Share on Facebook

Main News Page

ਬਾਬਾ ਸੋਹਣੀ
- ਨਿਰਮਲ ਸਿੰਘ ਕੰਧਾਲਵੀ

ਜਸਵੰਤ ਲਿੰਕ ਰੋਡ ‘ਤੇ ਬੱਸ ਅੱਡੇ ਵਲ ਨੂੰ ਜਾ ਰਿਹਾ ਸੀ ਕਿ ਉਹਨੂੰ ਉਧਰੋਂ ਢੋਲ ਦੀ ਆਵਾਜ਼ ਆਉਂਦੀ ਸੁਣਾਈ ਦਿਤੀ। ਜਦ ਉਹ ਥੋੜ੍ਹਾ ਹੋਰ ਅਗਾਂਹ ਹੋਇਆ ਤਾਂ ਉਹਨੇ ਦੇਖਿਆ ਕਿ ਤਕਰੀਬਨ ਸੌ ਡੇਢ ਸੌ ਔਰਤਾਂ ਮਰਦਾਂ ਦਾ ਹਜੂਮ ਪਿੰਡ ਵਲ ਨੂੰ ਆ ਰਿਹਾ ਸੀ। ਉਨ੍ਹਾਂ ਦੇ ਅੱਗੇ ਅੱਗੇ ਢੋਲ ਵੱਜ ਰਿਹਾ ਸੀ। ਚਾਰ ਪੰਜ ਹੱਟੇ-ਕੱਟੇ ਬੰਦਿਆਂ ਨੇ ਇਕ ਕੁਰਸੀ ਚੁੱਕੀ ਹੋਈ ਸੀ ਤੇ ਕੁਰਸੀ ਉਪਰ ਇਕ ਬੰਦਾ ਬੈਠਾ ਸੀ, ਜਿਸ ਨੇ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਸਨ ਤੇ ਉਹਦੇ ਗਲ਼ ਵਿਚ ਫੁੱਲਾਂ ਦੇ ਏਨੇ ਹਾਰ ਸਨ ਕਿ ਉਹਦਾ ਚਿਹਰਾ ਵੀ ਨਜ਼ਰ ਨਹੀਂ ਸੀ ਆ ਰਿਹਾ। ਭੀੜ ‘ਜੈ ਬਾਬੇ ਦੀ’ ‘ਜੈ ਬਾਬੇ ਦੀ’ ਦੇ ਜੈਕਾਰੇ ਮਾਰਦੀ ਪਿੰਡ ਵਲ ਨੂੰ ਵਧ ਰਹੀ ਸੀ। ਜਸਵੰਤ ਭੀੜ ਦੇ ਇਕ ਪਾਸਿਉਂ ਦੀ ਹੋ ਕੇ ਲੰਘ ਗਿਆ।

ਉਹ ਜਦ ਅੱਡੇ ‘ਚ ਪਹੁੰਚਾ ਤਾਂ ਉਹਨੂੰ ਮਾਸਟਰ ਸੁਰਜੀਤ ਸਿੰਘ ਮਿਲ ਪਿਆ ਜੋ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਵਿਚਲੇ ਹਾਈ ਸਕੂਲ ਵਿਚ ਪੜ੍ਹਾਉਂਦਾ ਸੀ। ਰਾਜ਼ੀ ਖ਼ੁਸ਼ੀ ਪੁੱਛਣ ਤੋਂ ਬਾਅਦ ਜਸਵੰਤ ਨੇ ਮਾਸਟਰ ਤੋਂ ਪੁੱਛ ਹੀ ਲਿਆ ਕਿ ਇਹ ਜਲੂਸ ਕਾਹਦਾ ਸੀ। ਮਾਸਟਰ ਹੱਸ ਪਿਆ ਤੇ ਕਹਿਣ ਲਗਾ, “ਜਸਵੰਤ ਸਿਆਂ, ਇਹ ਬਾਬਾ ਤੁਹਾਡੇ ਪਿੰਡ ਦਾ ਈ ਐ, ਕਮਾਲ ਦੀ ਗੱਲ ਐ ਤੂੰ ਪਛਾਣਿਆ ਈ ਨਹੀਂ ਏਹਨੂੰ। ਇਹਦਾ ਠਕ-ਠਕਾ ਤੇਰੇ ਵਲੈਤ ਜਾਣ ਦੇ ਮਗਰੋਂ ਈ ਵਧੇਰੇ ਚੱਲਿਐ, ਏਸੇ ਕਰ ਕੇ ਈ ਤੈਨੂੰ ਪਤਾ ਨਈਂ। ਇਹ ਰਾਜਿਆਂ ਦਾ ਸੋਹਣੀ ਐ, ਉਹੋ ਈ ਨਲ਼ੀ ਚੋਚੋ, ਹੁਣ ਬਾਬਾ ਬਣਿਆ ਬੈਠੈ। ਲੰਮਿਆਂ ਦੀ ਪੱਤੀ ਦੇ ਸਾਰੇ ਤੌੜ ਖ਼ਰੀਦ ਕੇ ਬੜਾ ਵੱਡਾ ਡੇਰਾ ਬਣਾ ਲਿਐ ਇਹਨੇ ਪਿੰਡ ਵਿੱਚ ਤੇ ਹੁਣ ਪੁੱਛਾਂ ਦਿੰਦੈ ਉਥੇ ਹਰੇਕ ਜੇਠੇ ਐਤਵਾਰ ਨੂੰ, ਬੇਅੰਤ ਸੋਹਣੀਆਂ ਸੋਹਣੀਆਂ ਸੰਗਤਾਂ ਦੁੱਖਾਂ ਦੀ ਨਵਿਰਤੀ ਲਈ ਆਉਂਦੀਆਂ ਇਹਦੇ ਕੋਲ,” ਤੇ ਮਾਸਟਰ ਸੁਰਜੀਤ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਅੱਖ ਦੱਬੀ।

ਏਨੀ ਦੇਰ ਨੂੰ ਬੱਸ ਆ ਗਈ ਤੇ ਹੋਰ ਕੋਈ ਗੱਲ ਕੀਤੇ ਬਿਨਾਂ ਹੀ ਜਸਵੰਤ ਨੇ ਫੇਰ ਮਿਲਣ ਦਾ ਵਾਅਦਾ ਕਰ ਕੇ ਮਾਸਟਰ ਤੋਂ ਛੁੱਟੀ ਲਈ ਤੇ ਬੱਸ ਵਲ ਵਧ ਗਿਆ।

ਟਿਕਟ ਲੈ ਕੇ ਜਸਵੰਤ ਆਪਣੀ ਸੀਟ ‘ਤੇ ਬੈਠ ਗਿਆ ਅਤੇ ਅਤੀਤ ਵਿਚ ਗੁੰਮ ਗਿਆ। ਉਹਦਾ ਬਚਪਨ ਉਹਦੀਆਂ ਅੱਖਾਂ ਸਾਹਮਣੇ ਕਿਸੇ ਫ਼ਿਲਮ ਦੀ ਤਰ੍ਹਾਂ ਘੁੰਮਣ ਲੱਗਾ। ਉਹਨੂੰ ਯਾਦ ਆਇਆ ਕਿ ਸੋਹਣੀ ਦੋ ਵਾਰੀ ਅੱਠਵੀਂ ‘ਚੋਂ ਫੇਲ੍ਹ ਹੋ ਗਿਆ ਸੀ। ਇਕ ਤਾਂ ਉਹ ਪੜ੍ਹਨ ਨੂੰ ਬਹੁਤ ਨਿਕੰਮਾ ਸੀ ਤੇ ਦੂਸਰਾ ਉਹਨੂੰ ਆਵਾਰਾਗਰਦੀ ਦੀ ਆਦਤ ਬਹੁਤ ਸੀ। ਸਿੱਧਰਾ ਹੋਣ ਕਰ ਕੇ ਜੋ ਕੋਈ ਉਸ ਨੂੰ ਕਹਿੰਦਾ ਉਹ ਉਵੇਂ ਹੀ ਮੰਨ ਲੈਂਦਾ। ਘਰ ਦਿਆਂ ਨੇ ਅੱਕ ਕੇ ਉਹਨੂੰ ਦੂਰ ਦੇ ਇਕ ਰਿਸ਼ਤੇਦਾਰ ਕੋਲ ਦਿੱਲੀ ਭੇਜ ਦਿੱਤਾ ਤੇ ਕਈ ਸਾਲ ਉਹ ਪਿੰਡੋਂ ਗੈਰਹਾਜ਼ਰ ਰਿਹਾ।

ਜਸਵੰਤ ਉਹਨੀਂ ਦਿਨੀਂ ਜਲੰਧਰ ਕਾਲਜ ਵਿਚ ਪੜ੍ਹਦਾ ਸੀ। ਇਕ ਦਿਨ ਅਚਾਨਕ ਹੀ ਉਹਦੀ ਮੁਲਾਕਾਤ ਸੋਹਣੀ ਨਾਲ ਹੋ ਗਈ। ਸੋਹਣੀ ਵੀ ਉਸੇ ਬੱਸ ਵਿਚ ਪਿੰਡ ਨੂੰ ਆ ਰਿਹਾ ਸੀ। ਜਸਵੰਤ ਨੇ ਸੋਹਣੀ ਨੂੰ ਉਹਦੇ ਮੱਥੇ ਉਪਰਲੇ ਵੱਡੇ ਸਾਰੇ ਮੋਹਕੇ ਤੋਂ ਹੀ ਪਛਾਣਿਆ ਸੀ ਨਹੀਂ ਤਾਂ ਖੁੱਲ੍ਹੇ ਵਾਲ਼ ਅਤੇ ਗੇਰੂਏ ਰੰਗ ਦੇ ਢਿੱਲੇ ਜਿਹੇ ਚੋਲੇ ਵਿਚ ਉਹ ਕੋਈ ਸਪੇਰਾ ਲਗਦਾ ਸੀ ਤੇ ਇਉਂ ਲਗਦਾ ਸੀ ਜਿਵੇਂ ਉਹ ਹੁਣੇ ਹੀ ਬੀਨ ਬਜਾ ਕੇ ਪਟਾਰੀ ਵਿਚੋਂ ਸੱਪ ਕੱਢ ਕੇ ਤਮਾਸ਼ਾ ਕਰਨ ਲੱਗ ਪਵੇਗਾ। ਸਾਰੇ ਰਾਹ ਉਹ ਆਪਣੀ ਕਹਾਣੀ ਜਸਵੰਤ ਨੂੰ ਸੁਣਾਉਂਦਾ ਆਇਆ ਕਿ ਕਿਵੇਂ ਇਕ ਦੂਰ ਦੇ ਰਿਸ਼ਤੇ ਦੇ ਮਾਸੜ ਕੋਲ ਦਿੱਲੀ ਰਹਿ ਕੇ ਸਵੇਰ ਤੋਂ ਸ਼ਾਮ ਤਾਈਂ ਖ਼ਰਾਦ ‘ਤੇ ਕੰਮ ਕਰਦਾ ਤੇ ਫਿਰ ਮਾਸੀ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਤੇ ਉਪਰੋਂ ਗਾਲ੍ਹਾਂ ਅਲੱਗ ਪੈਂਦੀਆਂ। ਤਿੰਨ ਚਾਰ ਸਾਲ ਉਹਨੇ ਇਹ ਨਰਕ ਭੋਗਿਆ ਤੇ ਫੇਰ ਇਕ ਦਿਨ ਉਹ ਅਛੋਪਲੇ ਜਿਹੇ ਹੀ ਇਕ ਧਾਗੇ ਤਵੀਤ ਕਰਨ ਵਾਲੇ ਬਾਬੇ ਨਾਲ ਘਰੋਂ ਚਲਿਆ ਗਿਆ। ਉਹ ਬਾਬਾ ਕਦੀ ਕਦੀ ਉਹਦੇ ਮਾਸੜ ਦੇ ਘਰ ਆਉਂਦਾ ਹੁੰਦਾ ਸੀ, ਮਾਸੀ ਉਹਦੇ ਕੋਲੋਂ ਧਾਗੇ ਤਵੀਤ ਬਣਵਾਉਂਦੀ ਰਹਿੰਦੀ ਸੀ। ਮਾਸੀ ਮਾਸੜ ਨੇ ਉਹਨੂੰ ਲੱਭਣ ਲਈ ਕੋਈ ਪੈਰਵਾਈ ਨਾ ਕੀਤੀ। ਮਾਂ ਬਾਪ ਨੂੰ ਚਿੱਠੀ ਰਾਹੀਂ ਸੂਚਨਾ ਦੇ ਕੇ ਹੀ ਉਹ ਸੁਰਖ਼ਰੂ ਹੋ ਗਏ।

ਜਸਵੰਤ ਨੂੰ ਅਜੇ ਵੀ ਯਾਦ ਸੀ ਕਿ ਸੋਹਣੀ ਨੇ ਉਹਨੂੰ ਦੱਸਿਆ ਸੀ ਕਿ ਉਹਦਾ ਬਾਬਾ ਮਟਮੈਲੇ ਜਿਹੇ ਕਾਗਜ਼ਾਂ ਉੱਪਰ ਤਵੀਤ ਲਿਖ਼ ਕੇ ਮਿੱਟੀ ਵਿਚ ਦੱਬ ਦਿੰਦਾ ਸੀ ਤਾਂ ਕਿ ਕਾਗਜ਼ ਹੋਰ ਵੀ ਪੁਰਾਣਾ ਲੱਗੇ ਤੇ ਇਸ ਤਰ੍ਹਾਂ ਉਹ ਭੋਲੇ-ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ 'ਚ ਪਾ ਕੇ ਠਗਦਾ ਸੀ। ਸੋਹਣੀ ਨੇ ਉਹਨੂੰ ਇਹ ਕਹਾਣੀ ਵੀ ਸੁਣਾਈ ਕਿ ਬਾਬੇ ਨੇ ਇਕ ਸ਼ਰਧਾਲੂ ਦੇ ਘਰ ਵਿਚ ਔਰਤ ਨੂੰ ਬਹਾਨੇ ਨਾਲ ਖੂਹ ਤੋਂ ਸੁੱਚਾ ਪਾਣੀ ਲੈਣ ਭੇਜ ਦਿੱਤਾ ਤੇ ਨਿੱਕੇ ਬੱਚਿਆਂ ਤੋਂ ਅੱਖ ਬਚਾ ਕੇ ਉਹਨੇ ਤਵੀਤ ਬਾਂਸ ਦੀ ਪੌੜੀ ਦੇ ਖੋਲ ਵਿਚ ਧੱਕ ਦਿੱਤੇ ਤੇ ਔਰਤ ਜਦੋਂ ਪਾਣੀ ਲੈ ਕੇ ਵਾਪਿਸ ਆਈ ਤਾਂ ਬਾਬਾ ਜਟਾਵਾਂ ਖੋਲ੍ਹ ਕੇ ਸਿਰ ਘੁਮਾਉਣ ਲੱਗ ਪਿਆ ਤੇ “ਜੈ ਭੈਰੋਂ ਨਾਥ, ਜੈ ਭੈਰੋਂ ਨਾਥ” ਕਰਦੇ ਨੇ ਪੌੜੀ ਦੇ ਖੋਲ ਵਿਚੋਂ ਤਵੀਤ ਕੱਢ ਕੇ ਦਿਖਾਏ ਤਾਂ ਉਹ ਔਰਤ ਬਾਬੇ ਦੇ ਪੈਰੀਂ ਪੈ ਗਈ ਤੇ ਬਾਬੇ ਨੇ ਉਪਾਅ ਕਰਨ ਦੇ ਨਾਮ 'ਤੇ ਮਾਈ ਕੋਲੋਂ ਪੈਸੇ ਕੱਪੜੇ ਤੇ ਪਿੱਤਲ ਦੇ ਭਾਂਡੇ ਠੱਗੇ। ਸ਼ਾਇਦ ਅਜੇ ਵੀ ਸੋਹਣੀ ਵਿਚੋਂ ਉਹ ਸਿੱਧਰਾ-ਪਣ ਨਹੀਂ ਸੀ ਗਿਆ ਇਸੇ ਕਰ ਕੇ ਹੀ ਉਹਨੇ ਬਾਬੇ ਦੀ ਕਰਤੂਤ ਇੰਨ ਬਿੰਨ ਜਸਵੰਤ ਨੂੰ ਦੱਸ ਦਿੱਤੀ ਸੀ।

ਜਸਵੰਤ ਦੀ ਸੋਹਣੀ ਨਾਲ ਅਗਲੀ ਮੁਲਾਕਾਤ ਆਪਣੇ ਪਿੰਡ ਵਿਚ ਹੀ ਹੋਈ ਜਦੋਂ ਸੋਹਣੀ ਆਪਣੇ ਭਰਾ ਦੇ ਵਿਆਹ ‘ਤੇ ਆਇਆ ਹੋਇਆ ਸੀ। ਜਸਵੰਤ ਉਹਨੀਂ ਦਿਨੀ ਮਾਰਕਫੈੱਡ ਵਿਚ ਨੌਕਰੀ ਕਰਦਾ ਸੀ ਤੇ ਉਹ ਕੁਝ ਦਿਨਾਂ ਲਈ ਛੁੱਟੀ ‘ਤੇ ਸੀ। ਸੋਹਣੀ ਨੂੰ ਹੁਣ ਸਭ ਲੋਕ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ। ਸਮੇਂ ਨੇ ਉਸ ਵਿਚ ਬਹੁਤ ਵੱਡੀ ਤਬਦੀਲੀ ਲੈ ਆਂਦੀ ਸੀ। ਉਹ ਪਹਿਲਾਂ ਵਾਲਾ ਸੋਹਣੀ ਨਹੀਂ ਸੀ ਰਿਹਾ। ਉਹਦਾ ਸਿੱਧਰਾ-ਪਣ ਖੰਭ ਲਾ ਕੇ ਕਿਧਰੇ ੳੇੁਡ ਗਿਆ ਸੀ। ਸ਼ਾਇਦ ਉਸ ਨੇ ਜ਼ਮਾਨੇ ਤੋਂ ਬਹੁਤ ਕੁਝ ਸਿੱਖ ਲਿਆ ਸੀ।

ਵਿਆਹ ਤੋਂ ਦੂਜੇ ਦਿਨ ਸੋਹਣੀ ਘੁੰਮਦਾ ਘੁੰਮਾਉਂਦਾ ਜਸਵੰਤ ਹੋਰਾਂ ਦੇ ਟਿਊਬਵੈੱਲ ਵਲ ਆ ਨਿਕਲਿਆ। ਜਸਵੰਤ ਕੁਦਰਤੀਂ ਉਥੇ ਹੀ ਸੀ। ਉਹ ਦੋਵੇਂ ਬਚਪਨ ਦੀਆਂ ਗੱਲਾਂ ਕਰਦੇ ਰਹੇ ਤੇ ਫੇਰ ਜਸਵੰਤ ਨੇ ਬੱਸ ਵਿਚ ਹੋਈ ਤਵੀਤਾਂ ਵਾਲੀ ਗੱਲ ਛੇੜੀ ਤਾਂ ਸੋਹਣੀ ਇਕ ਦਮ ਗੰਭੀਰ ਹੋ ਗਿਆ ਤੇ ਕਹਿਣ ਲੱਗਾ, “ਨਹੀਂ ਭਾ, ਮੈਂ ਤਾਂ ਤੇਰੇ ਨਾਲ ਐਵੇਂ ਸ਼ੁਗਲ ਮਾਰਿਆ ਸੀ। ਮੇਰਾ ਗੁਰੂ ਤਾਂ ਬਹੁਤ ਰਿਧੀਆਂ ਸਿਧੀਆਂ ਦਾ ਮਾਲਕ ਐ, ਹੁਣ ਤਾਂ ਉਹਨੇ ਮੈਨੂੰ ਵੀ ਸਾਰੀਆਂ ਸ਼ਕਤੀਆਂ ਦੇ ਦਿੱਤੀਐਂ, ਹੁਣ ਤਾਂ ਮੇਰੇ ‘ਚ ਵੀ ਭੈਰੋਂ ਆਉਂਦੈ” ਤੇ ਏਨਾ ਕਹਿ ਕੇ ਉਹ ਉਬਾਸੀਆਂ ਜਿਹੀਆਂ ਲੈ ਕੇ “ਜੈ ਭੈਰੋਂ ਨਾਥ, ਜੈ ਭੈਰੋਂ ਨਾਥ” ਕਰਨ ਲੱਗ ਪਿਆ। ਜਸਵੰਤ ਦੇ ਰੋਕਦਿਆਂ ਰੋਕਦਿਆਂ ਵੀ ਉਹ ਇਹ ਕਹਿ ਕੇ ਚਲਿਆ ਗਿਆ ਕਿ ਉਹਨੇ ਜਾ ਕੇ ਭੈਰੋਂ ਨਾਥ ਦੀ ਆਰਤੀ ਕਰਨੀ ਸੀ।
ਤੇ ਪੱਚੀ ਸਾਲ ਪੁਰਾਣੀ ਉਸ ਮੁਲਾਕਾਤ ਤੋਂ ਬਾਅਦ ਜਸਵੰਤ ਨੇ ਸੋਹਣੀ ਨੂੰ ਅੱਜ ਇਸ ਰੂਪ ‘ਚ ਵੇਖਿਆ ਸੀ।

ਜਸਵੰਤ ਲੋਕਾਂ ਦੀ ਅਕਲ ‘ਤੇ ਹੱਸ ਰਿਹਾ ਸੀ ਜੋ ਸੋਹਣੀ ਵਰਗੇ ਬੂਬਨਿਆਂ ਮਗ਼ਰ ਲਗ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰ ਰਹੇ ਸਨ।

ਤਦੇ ਕੰਡਕਟਰ ਦੀ ਲੰਬੀ ਸੀਟੀ ਨੇ ਉਹਦੀਆਂ ਸੋਚਾਂ ਦੀ ਲੜੀ ਤੋੜ ਦਿਤੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top