Share on Facebook

Main News Page

ਦਿੱਲੀ ਗੁਰਦੁਆਰਾ ਚੋਣਾਂ ; ਬਾਦਲਾਂ ਨੇ ਚਹੁੰ-ਮੁੱਖੀ ਤਾਕਤ ਝੋਂਕੀ
-
ਜਸਵੰਤ ਸਿੰਘ 'ਅਜੀਤ'

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਦਿੱਲੀ ਵਿਚ ਜੋ ਸ਼ੋਰ-ਸ਼ਰਾਬਾ ਮੱਚਿਆ ਚੱਲਿਆ ਆ ਰਿਹਾ ਹੈ, ਉਹ ਇਸ ਐਤਵਾਰ ਨੂੰ ਮਤਦਾਨ ਹੋਣ ਦੀ ਪ੍ਰਕ੍ਰਿਆ ਖ਼ਤਮ ਹੋ ਜਾਣ ਦੇ ਨਾਲ ਹੀ ਖ਼ਤਮ ਹੋ ਜਾਏਗਾ। ਇਸ ਤੋਂ ਬਾਅਦ ਬੁੱਧਵਾਰ ਤਕ ਨਤੀਜਿਆਂ ਦੀ ਇੰਤਜ਼ਾਰ ਕਰਨੀ ਹੋਵੇਗੀ। ਇਨ੍ਹਾਂ ਚੋਣਾਂ ਵਿਚ, ਜਿਵੇਂ ਕਿ ਪਹਿਲਾਂ ਵੀ ਇਨ੍ਹਾਂ ਕਾਲਮਾਂ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਵਿਚਕਾਰ ਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ)ਦਸਮੇਸ਼ ਸੇਵਾ ਸੋਸਾਇਟੀ ਦਾ ਗੱਠਜੋੜ ਅਤੇ ਕੇਂਦਰੀ ਸਿੰਘ ਸਭਾ ਦੇ ਉਮੀਦਵਾਰਾਂ ਦੇ ਨਾਲ ਹੀ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰ ਵੀ ਆਪੋ-ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਉੱਤਰੇ ਹੋਏ ਹਨ।

ਮੁਕਾਬਲਾ : ਇਸ ਸਮੇਂ ਲਗਭਗ ਸਾਰੀਆਂ ਹੀ ਸੀਟਾਂ ’ਤੇ ਦਿਲਚਸਪ ਮੁਕਾਬਲਾ ਹੋਣ ਦੀ ਸਥਿਤੀ ਬਣੀ ਵਿਖਾਈ ਦੇ ਰਹੀ ਹੈ। ਦੋਹਾਂ ਪ੍ਰਮੁੱਖ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁਖੀਆਂ ਵੱਲੋਂ ਆਪੋ-ਆਪਣੀ ਰਿਕਾਰਡ ਜਿੱਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਅਕਾਲੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਜਿਸ ਤਰ੍ਹਾਂ ਦੋਹਾਂ ਦਲਾਂ ਵਿਚਕਾਰ ਫਸਵਾਂ ਮੁਕਾਬਲਾ ਹੋਣ ਦੇ ਹਾਲਾਤ ਬਣੇ ਵਿਖਾਈ ਦੇ ਰਹੇ ਹਨ, ਉਨ੍ਹਾਂ ਦੇ ਮੱਦੇ-ਨਜ਼ਰ ਅਜੇ ਇਨ੍ਹਾਂ ਗੁਰਦੁਆਰਾ ਚੋਣਾਂ ਦੇ ਨਤੀਜਿਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਭਵਿੱਖਬਾਣੀ ਕਰਨਾ ਮੁਨਾਸਬ ਨਹੀਂ ਹੋਵੇਗਾ। ਉੱਧਰ ਦੇਸ਼-ਵਿਦੇਸ਼ ਦੇ ਸਿੱਖਾਂ ਅਤੇ ਅਕਾਲੀ ਰਾਜਨੀਤੀ ਵਿਚ ਦਿਲਚਸਪੀ ਰੱਖਣ ਵਾਲੇ ਰਾਜਨੀਤਕਾਂ ਦੀਆਂ ਨਜ਼ਰਾਂ ਪੰਜਾਬੀ ਬਾਗ਼ ਦੇ ਉਸ ਹਲਕੇ ਵਲ ਲੱਗੀਆਂ ਹੋਈਆਂ ਹਨ, ਜਿੱਥੋਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਆਪਣੀ ਸੀਟ ਦੇ ਨਾਲ ਹੀ ਆਪਣੀ ਸਾਖ ਬਚਾਉਣ ਲਈ ਮੈਦਾਨ ਵਿਚ ਹਨ ਅਤੇ ਉਨ੍ਹਾਂ ਦੇ ਚੋਣ-ਪ੍ਰਚਾਰ ਦੀ ਜ਼ਿਮੇਂਦਾਰੀ ਉਨ੍ਹਾਂ ਦੇ ਭਰਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸੰਭਾਲੀ ਹੋਈ ਹੈ, ਅਤੇ ਦੂਜੇ ਪਾਸੇ ਉਨ੍ਹਾਂ ਵਿਰੁੱਧ ਭਾਵੇਂ ਪ੍ਰਤੱਖ ਰੂਪ ਵਿਚ ਦਿੱਲੀ ਪ੍ਰਦੇਸ਼ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਮੈਦਾਨ ਵਿਚ ਹਨ, ਪ੍ਰੰਤੂ ਅਸਲ ਵਿਚ ਸ. ਪਰਮਜੀਤ ਸਿੰਘ ਸਰਨਾ ਵਿਰੁੱਧ ਸ. ਮਨਜਿੰਦਰ ਸਿੰਘ ਸਿਰਸਾ ਵੱਲੋਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜੋ ਤਰਤੀਬਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਵੀ ਹਨ, ਨੇ ‘ਪਰਮਜੀਤ ਸਿੰਘ ਸਰਨਾ ਦਾ ਕਿਲ੍ਹਾ ਫ਼ਤਿਹ ਕਰ ਲਿਆ, ਤਾਂ ਮੰਨੋ ਦਿੱਲੀ ਫ਼ਤਿਹ ਕਰ ਲਈ’, ਦੇ ਦਾਅਵੇ ਨਾਲ, ਸ਼੍ਰੋਮਣੀ ਅਕਾਲੀ ਦਲ (ਬਾਦਲ), ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੀ ਮਜੀਠੀਆ-ਬ੍ਰਿਗੇਡ ਦੇ ਪੂਰੇ ਦਲ-ਬਲ ਨਾਲ ਸ. ਪਰਮਜੀਤ ਸਿੰਘ ਸਰਨਾ ਵਿਰੁੱਧ ਮੋਰਚਾ ਸੰਭਾਲੀ ਬੈਠੇ ਹਨ।

ਇਸ ਚਹੁੰ ਮੁਖੀ ਹਮਲੇ ਤੋਂ ਸ. ਪਰਮਜੀਤ ਸਿੰਘ ਸਰਨਾ ਕਿਥੋਂ ਤਕ ਬਚ ਪਾਉਂਦੇ ਹਨ, ਇਸ ਦਾ ਫ਼ੈਸਲਾ ਤਾਂ ਸਮਾਂ ਹੀ ਕਰੇਗਾ, ਪ੍ਰੰਤੂ ਇੱਕ ਗਲ, ਜੋ ਇਹ ਮੰਨ ਕੇ ਕਿ ‘ਸਰਨਾ ਫ਼ਤਿਹ ਕਰ ਲਿਆ ਮੰਨੋ ਦਿੱਲੀ ਫ਼ਤਿਹ ਕਰ ਲਈ’, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਸ. ਪਰਮਜੀਤ ਸਿੰਘ ਸਰਨਾ ਵਿਰੁੱਧ ਇਤਨੀ ਭਾਰੀ ਤਾਕਤ ਝੋਕ ਦਿੱਤੀ ਹੋਈ ਹੈ, ਉਸ ਨਾਲ ਜਾਣੇ-ਅਨਜਾਣੇ ਸਿੱਖਾਂ ਵਿਚ ਹੀ ਨਹੀਂ, ਸਗੋਂ ਸੰਸਾਰ ਭਰ ਦੇ ਉਨ੍ਹਾਂ ਲੋਕਾਂ ਤਕ ਵੀ, ਜੋ ਸਿੱਖ ਰਾਜਨੀਤੀ ਵਿਚ ਥੋੜ੍ਹੀ-ਬਹੁਤ ਮੂੰਹ ਮਾਰਦੇ ਰਹਿੰਦੇ ਹਨ, ਇਹ ਸੰਦੇਸ਼ ਚਲਾ ਗਿਆ ਹੈ ਕਿ ਅਕਾਲੀ ਰਾਜਨੀਤੀ ਦੇ ਘਾਘ ਮੰਨੇ ਜਾਂਦੇ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬ ਫ਼ਤਿਹ ਦਾ ਸਿਹਰਾ ਸਿਰ ਤੇ ਬੰਨ੍ਹਣ ਵਾਲੇ ਸ. ਸੁਖਬੀਰ ਸਿੰਘ ਬਾਦਲ ਨੇ ਆਪ ਸਵੀਕਾਰ ਕਰ ਲਿਆ ਹੈ ਕਿ. ਸ. ਪਰਮਜੀਤ ਸਿੰਘ ਸਰਨਾ ਪੰਜਾਬੋਂ ਬਾਹਰ ਦੀ ਸਿੱਖ ਰਾਜਨੀਤੀ ਵਿਚ ਇੱਕ ਅਜਿਹੀ ਮਜ਼ਬੂਤ ਸ਼ਕਤੀ ਵਜੋਂ ਸਥਾਪਤ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਚੋਣਾਂ ਵਿਚ ਚੁਨੌਤੀ ਦੇ ਪਾਉਣਾ, ਉਨ੍ਹਾਂ (ਸੀਨੀਅਰ ਜਾਂ ਜੂਨੀਅਰ ਬਾਦਲ) ਦੇ ਇਕੱਲਿਆਂ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ ਹੋਇਆ, ਜਿਸ ਕਾਰਨ ਉਹ, ਦੋਵੇਂ ਮਿਲ ਕੇ ਉਨ੍ਹਾਂ (ਸ. ਸਰਨਾ) ਦਾ ਕਿਲ੍ਹਾ ਫ਼ਤਿਹ ਕਰਨ ਲਈ ਆਪਣੀ ਚਹੁੰ ਮੁਖੀ (ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੁਵਾ (ਬ੍ਰਿਗੇਡ) ਤਾਕਤ ਨਾਲ ਲੈ ਕੇ ਦਿੱਲੀ ਪਹੁੰਚ ਉਨ੍ਹਾਂ ਪੁਰ ਹਮਲਾਵਰ ਹੋਏ ਹਨ।

ਅਕਾਲੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਇਸ ਹਮਲੇ ਤੋਂ ਸ. ਸਰਨਾ ਬਚ ਪਾਉਂਦੇ ਹਨ ਜਾਂ ਨਹੀਂ, ਇਹ ਇੱਕ ਵੱਖਰੀ ਗਲ ਹੈ, ਪ੍ਰੰਤੂ ਇਸ ਹਮਲੇ ਦੇ ਚੱਲਦਿਆਂ ਇਹ ਤਾਂ ਮੰਨਣਾ ਹੀ ਪਵੇਗਾ ਕਿ ਉਨ੍ਹਾਂ ਕਦ ਪਹਿਲਾਂ ਨਾਲੋਂ ਕਿਧਰੇ ਬਹੁਤ ਹੀ ਉੱਚਾ ਹੋ ਗਿਆ ਹੈ। ਇਹ ਮਾਹਿਰ ਇਹ ਵੀ ਮੰਨਦੇ ਹਨ ਕਿ ਸ. ਪਰਮਜੀਤ ਸਿੰਘ ਸਰਨਾ ਪਾਸੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹਣ ਲਈ, ਜੋ ਚਹੁੰ ਮੁਖੀ ਸ਼ਕਤੀ ਆਧਾਰਤ ਰਣਨੀਤੀ ਅਪਣਾਈ ਗਈ ਹੈ, ਉਹ ਕਿਸੇ ਵੀ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ‘ਰਾਜਨੀਤਿਕ ਰਣਨੀਤਕ ਸੋਚ’ ਦੀ ਉਪਜ ਨਹੀਂ ਹੋ ਸਕਦੀ। ਇਸ ਦਾ ਕਾਰਨ ਉਹ ਇਹ ਦੱਸਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਰਾਜਨੀਤੀ ਦੇ ਇਤਨੇ ਮਾਹਿਰ ਖਿਲਾੜੀ ਹਨ ਕਿ ਉਹ ਇੱਕ ਤਾਂ ਆਪਣੇ ਦੁਸ਼ਮਣ ਨੂੰ ਉੱਥੇ ਮਾਰਦੇ ਹਨ, ਜਿੱਥੇ ਉਹ ਪਾਣੀ ਵੀ ਨਾ ਮੰਗ ਸਕੇ ’ਤੇ ਦੂਜਾ ਉਹ ਇਸ ਗਲ ਦਾ ਵੀ ਖ਼ਿਆਲ ਰੱਖਦੇ ਹਨ ਕਿ ਲੋਕਾਂ ਵਿਚ ਕਿਸੇ ਵੀ ਤਰ੍ਹਾਂ ਇਹ ਸੰਕੇਤ ਨਾ ਜਾ ਸਕੇ ਕਿ ਉਨ੍ਹਾਂ ਨੇ ਆਪਣੇ ‘ਫਲਾਂ’ ਦੁਸ਼ਮਣ ਨੂੰ ਇਸ ਲਈ ਧੋਬੀ-ਪਟਕਾ ਮਾਰਿਆ ਹੈ, ਕਿਉਂਕਿ ਉਹ ਉਨ੍ਹਾਂ ਪੁਰ ਇਤਨਾ ਹਾਵੀ ਹੁੰਦਾ ਜਾ ਰਿਹਾ ਸੀ, ਕਿ ਉਹ ਉਸ ਤੋਂ ਭੈ-ਭੀਤ ਰਹਿਣ ਲੱਗੇ ਸਨ।

ਇਸ ਬਦਲੀ ਅਕਾਲੀ ਰਾਜਨੀਤਕ ਰਣਨੀਤੀ ਪੁਰ ਤਿੱਖੀ ਨਜ਼ਰ ਰੱਖਣ ਵਾਲੇ ਰਾਜਧਾਨੀ (ਦਿੱਲੀ) ਦੇ ਰਾਜਸੀ ਮਾਹਿਰਾਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਬਦਲਣ ਦੇ ਨਾਲ ਹੀ ਦਲ ਦੀ ਵਿਰੋਧੀਆਂ ਨਾਲ ਨਿਪਟਣ ਦੀ ਨੀਤੀ ਵੀ ਬਦਲ ਗਈ ਹੈ? ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਨ, ਤਾਂ ਉਹ ਮਿੱਠੀ ਗੋਲੀ ਦੇ ਕੇ ਹੀ ਵਿਰੋਧੀਆਂ ਦੀ ਫ਼ੂਕ ਕੱਢ ਦਿੱਤਾ ਕਰਦੇ ਸਨ। ਇਸੇ ਨੀਤੀ ਦੇ ਚੱਲਦਿਆਂ ਸੱਪ ਵੀ ਮਰ ਜਾਂਦਾ ਅਤੇ ਸ. ਬਾਦਲ ਦੀ ਲਾਠੀ ਵੀ ਬਚ ਜਾਂਦੀ ਰਹੀ ਸੀ। ਉਨ੍ਹਾਂ ਦੱਸਿਆ ਕਿ ਜ. ਗੁਰਚਰਨ ਸਿੰਘ ਟੌਹੜਾ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ।

ਉਨ੍ਹਾਂ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਜ. ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਕੱਢਣ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਬੇਇੱਜ਼ਤ ਕਰ ਕੇ ਲਾਹਿਆ, ਫਿਰ ਜਦੋਂ ਲੋੜ ਪਈ ਸ. ਬਾਦਲ ਨੇ ਉਨ੍ਹਾਂ ਦੇ ਘਰ ਜਾ ਉਨ੍ਹਾਂ ਨਾਲ ਜੱਫੀ ਪਾ ਲਈ। ਫਿਰ ਆਹਿਸਤਾ-ਆਹਿਸਤਾ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਾ ਦਮ ਭਰਨ ਵਾਲੇ ਉਨ੍ਹਾਂ ਦੇ ਸਾਥੀ ਇੱਕ-ਇੱਕ ਕਰ ਸ. ਬਾਦਲ ਵੱਲੋਂ ਫੈਲਾਏ ਭਰਮ-ਜਾਲ ਵਿਚ ਅਜਿਹੇ ਫਸਦੇ ਚਲੇ ਗਏ, ਕਿ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਤਕ ਨਹੀਂ ਹੋਇਆ ਕਿ ਸ. ਬਾਦਲ ਵੱਲੋਂ ਉਨ੍ਹਾਂ ਨੂੰ ਕਿਵੇਂ ਜ. ਟੌਹੜਾ ਨਾਲੋਂ ਅਲਗ-ਥਲਗ ਕਰ ਕੇ, ਕਿਨਾਰੇ ਕੀਤਾ ਜਾਂਦਾ ਚੱਲਿਆ ਜਾ ਰਿਹਾ ਹੈ। ਨਤੀਜਾ ਸਾਹਮਣੇ ਹੈ, ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਇਦ ਹੀ ਕੋਈ ਅਜਿਹਾ ਮੁਖੀ ਜਾਂ ਵਰਕਰ ਰਹਿ ਗਿਆ ਹੋਵੇ, ਜੋ ਜ. ਟੌਹੜਾ ਦੇ ਨਾਂ ਨਾਲ ਆਪਣੀ ਸੁਤੰਤਰ ਹੋਂਦ ਬਣਾਈ ਰੱਖਣ ਦਾ ਦਾਅਵਾ ਕਰ ਸਕਦਾ ਹੋਵੇ। ਵਿਰੋਧੀਆਂ ਨੂੰ ਮਾਰਨ ਦੀ ਸ. ਬਾਦਲ ਦੀ ਇਹ ਨੀਤੀ ਸਦਾ ਹੀ ਕਾਰਗਰ ਸਾਬਤ ਹੁੰਦੀ ਰਹੀ ਸੀ।

...ਅਤੇ ਅੰਤ ਵਿਚ : ਦਿੱਲੀ ਗੁਰਦੁਆਰਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੱਕੋ-ਇੱਕ ਉਮੀਦਵਾਰ, ਸ. ਸੰਸਾਰ ਸਿੰਘ, ਜੋ ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕੱਤਰ ਜ. ਅਵਤਾਰ ਸਿੰਘ ਹਿਤ ਨੂੰ ਚੁਨੌਤੀ ਦੇ ਰਹੇ ਹਨ, ਨੇ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਦੇ ਨਾਂ ਜਾਰੀ ਅਪੀਲ ਵਿਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਦੇ ਹੱਕ ਵਿਚ ਮਤਦਾਨ ਕਰਨਾ ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ ਸਿੱਖੀ-ਵਿਰੋਧੀਆਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੋਇਆ ਹੈ।

Mobile : + 91 98 68 91 77 31
E-mail : jaswantsinghajit@gmail.com
Address : Jaswant Singh Ajit, 64-C, U&V/B, Shalimar Bagh, DELHI-110088


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top