱਖ ਰੋਗੀ ਹੋ ਸਕਦਾ ਹੈ। ਸਤਿਗੁਰੂ ਸਮਝਾਉਂਦੇ ਹਨ “ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥” ਬਉਰਾਪਨ ਕੋਈ ਤਨ ਦਾ ਰੋਗ ਨਹੀਂ। ਕਿਉਂਕਿ ਬਾਵਰਾ ਮਨੁੱਖ ਚੱਲ ਫਿਰ ਸਕਦਾ ਹੈ। ਬਲਕਿ ਕਿਸੇ ਤੰਦਰੁਸਤ ਮਨੁੱਖ ਨਾਲੋਂ ਜਿਆਦਾ ਚੰਗਾ ਚੱਲ ਸਕਦਾ ਹੈ ਥੱਕਦਾ ਹੀ ਨਹੀਂ। ਬਾਵਰਾ ਮਨੁੱਖ ਦੂਜਿਆਂ ਨਾਲੋਂ ਜਿਆਦਾ ਬੋਲ ਸਕਦਾ ਹੈ। ਕਿਉਂਕਿ ਬੋਲਣ ਦਾ ਉਸਨੂੰ ਪਤਾ ਨਹੀਂ ਲਗਦਾ। ਬਾਵਰਾ ਮਨੁੱਖ ਦੇਖਦਾ ਵੀ ਹੈ। ਇਸ ਲਈ ਸ਼ਰੀਰ ਦੇ ਕਿਸੇ ਅੰਗ ਨਾਲ ਬਾਵਰੇਪਨ ਨੂੰ ਸਬੰਧਿਤ ਕਰਕੇ ਸੀਮਤ ਨਹੀਂ ਕੀਤਾ ਜਾ ਸਕਦਾ। ਗੁਰੂ ਕਹਿੰਦੇ ਨੇ ਸੰਸਾਰ ਸ਼ਬਦ ਤੋਂ ਟੁੱਟ ਕੇ ਬਉਰਾ ਹੋ ਰਿਹਾ ਹੈ।

ਬਾਵਰਾਪਨ ਉਹ ਰੋਗ ਹੈ ਜੋ ਸਿੱਧਾ ਮਨ ਨੂੰ ਡਿਸਟਰਬ ਕਰਦਾ ਹੈ। ਉਸਦੀ ਸੋਚ ਵਿੱਚ ਚੇਤਨਤਾ ਨਹੀਂ ਰਹਿੰਦੀ। ਕਿਨ੍ਹੀ ਅਜੀਬ ਗੱਲ ਹੈ ਰੋਗ ਦਿਮਾਗ ਵਿੱਚ ਹੈ ਪਰ ਸਾਰਾ ਸ਼ਰੀਰ ਹੀ ਉਸ ਰੋਗ ਨਾਲ ਰੋਗੀ ਹੋ ਗਿਆ ਹੈ। ਹੱਥ ਪੈਰ ਚਲਦੇ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਮੈਂ ਕਿੱਧਰ ਚੱਲ ਰਿਹਾ ਹਾਂ। ਮੇਰੀ ਮੰਜਿਲ ਕੀ ਹੈ? ਜੁਬਾਨ ਬੋਲਦੀ ਹੈ ਪਰ ਪਤਾ ਨਹੀਂ ਕਿ ਮੈਂ ਕੀ ਕਹਿਣਾ ਹੈ? ਬਾਵਰੇ ਦੀ ਕੋਈ ਗੱਲ ਨਹੀਂ ਸੁਨਣਾ ਚਾਹੁੰਦਾ। ਜੇ ਕੋਈ ਵੱਧ ਘੱਟ ਬੋਲ ਜਾਏ ਤਾਂ ਲੋਗ ਕਹਿੰਦੇ ਹਨ ਇਹ ਤਾਂ ਪਾਗਲ ਹੈ। ਉਸਦੀ ਗੱਲ ਸੁਣੀ ਹੋਈ ਵੀ ਅਣਸੁਣੀ ਕਰ ਦਿੰਤੀ ਜਾਂਦੀ ਹੈ।

ਲੋਗਾਂ ਨੇ ਡਾ. ਦੇ ਫੈਸਲੇ ਤੋਂ ਪਹਿਲਾਂ ਹੀ ਫੈਸਲਾ ਕਰ ਦਿੱਤਾ ਹੈ ਕਿ ਇਹ ਬਾਵਰਾ ਹੈ। ਕਿਉਂਕਿ ਜਿਹੜਾ ਮਨੁੱਖ ਰਸਤੇ ਵਿੱਚ ਜਾਂਦਿਆਂ ਟ੍ਰੈਫਿਕ ਨੂੰ ਦੇਖ ਕੇ ਪਿੱਛੇ ਨਹੀਂ ਹੱਟਦਾ। ਹਾਰਣ ਦੀ ਆਵਾਜ਼ ਸੁਣਦਾ ਹੈ ਪਰ ਉਸ ਦਾ ਅਸਰ ਨਹੀਂ ਕਬੂਲਦਾ। ਇਸ ਲਈ ਬਾਵਰਾਪਨ ਉਹ ਹੈ ਜੋ ਸ਼ਰੀਰ ਦਾ ਰੋਗ ਨਾ ਹੁੰਦਿਆਂ ਹੋਇਆਂ ਵੀ ਸਾਰੇ ਸ਼ਰੀਰ ਨੂੰ ਰੋਗੀ ਕਰ ਦਿੰਦਾ ਹੈ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਕਹਿ ਦਿੱਤੀ “ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥” ਮਨੁੱਖ ਸ਼ਬਦ ਨਾਲੋਂ ਟੁੱਟ ਕੇ ਮਾਨਸਿਕ ਤੌਰ 'ਤੇ ਡਿਸਟਰਬ ਹੋ ਗਿਆ ਹੈ। ਇਸ ਨੂੰ ਪਤਾ ਨਹੀਂ ਕਿ ਮੈਂ ਧਰਮ ਕਰ ਰਿਹਾਂ ਹਾਂ ਜਾਂ ਕਰਮ ਕਾਂਡ? ਸ਼ਬਦ ਨਾਲੋਂ ਟੱਟ ਕੇ ਕੀ ਕਰ ਰਿਹਾ ਹੈ? ਕਿੱਤੇ ਜੋਤਾਂ ਜਗ੍ਹਾ ਰਿਹਾ ਹੈ, ਕਿੱਤੇ ਬਕਰਿਆਂ ਦੀ ਬਲੀ ਦੇ ਰਿਹਾ ਹੈ, ਕਿੱਤੇ ਭੰਗ ਨੂੰ ਪ੍ਰਸ਼ਾਦ ਕਹਿ ਕੇ ਪੀ ਰਿਹਾ ਹੈ। ਕਿਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੱਿਚਤਰ ਨਾਟਕ ਵਰਗੇ ਅਸ਼ਲੀਲ ਅਤੇ ਨਾ ਪੜ੍ਹਣ ਸੁਨਣ ਵਾਲੀ ਰਚਨਾ ਨੂੰ ਮੱਥੇ ਟੇਕ ਰਿਹਾ ਹੈ।

ਮਨੁੱਖ ਬਾਵਰਾ ਹੋਇਆ ਕਿਸ ਗੱਲ ਤੋਂ ਹੈ? ਇਹ ਗੱਲ ਸਮਝਣ ਵਾਲੀ ਹੈ। ਉਸ ਗ੍ਰੰਥ ਦੀ ਇਹ ਗੱਲ ਪ੍ਰਚਲੱਤ ਹੈ ਕਿ “ਤਹ ਹਮ ਅਧਿਕ ਤਪਸਿਆ ਸਾਧੀ ਮਹਾਂਕਾਲ ਕਾਲਕਾ ਅਰਾਧੀ” ਵਡੀ ਰਹਿਰਾਸ ਪੜ੍ਹਣ ਵਾਲੇ ਸਾਡੇ ਡੇਰੇਦਾਰ ਹਰ ਰੋਜ਼ ਪੜ੍ਹਦੇ ਹਨ ਕਿ “ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹੁਰ ਕਰੋਂ ਕਬਿਤਾ ਬਿਧਿ ਨਾਨਾ” ਭਲਾ ਜੇਕਰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋ ਪੁੱਛੇ ਕਿ ਗ੍ਰੰਥ ਸਾਹਿਬ ਵਿੱਚ ਪ੍ਰਗਟ ਕੀਤੇ ਵਿਚਾਰ ਕਿੱਥੋਂ ਆਏ ਹਨ? ਤਾਂ ਗੁਰੂ ਸਪਸ਼ਟ ਕਹਿੰਦੇ ਹਨ “ਜੈਸੀ ਮੈਂ ਆਵੈ ਖਸਮ ਕੀ ਬਾਣੀ………” ਅਤੇ ਜੇਕਰ ਉਸ ਗ੍ਰੰਥ ਵਿੱਚ ਪ੍ਰਗਟ ਕੀਤੇ ਵਿਚਾਰਾਂ ਬਾਰੇ ਪੁੱਛਿਆ ਜਾਏ ਕਿ ਇਹ ਰਚਨਾਵਾਂ ਤੁਹਾਨੂੰ ਕਿਥੋਂ ਆਈਆਂ ਹਨ? ਕੀ ਇਹ ਰਚਨਾਵਾਂ ਤੁਸੀਂ ਲਿਖੀਆਂ ਹਨ? ਤਾਂ ਉਹ ਗ੍ਰੰਥ ਤਾਂ ਕਹਿੰਦਾ ਹੈ ਕਿ "ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹੁਰ ਕਰੋਂ ਕਬਿਤਾ ਬਿਧਿ ਨਾਨਾ" ਸੱਭ ਤੋਂ ਪਹਿਲਾਂ ਮੈਂ ਭਗਵਤੀ, ਦੁਰਗਾ ਦਾ ਧਿਆਨ ਧਰਦਾ ਹਾਂ, ਅਤੇ ਉਸ ਦੁਰਗਾ ਦੀ ਬਖਸ਼ਿਸ਼ ਸਦਕਾ ਹੀ ਮੈਂ ਇਹ ਕਵਿਤਾ ਦੀਆਂ ਲਾਈਨਾਂ ਲਿਖ ਸਕਦਾ ਹਾਂ। ਉਪਾਸ਼ਨਾ ਦੁਰਗਾ ਦੀ ਹੋ ਰਹੀ ਹੈ? ਇਸ ਲਈ ਆਉ ਦੁਰਗਾ ਬਾਰੇ ਬਾਰੇ ਵੀ ਵਿਚਾਰ ਲਈਏ। ਦੁਰਗਾ ਰਾਖਸ਼ਾਂ ਨਾਲ ਜੰਗ ਕਰਕੇ, ਉਨ੍ਹਾਂ ਕੋਲੋਂ ਰਾਜ ਖੋਹ ਕੇ, ਇੰਦਰ ਨੂੰ ਰਾਜ ਦੇ ਦਿੰਦੀ ਹੈ। ਜਿਹੜਾ ਆਪਣੇ ਦਰਬਾਰ ਵਿੱਚ ਅਪਛਰਾਵਾਂ ਦੇ ਨਾਚ ਕਰਵਾਉਂਦਾ ਹੈ। ਉਸ ਗ੍ਰੰਥ ਵਿੱਚ ਦਰਜ਼ ਆਰਤੀ ਨੂੰ ਬਾਣੀ ਦੇ ਨਾਲ ਜੋੜ ਕੇ ਅਸੀਂ ਅੱਜ ਤੱਕ ਪੜ੍ਹੀ ਜਾ ਰਹੇ ਹਾਂ “ਯਾਤੇ ਪ੍ਰਸੰਨਿ ਭਏ ਹੈ ਮਹਾਮੁਨ ਦੇਵਨ ਕੇ ਤਪ ਮੈ ਸੁਖ ਪਾਵੈਂ॥ ਜਗ ਕਰੈ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨਹਿ ਲਾਵੈਂ॥ ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ॥ ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ॥ ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ॥

ਕਿਨ੍ਹੀ ਅਜੀਬ ਗੱਲ ਹੈ, “ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ॥” ਜਦੋਂ ਫੂਲਨ ਕੀ ਬਰਖਾ ਬਰਖਾਵੈ ਵਾਲੀ ਲਾਈਨ ਆਉਂਦੀ ਹੈ ਤਾਂ ਅਸੀਂ ਫੁੱਲ ਸੁੱਟਣਾ ਸ਼ੁਰੂ ਕਰ ਦਿੰਦੇ ਹਾਂ। ਜੇਕਰ ਸਾਨੂੰ ਇਨ੍ਹਾਂ ਲਾਇਨਾਂ ਦੀ ਉਡੀਕ ਰਹਿੰਦੀ ਹੈ ਕਿ ਇਸ ਤੁੱਕ ਦੇ ਆਉਂਦਿਆਂ ਅਸੀਂ ਫੁੱਲ ਸੁਟਣੇ ਹਨ। ਤਾਂ ਫਿਰ ਇਸ ਤੋਂ ਪਹਿਲੀ ਤੁੱਕ ਅਸੀਂ ਕਿਉਂ ਭੁੱਲ ਜਾਂਦੇ ਹਾਂ? ਜਿਸ ਵਿੱਚ ਕਿਹਾ ਗਿਆ ਹੈ ਕਿ “ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ॥” ਜਿਸ ਦੀਵਾਨ ਵਿੱਚ ਇਹੋ ਜਹੀ ਆਰਤੀ ਕੀਤੀ ਜਾ ਸਕਦੀ ਹੈ, ਉਸ ਦੀਵਾਨ ਵਿੱਚ ਦੀਵੇ ਜਗ੍ਹਾਕੇ ਅਪਛਰਾਵਾਂ ਦਾ ਨਾਚ ਵੀ ਕਰਾਇਆ ਜਾ ਸਕਦਾ ਹੈ।ਸ਼ਾਇਦ ਇਸੇ ਕਾਰਣ ਇਕ ਸਾਲ ਪਹਿਲਾਂ ਇਲੈਕਸ਼ਨਾਂ ਦੇ ਦਿਨਾਂ ਵਿੱਚ ਦੋ ਬੀਬੀਆਂ ਤੋਂ ਸਟੇਜ਼ ਤੇ ਡਾਂਸ ਕਰਵਾਇਆ ਗਿਆ ਸੀ ਜਿਸ ਉੱਤੇ ਸੰਗਤਾਂ ਨੇ ਰੋਸ ਜਤਾਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਦਾ ਜ਼ਿਕਰ ਵੀ ਆ ਗਿਆ ਕਿ ਇੰਦਰ ਉਹ ਹੈ ਜਿਸਨੇ ਗੋਤਮ ਰਿਸ਼ੀ ਦੀ ਪਤਨੀ ਅਹਿਲਿਆ ਨਾਲ ਭੇਸ਼ ਬਦਲ ਕੇ ਵਿਭਚਾਰ ਕੀਤਾ। ਐਸੇ ਮਨੁੱਖ ਨੂੰ ਰਾਜ ਸਿੰਘਾਸਨ ਤੇ ਬਿਠਾ ਕੇ ਰਾਜਨੀਤਕ ਸ਼ਕਤੀ ਦੇਣ ਵਾਲੀ ਦੁਰਗਾ, ਦੀ ਉਪਸ਼ਨਾ ਕਰਣ ਵਾਲੇ, ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੋ ਸਕਦੇ ਹਨ? ਅਜੋਕੇ ਸਮੇਂ ਵਿੱਚ ਬਲਾਤਕਾਰੀਆਂ ਦਾ ਮਸਲਾ ਆਇਆ ਹੈ, ਜਿਸ ਕਾਰਣ ਸਾਰਾ ਦੇਸ਼ ਕੁਰਲਾ ਉਠਿਆ ਹੈ, ਜੇਕਰ ਰਾਜਨੀਤੀ ਵਿੱਚ ਅਜੇਹੀਆਂ ਗੱਲਾਂ ਹੋਣਗੀਆਂ ਤਾਂ ਬਲਾਤਕਾਰ ਦੀਆਂ ਘਟਨਾਵਾਂ ਵਾਪਰਣਗੀਆਂ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲੋਂ ਟੁੱਟ ਕੇ ਮਾਨਸਿਕ ਤੌਰ 'ਤੇ ਡਿਸਟਰਬ ਹੋ ਗਏ ਹਾਂ।

ਅਜੋਕੇ ਸਮੇਂ ਵਿੱਚ ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨੂੰ ਕੋਈ ਖਤਰਾ ਨਹੀਂ। ਇਸ ਸਬੰਧ ਵਿੱਚ ਇਕ ਗੱਲ ਸਮਝਿਉ, ਦਰਖਤ ਦੀ ਜੜ੍ਹ ਨੂੰ ਕਦੇ ਕੋਈ ਖਤਰਾ ਨਹੀਂ ਹੁੰਦਾ। ਜੜ੍ਹ ਵਿੱਚੋਂ ਟਾਹਣੀਆਂ ਪੈਦਾ ਹੋਕੇ ਜੜ੍ਹ ਵਿੱਚੋਂ ਸ਼ਕਤੀ ਲੈਂਦੀਆਂ ਹਨ।ਟਾਹਣੀ ਅਤੇ ਜੜ੍ਹ ਨੂੰ ਵਖਰਾ-2 ਕਰਨ ਤੇ ਦੋਹਾਂ ਵਿੱਚੋਂ ਕਉਣ ਸੁਕੇਗਾ? ਨਿਰਸੰਦੇਹ ਟਾਹਣੀ। ਜੜ੍ਹ ਨੂੰ ਕੋਈ ਖਤਰਾ ਨਹੀਂ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਕਹਿ ਦਿੱਤੀ, “ਸੋ ਸਿੱਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥” ਜਿਹੜਾ ਵਿਛੁੜੇਗਾ ਉਹ ਚੋਟਾਂ ਖਾਏਗਾ ਹੀ। ਉਸਦੇ ਜੀਵਨ ਦਾ ਭਵਿਖ ਖਰਾਬ ਹੋਇਗਾ ਹੀ ਹੋਇਗਾ। ਸਿੱਖੀ ਦੀ ਹੋਂਦ ਨੂੰ ਨਾ ਕਬੂਲਣ ਵਾਲਿਆਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਜੇ ਸਿੱਖ ਅਤੇ ਸਿੱਖੀ ਨੂੰ ਖਤਮ ਕਰਨਾ ਹੈ ਤਾਂ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨਾਲੋਂ ਤੋੜ ਦਿੱਤਾ ਜਾਏ। ਆਪਣੇ ਮੂਲ ਨਾਲੋਂ ਟੁੱਟ ਕੇ ਸਿੱਖੀ ਦੀ ਇਹ ਟਾਹਣੀ ਮੁਰਝਾਅ ਕੇ ਸੁੱਕ ਜਾਏਗੀ। ਅੱਜ ਸਾਡੇ ਮੂਲ ਨੂੰ ਕੋਈ ਖਤਰਾ ਨਹੀਂ, ਅਤੇ ਮੂਲ ਨਾਲ ਜੁੜੇ ਹੋਏ ਮਨੁੱਖ ਨੁੰ ਵੀ ਕੋਈ ਖਤਰਾ ਨਹੀਂ। ਇਸੇ ਲਈ ਸਿੱਖ ਨੂੰ ਮੂਲ ਨਾਲੋਂ ਤੋੜਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕਿ ਸਿੱਖ ਮਾਨਸਿਕ ਤੌਰ ਤੇ ਉਸ ਹੱਦ ਤੱਕ ਡਿਸਟਰਬ ਹੋ ਜਾਏ ਜਿਵੇਂ ਬਉਰੇ ਮਨੁੱਖ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਪੁਹੰਚਣ ਤੋਂ ਬਾਅਦ ਵੀ ਇਹ ਪਤਾ ਨਹੀਂ ਲਗਦਾ ਕਿ ਇਹ ਘਰ ਮੇਰਾ ਹੈ। ਇਸੇ ਤਰ੍ਹਾਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਣਾਂ ਵਿੱਚ ਬੈਠਣ ਅਤੇ ਮੱਥਾ ਟੇਕਣ ਤੋਂ ਬਾਅਦ ਵੀ ਇਹ ਨਾ ਜਾਣ ਸਕੇ ਕਿ ਇਹ ਮੇਰਾ ਗੁਰੂ ਹੈ।ਸਿੱਖ ਨੂੰ ਭੁਲੇਖੇ ਵਿੱਚ ਪਾ ਦਿਉ।

ਪ੍ਰਿਥੀਚੰਦ ਸਵਾ ਚਾਰ ਸੌ ਸਾਲ ਪਹਿਲਾਂ ਪੈਦਾ ਹੋਇਆ ਹੈ। ਜਿਸਦੇ ਸਬੰਧ ਵਿੱਚ ਇਹ ਗੱਲਾਂ ਲਿਖੀਆਂ ਮਿਲਦੀਆਂ ਹਨ ਕਿ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਵੀ ਬਾਣੀ ਰਚਣੀ ਸ਼ੁਰੂ ਕੀਤੀ, ਤਾਂ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਕਹਿਣੀ ਪਈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਗੁਰੂ ਪਾਤਸ਼ਾਹ ਜੀ ਦਾ ਇਹ ਲਿਖਣਾ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਕਾਲ ਵਿੱਚ ਹੀ ਕੱਚੀ ਬਾਣੀ ਲਿਖੀ ਜਾਣੀ ਆਰੰਭ ਹੋ ਚੁੱਕੀ ਸੀ, ਗੁਰੂ ਨੇ ਬਾਣੀ ਵਿੱਚ ਸਿੱਖਾਂ ਨੂੰ ਸੁਚੇਤ ਕੀਤਾ ਕਿ “ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥”, ਬਾਣੀ ਦੀ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਸ ਵੇਲੇ ਵੀ ਅੱਜ ਵਰਗੇ ਹਾਲਾਤ ਪੈਦਾ ਹੋ ਗਏ ਸਨ, ਪਰ ਕਿਨ੍ਹੀ ਅਜੀਬ ਗੱਲ ਹੈ, ਕਿ ਇਤਹਾਸ ਲਿਖਣ ਵਾਲੇ ਨੇ ਇਹ ਵੀ ਲਿਖ ਦਿੱਤਾ ਕਿ "ਮੇਹਰਵਾਨ ਪੁੱਤ ਪ੍ਰਿਥੀਏ ਦਾ, ਸੇ ਭੀ ਬਾਣੀ ਰਚੇ, ਭੋਗ ਬੀ ਨਾਨਕ ਤੇ ਹੀ ਪਾਵੈ।"

ਪਿਛਲੇ 400 ਵਰ੍ਹੇ ਵਿੱਚ ਅੱਜ ਤੱਕ ਕਿਸੇ ਵੀ ਮਨੁੱਖ ਦੀ ਇਹ ਜੁਅਰੱਤ ਨਹੀਂ ਪਈ ਕਿ ਪ੍ਰਿਥੀਚੰਦ ਜਾਂ ਮਿਹਰਬਾਨ ਦੀਆਂ ਰਚਨਾਵਾਂ ਨੂੰ ਲੋਗਾਂ ਵਿੱਚ ਵੰਡਿਆ ਜਾਏ, ਤੁਸੀਂ ਆਪ ਹੀ ਦਸੋ ਜੇਕਰ ਤੁਹਾਡੇ ਘਰਾਂ ਵਿੱਚ ਕੋਈ ਐਸਾ ਗੁਟਕਾ ਜਾਂ ਪੋਥੀ ਪਹੁੰਚੀ ਹੋਵੇ? ਕਿਸੇ ਦੀ ਅਜੇਹੀ ਜੁਅਰੱਤ ਨਹੀਂ ਸੀ, ਅੱਜ 400 ਸਾਲ ਬਾਅਦ ਚਾਰ ਚੁਫੇਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖੀ ਨੂੰ ਭਰਮਾਉਣ ਅਤੇ ਤੋੜਣ ਦੇ ਜਤਨ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਸਾਹਿਬ ਨੇ ਪਹਿਲੀ ਵਾਰ ਛਪੀ ਪੁਸਤਕ ਹਾਜ਼ਰੀਨ ਨੂੰ ਦਿਖਾਈ ਜਿਸ ਉਪਰ ਲਿਖਿਆ ਹੈ “ਸੋਢੀ ਪਿਰਥੀ ਚੰਦ ਦੀ ਰਚਨਾ” ਪੁਸਤਕ ਵਿੱਚ ਲਿਖਣ ਦਾ ਤਰੀਕਾ ਬਿਲਕੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਹੀ ਹੈ।

ਇਸ ਪੁਸਤਕ ਵਿੱਚ ਮਹਿਲਾ ਅਤੇ ਰਾਗ ਬਿਲਕੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਹੀ ਵਰਤਦਿਆਂ ਲਿਖਿਆ ਗਿਆ ਹੈ, ਰਾਗ ਤਿਲੰਗ ਮਹਿਲਾ 6॥ “ਅਰਦਾਸ ਬੰਦੇ ਤੂੰ ਪਾਕ ਪਰਵਦਗਾਰ ਸਰਵਰ ਜੋਈ ਦਿਲ ਤਲਬ ਦਰ ਦੇਖਣ ਕਉ ਦੀਦਾਰ॥ ਬਲਿ ਜਾਉ ਸਾਚੇ ਨਾਮ ਕਉ, ਜਿਨ ਕੁਦਰਤ ਕਰੀ ਜਹਾਨ ਕਉ॥ ਤੂੰ ਮਹਿਰਵਾਨ ਬਖਸ਼ਿੰਦ ਹੈ ਬੰਦੇ ਮਹਿ ਤਕਸੀਰ ਨਾਨਕ ਬਿਗੋਇਦ ਬੰਦਗੀ ਦੀਜੈ ਮੋਹੈ ਫਕੀਰ॥ ਤੈਂ ਸਾਈ ਕੀ ਟੇਕ ਤੇਰਾ ਨਾਮ ਹੈ ਅਧਾਰਾ॥ ਕਰਨ ਕਾਰਣ ਆਪੇ ਜੀ ਕਾ ਦਾਤਾਰਾ ਤੂੰ ਦਇਆਰ ਤੂੰ ਕਿਰਪਾਲ ਅੰਤਰਜਾਮੀ ਤੁ ਕਾਦਿਰ ਕਰਤਾਰ ਸੁਆਮੀ ਦਾਤੲ ਕਰਤਾ ਭੁਗਤਾ ਤੂੰ ਕਰਨ ਹਾਰ ਕਰੀਮ ਇਹ ਬੰਦਾ ਹੈ ਪਾਪੀ ਆਪੇ ਆਪਣਾ ਬਿਰਧ ਰਖੀਨ੍ਹ ਮਿਹਰਵਾਨ ਸਾਦ ਹੀ ਬੰਦਾ”। ਤਾਂ ਕਿ ਸਿੱਖ ਇਨ੍ਹਾਂ ਰਚਨਾਵਾਂ ਨੂੰ ਪੜ੍ਹ ਕੇ ਭੁਲੇਖੇ ਵਿੱਚ ਪੈ ਜਾਏ। ਇਸ ਪੁਸਤਕ ਦੇ ਲਿਖਾਰੀ ਨੇ ਮਹਿਲਾ ਛੇਵਾਂ ਪ੍ਰਥੀਚੰਦ ਨੂੰ ਦਸਦਿਆਂ, ਮਹਿਲਾ ਸਤਵਾਂ ਮਹਿਰਵਾਨ ਨੂੰ, ਮਹਿਲਾ ਅਠਵਾਂ ਹਰਿ ਜੀ, ਮਿਹਰਵਾਨ ਦੇ ਪੁੱਤਰ ਨੂੰ ਲਿਖਿਆ ਹੈ। ਇਸ ਪੁਸਤੱਕ ਦਾ ਸੰਪਾਦਕ ਹੈ ਜੋਗਿੰਦਰ ਸਿੰਘ ਆਲਹੂਵਾਲੀਆ।ਇਸ ਪੁਸਤਕ ਦੀ ਸੰਪਾਦਨਾ ਅਮਰੀਕਾ ਵਿੱਚ ਹੋਈ ਹੈ, ਅਤੇ ਪ੍ਰਿਟਿੰਗ ਅੰਮ੍ਰਿਤਸਰ ਵਿੱਚ। ਸਿੱਖਾਂ ਨੂੰ ਭਰਮਾਉਣ ਲਈ ਲੇਖਕ ਬੜੇ ਢੰਗ ਨਾਲ ਲਿਖ ਰਿਹਾ ਹੈ ਕਿ ਸਾਡੇ ਸਾਮ੍ਹਣੇ ਇਹ ਆਇਆ ਹੈ ਕਿ ਗੁਰੂ ਅਰਜਨ ਨੇ ਗੁਰਗੱਦੀ ਪ੍ਰਥੀਚੰਦ ਨੂੰ ਦਿੱਤੀ ਸੀ। ਇਸ ਲਈ ਉਹ ਮਹਿਲਾ ਛੇਵਾਂ ਹੈ।

ਪ੍ਰੋ. ਸਾਹਿਬ ਦੇ ਹੱਥਾਂ ਵਿੱਚ ਇਹ ਕਿਤਾਬ ਦੇਖਕੇ ਮੈਨੂੰ ਯਾਦ ਆਇਆ ਅੱਜ ਤੋਂ 2 ਕੁ ਸਾਲ ਪਹਿਲਾਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਗ੍ਰਹਿ ਪਟਿਆਲਾ ਵਿੱਖੇ ਪ੍ਰੋ. ਗੁਰਮੁਖ ਸਿੰਘ ਜੀ ਨੇ ਦਸਿਆ ਸੀ ਕਿ ਉਨ੍ਹਾਂ ਨੂੰ ਇਸ ਕਿਤਾਬ ਤੇ ਕੰਮ ਕਰਣ ਲਈ ਇਕ ਲੱਖ ਤੋਂ ਡੇਢ ਲੱਖ ਰੁਪਏ ਤੱਕ ਮਹੀਨਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸਨੂੰ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ।

ਸਿੱਖਾਂ ਨੂੰ ਅਜੇਹੀਆਂ ਗੱਲਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਸਾਨੂੰ ਮਜਬੂਤ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਕੇ ਆਪਣੇ ਖਜਾਨੇ ਦੀ ਰਾਖੀ ਆਪ ਕਰਨੀ ਚਾਹੀਦੀ ਹੈ। ਬਾਜਾਰ ਜਾਂ ਰਸਤੇ ਵਿੱਚ ਜਾਦਿਆਂ ਅਸੀਂ ਆਪਣੀ ਜੇਬ ਨੂੰ ਹੱਥ ਲਗਾ ਲਗਾ ਕੇ ਦੇਖਦੇ ਹਾਂ ਕਿ ਕਿਤੇ ਕਿਸੇ ਜੇਬ ਤਰਾਸ਼ ਨੇ ਮੇਰੀ ਜੇਬ ਤਾਂ ਨਹੀਂ ਕੱਟ ਲਈ? ਭਲਿਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਕੀਮਤੀ ਹੀਰੇ ਜਵਾਰਾਤਾਂ ਦਾ ਖਜਾਨਾ ਸਾਡੇ ਕੋਲ ਹੋਵੇ ਤੇ ਅਸੀਂ ਅਵੇਸਲੇ ਹੋ ਜਾਈਏ? ਜਿਸ ਬਾਬਤ ਗੁਰੂ ਨੇ ਕਿਹਾ ਹੈ “ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥” ਅੱਜ ਸਿੱਖ ਅਵੇਸਲਾ ਹੋ ਗਿਆ ਹੈ ਇਸਦੀ ਅਵੇਸਲੇ ਹੋਣ ਦੀ ਨਿਸ਼ਾਨੀ ਇਹ ਹੈ। ਕਿ ਦੁਸ਼ਮਨ ਸਾਡੇ ਸਾਮ੍ਹਣੇ ਹੋਰ ਹੋਰ ਗੁਰੂ ਬਿਠਾਉਣ ਦੇ ਇਕ ਤੋਂ ਵੱਧ ਇਕ ਉਪਰਾਲੇ ਕਰ ਰਿਹਾ ਹੈ। ਅੰਗਰੇਜ ਅਤੇ ਬ੍ਰਾਹਮਣ ਦੋਵੇ ਹੀ ਸਿੱਖ ਕੋਲੋਂ ਪਰੇਸ਼ਾਨ ਸਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਦੇ ਸ੍ਰੀ ਚੰਦ ਨੂੰ ਖੜਾ ਕੀਤਾ, ਕਦੇ ਪ੍ਰਥੀ ਚੰਦ ਨੂੰ ਖੜਾ ਕੀਤਾ ਕਦੇ ਬਾਈ ਮੰਜੀਆ ਨੂੰ ਖੜਾ ਕੀਤਾ। ਗੁਰੂ ਦਸਮ ਪਾਤਸ਼ਾਹ ਜੀ ਨੇ ਮਹਿਸੂਸ ਕੀਤਾ ਕਿ ਇਹ ਗੱਲ ਹਮੇਸ਼ਾ ਹੀ ਪਰੇਸ਼ਾਨੀ ਦਾ ਕਾਰਣ ਬਣਦੀ ਹੈ, ਜੇ ਕਰ ਸ਼ਬਦ ਹੀ ਗੁਰੂ ਹੈ? ਤਾਂ ਕਿਉਂ ਨਾ ਦੇਹਧਾਰੀ ਗੁਰੂ ਨੂੰ ਦਰਮਿਆਨ ਵਿੱਚੋਂ ਕੱਢ ਦਿਤਾ ਜਾਏ। ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਆਈ ਸਉਪੀ ਤਾਂ ਬ੍ਰਾਹਮਣ ਦਾ ਇਕਦਮ ਦਿਮਾਗ ਠੰਣਕਿਆ ਕਿ ਪਹਿਲਾਂ ਤਾਂ ਦੇਹ ਦੇ ਮੁਕਾਬਲੇ ਦੇਹ ਖੜੀ ਕਰ ਦਿੰਦਾ ਸੀ ਪਰ ਹੁਣ ਜਰੂਰੀ ਹੈ ਗ੍ਰੰਥ ਦੇ ਮੁਕਾਬਲੇ ਗ੍ਰੰਥ ਖੜਾ ਕਰਾਂ, ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਗੁਰੂ ਸਾਹਿਬ ਤੋਂ 35-40 ਸਾਲ ਬਾਅਦ ਗ੍ਰੰਥ ਖੜਾ ਕਰ ਦਿੱਤਾ। ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਦਿੱਤੀ ਸੀ, ਉਥੇ ਹੀ ਗੁਰੂ ਦੇ ਬਰਾਬਰ ਇਕ ਹੋਰ ਗੁਰੂ ਨੂੰ ਬਿਠਾ ਦਿੱਤਾ ਗਿਆ ਹੈ। ਅਤੇ ਉਸੇ ਅਸਥਾਨ ਤੋਂ ਅਸੀਂ ਇਸ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਦਾ ਆਰੰਭ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top